ਟਰੰਪ ਨੇ ਵਿਸ਼ਵ ਸਿਹਤ ਨਾਲੋਂ ਅਮਰੀਕਾ ਦੇ ਪੂਰਨ ਤੋੜ-ਵਿਛੋੜੇ ਦਾ ਐਲਾਨ ਕੀਤਾ

ਟਰੰਪ ਨੇ ਵਿਸ਼ਵ ਸਿਹਤ ਨਾਲੋਂ ਅਮਰੀਕਾ ਦੇ ਪੂਰਨ ਤੋੜ-ਵਿਛੋੜੇ ਦਾ ਐਲਾਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨਾਲੋਂ ਅਮਰੀਕਾ ਦੇ ਸਾਰੇ ਰਿਸ਼ਤੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਲਈ ਵਿਸ਼ਵ ਸਿਹਤ ਸੰਸਥਾ ਅਤੇ ਚੀਨ ਨੂੰ ਜ਼ਿੰਮੇਵਾਰ ਦਸਦਿਆਂ ਇਹ ਐਲਾਨ ਕੀਤਾ।

ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਹੁਣ ਵਿਸ਼ਵ ਦੀਆਂ ਹੋਰ ਸਿਹਤ ਸੰਸਥਾਵਾਂ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਟਰੰਪ ਨੇ ਚੀਨ ਖਿਲਾਫ ਐਲ਼ਾਨ ਕਰਦਿਆਂ ਕੁੱਝ ਚੀਨੀ ਲੋਕਾਂ ਦੇ ਅਮਰੀਕਾ ਦਾਖਲੇ 'ਤੇ ਪਾਬੰਦੀਆਂ ਲਾਉਣ ਅਤੇ ਅਮਰੀਕਾ ਵਿਚ ਚੀਨੀ ਨਿਵੇਸ਼ 'ਤੇ ਸਖਤੀਆਂ ਕਰਨ ਦਾ ਵੀ ਐਲਾਨ ਕੀਤਾ।

ਹਾਂਗ ਕਾਂਗ ਨੂੰ ਦਿੱਤਾ ਗਿਆ ਖਾਸ ਦਰਜਾ ਵੀ ਖਤਮ
ਚੀਨ ਵੱਲੋਂ ਹਾਂਗ ਕਾਂਗ ਸ਼ਹਿਰ 'ਤੇ ਲਾਗੂ ਕੀਤੇ ਜਾ ਰਹੇ ਨਵੇਂ ਕੌਮੀ ਸੁਰੱਖਿਆ ਕਾਨੂੰਨ ਦਾ ਹਵਾਲਾ ਦਿੰਦਿਆਂ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਚੀਨ ਦੇ ਇਸ ਕਾਨੂੰਨ ਕਰਕੇ ਹਾਂਗ ਕਾਂਗ ਨੂੰ ਦਿੱਤਾ ਗਿਆ ਖਾਸ ਦਰਜਾ ਖਤਮ ਕਰਨ ਜਾ ਰਿਹਾ ਹੈ। 

ਵਾਈਟ ਹਾਊਸ ਤੋਂ ਸਖਤ ਭਾਸ਼ਣ ਦਿੰਦਿਆਂ ਟਰੰਪ ਨੇ ਕਿਹਾ ਕਿ ਦੁਨੀਆ ਚੀਨ ਤੋਂ ਜਵਾਬ ਚਾਹੁੰਦੀ ਹੈ। ਪਰ ਇਸ ਪੱਤਰਕਾਰ ਮਿਲਣੀ ਦੌਰਾਨ ਟਰੰਪ ਨੇ ਪੱਤਰਕਾਰਾਂ ਨੂੰ ਸਵਾਲ ਕਰਨ ਦਾ ਮੌਕਾ ਨਹੀਂ ਦਿੱਤਾ। 

ਟਰੰਪ ਨੇ ਚੀਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਹਾਕਿਆਂ ਤੋਂ ਅਮਰੀਕਾ 'ਤੇ ਕਿਸੇ ਨੇ ਅਜਿਹਾ ਹਮਲਾ ਨਹੀਂ ਕੀਤਾ ਸੀ। 

ਦੱਸ ਦਈਏ ਕਿ ਇਸ ਸਾਲ ਦੇ ਅਖੀਰ ਵਿਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਹੋਣ ਜਾ ਰਹੀਆਂ ਵੋਟਾਂ ਵਿਚ ਇਸ ਵਾਰ ਮੁੱਖ ਮੁੱਦਾ ਚੀਨ ਹੀ ਬਣੇਗਾ। ਇਸ ਲਈ ਇਸ ਅਹੁਦੇ ਦੀਆਂ ਦਾਅਵੇਦਾਰ ਦੋਵੇਂ ਧਿਰਾਂ ਚੀਨ ਵਿਰੁੱਧ ਸਖਤ ਰਵੱਈਆ ਵਖਾ ਕੇ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਰੋਂਅ ਵਿਚ ਹਨ। 

ਜਿੱਥੇ ਟਰੰਪ ਦੀ ਰਿਪਬਲਿਕਨ ਪਾਰਟੀ ਕੋਰੋਨਾਵਾਇਰਸ ਕਾਰਨ ਹੋਈਆਂ ਅਮਰੀਕੀ ਮੌਤਾਂ ਲਈ ਸਿਰਫ ਚੀਨ ਨੂੰ ਅਤੇ ਵਿਸ਼ਵ ਸਿਹਤ ਸੰਸਥਾ ਨੂੰ ਕਸੂਰਵਾਰ ਦਸ ਰਹੀ ਹੈ ਉੱਥੇ ਡੈਮੋਕਰੇਟਿਕ ਪਾਰਟੀ ਇਹਨਾਂ ਮੌਤਾਂ ਲਈ ਚੀਨ ਦੇ ਨਾਲ ਨਾਲ ਟਰੰਪ ਦੀ ਬਦਇੰਤਜ਼ਾਮੀ ਨੂੰ ਵੀ ਬਰਾਬਰ ਜ਼ਿੰਮੇਵਾਰ ਦੱਸ ਰਹੀ ਹੈ।