ਵਾਈਟ ਹਾਊਸ ਵੱਲੋਂ ਭਾਰਤੀਆਂ ਸਮੇਤ ਏਸ਼ੀਅਨ ਅਮਰੀਕਨਾਂ ਦੀ ਸੁਰੱਖਿਆ ਤੇ ਬਰਾਬਰਤਾ ਲਈ ਕੌਮੀ ਰਣਨੀਤੀ ਦਾ ਐਲਾਨ

ਵਾਈਟ ਹਾਊਸ ਵੱਲੋਂ ਭਾਰਤੀਆਂ ਸਮੇਤ ਏਸ਼ੀਅਨ ਅਮਰੀਕਨਾਂ ਦੀ ਸੁਰੱਖਿਆ ਤੇ ਬਰਾਬਰਤਾ ਲਈ ਕੌਮੀ ਰਣਨੀਤੀ ਦਾ ਐਲਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਨੇ ਏਸ਼ੀਅਨ ਅਮਰੀਕਨਾਂ ਵਾਸਤੇ ਸਮਾਨਤਾ, ਨਿਆਂ ਤੇ ਮੌਕਿਆਂ ਦੇ ਵਿਕਾਸ ਲਈ ਪਹਿਲੀ ਵਾਰ ਕੌਮੀ ਰਣਨੀਤੀ ਜਾਰੀ ਕੀਤੀ ਹੈ। ਬਾਈਡਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਭਾਰਤੀਆਂ ਸਮੇਤ ਏਸ਼ੀਅਨ ਅਮਰੀਕਨਾਂ ਲਈ ਸੁਰੱਖਿਆ ਤੇ ਸਮਾਨਤਾ ਨੂੰ ਬੜਾਵਾ ਦੇਣ ਵਾਸਤੇ 32 ਸੰਘੀ ਏਜੰਸੀਆਂ ਵੱਲੋਂ ਤਿਆਰ ਕਾਰਵਾਈ ਯੋਜਨਾ ਦਾ ਵੇਰਵਾ ਇਕ ਵਰਚੂਅਲ ਸਮਾਗਮ ਦੌਰਾਨ ਦਿੱਤਾ। ਪਿਛਲੇ ਸਾਲ ਹੋਏ ਇਕ ਸਰਵੇ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਮਾਰਚ 2021 ਤੋਂ ਮਾਰਚ 2022 ਦਰਮਿਆਨ ਲੱਖਾਂ ਲੋਕ  ਨਸਲੀ ਨਫਰਤੀ ਘਟਨਾਵਾਂ ਤੋਂ ਪ੍ਰਭਾਵਿਤ ਹੋਏ ਹਨ। ਨਸਲੀ ਨਫਰਤੀ ਅਪਰਾਧ ਦੀਆਂ ਵਧੀਆਂ ਘਟਨਾਵਾਂ ਕਾਰਨ ਅਮਰੀਕੀ ਸਰਕਾਰ ਨੇ ਕੌਮੀ ਰਣਨੀਤੀ ਤਿਆਰ ਕੀਤੀ ਹੈ। ਕਾਰਵਾਈ ਯੋਜਨਾ ਸਬੰਧੀ ਜਾਰੀ 20 ਸਫਿਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਣਕਾਰੀ ਪੰਜਾਬੀ, ਗੁਜਰਾਤੀ , ਬੰਗਾਲੀ ਤੇ ਉਰਦੂ ਸਮੇਤ ਵੱਖ ਵੱਖ ਭਾਸ਼ਾਵਾਂ ਵਿਚ ਮੁਹੱਈਆ ਕਰਵਾਈ ਜਾਵੇਗੀ। ਵਰਚੂਅਲ ਸਮਾਗਮ ਵਿਚ ਵਨੀਤਾ ਗੁਪਤਾ ਐਸੋਸੀਏਟ ਅਟਾਰਨੀ ਜਨਰਲ ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ''ਭਾਸ਼ਾ ਹੀ ਮੌਤ ਤੇ ਜੀਵਨ ਵਿਚ ਫਰਕ ਕਰ ਸਕਦੀ ਹੈ। ਜੇਕਰ ਕੋਈ ਗਲਤ ਹੁੰਦਾ ਹੈ ਤਾਂ ਅਸੀਂ ਜਨਤਿਕ ਸੁਰੱਖਿਆ ਮਾਹਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ ਤੇ ਕਿਸੇ ਵੀ ਕਿਸਮ ਦੇ ਲਾਭ ਪਹੁੰਚਾਉਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹਾਂ।'' ਹੋਰਨਾਂ ਤੋਂ ਇਲਾਵਾ ਚੀਰਾਗ ਬੈਂਸ ਡਿਪਟੀ ਅਸਿਸਟੈਂਟ ਟੂ ਪ੍ਰੈਜੀਡੈਂਟ ਆਨ ਰੇਸੀਅਲ ਜਸਟਿਸ ਐਂਡ ਇਕੁਇਟੀ ਨੇ ਵੀ ਵਰਚੂਅਲ ਸਮਾਗਮ ਵਿਚ ਹਿੱਸਾ ਲਿਆ।