ਨਿੱਜਰ ’ਤੇ ਰਾਸ਼ਟਰੀ ਜਾਂਚ ਏਜੰਸੀ ਨੇ ਐਲਾਨਿਆ 10 ਲੱਖ ਰੁਪਏ ਦਾ ਇਨਾਮ

ਨਿੱਜਰ ’ਤੇ ਰਾਸ਼ਟਰੀ ਜਾਂਚ ਏਜੰਸੀ ਨੇ ਐਲਾਨਿਆ 10 ਲੱਖ ਰੁਪਏ ਦਾ ਇਨਾਮ

ਅੰਮ੍ਰਿਤਸਰ ਟਾਈਮਜ਼

 ਜਲੰਧਰ : ਰਾਸ਼ਟਰੀ ਜਾਂਚ ਏਜੰਸੀ  ਨੇ ਖਾਲਿਸਤਾਨੀ  ਹਰਦੀਪ ਸਿੰਘ ਨਿੱਜਰ ’ਤੇ 10 ਲੱਖ ਦਾ ਇਨਾਮ ਐਲਾਨ ਕੀਤਾ ਹੈ। ਇਹ ਇਨਾਮ ਜਲੰਧਰ ਦੇ ਇਕ ਪੁਜਾਰੀ ਦੀ ਹੱਤਿਆ ਦੇ ਮਾਮਲੇ ਵਿਚ ਐਲਾਨ ਕੀਤਾ ਗਿਆ ਹੈ। ਉਹ ਹਾਲੇ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਐੱਨਆਈਏ ਵੱਲੋਂ ਲੋਡ਼ੀਂਦਾ ਹੈ। ਨਿੱਜਰ ਸਿੱਖਸ ਫਾਰ ਜਸਟਿਸ ਲਈ ਪੰਜਾਬ ਦੇ ਵੱਖਵਾਦੀ ਤੇ ਹਿੰਸਕ ਏਜੰਡੇ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਹ ਮੂਲ ਰੂਪ ਵਿਚ ਜਲੰਧਰ ਦੇ ਭਰਸਿੰਘਪੁਰ ਦਾ਼ ਰਹਿਣ ਵਾਲਾ ਹੈ। ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਨਿੱਜਰ ਨੇ ਹੀ ਰਚੀ ਸੀ। ਐੱਨਆਈਏ ਨੇ ਕਿਹਾ ਕਿ ਉਸ ਨੂੰ ਫਡ਼ਾਉਣ ਬਾਰੇ ਕੋਈ ਵੀ ਅਹਿਮ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਹਰਦੀਪ ਸਿੰਘ ਨਿੱਜਰ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਕੈਨੇਡਾ ਦੇ ਸਰੀ ਵਿਚ ਹੈ। ਪੁਲਿਸ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਪੰਜਾਬ ਵਿੱਚ ਖ਼ਾਲਿਸਤਾਨ ਟੈਰਰ ਫੋਰਸ ਦਾ ਮੋਡਿਊਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਖਿਲਾਫ ਕਈ ਮਾਮਲੇ ਦਰਜ ਹਨ।

ਸਾਲ 2020 'ਚ ਭਾਰਤ ਸਰਕਾਰ ਨੇ ਪੰਜਾਬ 'ਵਿਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਖਾਲਿਸਤਾਨ ਪੱਖੀ ਸੰਗਠਨ ਦੇ 9 ਲੋਕਾਂ ਨੂੰ ਦੋਸ਼ੀ ਐਲਾਨ ਕੀਤਾ ਸੀ। ਸਰਕਾਰ ਨੇ ਇਹ ਕਾਰਵਾਈ ਖ਼ਾਲਿਸਤਾਨ ਦੇ ਸਮਰਥਕਾਂ 'ਤੇ ਖਾੜਕੂਵਾਦ ਵਿਰੋਧੀ ਐਕਟ ਤਹਿਤ ਕੀਤੀ ਹੈ। ਇਹ 9 ਖ਼ਾਲਿਸਤਾਨੀ  ਪਾਕਿਸਤਾਨ ਸਮੇਤ 5 ਹੋਰ ਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹਨ। ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਂ ਵੀ ਸ਼ਾਮਲ ਸੀ।

ਸਾਲ 2010 'ਵਿਚ ਬੰਬ ਧਮਾਕੇ ਵਿਚ ਆਇਆ ਸੀ ਨਾਂ

ਹਰਦੀਪ ਸਿੰਘ ਨਿੱਜਰ ਦਾ ਨਾਂ 2010 ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਪਟਿਆਲਾ 'ਵਿਚ ਸੱਤਿਆ ਨਰਾਇਣ ਮੰਦਰ ਨੇੜੇ ਹੋਏ ਬੰਬ ਧਮਾਕੇ ਵਿੱਚ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ। ਸਾਲ 2016 'ਵਿਚ ਨਿੱਜਰ ਖਿਲਾਫ ਲੁਧਿਆਣਾ ਦੇ ਡਾਕਖਾਨਾ ਥਾਣੇ ਵਿਚ ਹਿੰਸਾ ਭੜਕਾਉਣ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ

ਨਿਝਰ ਨੇ ਕਿਹਾ ਦੋਸ਼ ਝੂਠੇ

ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਸ ਦੇ ਸਿਰ 10 ਲੱਖ ਰੁਪਏ ਦਾ ਇਨਾਮ ਰੱਖਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਉਸ ’ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਜੋ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵੰਡਣ ਦੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਕਾਰਵਾਈ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੈਨੇਡਾ ਸਰਕਾਰ ਤੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਵਿੱਚ ਵਿਦੇਸ਼ੀ ਏਜੰਸੀਆਂ ਦੀ ਭੂਮਿਕਾ ਦੀ ਜਾਂਚ ਮੰਗਣ ਮਗਰੋਂ ਭਾਰਤੀ ਏਜੰਸੀਆਂ ਦੀ ਬੁਖਲਾਹਟ ਦਾ ਨਤੀਜਾ ਹੈ।

ਨਿੱਝਰ ਨੇ ਦੋਸ਼ ਲਾਏ ਕਿ ਹੱਤਿਆ ਦੀ ਜਾਂਚ ਦੀਆਂ ਸੂਈਆਂ ਏਜੰਸੀਆਂ ਵੱਲ ਉੱਠਣ ਤੋਂ ਰੋਕਣ ਲਈ ਹੀ ਉਸ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਉਹ ਹਿੰਸਾ-ਪੱਖੀ ਸੋਚ ਵਾਲਾ ਹੁੰਦਾ ਤਾਂ ਕੈਨੇਡਾ ਦੇ ਸਿੱਖ ਉਸ ਨੂੰ ਦੋ ਵਾਰ ਬਿਨਾਂ ਮੁਕਾਬਲਾ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕਦੇ ਨਾ ਚੁਣਦੇ। ਉਸ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਆਜ਼ਾਦਾਨਾ ਸੋਚ ਰੱਖਣਾ ਗੁਨਾਹ ਹੈ ਤਾਂ ਬੇਸ਼ੱਕ ਉਸ ਦੇ ਸਿਰ 20 ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਜਾਵੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਤਾਂ ਪਹਿਲਾਂ ਹੀ 15 ਸਾਲਾਂ ਤੋਂ ਭਾਰਤ ਨਹੀਂ ਗਿਆ ਤੇ ਹੁਣ ਉਸ ਦਾ ਨਾਂ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੋਇਆ ਹੈ। ਰੁਜ਼ਗਾਰ ਪੱਖੋਂ ਪਲੰਬਰ ਦਾ ਕੰਮ ਕਰਦੇ ਹਰਦੀਪ ਸਿੰਘ ਨਿੱਝਰ ਨੇ ਕਿਸੇ ਵੀ ਹਿੰਸਕ ਜਥੇਬੰਦੀ ਨਾਲ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਿਰਫ਼ ਗੁਰਬਾਣੀ ਵਿੱਚ ਵਿਸ਼ਵਾਸ ਰੱਖਦਾ ਹੈ। ਉਸ ਨੇ ਆਪਣੇ ਜੱਦੀ ਪਿੰਡ ਭਰਸਿੰਘਪੁਰ ਦੇ ਪੁਜਾਰੀ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਹੋਣ ਦੇ ਦੋਸ਼ਾਂ ਨੂੰ ਵੀ ਨਕਾਰਿਆ।