ਭਾਰਤ ਚੀਨ ਵਿਚਾਲੇ ਅਰੁਣਾਚਲ ਪ੍ਰਦੇਸ਼ ਕਾਰਣ ਵਿਵਾਦ ਤਿਖਾ

ਭਾਰਤ ਚੀਨ ਵਿਚਾਲੇ ਅਰੁਣਾਚਲ ਪ੍ਰਦੇਸ਼ ਕਾਰਣ ਵਿਵਾਦ ਤਿਖਾ

ਚੀਨੀ ਫੌਜ ਦਾ ਦਾਅਵਾ ‘ਅਰੁਣਾਚਲ ਪ੍ਰਦੇਸ਼’ ਚੀਨ ਦਾ ਅੰਦਰੂਨੀ ਹਿੱਸਾ’ 

ਚੀਨੀ ਕਰਨਲ ਝਾਂਗ ਅਨੁਸਾਰ ਭਾਰਤੀ ਪੱਖ ਦੀ ਕਾਰਵਾਈ ਸਰਹੱਦ ’ਤੇ ਤਣਾਅਪੂਰਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪੇਈਚਿੰਗ-ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ’ਤੇ ਚੀਨ ਦੇ ਇਤਰਾਜ਼ ਨੂੰ ਖਾਰਜ ਕਰਨ ਦੇ ਕੁਝ ਦਿਨਾਂ ’ਬਾਅਦ ਚੀਨ ਦੀ ਫੌਜ ਨੇ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ ਨੂੰ ਦੁਹਰਾਇਆ ਹੈ। ਉਸ ਨੇ ਇਸ ਖੇਤਰ ਨੂੰ ‘ਚੀਨ ਦਾ ਅੰਦਰੂਨੀ ਹਿੱਸਾ’ ਕਰਾਰ ਦਿੱਤਾ ਹੈ। ਗਲੋਬਲ ਟਾਈਮਜ਼ ਮੀਡੀਆ ਦੀ ਖਬਰ ਅਨੁਸਾਰ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਜ਼ਿਆਓਗਾਂਗ ਨੇ ਕਿਹਾ ਕਿ ਜ਼ਿਜ਼ਾਂਗ (ਤਿੱਬਤ ਦਾ ਚੀਨੀ ਨਾਮ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਪੇਈਚਿੰਗ ‘ਭਾਰਤ ਵੱਲੋਂ ਅਣਅਧਿਕਾਰਤ ਤੌਰ ’ਤੇ ਸਥਾਪਤ ਅਰੁਣਾਚਲ ਪ੍ਰਦੇਸ਼’ ਨੂੰ ਕਦੇ ਸਵੀਕਾਰ ਨਹੀਂ ਕਰਦਾ ਤੇ ਇਸ ਦਾ ਦਿ੍ੜ੍ਹਤਾ ਨਾਲ ਵਿਰੋਧ ਕਰਦਾ ਹੈ। ਝਾਂਗ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਸੁਰੰਗ ਰਾਹੀਂ ਭਾਰਤ ਵੱਲੋਂ ਫੌਜੀ ਤਿਆਰੀ ਵਧਾਉਣ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ। ਪੇਈਜਿੰਗ ਨੇ ਇਸ ਖੇਤਰ ਦਾ ਨਾਂ ਜ਼ਾਂਗਨਾਨ ਵੀ ਰੱਖਿਆ ਹੈ। ਅਰੁਣਾਚਲ ਪ੍ਰਦੇਸ਼ ’ਤੇ ਦੱਖਣੀ ਤਿੱਬਤ ਦੇ ਹਿੱਸੇ ਦੇ ਰੂਪ ’ਵਿਚ ਦਾਅਵਾ ਕਰਨ ਵਾਲਾ ਚੀਨ ਭਾਰਤੀ ਆਗੂਆਂ ਦੇ ਰਾਜ ਦੇ ਦੌਰਿਆਂ ’ਤੇ ਲਗਾਤਾਰ ਇਤਰਾਜ਼ ਜਤਾਉਂਦਾ ਹੈ। ਜਦੋਂ ਕਿ ਭਾਰਤ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਵਾਰ-ਵਾਰ ਰੱਦ ਕਰਦਿਆਂ ਸੂਬੇ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਦੱਸਿਆ ਹੈ। ਪੇਈਚਿੰਗ ਨੇ ਇਸ ਖੇਤਰ ਦਾ ਨਾਂ ਜਾਗਨਾਂਨ ਰੱਖਿਆ ਹੈ। ਜਦੋਂ ਕਿ ਭਾਰਤ ਨੇ ਖੇਤਰ ਦੇ ‘ਨਾਮਕਰਨ’ ਦੇ ਕਾਰਜ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਸ ਨਾਲ ਅਸਲੀਅਤ ਨਹੀਂ ਬਦਲਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 13,000 ਫੁੱਟ ਦੀ ਉਚਾਈ ’ਤੇ ਬਣੀ ਸੇਲਾ ਸੁਰੰਗ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ ਜੋ ਰਣਨੀਤਕ ਤੌਰ ’ਤੇ ਤਵਾਂਗ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ ਅਤੇ ਸਰਹੱਦੀ ਖੇਤਰ ਦੇ ਨਾਲ ਸੈਨਿਕਾਂ ਦੀ ਬਿਹਤਰ ਆਵਾਜਾਈ ਨੂੰ ਯਕੀਨੀ ਬਣਾਉਣ ’ਚ ਮਦਦਗਾਰ ਹੋਵੇਗੀ।

ਮੋਦੀ ਦੇ ਦੌਰੇ ਦਾ ਜ਼ਿਕਰ ਕੀਤੇ ਬਿਨਾਂ ਝਾਂਗ ਨੇ ਕਿਹਾ, ‘‘ਭਾਰਤੀ ਪੱਖ ਦੀ ਕਾਰਵਾਈ ਸਰਹੱਦ ’ਤੇ ਤਣਾਅਪੂਰਨ ਸਥਿਤੀਆਂ ਨੂੰ ਘੱਟ ਕਰਨ ਲਈ ਦੋਵਾਂ ਪੱਖਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਉਲਟ ਹਨ।