ਸੰਵਿਧਾਨ ਇਹ ਕਹਿੰਦਾ ਹੈ-ਬੰਦੀ ਸਿੰਘ ਰਿਹਾ ਕਰੋਂ" ਮੁਹਿੰਮ ਦੀ ਅਰੰਭਤਾ

ਸੰਵਿਧਾਨ ਇਹ ਕਹਿੰਦਾ ਹੈ-ਬੰਦੀ ਸਿੰਘ ਰਿਹਾ ਕਰੋਂ

25 ਸਤੰਬਰ ਨੂੰ ਸਮਾਜਿਕ ਚੇਤਨਾ ਜ਼ਰਿਏ ਮੁਹਿੰਮ ਦੀ ਹੋਵੇਗੀ ਆਰੰਭਤਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 21 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਅਹੁਦੇਦਾਰਾਂ ਦੀ "ਮਿਸ਼ਨ ਸੰਵਿਧਾਨ ਬਚਾਓ" ਦੇ ਨੇਸ਼ਨਲ ਕਨਵੀਨਰ ਐਡਵੋਕੇਟ ਮਹਮੂਦ ਪ੍ਰਾਚਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਕਾਰਜਸ਼ੀਲ ਡਾਕਟਰ ਰਿਤੂ ਸਿੰਘ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਹੋਈ ਮੀਟਿੰਗ ਦੌਰਾਨ ਉਸਾਰੂ ਚਰਚਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮੀਟਿੰਗ ਵਿੱਚ ਤੈਅ ਹੋਇਆ ਹੈ ਕਿ ਦੋਵੇਂ ਜਥੇਬੰਦੀਆਂ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਦੇ ਨਾਲ ਹੀ ਸਮਾਜਿਕ ਚੇਤਨਾ ਲਈ "ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾ ਕਰੋਂ" ਮੁਹਿੰਮ ਦਾ ਛੇਤੀ ਆਗਾਜ਼ ਕਰਨਗੀਆਂ। ਇਸ ਮੁਹਿੰਮ ਦੀ ਪਹਿਲੀ ਕੜੀ ਤਹਿਤ ਐਤਵਾਰ 25 ਸਤੰਬਰ 2022 ਨੂੰ ਦੋਪਹਿਰ 1 ਵਜੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਦੋਵੇਂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਜਾਗਰੂਕ ਕੀਤਾ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਚਮਨ ਸਿੰਘ, ਅਵਤਾਰ ਸਿੰਘ ਕਾਲਕਾ, ਡਾਕਟਰ ਪਰਮਿੰਦਰ ਪਾਲ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਐਡਵੋਕੇਟ ਮਹਮੂਦ ਪ੍ਰਾਚਾ ਲੰਬੇ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਅਦਾਲਤਾਂ ਵਿੱਚ ਪੈਰਵਾਈ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਮਾਮਲਿਆਂ ਬਾਰੇ ਚੰਗੀ ਜਾਣਕਾਰੀ ਹੈ। ਇਸ ਤੋਂ ਪਹਿਲਾਂ 31 ਦਿਨਾਂ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੱਗੇ ਮੋਰਚੇ ਦੌਰਾਨ ਬੰਦੀ ਸਿੰਘਾਂ ਬਾਰੇ ਸੰਗਤਾਂ ਨੂੰ ਮੁਕੰਮਲ ਜਾਣਕਾਰੀ ਦਿੱਤੀ ਗਈ ਸੀ। ਇਸ ਲਈ ਹੁਣ ਜਾਗਰੂਕਤਾ ਮੁਹਿੰਮ ਦੇ ਅਗਲੇ ਪੜਾਅ ਦੌਰਾਨ ਆਮ ਲੋਕਾਂ ਤੱਕ ਬੰਦੀ ਸਿੰਘਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਪਹੁਚਾਉਣ ਦੇ ਮਕਸਦ ਤਹਿਤ ਮੈਟਰੋ ਸਟੇਸ਼ਨਾਂ ਦੇ ਬਾਹਰ ਅਤੇ ਨਗਰ ਕੀਰਤਨਾਂ ਦੌਰਾਨ ਪ੍ਰਚਾਰ ਕੀਤਾ ਜਾਵੇਗਾ।

ਆਗੂਆਂ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਸਿੰਘਾਂ ਬਾਰੇ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਬੋਰਡ ਲਗਾਉਣ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਦੇ ਵਿਧਾਇਕ, ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰਾਂ ਤੱਕ ਪਹੁੰਚ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨ੍ਹਾਂ ਦੀ ਹਾਂ ਜਾਂ ਨਾਂਹ ਨੂੰ ਪ੍ਰਾਪਤ ਕਰਨ ਲਈ ਚਿੱਠੀ ਲੈਕੇ ਰਿਹਾਈ ਮੋਰਚੇ ਦੇ ਆਗੂ ਸੰਪਰਕ ਕਰਨਗੇ। ਕਿਉਂਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਭਾਰਤ ਦੇ ਸੰਵਿਧਾਨ ਵੱਲੋਂ ਕੈਦੀਆਂ ਨੂੰ ਮਿਲ਼ੇ ਅਧਿਕਾਰਾਂ ਕਰਕੇ ਮੰਗ ਰਹੇ ਹਾਂ, ਇਸ ਲਈ ਸੰਵਿਧਾਨ ਦੇ ਵਿੱਚ ਆਸਥਾ ਰੱਖਣ ਵਾਲੇ ਹਮਖਿਆਲੀ ਲੋਕਾਂ ਨੂੰ ਅਸੀਂ ਆਪਣੀ ਮੁਹਿੰਮ ਦੇ ਨਾਲ ਜੋੜਨ ਦੇ ਮਕਸਦ ਨਾਲ ਦਲਿਤ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਨਾਲ ਲੈਕੇ ਮਜ਼ਬੂਤ ਫ਼ਰੰਟ ਬਣਾਉਣ ਜਾਂ ਰਹੇ ਹਾਂ। ਤਾਂਕਿ ਸਮਾਜਿਕ ਚੇਤਨਾ ਜ਼ਰਿਏ ਸਰਕਾਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮਜਬੂਰ ਕੀਤਾ ਜਾ ਸਕੇ। ਪਰ ਇਸ ਦੇ ਸਮਾਂਤਰ ਸਾਡੀ ਕਾਨੂੰਨੀ ਲੜਾਈ ਵੀ ਜਾਰੀ ਰਹੇਗੀ। ਇਸ ਮੌਕੇ ਰਿਹਾਈ ਮੋਰਚੇ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।