ਤਾਮਿਲਨਾਡੂ ਮੁਖ ਮੰਤਰੀ ਦੇ ਬੇਟੇ ਵਲੋਂ ਸਨਾਤਨ ਧਰਮ ਦੀ ਡੇਂਗੂ ਨਾਲ ਤੁਲਨਾ

ਤਾਮਿਲਨਾਡੂ ਮੁਖ ਮੰਤਰੀ ਦੇ ਬੇਟੇ ਵਲੋਂ ਸਨਾਤਨ ਧਰਮ ਦੀ ਡੇਂਗੂ ਨਾਲ  ਤੁਲਨਾ

ਕਿਹਾ ਇਹ ਦਲਿਤਾਂ ਨਾਲ ਵਿਤਕਰਾ ਕਰਦਾ ਏ ,ਇਸ ਨੂੰ ਖ਼ਤਮ ਕਰਨ ਦੀ ਲੋੜ 

* ਭਗਵੇਂਵਾਦੀ ਭੜਕੇ ,ਅਮਿਤ ਸ਼ਾਹ ਨੇ ਕਿਹਾ ਕਿ ਗੱਠਜੋੜ ਦਲਾਂ ਨੇ ਵੋਟ ਬੈਂਕ ਦੀ ਰਾਜਨੀਤੀ ਲਈ ਹਿੰਦੂ ਧਰਮ ਦਾ ਅਪਮਾਨ ਕੀਤਾ

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਬੇਟੇ ਅਤੇ ਮੰਤਰੀ ਉਧਯਨਿਧੀ ਸਟਾਲਿਨ ਨੇ ਸਨਾਤਨ ਧਰਮ ’ਤੇ ਵਿਵਾਦਤ ਬਿਆਨ ਦੇ ਕੇ ਸਿਆਸੀ ਪਾਰਾ ਵਧਾ ਦਿੱਤਾ ਹੈ। ਉਧਯਨਿਧੀ ਨੇ ਕਿਹਾ, ‘ਸਨਾਤਨ ਧਰਮ ਸਮਾਜਿਕ ਨਿਆਂ ਦੇ ਵਿਚਾਰ ਖਿਲਾਫ਼ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।’ ਉਧਯਨਿਧੀ ਨੇ ਸਨਾਤਨ ਧਰਮ ਦੀ ਤੁਲਨਾ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਕੀਤੀ, ਜਿਸ ਤੋਂ ਬਾਅਦ ਉਸ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਸਟਾਲਿਨ ਦੇ ਬੇਟੇ ਦੇ ਬਿਆਨ ਤੋਂ ਬਾਅਦ ਰਾਜਨੀਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇਤਾਵਾਂ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਿਆ, ਜਦਕਿ ਕਾਂਗਰਸ ਨੇ ਖੁਦ ਨੂੰ ਇਸ ਬਿਆਨ ਤੋਂ ਦੂਰ ਕਰ ਲਿਆ ਹੈ। ਮਹਾਰਾਸ਼ਟਰ ਕਾਂਗਰਸ ਪ੍ਰਮੁੱਖ ਨਾਨਾ ਪਟੋਲੇ ਨੇ ਕਿਹਾ ਕਿ ਤਾਮਿਲਨਾਡੂ ਦੀ ਡੀ ਐੱਮ ਕੇ ਸਰਕਾਰ ਕਿਸੇ ਦੀਆਂ ਰਾਜਨੀਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਚ ਯਕੀਨ ਨਹੀਂ ਰੱਖਦੀ। ਉਥੇ ਹੀ ਸੁਪਰੀਮ ਕੋਰਟ ਦੇ ਇੱਕ ਵਕੀਲ ਵਨੀਤ ਜਿੰਦਲ ਨੇ ਬੀਤੇ ਦਿਨੀਂ ਉਧਯਨਿਧੀ ਸਟਾਲਿਨ ਦੇ ਬਿਆਨ ਖਿਲਾਫ ਦਿੱਲੀ ਵਿਖੇ ਭੜਕਾਊ ਬਿਆਨ ਦੇਣ ਦਾ ਦੋਸ਼ ਲਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਉਧਯਨਿਧੀ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਭਾਜਪਾ ਦੇ ਕਈ ਨੇਤਾਵਾਂ ਅਤੇ ਅਚਾਰੀਆ ਸਤਿੰਦਰ ਦਾਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਅਚਾਰੀਆ ਸਤਿੰਦਰ ਦਾਸ ਨੇ ਕਿਹਾ ਕਿ ਸਨਾਤਨ ਧਰਮ ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਧਰਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਸਦੀਆ ਤੱਕ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਉਧਯਨਿਧੀ ਨੂੰ ਸਨਾਤਨ ਦਾ ਅਸਲੀ ਮਤਲਬ ਨਹੀਂ ਪਤਾ, ਉਹ ਜੋ ਕਹਿ ਰਹੇ ਹਨ, ਉਹ ਬਿਲਕੁੱਲ ਗਲਤ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਨੇ ਦ੍ਰਵਿੜ ਮੁਨੇਤਰ ਕਛਗਮ (ਡੀ. ਐੱਮ. ਕੇ.) ਦੇ ਨੇਤਾ ਉਦੈਨਿਧੀ ਸਟਾਲਿਨ ਵੱਲੋਂ ‘ਸਨਾਤਨ ਧਰਮ’ ਵਿਰੁੱਧ ਕੀਤੀ ਗਈ ਟਿੱਪਣੀ ਲਈ ਉਨ੍ਹਾਂ ਕਿਹਾ ਕਿ ਕੀ ਤਾਮਿਲਨਾਡੂ ਸਰਕਾਰ ਉਦੈਨਿਧੀ ਸਟਾਲਿਨ ਦੀਆਂ ਟਿੱਪਣੀਆਂ ਦਾ ਸਮਰਥਨ ਕਰਦੀ ਹੈ। ਜੇਕਰ ਸੂਬਾ ਸਰਕਾਰ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਮਰਥਨ ਕਰਦੀ ਹੈ ਤਾਂ ਕੇਂਦਰ ਨੂੰ ਅਪੀਲ ਹੈ ਕਿ, ਉਥੋਂ ਦੇ ਲੋਕਾਂ ਦੇ ਧਾਰਮਿਕ ਅਧਿਕਾਰਾਂ ਦੀ ‘ਰੱਖਿਆ’ ਕੀਤੀ ਜਾਵੇ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਡਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ . ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਦੇ ਸਨਾਤਨ ਧਰਮ ’ਤੇ ਦਿੱਤੇ ਕਥਿਤ ਬਿਆਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ’ਚ ਸਨਾਤਨ ਧਰਮ ਨਾਲ ਨਫ਼ਰਤ ਦਾ ਸਾਮਾਨ ਕਿਵੇਂ ਵਿਕ ਰਿਹਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਐੱਨ. ਡੀ. ਏ. ਗਠਜੋੜ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ ਵਿਕਸਿਤ ਬਣਾ ਰਿਹਾ ਹੈ, ਉਥੇ ਹੀ ਪਰਿਵਾਰਵਾਦੀ ਗੱਠਜੋੜ 'ਇੰਡੀਆ' ‘ਘਮੰਡੀਆ ਗੱਠਜੋੜ’ ਦੇ ਸਭ ਤੋਂ ਵੱਡੇ ਮੈਂਬਰ ਦਰਮੁਕ ਦੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਦੇ ਬੇਟੇ ਉਦੈਨਿਧੀ ਸਟਾਲਿਨ ਹਿੰਦੂ ਧਰਮ, ਸੰਸਕਾਰਾਂ ਤੇ ਸੰਸਕ੍ਰਿਤੀ ’ਤੇ ਹਮਲਾ ਕਰ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਇੱਕ ਵਿਅਕਤੀ ਨੇ ਕਿਹਾ ਕਿ ਉਹ ਉਧਯਨਿਧੀ ਸਟਾਲਿਨ ਖਿਲਾਫ਼ ਕਾਨੂੰਨੀ ਕਦਮ ਉਠਾਉਣ ਬਾਰੇ ਵਿਚਾਰ ਕਰ ਰਹੇ ਹਨ। 

ਇਸ ’ਤੇ ਉਧਯਨਿਧੀ ਨੇ ਜਵਾਬ ਦਿੰਦੇ ਹੋਏ ਕਿਹਾ, ‘ਮੈਂ ਕਿਸੇ ਵੀ ਕਾਨੂੰਨੀ ਚੁਣੌਤੀ ਲਈ ਤਿਆਰ ਹਾਂ। ਅਸੀਂ ਇਸ ਤਰ੍ਹਾਂ ਦੀਆਂ ਭਗਵਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਪੇਰੀਅਰ ਅਤੇ ਅੰਨਾ ਦੇ ਫਾਲੋਵਰ ਹਾਂ।’

ਇਸ ਦੌਰਾਨ ਉਧਯਨਿਧੀ ਨੇ ਆਪਣੇ ਬਿਆਨ ’ਤੇ ਬਖੇੜਾ ਹੁੰਦਾ ਦੇਖ ਸਫਾਈ ਦਿੱਤੀ। ਉਨ੍ਹਾਂ ਅਮਿਤ ਮਾਲਵੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਮੈਂ ਕਦੀ ਵੀ ਸਨਾਤਨ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਦੇ ਕਤਲੇਆਮ ਦੀ ਗੱਲ ਨਹੀਂ ਕਹੀ। ਸਨਾਤਨ ਧਰਮ ਇੱਕ ਸਿਧਾਂਤ ਹੈ, ਜੋ ਲੋਕਾਂ ਨੂੰ ਜਾਤੀ ਅਤੇ ਧਰਮ ਦੇ ਨਾਂਅ ’ਤੇ ਵੰਡਦਾ ਹੈ। ਸਨਾਤਨ ਧਰਮ ਪੁੱਟ ਸੁੱਟਣਾ ਮਾਨਵਤਾ ਅਤੇ ਮਾਨਵ ਸਮਾਨਤਾ ਨੂੰ ਕਾਇਮ ਰੱਖਣਾ ਹੈ। ਮੈਂ ਆਪਣੇ ਕਹੇ ਹਰ ਸ਼ਬਦ ’ਤੇ ਦਿ੍ੜ੍ਹਤਾ ਨਾਲ ਕਾਇਮ ਹਾਂ। ਮੈਂ ਪੱਛੜੇ ਅਤੇ ਹਾਸ਼ੀਏ ’ਤੇ ਖੜੇ ਲੋਕਾਂ ਵੱਲੋਂ ਬੋਲਿਆ ਹਾਂ, ਜੋ ਸਨਾਤਨ ਧਰਮ ਕਾਰਨ ਪੀੜਤ ਹਨ।’

ਡੀ ਐੱਮ ਕੇ ਸੰਯੁਕਤ ਸਕੱਤਰ ਅਤੇ ਬੁਲਾਰੇ ਸਰਵਨਨ ਅੰਨਾਦੁਰਈ ਨੇ ਕਿਹਾ ਕਿ ਉਧਯਨਿਧੀ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਜੇ ਪ੍ਰਧਾਨ ਮੰਤਰੀ ‘ਕਾਂਗਰਸ ਮੁਕਤ ਭਾਰਤ’ ਕਹਿੰਦੇ ਹਨ ਤਾਂ ਕੀ ਉਹ ਕਤਲੇਆਮ ਦਾ ਸੱਦਾ ਦਿੰਦੇ ਹਨ।’ ਅੰਨਾਦੁਰਈ ਨੇ ਕਿਹਾ ਕਿ ਲੋਕ ਗਲਤ ਖਬਰਾਂ ਅਤੇ ਨਫ਼ਰਤ ਫੈਲਾਅ ਰਹੇ ਹਨ। ਜਦ ਅਸੀਂ ਕਹਿੰਦੇ ਹਾਂ ‘ਸਨਾਤਨ ਧਰਮ’ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਕਠੋਰ ਜਾਤੀ ਵਿਵਸਥਾ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡੀ.ਐਮ.ਕੇ. ਨੇਤਾ ਉਦਿਆਨਿਧੀ ਸਟਾਲਿਨ ਦੀ ਸਨਾਤਨ ਧਰਮ ਖਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ 'ਇੰਡੀਆ' ਗੱਠਜੋੜ ਵਿਚਲੇ ਦਲਾਂ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਵੋਟ ਬੈਂਕ ਦੀ ਰਾਜਨੀਤੀ ਲਈ ਹਿੰਦੂ ਧਰਮ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ | ਸ਼ਾਹ ਨੇ ਕਿਹਾ ਕਿ ਡੀ.ਐਮ.ਕੇ. ਨੇਤਾ ਵੋਟ ਬੈਂਕ ਤੁਸ਼ਟੀਕਰਨ ਲਈ ਸਨਾਤਨ ਧਰਮ ਬਾਰੇ ਅਜਿਹਾ ਆਖ ਰਹੇ ਹਨ | ਸ਼ਾਹ ਨੇ ਕਿਹਾ ਕਿ ਜੇਕਰ ਮੋਦੀ ਜਿੱਤੇ, 'ਸਨਾਤਨ' ਦਾ ਰਾਜ ਫਿਰ ਆਵੇਗਾ |