ਕੌਮਾਂਤਰੀ ਕ੍ਰਿਕਟ ਜਗਤ ਵਿਚ ਮਾਂ-ਬੋਲੀ ਪੰਜਾਬੀ ਦਾ ਮਾਣ ਰੱਖਣ ਵਾਲਾ ਨਵਦੀਪ ਸੈਣੀ

ਕੌਮਾਂਤਰੀ ਕ੍ਰਿਕਟ ਜਗਤ ਵਿਚ ਮਾਂ-ਬੋਲੀ ਪੰਜਾਬੀ ਦਾ ਮਾਣ ਰੱਖਣ ਵਾਲਾ ਨਵਦੀਪ ਸੈਣੀ

ਚੰਡੀਗੜ੍ਹ: ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਦੂਜੇ ਇਕ ਦਿਨਾਂ ਮੈਚ ਵਿਚ ਬਿਹਤਰੀਨ ਬੱਲੇਬਾਜੀ ਕਰਨ ਵਾਲੇ ਨਵਦੀਪ ਸੈਣੀ ਨੂੰ ਜਦੋਂ ਪ੍ਰੈੱਸ ਕਾਨਫਰੰਸ ਲਈ ਬੁਲਾਇਆ ਗਿਆ ਤਾਂ ਪੱਤਰਕਾਰਾਂ ਨਾਲ ਜਾਣ ਪਛਾਣ ਕਰਾਉਣ ਵਾਲਾ ਸਖਸ਼ ਜਦੋਂ ਕਹਿੰਦਾ ਹੈ ਕਿ ਨਵਦੀਪ ਸੈਣੀ ਆਪਣੀ ਗੱਲਬਾਤ ਹਿੰਦੀ ਵਿਚ ਕਰਨਗੇ ਤਾਂ ਨਵਦੀਪ ਬੜੇ ਪਿਆਰ ਭਰੇ ਢੰਗ ਨਾਲ ਕਹਿੰਦਾ ਹੈ ਕਿ ਉਹ ਪੰਜਾਬੀ ਵਿਚ ਵੀ ਗੱਲ ਕਰ ਸਕਦਾ ਹੈ। ਇਸ ਦੌਰਾਨ ਚਲਦੀ ਪ੍ਰੈੱਸ ਕਾਨਫਰੰਸ ਵਿਚ ਇਕ ਬੀਬੀ ਪੱਤਰਕਾਰ ਵੱਲੋਂ ਨਵਦੀਪ ਨੂੰ ਪੰਜਾਬੀ ਵਿਚ ਸਵਾਲ ਪੁੱਛਿਆ ਗਿਆ ਤਾਂ ਉਸਨੇ ਉਸ ਸਵਾਲ ਦਾ ਜਵਾਬ ਵੀ ਪੰਜਾਬੀ ਵਿਚ ਦਿੱਤਾ। 

ਨਵਦੀਪ ਵੱਲੋਂ ਪੰਜਾਬੀ ਵਿਚ ਦਿੱਤੇ ਇਸ ਜਵਾਬ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਨਵਦੀਪ ਨੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਭਾਵੇਂ ਕਿ ਭਾਰਤ ਨਿਊਜ਼ੀਲੈਂਡ ਤੋਂ ਇਹ ਮੈਚ ਹਾਰ ਗਿਆ ਪਰ ਨਵਦੀਪ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀਆਂ ਸਭ ਪਾਸੇ ਤਰੀਫਾਂ ਹੋ ਰਹੀਆਂ ਹਨ।

ਨਵਦੀਪ ਹਰਿਆਣਾ ਸੂਬੇ ਨਾਲ ਸਬੰਧਿਤ ਹੈ ਪਰ ਉਹ ਦਿੱਲੀ ਲਈ ਖੇਡਦਾ ਰਿਹਾ। ਨਵਦੀਪ ਦਾ ਪਰਿਵਾਰ ਹਰਿਆਣਾ ਦੇ ਕਰਨਾਲ ਵਿਚ ਰਹਿੰਦਾ ਹੈ। ਨਵਦੀਪ ਦੇ ਪਿਤਾ ਅਮਰਜੀਤ ਸਿੰਘ ਸੈਣੀ ਹਰਿਆਣਾ ਸਰਕਾਰ ਵਿਚ ਡਰਾਈਵਰ ਦੀ ਨੌਕਰੀ ਕਰਦੇ ਸਨ। ਨਵਦੀਪ ਦੇ ਦਾਦਾ ਕਰਮ ਸਿੰਘ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਹੋਰ ਸਿੱਖਾਂ ਨਾਲ ਯੋਗਦਾਨ ਪਾਇਆ ਤੇ ਉਹ ਸੁਭਾਸ਼ ਚੰਦਰ ਬੋਸ ਦੀ ਫੌਜ ਵਿਚ ਸਨ। 
 

Language is no barrier for India's Navdeep Saini #NZvIND