ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਤੋੜਨ ਦਾ ਮਾਮਲਾ; ਪੰਜਾਬ ਵਿੱਚ ਥਾਂ-ਥਾਂ ਰੋਸ ਪ੍ਰਦਰਸ਼ਨ

ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਤੋੜਨ ਦਾ ਮਾਮਲਾ; ਪੰਜਾਬ ਵਿੱਚ ਥਾਂ-ਥਾਂ ਰੋਸ ਪ੍ਰਦਰਸ਼ਨ

ਜਲੰਧਰ: ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਸਥਿਤ ਗੁਰੂ ਰਵਿਦਾਸ ਮੰਦਿਰ ਨੂੰ ਪੁਲਿਸ ਤਾਕਤ ਰਾਹੀਂ ਪ੍ਰਸ਼ਾਸਨ ਵੱਲੋਂ ਢਾਹੁਣ ਖਿਲਾਫ ਲੋਕਾਂ ਵਿੱਚ ਰੋਸ ਫੈਲ ਗਿਆ ਹੈ ਜਿਸ ਦਾ ਅਸਰ ਦਿੱਲੀ ਤੋਂ ਬਾਅਦ ਪੰਜਾਬ ਅੰਦਰ ਵੀ ਦੇਖਣ ਨੂੰ ਮਿਲ ਰਿਹਾ ਹੈ। ਸੁਪਰੀਮ ਕੋਰਟ ਵਲੋਂ ਇਸ ਮੰਦਿਰ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ ਸਨ ਜਿਸਦੇ ਕੁੱਝ ਘੰਟਿਆਂ ਬਾਅਦ ਹੀ ਇਸ ਮੰਦਿਰ ਨੂੰ ਢਾਹ ਦਿੱਤਾ ਗਿਆ। 

ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਇਸ ਕਾਰਵਾਈ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਕੱਲ੍ਹ ਵੀ ਧਰਨਾਕਾਰੀਆਂ ਵੱਲੋਂ ਕਈ ਥਾਵਾਂ 'ਤੇ ਸੜਕਾਂ ਜਾਮ ਕੀਤੀਆਂ ਗਈਆਂ ਸਨ।

ਜਲੰਧਰ 'ਚ ਰਵਿਦਾਸ ਚੌਂਕ ਜਾਮ ਕੀਤਾ ਗਿਆ
ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਜਲੰਧਰ ਸ਼ਹਿਰ ਦੇ ਰਵਿਦਾਸ ਚੌਕ ਨੂੰ ਜਾਮ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਇੱਥੇ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ।

ਨੂਰਮਹਿਲ 'ਚ ਰੋਸ ਪ੍ਰਦਰਸ਼ਨ
ਨੂਰਮਹਿਲ 'ਚ ਇਲਾਕੇ ਦੇ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਰਵਿਦਾਸ ਭਾਈਚਾਰੇ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇ ਨਜ਼ਰ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਦਿੱਖ ਰਹੀ ਹੈ।

ਬੀਤੇ ਕੱਲ੍ਹ ਕਈ ਥਾਈਂ ਲਾਏ ਗਏ ਸੀ ਜਾਮ
ਬੀਤੇ ਕੱਲ੍ਹ ਮੰਦਿਰ ਢਾਹੁਣ ਦੀ ਕਾਰਵਾਈ ਤੋਂ ਬਾਅਦ ਰੋਸ ਵਜੋਂ ਰਵਿਦਾਸ ਭਾਈਚਾਰੇ ਨੇ ਦੋਆਬਾ ਖੇਤਰ ਦੇ ਨਵਾਂਸ਼ਹਿਰ, ਜਲੰਧਰ-ਫਗਵਾੜਾ-ਹੁਸ਼ਿਆਰਪੁਰ ਚੌਂਕ ਰਾਮਾ ਮੰਡੀ, ਪਠਾਨਕੋਟ ਬਾਈਪਾਸ, ਚਹੇੜੂ ਪੁਲ, ਵਡਾਲਾ ਚੌਂਕ ਵਿਖੇ ਸੜਕਾਂ ਜਾਮ ਕੀਤੀਆਂ ਸੀ। 

ਖੁਰਾਲਗੜ੍ਹ ਮੰਦਿਰ ਦੇ ਮੁੱਖ ਸੇਵਾਦਾਰ ਨੂੰ ਗ੍ਰਿਫਤਾਰ ਕੀਤਾ ਗਿਆ
ਗੁਰੂ ਰਵਿਦਾਸ ਮੰਦਿਰ ਖੁਰਾਲਗੜ੍ਹ ਦੇ ਮੁੱਖ ਪ੍ਰਬੰਧਕ ਸਤਵਿੰਦਰ ਸਿੰਘ ਹੀਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਤਾਕਤ ਲਗਾ ਕੇ ਜਦੋਂ ਪ੍ਰਸ਼ਾਸਨ ਮੰਦਿਰ ਢਾਹੁਣ ਦੀ ਕਾਰਵਾਈ ਕਰਨ ਲੱਗਿਆ ਸੀ ਤਾਂ ਇਹ ਆਪਣੇ ਸਮਰਥਕਾਂ ਨਾਲ ਉੱਥੇ ਬੈਠ ਕੇ ਸ਼ਬਦ ਪੜ੍ਹ ਰਹੇ ਸਨ। ਉਹਨਾਂ ਐਲਾਨ ਕੀਤਾ ਹੈ ਕਿ ਉਹ 21 ਅਗਸਤ ਨੂੰ ਜੰਤਰ ਮੰਤਰ ਵਿਖੇ ਧਰਨਾ ਲਾਉਣਗੇ। 

ਕਾਂਗਰਸ ਐੱਮ.ਪੀ ਸੰਤੋਖ ਸਿੰਘ ਚੌਧਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਨੇ ਮੰਦਿਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਰਵਿਦਾਸ ਜੀ ਦੀ ਮੂਰਤੀ ਜਬਰਨ ਹਟਾਏ ਜੋ ਕਿ ਬੇਅਦਬੀ ਹੈ। 

ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ: ਆਪ
ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਲਈ ਦਿੱਲੀ ਵਿਕਾਸ ਮਹਿਕਮੇ ਅਤੇ ਮੋਦੀ-ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ। ਬਿਆਨ ਵਿੱਚ ਆਪ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਕਾੲਵਾਈ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਹੈ।