ਤਾਲਿਬਾਨ ਨੇ ਅਫਗਾਨ ਸਰਕਾਰ ਨਾਲ ਗੱਲਬਾਤ ਖਤਮ ਕੀਤੀ

ਤਾਲਿਬਾਨ ਨੇ ਅਫਗਾਨ ਸਰਕਾਰ ਨਾਲ ਗੱਲਬਾਤ ਖਤਮ ਕੀਤੀ
ਸੁਹੇਲ ਸ਼ਾਹੀਨ

ਪਿਛਲੇ 20 ਸਾਲਾਂ ਤੋਂ ਅਫਗਾਨਿਸਤਾਨ ਵਿਚ ਚੱਲ ਰਹੀ ਅਮਰੀਕਾ ਤਾਲਿਬਾਨ ਜੰਗ ਨੂੰ ਖਤਮ ਕਰਨ ਲਈ ਦੋਵਾਂ ਧਿਰਾਂ ਦਰਮਿਆਨ ਹੋਏ ਇਤਿਹਾਸਕ ਸਮਝੌਤੇ ਦੇ ਟੁੱਟਣ ਦੇ ਅਸਾਰ ਬਣਦੇ ਨਜ਼ਰ ਆ ਰਹੇ ਹਨ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਟਵੀਟ ਕਰਕੇ ਕਿਹਾ ਕਿ ਸੰਧੀ ਦੀ ਸ਼ਰਤ ਵਿਚ ਮੰਨੀ ਗਈ ਤਾਲਿਬਾਨੀ ਕੈਦੀਆਂ ਦੀ ਰਿਹਾਈ ਨੂੰ ਆਨੇ-ਬਹਾਨੇ ਲਮਕਾਇਆ ਜਾ ਰਿਹਾ ਹੈ, ਇਸ ਲਈ ਹੁਣ ਤਾਲਿਬਾਨ ਦੀ ਟੀਮ ਅਫਗਾਨ ਸਰਕਾਰ ਨਾਲ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਗੱਲਬਾਤ ਵਿਚ ਸ਼ਾਮਲ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਦੀ ਹੋਈ ਸੰਧੀ ਵਿਚ ਮੰਨਿਆ ਗਿਆ ਸੀ ਕਿ ਅਫਗਾਨਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 5000 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਪਰ ਅਫਗਾਨਸਤਾਨ ਵਿਚ ਅਮਰੀਕਾ ਦੀ ਮਦਦ ਵਾਲੀ ਸਰਕਾਰ ਵੀ ਸਥਿਰ ਨਹੀਂ ਹੈ। ਅਸ਼ਰਫ ਗਨੀ ਅਤੇ ਅਬੁਦੱਲ੍ਹ ਅਬਦੁੱਲ੍ਹਾ ਦਰਮਿਆਨ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਜੋ ਅਮਰੀਕਾ ਦੀਆਂ ਲੱਖ ਕੋਸ਼ਿਸ਼ਾਂ ਬਾਅਦ ਵੀ ਨਹੀਂ ਸੁਲਝਿਆ। ਦੋਵੇਂ ਹੀ ਖੁਦ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨ ਚੁੱਕੇ ਹਨ। ਬੀਤੇ ਐਤਵਾਰ ਅਸ਼ਰਫ ਗਨੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਵੀ ਕਰ ਦਿੱਤਾ।

ਅਫਗਾਨਿਸਤਾਨ ਸਰਕਾਰ ਦੇ ਇਸ ਅਸਥਿਰ ਮਾਹੌਲ ਦਰਮਿਆਨ ਅਫਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ ਲਈ ਬਣਾਈ ਕਮੇਟੀ ਦੇ ਮੈਂਬਰ ਮੈਟਿਨ ਬੇਕ ਨੇ ਕਿਹਾ ਕਿ ਤਾਲਿਬਾਨ 15 ਉੱਚ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜੋ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਮੁੱਢਲੇ ਤੌਰ 'ਤੇ ਅਫਗਾਨਿਸਤਾਨ ਸਰਕਾਰ ਤਾਲਿਬਾਨ ਦੇ ਹੇਠਲੇ ਪੱਧਰ ਦੇ 400 ਲੜਾਕਿਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।