ਸੁਮੇਧ ਸੈਣੀ ਦੀ ਜ਼ਮਾਨਤ ਅਪੀਲ 'ਤੇ ਹੋਈ ਬਹਿਸ; ਅਦਾਲਤ ਸੋਮਵਾਰ ਨੂੰ ਸੁਣਾਏਗੀ ਫੈਂਸਲਾ

ਸੁਮੇਧ ਸੈਣੀ ਦੀ ਜ਼ਮਾਨਤ ਅਪੀਲ 'ਤੇ ਹੋਈ ਬਹਿਸ; ਅਦਾਲਤ ਸੋਮਵਾਰ ਨੂੰ ਸੁਣਾਏਗੀ ਫੈਂਸਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

1991 ਵਿਚ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਵੱਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਦਾਇਰ ਅਰਜ਼ੀ 'ਤੇ ਅੱਜ ਹੋਈ ਬਹਿਸ ਵਿਚ ਸੁਮੇਧ ਸੈਣੀ ਵੱਲੋਂ ਵਕੀਲ ਏਪੀਐਸ ਦਿਉਲ ਅਤੇ ਐਚ.ਐਸ ਧਨੋਆ ਪੇਸ਼ ਹੋਏ। ਅਦਾਲਤ ਹੁਣ ਸੈਣੀ ਦੀ ਜ਼ਮਾਨਤ ਅਪੀਲ 'ਤੇ ਸੋਮਵਾਰ ਨੂੰ ਫੈਂਸਲਾ ਸੁਣਾਏਗੀ। ਇਸ ਮੌਕੇ ਪੁਲਸ ਨੇ ਅਦਾਲਤ ਵਿਚ ਸੁਮੇਧ ਸੈਣੀ ਸਬੰਧੀ ਦਰਜ ਮਾਮਲੇ ਦਾ ਰਿਕਾਰਡ ਪੇਸ਼ ਕੀਤਾ। 

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਮੇਧ ਸੈਣੀ ਨੂੰ ਮੁਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸੈਣੀ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ (ਡਿਊਟੀ ਮੈਜਿਸਟਰੇਟ) ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਲਈ ਬੇਨਤੀ ਕੀਤੀ ਸੀ। ਇਸ ਦਾ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਾਬਕਾ ਡੀਜੀਪੀ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਵਕੀਲ ਨੇ ਕਿਹਾ  ਸੀ ਕਿ ਜ਼ਮਾਨਤ ਦੇਣ ਨਾਲ ਮਹੱਤਵਪੂਰਨ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਵੀ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਵੀ ਸੈਣੀ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਅੱਜ ਆਪਣਾ ਪੱਖ ਰੱਖਣ ਲਈ ਕਿਹਾ ਸੀ। 

ਫਿਲਹਾਲ ਸਾਬਕਾ ਡੀਜੀਪੀ ਸੈਣੀ ਪੁਲਿਸ ਤੋਂ ਭਗੋੜਾ ਹੈ ਅਤੇ ਉਸਨੇ ਮਾਮਲਾ ਦਰਜ ਹੋਣ ਤੋਂ ਅਗਲੇ ਦਿਨ ਸਵੇਰੇ 4 ਵਜੇ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਇਕ ਟਿਕਾਣੇ ’ਤੇ ਜਾ ਕੇ ਕਥਿਤ ਤੌਰ ’ਤੇ ਲੁਕਣ ਦੀ ਕੋਸ਼ਿਸ਼ ਕੀਤੀ ਸੀ ਪਰ ਹਿਮਾਚਲ ਦੀ ਹੱਦ ’ਤੇ ਕਰਫਿਊ ਨਾਕੇ ਉਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਸਾਬਕਾ ਡੀਜੀਪੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਸੀ।

ਓਧਰ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਦੋਸ਼ੀ ਡੀਜੀਪੀ ਸੈਣੀ ਦਾ ਮੁੱਕਦਮਾ ਲੜਨ ਲਈ ਪਹਿਲਾਂ ਬਾਦਲ ਦਲ ਨਾਲ ਸਬੰਧਿਤ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ  ਸਤਨਾਮ ਸਿੰਘ ਕਲੇਰ ਅਤੇ ਉਹਨਾਂ ਦੇ ਪੁੱਤਰ ਅਰਸ਼ਦੀਪ ਸਿੰਘ ਕਲੇਰ ਜੋ ਕਿ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਤੇ ਬੁਲਾਰੇ ਹਨ, ਅਦਾਲਤ ਵਿਚ ਬੀਤੇ ਕੱਲ੍ਹ ਪੇਸ਼ ਹੋਏ ਸੀ। ਪਰ ਸਿੱਖਾਂ ਵਿਚ ਫੈਲੇ ਰੋਹ ਦੇ ਚਲਦਿਆਂ ਇਹਨਾਂ ਪਿਓ-ਪੁੱਤ ਨੇ ਸੁਮੇਧ ਸੈਣੀ ਦਾ ਕੇਸ ਲੜਨ ਤੋਂ ਨਾਹ ਕਰ ਦਿੱਤੀ ਹੈ। ਇਹ ਵੀ ਦਸ ਦਈਏ ਕਿ ਸਤਨਾਮ ਸਿੰਘ ਕਲੇਰ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਕਤਲੇਆਮ ਦੇ ਦੋਸ਼ੀ ਕਈ ਪੁਲਸੀਆਂ ਦੇ ਕੇਸ ਲੜਦੇ ਆ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।