ਸਿੱਖਾਂ ਅਤੇ ਕਸ਼ਮੀਰੀਆਂ ਦੀ ਜਸੂਸੀ ਕਰਨ ਵਾਲਾ ਇਕ ਹੋਰ ਭਾਰਤੀ ਜਸੂਸ ਜਰਮਨੀ ਵਿਚ ਗ੍ਰਿਫਤਾਰ

ਸਿੱਖਾਂ ਅਤੇ ਕਸ਼ਮੀਰੀਆਂ ਦੀ ਜਸੂਸੀ ਕਰਨ ਵਾਲਾ ਇਕ ਹੋਰ ਭਾਰਤੀ ਜਸੂਸ ਜਰਮਨੀ ਵਿਚ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਰਮਨੀ ਵਿਚ ਇਕ ਹੋਰ ਭਾਰਤੀ ਨਾਗਰਿਕ ਨੂੰ ਭਾਰਤੀ ਖੂਫੀਆ ੲਜੰਸੀਆਂ ਵਾਸਤੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਜਰਮਨੀ ਦੀ ਅਦਾਲਤ ਨੇ ਇਸ ਦੋਸ਼ੀ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਦੋਸ਼ੀ ਦੀ ਪਛਾਣ 54 ਸਾਲਾ ਬਲਬੀਰ ਨਾਮੀਂ ਸਖਸ਼ ਵਜੋਂ ਹੋਈ ਹੈ। ਇਹ ਭਾਰਤ ਦੀ ਖੂਫੀਆ ਏਜੰਸੀ ਰਾਅ ਵਾਸਤੇ 2015 ਤੋਂ ਕੰਮ ਕਰ ਰਿਹਾ ਸੀ। 

ਜਰਮਨੀ ਦੀ ਅਦਾਲਤ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਬੰਦਾ ਜਰਮਨੀ ਵਿਚ ਰਹਿੰਦੇ ਸਿੱਖ ਅਤੇ ਕਸ਼ਮੀਰੀ ਆਗੂਆਂ ਦੀ ਜਾਸੂਸੀ ਕਰਦਾ ਸੀ ਤੇ ਇਹਨਾਂ ਬਾਰੇ ਇਕੱਠੀ ਕੀਤੀ ਜਾਣਕਾਰੀ ਨੂੰ ਫਰੈਂਕਫਰਟ ਸਥਿਤ ਭਾਰਤੀ ਕੌਂਸਲੇਟ ਵਿਚ ਤੈਨਾਤ ਆਪਣੇ ਹੈਂਡਲਰਾਂ ਨੂੰ ਦਿੰਦਾ ਸੀ। 

ਇਸ ਭਾਰਤੀ ਦੋਸ਼ੀ ਖਿਲਾਫ 25 ਅਗਸਤ ਤੋਂ ਮੁਕੱਦਮਾ ਸ਼ੁਰੂ ਹੋ ਰਿਹਾ ਹੈ। ਕੁੱਝ ਸਮਾਂ ਪਹਿਲਾਂ ਫਰੈਂਕਫਰਟ ਦੀ ਅਦਾਲਤ ਨੇ ਇਕ ਹੋਰ ਜੋੜੇ ਨੂੰ ਭਾਰਤੀ ਏਜੰਸੀਆਂ ਵਾਸਤੇ ਜਾਸੂਸੀ ਕਰਨ ਦੇ ਦੋਸ਼ ਵਿਚ ਸਜ਼ਾ ਸੁਣਾਈ ਸੀ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਵੀ ਭਾਰਤੀ ਏਜੰਸੀਆਂ ਦੇ ਜਾਸੂਸ ਦੇ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਵੱਲੋਂ ਭਾਰਤੀ ਏਜੰਸੀਆਂ ਦੇ ਇਹਨਾਂ ਜਾਸੂਸੀ ਮਿਸ਼ਨਾਂ ਖਿਲਾਫ ਲਗਾਤਾਰ ਵਿਦੇਸ਼ੀ ਸਰਕਾਰਾਂ ਨੂੰ ਸੂਚੇਤ ਕੀਤਾ ਜਾ ਰਿਹਾ ਹੈ। ਭਾਰਤ ਵਿਚ ਸਿੱਖ ਅਤੇ ਕਸ਼ਮੀਰੀ ਅਜ਼ਾਦੀ ਲਹਿਰਾਂ ਭਾਰਤ ਸਰਕਾਰ ਲਈ ਵੱਡੀ ਚੁਣੌਤੀ ਹਨ। ਸਿੱਖ ਲਹਿਰ ਭਾਵੇਂ ਕਿ ਹਥਿਆਰਬੰਦ ਸੰਘਰਸ਼ ਦੇ ਇਕ ਲੰਬੇ ਪੜਾਅ ਨੂੰ ਪਰ ਕਰ ਹੁਣ ਇਕ ਖੜੋਤ ਵਿਚ ਨਜ਼ਰ ਆ ਰਹੀ ਹੈ ਪਰ ਸਿੱਖਾਂ ਅੰਦਰ ਇਸ ਲਹਿਰ ਨੂੰ ਮੁੜ ਸੁਰਜੀਤ ਕਰਕੇ ਅਜ਼ਾਦ ਦੇਸ਼ ਖਾਲਿਸਤਾਨ ਬਣਾਉਣ ਦੀ ਇੱਛਾ ਮੁੜ ਜ਼ੋਰ ਫੜ ਰਹੀ ਹੈ। ਸੂਤਰਾਂ ਮੁਤਾਬਕ ਸਿੱਖ ਰਾਜਨੀਤੀ ਵਿਚ ਵਿਦੇਸ਼ੀ ਸਿੱਖਾਂ ਦਾ ਅਹਿਮ ਪ੍ਰਭਾਵ ਹੈ ਅਤੇ ਇਸ ਨਾਲ ਨਜਿੱਠਣ ਲਈ ਭਾਰਤ ਦੀਆਂ ਖੂਫੀਆ ਏਜੰਸੀਆਂ ਵੱਲੋਂ ਵੱਡੇ ਪੱਧਰ 'ਤੇ ਆਪਣੇ ਜਾਸੂਸਾਂ ਨੂੰ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਅੰਦਰੂਨੀ ਘੇਰਿਆਂ ਅੰਦਰ ਫਿੱਟ ਕੀਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।