ਟੁੱਟਦੇ ਰਹਿਣ ਤੋਂ ਜੁੜਦੇ ਰਹਿਣ  ਤੱਕ ਦਾ  ਸਫ਼ਰ ਹੈ ਜ਼ਿੰਦਗੀ।

ਟੁੱਟਦੇ ਰਹਿਣ ਤੋਂ ਜੁੜਦੇ ਰਹਿਣ  ਤੱਕ ਦਾ  ਸਫ਼ਰ ਹੈ ਜ਼ਿੰਦਗੀ।

ਟੁੱਟਦਾ ਜੁੜਦਾ ਬੰਦਾ

ਅਸੀਂ ਅਕਸਰ ਮਨੁੱਖੀ ਦਿਲ ਨੂੰ ਕੱਚ ਨਾਲ ਦੇ ਰੂਪ ਵਿੱਚ ਪ੍ਰਭਾਸ਼ਿਤ ਕਰਦੇ ਹਾਂ। ਅਕਸਰ ਮੰਨਿਆ ਜਾਂਦਾ ਹੈ ਕਿ ਜਿਵੇਂ ਕੱਚ ਇੱਕ ਵਾਰ ਟੁੱਟ ਜਾਵੇ  ਤਾਂ ਜੁੜਦਾ ਨਹੀਂ, ਇਸੇ ਤਰ੍ਹਾਂ ਕਹਾਣੀਆਂ, ਗੀਤਾਂ, ਕਵਿਤਾਵਾਂ, ਗਜ਼ਲਾਂ ਵਿੱਚ ਵੀ ਦਿਲ ਦੇ ਟੁੱਟਣ ਅਤੇ ਕਦੇ ਦੁਬਾਰਾ ਨਾ ਜੁੜਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਰੂਰੀ ਨਹੀਂ ਕਿ ਹਰ ਦਿਲ ਪਿਆਰ, ਮਹੁੱਬਤ, ਇਸ਼ਕ ਵਿੱਚ ਟੁੱਟੇ ਕਦੇ ਸੁਪਨਿਆਂ ਦਾ ਨਾ ਪੂਰਾ ਹੋਣਾ, ਗਰੀਬੀ, ਘਰ ਦੇ ਕਲੇਸ਼, ਬੱਚਿਆਂ ਦੁਆਰਾ ਮਾਪਿਆਂ ਦੀ ਦੇਖਭਾਲ ਨਾ ਕਰਨਾ, ਜਲੀਲਤਾ, ਹੱਕਾਂ ਦਾ ਨਾ ਮਿਲਣਾ ਆਦਿ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਪਹਿਲਾਂ ਮੈ ਵੀ ਦਿਲ ਨੂੰ ਕੱਚ ਦੀ ਤਰ੍ਹਾਂ ਸਮਝਦੀ ਸੀ ਅਤੇ ਸੋਚਦੀ ਸੀ ਕਿ ਖੌਰੇ ਇੱਕ ਵਾਰ ਟੁੱਟਣ ਤੋਂ ਬਾਅਦ ਅਸੀਂ ਉੱਠ ਹੀ ਨਹੀਂ ਸਕਾਂਗੇ। ਪਰ ਜਿਵੇਂ ਜਿਵੇਂ ਜਿੰਦਗੀ ਦਾ ਤਜ਼ੁਰਬਾ ਹੁੰਦਾ ਗਿਆ (ਖੈਰ ਜਿਆਦਾ ਤਾਂ ਨਹੀਂ) ਤਾਂ ਸਮਝ ਆਉਂਦੀ ਗਈ ਕਿ ਨਹੀਂ ਮਨੁੱਖੀ ਦਿਲ ਕੱਚ ਨਹੀਂ ਹੈ, ਬਲਕਿ ਬਹੁਤ ਮਜ਼ਬੂਤ ਹੈ, ਇਹ ਪਰਮਾਤਮਾ ਦੀ ਇੱਕ ਅਜਿਹੀ ਬਣਤਰ ਹੈ ਕਿ ਇਹ ਟੁੱਟਦਾ ਹੈ ਪਰ ਫਿਰ ਨਵੇਂ ਹਾਲਾਤਾਂ ਵਿੱਚ ਜੁੜਦਾ ਵੀ ਹੈ। ਮਨੁੱਖ ਪਤਾ ਨਹੀਂ ਆਪਣੀ ਪੂਰੀ ਜਿੰਦਗੀ ਵਿੱਚ ਕਿੰਨੀ ਵਾਰ ਟੁੱਟਦਾ ਹੈ ਫਿਰ ਜੁੜਦਾ ਹੈ। ਇੱਥੇ ਮੈਂ ਕਿਸੇ ਬਹੁਤ ਹੀ ਕਾਮਯਾਬ ਜਾਂ ਮਸ਼ਹੂਰ  ਵਿਅਕਤੀ ਦੀ ਉਦਹਾਰਣ ਨਹੀਂ ਦੇਣਾ ਚਾਹਾਂਗੀ, ਬਲਕਿ ਪਾਠਕਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਜਾਂ ਬਜ਼ੁਰਗਾਂ ਦੀ ਜਿੰਦਗੀ ਹੀ ਦੇਖ ਲਈਏ, ਉਹਨਾਂ ਕਿੰਨੇ ਉੱਚੇ ਨੀਵੇਂ ਦਿਨ ਦੇਖੇ, ਤੰਗੀਆਂ ਤੁਰਸ਼ੀਆਂ ਸਭ ਸਹੀਆਂ, 47 ਦੀ ਵੰਡ ਦੇਖੀ 84 ਦੇ ਦੰਗੇ ਦੇਖੇ, ਕਈ ਆਪਣੇ ਜਾਨਾਂ ਤੋਂ ਪਿਆਰਿਆਂ ਨੂੰ ਹੱਥੀ ਇਸ ਦੁਨੀਆਂ ਤੋਂ ਤੋਰਿਆ, ਕੀ ਉਹਨਾਂ ਜਿੰਦਗੀ ਨਹੀਂ ਗੁਜ਼ਾਰੀ, ਕੀ ਮੁੜ ਕਦੇ ਉਹਨਾਂ ਦੇ ਚਿਹਰੇ ਤੇ ਹਾਸਾ ਨਹੀਂ ਆਇਆ? 

ਇੱਕ ਕਵਿੱਤਰੀ ਰਜਨੀ ਵਾਲੀਆ ਦਾ ਕਾਵਿ ਸੰਗ੍ਰਹਿ ਹੈ "ਟੁੱਟਣਾ ਖੂਬਸੂਰਤ ਹੁੰਦਾ " ਉਹਨਾਂ ਦਾ ਇਹ ਸਿਰਲੇਖ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਉਹਨਾਂ ਨੇ ਟੁੱਟਣ ਨੂੰ ਬੁਰਾ ਜਾਂ ਕਮਜ਼ੋਰ ਨਹੀਂ ਬਲਕਿ ਖੂਬਸੂਰਤ ਕਿਹਾ। ਮੇਰੇ ਵਿਚਾਰ ਅਨੁਸਾਰ ਇੱਕ ਟੁੱਟਣਾ ਹੀ ਤਾਂ ਹੈ ਜੋ ਸਾਨੂੰ ਨਿਰੰਤਰ ਚੱਲਣ ਲਈ ਪ੍ਰੇਰਦਾ ਰਹਿੰਦਾ ਹੈ। ਟੁੱਟਣ ਤੋਂ ਬਾਅਦ ਹੀ ਤਾਂ ਜੁੜਿਆ ਜਾ ਸਕਦਾ। ਟੁੱਟ ਕੇ, ਬਿਖਰ ਕੇ ਜਦੋਂ ਮਨੁੱਖ ਜਦ ਫਿਰ ਜੁੜਦਾ ਹੈ ਤਾਂ ਉਹ ਦੁਨੀਆਂ ਵਿੱਚ ਵੱਖਰਾ ਪਹਿਚਾਣਿਆ ਜਾਂਦਾ ਹੈ। ਫਿਰ ਉਹ ਆਪਣੇ ਟੁੱਟਣ ਦੇ ਕਿੱਸੇ ਖੁਸ਼ੀ ਨਾਲ ਦੱਸਦਾ ਹੈ। ਫਿਰ ਉਸਦੇ ਟੁੱਟਣ ਤੋਂ ਫਿਰ ਜੁੜਨ ਤੱਕ ਦੇ ਸਫ਼ਰ ਨੂੰ ਲੇਖਕ ਕਹਾਣੀਆਂ, ਕਵਿਤਾਵਾਂ ਤੇ ਫਿਲਮਾਂ ਰਾਹੀਂ ਪੇਸ਼ ਕਰਦੇ ਹਨ। ਫਿਰ ਟੁੱਟਣਾ ਮਾੜਾ ਕਿਵੇਂ ਹੋਇਆ, ਬੇਸ਼ਰਤੇ ਅਸੀਂ ਟੁੱਟਣ ਦੀ ਅਸਲ ਪਰਿਭਾਸ਼ਾ ਨੂੰ ਸਮਝਦੇ ਹੋਈਏ। ਜੇਕਰ ਮੈਨੂੰ ਕੋਈ ਜਿੰਦਗੀ ਨੂੰ ਪ੍ਰਭਾਸ਼ਿਤ ਕਰਨ ਲਈ ਕਹੇ ਤਾਂ ਮੇਰਾ ਜਵਾਬ ਏਹੀ ਹੋਵੇਗਾ

" ਨਿਰੰਤਰ ਟੁੱਟਦੇ ਰਹਿਣ ਤੋਂ ਜੁੜਦੇ ਰਹਿਣ  ਤੱਕ ਦਾ 

  ਸਫ਼ਰ ਹੈ ਜ਼ਿੰਦਗੀ। "

 

ਹਰਕੀਰਤ ਕੌਰ

9779118066