...........ਤੇ  ਕੰਧ ਬੋਲ ਪਈ

...........ਤੇ  ਕੰਧ ਬੋਲ ਪਈ

ਮਨਦੀਪ ਰਿੰਪੀ

9814385918

 ਧੀਆਂ ਸਹੁਰੇ ਘਰ ਜਾ ਕੇ ਮਾਪਿਆਂ ਦੀ ਇੱਜ਼ਤ ਬਣਾਉਂਦੀਆਂ ਨੇ

ਸੋਨੀਆ ਦੀ ਬੰਦ ਮੁੱਠੀ ਅੱਜ ਸਭ ਦੇ ਸਾਹਮਣੇ ਖੁੱਲ੍ਹ ਗਈ। ਜਿਸ ਮੁੱਠੀ ਵਿੱਚ ਬੰਦ ਕਰੀ ਬੈਠੀ ਸੀ ਉਹ ਆਪਣੇ ਹਉੰਕਿਆਂ ,ਹਾਵਿਆਂ ,ਨਿੱਤ ਦੇ ਕਲੇਸ਼ ਝਗੜਿਆਂ ਨੂੰ ।ਉਸ ਨੇ ਅੱਜ ਤਾਈੰ ਕਦੀ ਗੁਆਂਢ ਨੂੰ ਵੀ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਕਮਰੇ ਦੀਆਂ ਚਾਰ ਕੰਧਾਂ ਦੇ ਅੰਦਰ ਉਸ ਨਾਲ ਕੀ ਬੀਤਦੀ ਹੈ ?ਅਰਮਾਨ ਨਿੱਕੀ ਨਿੱਕੀ ਗੱਲ ਤੇ ਸੋਨੀਆ ਤੇ ਹੱਥ ਚੁੱਕਣ ਦਾ ਆਦੀ ਹੋ ਚੁੱਕਾ ਹੈ ।ਪਰ ਸੋਨੀਆ ਨੇ ਕਦੀ ਕਿਸੇ ਕੋਲ ਭਾਫ਼ ਨਹੀਂ ਕੱਢੀ ।ਕਮਰੇ ਚੋਂ ਹਮੇਸ਼ਾ ਹੱਸਦੀ ਹੀ ਬਾਹਰ ਆਉਂਦੀ ।ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਅੈ? ਸੋਨੀਆ ਆਪਣੇ ਮਨ ਨੂੰ ਖੁਸ਼ ਰੱਖਣ ਲਈ ਹਮੇਸ਼ਾ ਕੰਧਾਂ ਨਾਲ ਗੱਲਾਂ ਕਰਦੀ। ਉਹਨੇ ਤਾਂ ਕੰਧਾਂ ਦੇ ਨਾਮ ਵੀ ਰੱਖੇ ਹੋਏ ਨੇ ।ਓਹ ਸਾਹਮਣੇ ਵਾਲੀ ਕੰਧ ਜਿਸ ਤੇ ਉਨ੍ਹਾਂ ਦੇ ਵਿਆਹ ਦੀ ਵੱਡੀ ਸਾਰੀ ਫੋਟੋ ਲਟਕਾਈ ਹੋਈ ਐ, ਉਸ ਦਾ ਨਾ ਖ਼ੁਸ਼ੀ ਰੱਖਿਆ ਹੋਇਆ ਹੈ।ਉਹ ਸੋਚਦੀ ਇਹ ਮੇਰੀ ਜ਼ਿੰਦਗੀ ਦੀ ਖੁਸ਼ੀ ਦੇ ਪਲ ਸਨ ।ਜਿਸ ਨਾਲ ਮੇਰੇ ਮੰਮੀ ਪਾਪਾ ,ਭੈਣ ਭਰਾ ਦੀਆਂ ਖੁਸ਼ੀਆਂ ਬੰਨ੍ਹੀਆਂ ਹੋਈਆਂ ਸਨ ।ਸੱਜੇ ਪਾਸੇ ਵਾਲੀ ਕੰਧ ਦਾ ਨਾਂ ਰਾਣੋ ਅਤੇ ਖੱਬੇ ਪਾਸੇ ਵਾਲੀ ਕੰਧ ਦਾ ਨਾਂ ਦੀਪੀ ਹੈ ।ਰਾਣੋ ਤੇ ਦੀਪੀ ਸੋਨੀਆ ਦੀਆਂ ਬਚਪਨ ਦੀਆਂ ਪੱਕੀਆਂ ਸਹੇਲੀਆਂ ਦੇ ਨਾਂ ਨੇ ।ਜਦੋਂ ਓਹ ਇਨ੍ਹਾਂ ਕੰਧਾਂ ਵੱਲ ਵੇਖਦੀ ਤਾਂ ਉਨ੍ਹਾਂ ਨੂੰ ਚੇਤੇ ਕਰ ਹੱਸਦੀ ਰਹਿੰਦੀ ।ਉਹਨੂੰ ਇੰਝ ਲੱਗਦਾ ਜਿਵੇਂ ਓਹ  ਮੁੜ ਆਪਣੇ ਬਚਪਨ ਵਿੱਚ ਚਲੀ ਗਈ ਹੋਵੇ। ਉਹੀ ਬਚਪਨ ਦੀਆਂ ਸ਼ਰਾਰਤਾਂ ਮੁੜ ਮੁੜ ਚੇਤੇ ਆਉਂਦੀਆਂ। ਦਰਵਾਜ਼ੇ ਵਾਲੀ ਕੰਧ ਦਾ ਨਾਂ ਮੁਸਕਾਨ ਰੱਖਿਆ ਕਿਉਂਕਿ ਕਮਰੇ ਅੰਦਰ ਉਹ ਕਦੀ ਹੱਸਦੀ ਕਦੀ ਰੋਂਦੀ ਪਰ ਜਦੋਂ ਦਰਵਾਜ਼ੇ ਚੋਂ ਬਾਹਰ ਆਉਂਦੀ ਤਾਂ ਬੁੱਲਾਂ ਤੇ ਚਿਹਰੇ ਤੇ ਇੰਝ ਮੁਸਕਾਨ ਧਰ ਲੈਂਦੀ ਜਿਵੇਂ ਉਹ ਬਹੁਤ ਹੀ ਖੁਸ਼ ਹੋਵੇ ।ਇਸ ਤਰ੍ਹਾਂ ਇਨ੍ਹਾਂ ਚਾਰ ਕੰਧਾਂ ਦੇ ਨਾਂ ਰੱਖ ਉਹ  ਕੰਧਾਂ ਨਾਲ਼  ਗੱਲੀ ਪਈ ਰਹਿੰਦੀ ।

                      ਉਸ ਦੀ ਮਾਂ ਨੇ ਜਦੋਂ ਉਸ ਨੂੰ ਵਿਦਾ ਕੀਤਾ ਤਾਂ ਇੱਕੋ ਗੱਲ ਆਖੀ ਸੀ," ਧੀਏ !ਧੀਆਂ ਸਹੁਰੇ ਘਰ ਜਾ ਕੇ ਮਾਪਿਆਂ ਦੀ ਇੱਜ਼ਤ ਬਣਾਉਂਦੀਆਂ ਨੇ ।ਤੂੰ ਵੀ ਸਾਡੀ ਇੱਜ਼ਤ ਬਣਾਈ ਰੱਖੀ ।"ਆਪਣੀ ਮਾਂ ਦੇ ਕਹੇ ਉਹ ਸ਼ਬਦਾਂ ਨੂੰ ਉਹ ਅੱਜ ਵੀ ਆਪਣੇ ਮਨ ਅੰਦਰ ਸਾਂਭੀ ਬੈਠੀ ਹੈ ।ਸੋਨੀਆ ਹਰ ਕੋਸ਼ਿਸ਼ ਕਰਦੀ ਖ਼ੁਦ ਨੂੰ ਤੇ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖਣ ਦੀ ।ਜਦੋਂ ਕਦੇ ਕਦਾਈ ਦੀਪੀ ਦਾ ਫੋਨ  ਆਉਂਦਾ ਜੋ ਕੈਨੇਡਾ ਵਿਆਹੀ ਹੋਈ ਹੈ ਤਾਂ ਸਾਰਾ ਦਿਨ ਹੀ ਸੋਨੀਆ ਆਪਣੇ ਬਚਪਨ 'ਚ ਘੁੰਮਦੀ ਰਹਿੰਦੀ ।ਇੱਕ ਦਿਨ ਜਦੋਂ ਦੀਪੀ ਦਾ ਫੋਨ ਆਇਆ ਤਾਂ ਸੱਸ ਬੁੜਬੁੜ ਕਰਨ ਲੱਗੀ ,"ਪਤਾ ਨੀ ਕਿਹਦੇ ਨਾਲ ਗੱਲਾਂ ਮਾਰਦੀ ਰਹਿੰਦੀ ?"ਸੋਨੀਆ ਨੇ ਝੱਟ ਆਪਣੀ ਸੱਸ ਨੂੰ ਫੋਨ ਫੜਾ ਦਿੱਤਾ ,"ਆਹ ਲਓ.. ਮੰਮੀ ਜੀ ,ਗੱਲ ਕਰੋ ।ਮੇਰੀ ਸਹੇਲੀ ਐ।ਕੈਨੇਡਾ ਤੋਂ ਫੋਨ ਕਰਦੀ ।"ਸੋਨੀਆ ਦੀ ਸੱਸ ਮੂੰਹ ਦੀ ਮਿੱਠੀ," ਕੀ ਹਾਲ ਐ ਧੀਏ? ਹੋਰ ਬਾਲ ਬੱਚੇ ਰਾਜੀ ਖੁਸ਼ੀ !" ਕਿੰਨੀ ਦੇਰ ਮਿਸ਼ਰੀ ਵਰਗੇ ਬੋਲ ਉਸ ਦੀ ਸੱਸ ਦੀ ਜੀਭ ਤੇ ਨੱਚਦੇ ਟੱਪਦੇ ਰਹੇ। ਸੋਨੀਆ ਹੈਰਾਨ ਹੋ ਕੇ ਕੋਲ ਖੜ੍ਹੀ ਸੋਚ ਰਹੀ ਸੀ ਕਿ ਕਾਸ਼! ਮੇਰੇ ਨਾਲ ਵੀ ਮੰਮੀ ਜੀ ਇੰਨੀਆਂ ਮਿੱਠੀਆਂ ਚਾਸ਼ਨੀ ਭਰੀਆਂ ਗੱਲਾਂ ਕਰਨ ਕਦੇ ।ਦੀਪੀ ਸੋਨੀਆ ਦੀ ਸੱਸ ਨਾਲ ਗੱਲਾਂ ਕਰ ਬਹੁਤ ਖੁਸ਼ ਹੋਈ ਅਤੇ ਸੋਨੀਆਂ ਨੂੰ ਆਖਣ ਲੱਗੀ," ਤੇਰੀ ਸੱਸ ਤਾਂ ਸੱਚੀ ਮੁੱਚੀ ਬਹੁਤ ਚੰਗੀ ਏ।" ਸੋਨੀਆ ,"ਹਾਂ, ਸੱਚੀਂ ਮੈਨੂੰ ਬਹੁਤ ਪਿਆਰ ਕਰਦੇ ਮੰਮੀ ਜੀ ।ਕਦੇ ਮੈਨੂੰ ਮੇਰੀ ਮਾਂ ਦੀ ਯਾਦ ਨਹੀਂ ਆਉਣ ਦਿੰਦੇ ।ਇੰਝ ਲੱਗਦਾ ਜਿਵੇਂ ਇਹ ਮੇਰਾ  ਪੇਕਾ ਘਰ ਹੀ ਹੈ ।"ਭਾਵੇਂ ਸੋਨੀਆ ਦੀ ਸੱਸ ਸੋਨੀਆਂ ਲਈ ਹਮੇਸ਼ਾਂ ਹੀ ਜੀਭ ਤੇ ਭੱਖਦੇ ਅੰਗਾਰੇ ਰੱਖੀ ਰੱਖਦੀ ਸੀ ਪਰ ਸੋਨੀਆ ਨੇ ਫਿਰ ਵੀ ਕਦੀ ਮੱਥੇ ਤਿਊੜੀ ਨਹੀਂ ਸੀ ਪਾਈ ।ਸਗੋਂ ਹਰ ਸੰਭਵ ਕੋਸ਼ਿਸ਼ ਕਰਦੀ ਆਪਣੀ ਸੱਸ ਨੂੰ ਖੁਸ਼ ਰੱਖਣ ਦੀ ।ਵਿਆਹ ਦੇ ਸਮੇਂ ਸੋਨੀਆ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ। ਸੋਨੀਆ ਦਾ ਪਿਓ ਇੱਕ ਡਾਕੀਆ ਸੀ ਤੇ ਡਾਕੀਏ ਦੀ ਤਨਖ਼ਾਹ ਤਾਂ ਸਭ ਨੂੰ ਪਤਾ ਹੀ ਹੁੰਦਾ। ਸੋਨੀਆ ਤੋਂ ਛੋਟੇ ਸੋਨੀਆ ਦੇ ਦੋ ਭੈਣ ਭਰਾ ਸਨ ਜੋ ਅਜੇ ਪੜ੍ਹਦੇ ਹੀ ਸਨ ।ਸੋਨੀਆ ਦੀ ਮਾਂ ਸ਼ੂਗਰ ਦੀ ਮਰੀਜ਼ ਸੀ ਜੋ ਮਿੰਟਾਂ ਵਿੱਚ ਮੰਜੇ ਤੇ ਪੈ ਜਾਂਦੀ ।ਅਚਾਨਕ ਹੀ ਸ਼ੂਗਰ ਵੱਧ ਜਾਂਦੀ। ਜਿਸ ਦੀ ਦਵਾਈ ਪਿਛਲੇ ਛੇ ਸੱਤ ਸਾਲਾਂ ਤੋਂ ਲਗਾਤਾਰ ਚੱਲ ਰਹੀ ਸੀ ।ਅਜਿਹੇ ਹਾਲਾਤਾਂ ਵਿੱਚ ਬੜੀ ਮੁਸ਼ਕਿਲ ਨਾਲ ਵਿਆਹ ਕੀਤਾ ਸੀ ਸੋਨੀਆਂ ਦੇ ਮਾਪਿਆਂ ਨੇ ।

................ਪਰ ਜਿਸ ਦਿਨ ਸੋਨੀਆ ਵਿਆਹ ਕੇ ਆਈ ਉਸੇ ਰਾਤ ਸੋਨੀਆਂ ਦੀ ਸੱਸ ਨੇ ਸੋਨੀਆ ਨੂੰ," ਨਾ, ਕਿੰਨੇ ਕੁ ਭਰਾ ਨੇ ਮੇਰੇ ?ਤੇਰੇ ਪਿਓ ਤੋਂ ਮੇਰੇ ਕੱਲੇ ਕਾਰੇ   ਭਰਾ ਲਈ ਕੁਝ ਨਾ ਸਰਿਆ ।ਅੱਜ ਕੱਲ੍ਹ ਤਾਂ ਮਰਿਆਂ ਤੋਂ ਮਰਿਆ ਵੀ ਮੁੰਦੀ ਪਾਉਂਦਾ ਮਾਮੇ ਨੂੰ ।ਕਿੰਨਾ ਚਾਅ ਸੀ ਮੇਰੇ ਪੇਕਿਆਂ ਨੂੰ ਅਰਮਾਨ ਦੇ ਵਿਆਹ ਦਾ। ਵਿਚਾਰੇ ਕਿੰਨੇ ਦਿਨ ਨੱਠੇ ਭੱਜੇ ਫਿਰਦੇ ਰਹੇ।ਤੇਰੇ ਪਿਉ ਨੇ ਤਾਂ ਮਿੰਟਾਂ 'ਚ ਪੱਤ ਲਾਹ ਕੇ ਧਰ ਤੀ ਮੇਰੇ ਪੇਕਿਆਂ ਦੀ। ਮੈਨੂੰ  ਨਾ ਪਾਉਂਦੇ ਵਾਲੀਆਂ। ਮੈਂ ਕਿਹੜੇ ਮਰਨ ਲੱਗੀ ਤੀ ਵਾਲੀਆਂ ਤੋਂ ਬਿਨਾਂ? ਲੋਕਾਂ ਚਾਰੀ ਮਾੜੀ ਮੋਟੀ ਤਾਂ ਸ਼ਰਮ ਕਰ ਲੈਂਦੇ। ਸਾਰੇ ਸ਼ਰੀਕੇ 'ਚ ਨੱਕ ਵੱਢਤੀ ਮੇਰੇ ਪੇਕਿਆਂ ਦੀ ਤੇਰੇ ਪਿਓ ਨੇ।ਜ਼ਰੂਰ ਵਿਆਹ ਕਰਨਾ ਤਾ ?ਸਾਨੂੰ ਦੱਸ ਦਿੰਦੇ.... ਅਸੀਂ ਚੁੰਨੀ ਚੜ੍ਹਾ ਕੇ ਲੈ ਆਉਂਦੇ ।" ਸੋਨੀਆ ਚੁੱਪ ਚਾਪ ਸੁਣਦੀ ਰਹੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਅੰਦਰ ਸਭ ਕੌੜਾ ਕੁਸੈਲਾ ਦੱਬੀ ਜਾ ਰਹੀ ਹੈ। ਅਰਮਾਨ ਵੀ ਸੋਨੀਆ ਨੂੰ ਮਾਮੇ ਨੂੰ ਮੁੰਦੀ ਨਾ ਪਾਉਣ ਕਾਰਨ ਵੱਧ ਘੱਟ ਬੋਲਦਾ  ਰਹਿੰਦਾ ।ਪਰ ਸੋਨੀਆਂ ਹਮੇਸ਼ਾ ਅਣ ਸੁਣਿਆ ਕਰ ਛੱਡਦੀ। ਉਹ ਘਰ ਤੇ ਬਾੜੇ ਦੇ ਸਾਰੇ ਕੰਮ ਭੱਜ - ਭੱਜ ਕੇ ਕਰਦੀ। ਮੱਝਾਂ, ਗਊਆਂ ਨੂੰ ਪੱਠੇ ਪਾਉਣੇ, ਧਾਰਾਂ ਕੱਢਣੀਆਂ, ਪਾਥੀਆਂ ਪੱਥਣੀਆਂ... ਸਾਰੇ ਕੰਮ ਸਿੱਖ ਲਏ ਸੀ ਉਸ ਨੇ। ਸੱਸ ਦੇ ਗੋਡਿਆਂ ਵਿੱਚ ਦਰਦ ਕਾਰਨ ਉਹ ਕਦੀ ਵੀ ਉਸ ਨੂੰ ਕੋਈ ਕੰਮ ਨਾ ਕਰਨ ਦਿੰਦੀ ।ਉਸ ਦੀ ਸੱਸ ਕੋਲ ਕੋਈ ਨਾ ਕੋਈ ਗੁਆਂਢਣ ਆ ਕੇ ਬੈਠੀ ਰਹਿੰਦੀ ਤੇ ਸੋਨੀਆਂ ਘਰ ਆਈਆਂ ਬੀਬੀਆਂ ਨੂੰ ਕਦੇ ਬਗੈਰ ਚਾਹ ਪੀਤਿਆਂ ਨਹੀਂ ਸੀ ਜਾਣ ਦਿੰਦੀ ....ਜਿਸ ਕਾਰਨ ਉਹ ਸਾਰੀਆਂ ਉਸ ਦੀਆਂ ਸਿਫ਼ਤਾਂ ਕਰਦੀਆਂ ।

                  ਜਦੋਂ ਸਮਾਂ ਮਿਲਦਾ ਸੋਨੀਆ ਆਪਣੇ ਕਮਰੇ ਵਿੱਚ ਬੈਠ ਆਪਣੀਆਂ ਸਹੇਲੀਆਂ ਕੰਧਾਂ ਨਾਲ ਗੱਲਾਂ ਕਰਦੀ ਰਹਿੰਦੀ  ਤੇ ਹੱਸਦੀ। ਇਸ ਤਰ੍ਹਾਂ ਉਹ ਆਪਣੇ ਮਨ ਦੀ ਸਾਰੀ ਭੜਾਸ ਕੱਢ ਲੈਂਦੀ। ਕਈ ਵਾਰ ਸੋਨੀਆਂ ਦੀ ਸੱਸ ਜਦੋਂ ਉਸਨੂੰ ਕਮਰੇ 'ਚ ਬੋਲਦੀ ਨੂੰ ਸੁਣਦੀ , ਦੱਬੇ ਪੈਰੀਂ ਜਾ ਕੇ ਵੇਖਦੀ ਤਾਂ ਡਰ ਜਾਂਦੀ। ਉਸ ਨੂੰ ਇੰਝ ਲੱਗਣ ਲੱਗਾ ਕਿ ਸੋਨੀਆ ਕਿਸੇ ਕਸਰ ਦੇ ਹੇਠਾਂ ਏ। ਉਹ ਆਪਣੀਆਂ ਗੁਆਂਢਣਾਂ ਕੋਲ ਵੀ ਇਹੋ ਗੱਲਾਂ ਕਰਦੀ ,"ਮੇਰੀ ਬਹੂ ਤਾਂ ਕੱਲੀ ਓ ਬੋਲੀ ਜਾਂਦੀ ...ਖਬਰੇ ਕਿਹੜੀ ਚੁੜੇਲ ਚਿੰਬੜੀ ਹੋਈ ਐ ਇਹਨੂੰ ? ਨਾਲੇ ਦੋ ਸਾਲ ਹੋ ਚੱਲੇ ਵਿਆਹ ਨੂੰ..... ਇਹਦੇ ਬਾਅਦ ਦੀਆਂ ਆਈਆਂ ਸਾਰੀਆਂ ਮਾਵਾਂ ਬਣ ਗਈਆਂ । ਜੇ ਮੈਂ ਅਰਮਾਨ ਜਾਂ ਉਹਦੇ ਪਿਓ ਨੂੰ ਕੁਝ ਕਹਾਂ ਤਾਂ ਮੈਨੂੰ ਖਾਣ ਨੂੰ ਪੈਂਦੇ ਸਾਰੇ ।ਮੇਰਾ ਵੀ ਜੀਅ ਕਰਦਾ ਪੋਤੇ ਪੋਤੀਆਂ 'ਚ ਖੇਡਾਂ ।"ਜੇਕਰ ਅੱਗੋਂ ਕੋਈ ਗੁਆਂਢਣ ਸਲਾਹ ਦਿੰਦੀ ਕਿ ਕਿਸੇ ਚੰਗੇ ਡਾਕਟਰ ਨੂੰ ਦਿਖਾਓ  ਤਾਂ ਅੱਗੋਂ ਸੱਸ ਕਹਿੰਦੀ," ਨੀ ਤੈਨੂੰ ਕੀ ਪਤਾ ? ਡਾਕਟਰੀ ਇਲਾਜ ਨਈ.... ਇਹਨੂੰ ਤਾਂ ਕਸਰ ਏ.. ਕਸਰ ...ਤਾਹੀਂ ਤਾਂ ਕੰਧਾਂ ਨਾਲ ਗੱਲਾਂ ਕਰਦੀ... ਮੈਂ ਕਈ ਵਾਰ ਦੇਖੀ ।"ਇੱਕ ਗੁਆਂਢੀ ਨੇ ਸਲਾਹ ਦਿੱਤੀ, "ਡੇਰਾ ਸਾਹਿਬ ਲੈ ਜਾਓ ਉੱਥੇ ਧੌਲੀ ਧਾਰ ਹੇਠਾਂ ਸਭ ਪਤਾ ਲੱਗ ਜਾਣਾ ।"ਗੁਆਂਢਣ ਦੀ ਇਹ ਸਲਾਹ ਸੋਨੀਆ ਦੀ ਸੱਸ ਦੇ ਮਨ ਅੰਦਰ ਘਰ ਕਰ ਗਈ ।

                ਉਹ ਡੇਰਾ ਸਾਹਿਬ ਚੱਲਣ ਲਈ ਅਰਮਾਨ ਤੇ ਜ਼ੋਰ ਪਾਉਣ ਲੱਗੀ। ਭਾਵੇਂ ਅਰਮਾਨ ਇਨ੍ਹਾਂ ਗੱਲਾਂ ਨੂੰ ਨਹੀਂ ਸੀ ਮੰਨਦਾ । ਪਰ ਮਾਂ ਦੀ ਜਿੱਦ ਅੱਗੇ ਉਸ ਨੂੰ ਝੁਕਣਾ ਹੀ ਪਿਆ ਤੇ ਇੱਕ ਦਿਨ ਐਤਵਾਰ ਸਵੇਰੇ ਤੜਕੇ ਓਹ ਡੇਰਾ ਸਾਹਿਬ ਲਈ ਤੁਰ ਪਏ ।ਜਦੋਂ ਉਹ ਧੌਲੀ ਧਾਰ ਪਹੁੰਚੇ ਸਾਰੇ ਗੱਡੀ ਚੋਂ ਬਾਹਰ ਆ ਗਏ ।ਪਰ ਸੋਨੀਆ ਗੱਡੀ ਵਿੱਚ ਹੀ ਬੈਠੀ ਰਹੀ। ਸੋਨੀਆ ਦੀ ਸੱਸ ,"ਚੱਲ ਸੋਨੀਆਂ ਧਾਰ ਹੇਠੋੰ ਲੰਘੀਏ... ਕਹਿੰਦੇ ਸਾਰੇ ਦੁੱਖ ਕੱਟੇ ਜਾਂਦੇ ।"ਸੋਨੀਆ, "ਮੰਮੀ ਜੀ , ਰੁੱਕ ਜਾਓ ਥੋੜ੍ਹੀ ਦੇਰ ....ਮੈਂ ਸਫਰ ਕਰਕੇ ਬਹੁਤ ਥੱਕ ਗਈ ਹਾਂ। ਮੇਰਾ ਅਜੇ ਜੀਅ ਨੀ ਕਰਦਾ ਤੁਰਨ ਨੂੰ ।" ਸੋਨੀਆ ਦੀ ਸੱਸ ਆਪਣੀ ਗੁਆਂਢਣ ਭੋਲ਼ੀ  ਤੇ ਅਰਮਾਨ ਨੂੰ ਉੱਚੀ - ਉੱਚੀ ਵਾਜਾਂ ਮਾਰਨ ਲੱਗੀ ,"ਭੋਲੀ ਏਧਰ ਆ .... ਅਰਮਾਨ... ਉਹ ਮੁੰਡਿਆਂ ਭੱਜ ਕੇ ਆ ।" ਸੋਨੀਆ ਆਪਣੀ ਸੱਸ ਦੇ ਮੂੰਹ ਵੱਲ ਟਿਕਟਿਕੀ ਲਗਾਈ ਵੇਖੀ ਜਾ ਰਹੀ ਹੈ ....ਕਿ ਮੰਮੀ ਜੀ ਨੂੰ ਕੀ ਹੋਇਆ? ਜਦੋਂ ਅਰਮਾਨ ਤੇ ਭੋਲ਼ੀ ਕੋਲ ਆਏ ਤਾਂ ਸੱਸ ,"ਫੜੋ ਇਹਨੂੰ ,...ਦੇਖਿਆ ...ਮੈਂ ਕਿਹਾ ਸੀ ਨਾ ਅਸਰ ਹੇਠ ਐ.... ਆਪੇ ਦੇਖ ਲਓ... ਕਹਿੰਦੀ.. ਮੇਰਾ ਜੀਅ ਨਈ  ਕਰਦਾ ਧੌਲੀ ਧਾਰ ਹੇਠ ਜਾਣ ਨੂੰ ...ਏਦਾਂ ਦੀਆਂ ਚੀਜ਼ਾਂ ਈ ਰੋਕਦੀਆਂ ਹੁੰਦੀਆਂ ..ਮੈਨੂੰ ਤਾਂ ਬਾਜ਼ੀ ਸਮਝਦੇ।ਆਪੇ ਦੇਖ ਲਉ.... ਹੁਣ ਫੜੋ ਦੋਵੇਂ ਬਾਹਾਂ ਤੋਂ ।" ਸੱਸ ਦੀਆਂ ਗੱਲਾਂ ਸੁਣ ਸੋਨੀਆ ਛਾਲ ਮਾਰ ਕੇ ਗੱਡੀ ਚੋਂ ਬਾਹਰ ਆ ਗਈ। ਸੋਨੀਆ," ਚੱਲੋ ਮੰਮੀ ਜੀ... ਮੈਨੂੰ ਕੁਝ ਨਹੀਂ ਹੋਇਆ।" ਸੋਨੀਆ ਨੂੰ ਆਪਣੀ ਸੱਸ ਦੇ ਭੋਲ਼ੇਪਣ ਤੇ ਤਰਸ ਵੀ ਆਵੇ ਤੇ ਹਾਸਾ ਵੀ। ਪਰ ਇੱਕ ਗੱਲ ਚੰਗੀ ਹੋਈ ਸੱਸ ਦੇ ਮਨ ਦਾ ਵਹਿਮ ਨਿਕਲ ਗਿਆ। ਸੋਨਿਆ ਭਾਵੇਂ ਅੰਦਰੋਂ ਕਿੰਨੀ ਹੀ ਦੁਖੀ ਸੀ ...ਪਰ ਹਰ ਕੋਈ ਇਹ ਸੋਚਦਾ ਸੀ ਕਿ ਉਹ ਬਹੁਤ ਖ਼ੁਸ਼ ਹੈ ।ਅਰਮਾਨ ਦੇ ਕੌੜੇ ਸ਼ਬਦਾਂ ਦੇ ਘੁੱਟ ਵੀ ਉਹ ਮਿੱਠਾ ਜਲ ਸਮਝ ਕੇ ਪੀ ਜਾਂਦੀ ਤੇ ਕਦੇ ਕਿਸੇ ਸਾਹਮਣੇ ਉਸ ਨੂੰ ਨੀਵਾਂ ਨਹੀਂ ਸੀ ਹੋਣ ਦਿੰਦੀ ਉਹ ਸਾਰੇ ਰੋਸੇ ਕਮਰੇ ਦੀਆਂ ਕੰਧਾਂ ਅੰਦਰ ਹੀ ਛੱਡ ਦਿੰਦੀ ਤੇ ਹਮੇਸ਼ਾਂ ਵਿਹੜੇ ਵਿੱਚ ਹੱਸਦੀ ਮੁਸਕਰਾਉਂਦੀ ਹੀ ਨਜ਼ਰ ਆਉਂਦੀ।

               ਪਰ ਅੱਜ ਇੰਝ ਲੱਗ ਰਿਹਾ ਸੀ ਜਿਵੇਂ ਕੰਧਾਂ ਨਾਲ ਗੱਲਾਂ ਕਰਦੀ ਕਰਦੀ ਉਹ  ਖ਼ੁਦ ਵੀ ਇੱਕ ਕੰਧ ਬਣ ਗਈ ਹੋਵੇ । ਉਹ ਵਿਹੜੇ ਵਿੱਚ ਹੇਠਾਂ ਫਰਸ਼ ਤੇ ਬੈਠੀ ਗੁੰਮ ਸੁੰਮ ਪਤਾ ਨਹੀਂ ਕਿਹੜੇ ਖ਼ਿਆਲਾਂ  'ਚ ਡੁੱਬਦੀ ਜਾ ਰਹੀ ਸੀ .....ਅਸਮਾਨ ਉਸ ਨੂੰ ਹਨੇਰੇ ਵਰਗਾ ਕਾਲਾ ਜਾਪ ਰਿਹਾ ਸੀ ....ਤੇ ਧਰਤੀ ਜਿਵੇਂ ਤੇਜ਼ ਤੇਜ਼ ਘੁੰਮ ਰਹੀ ਹੋਵੇ ਤੇ ਇਸੇ ਰਫ਼ਤਾਰ  ਨਾਲ਼  ਉਸ ਦੇ ਦਿਲ ਦੀ ਟਿਕ ਟਿਕ ਤੇਜ਼ ਹੋ ਰਹੀ ਸੀ ...ਉਸ ਦੀਆਂ ਅੱਖਾਂ ਚੋਂ ਅੱਥਰੂ ਆਪ ਮੁਹਾਰੇ ਵਗ ਰਹੇ ਸਨ ...ਜਿਵੇਂ ਕੋਈ ਝਰਨਾ ਵਹਿ ਤੁਰਿਆ ਹੋਵੇ । ਉਸ ਦੇ ਕੋਲ਼ ਹੀ ਮੰਜੇ ਤੇ ਬੈਠੀ ਉਸ ਦੀ ਸੱਸ ਅਤੇ ਚਾਚੀ ਸੱਸ ਦੇ ਬੋਲ ਉਸ ਦੇ ਕੰਨਾਂ ਵਿੱਚ ਪੈ ਰਹੇ ਸਨ । ਉਸ ਦੀ ਸੱਸ," ਚੰਗੇ ਘਰਾਂ ਦੀਆਂ ਧੀਆਂ ਤਾਂ ਪਤਾ ਵੀ ਨਹੀਂ ਲੱਗਣ ਦਿੰਦੀਆਂ ਕਿ ਘਰ ਦੀਆਂ ਕੰਧਾਂ ਅੰਦਰ ਕੀ ਕੀ ਹੋ ਰਿਹੈ ?"ਚਾਚੀ ,"ਆਹੋ ਔਰਤ ਤੇ ਧਰਤੀ 'ਚ ਕੋਈ ਫਰਕ ਨਹੀਂ.... ਬਹੁਤ ਕੁਝ ਸਹਿਣਾ ਪੈਂਦਾ ਹੈ ਔਰਤ ਨੂੰ... ਮਰਦ ਦੀ ਹਰ ਜਾਇਜ਼ ਨਾਜਾਇਜ਼ ਗੱਲ ਮੰਨਣੀ ਹੀ ਪੈਂਦੀ ਹੈ ...ਇਹੋ ਔਰਤ ਦੀ ਕਿਸਮਤ ਹੈ ।"ਸੋਨੀਆ ਸਮਝ ਨਹੀਂ ਪਾ ਰਹੀ ਸੀ ਕਿ ਏਹ ਕੀ ਹੋ ਗਿਆ ? ਅਜਿਹਾ ਤਾਂ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜੋ ਅੱਜ ਕੌੜੀ ਅਸਲੀਅਤ ਬਣ ਕੇ ਉਸਦੇ ਸਾਹਮਣੇ ਖੜ੍ਹਾ ਸੀ ।ਸੋਨੀਆਂ ਹਿੰਮਤ ਕਰ ਇੱਕਦਮ ਉੱਠੀ ਅਤੇ ਅਰਮਾਨ ਦੇ ਕੋਲ ਜਾ ਖੜ੍ਹੀ ਹੋਈ। ਉਸ ਦੀ ਸੱਸ ਅਤੇ ਚਾਚੀ ਇੱਕ ਦੂਜੇ ਵੱਲ ਵੇਖ ਮੁਸਕਰਾਓੁਂਦੀਆਂ ਹੋਈਆਂ   ਇਸ਼ਾਰਿਆਂ ਨਾਲ ਹੀ ਗੱਲਾਂ ਕਰ ਰਹੀਆਂ ਸਨ ।ਚਾਚੀ ਉੱਚੀ ਦੇ ਕੇ ,"ਤਾਂ ਕੀ ਹੋਇਆ ? ਆਦਮੀ ਤਾਂ ਆਦਮੀ ਹੁੰਦੈ।  ਚੱਲ ਕੋਈ ਨਾ.... ਜੇ ਤੇਰੇ ਤੇ ਹੱਥ ਚੁੱਕ ਲਿਆ.... ਕਿਹੜਾ   ਅਸਮਾਨ ਫੱਟ ਗਿਆ ?" ਪਰ ਏ  ਕੀ? ਦੋ ਖੜਕਾਂ ਦੀ ਆਵਾਜ਼ ਨੇ ਸਾਰੇ ਸੁੰਨ ਕਰ ਦਿੱਤੇ। ਮਾਂ ਤੇ ਚਾਚੀ ਭੱਜੀਆਂ ਆਈਆਂ। ਚਾਚੀ ਨੇ ਸੋਨੀਆ ਨੂੰ ਪਰ੍ਹਾਂ ਧੱਕਾ ਮਾਰਿਆ ਤੇ ਸੱਸ," ਟੁੱਟ ਜਾਣ ਤੇਰੇ ਹੱਥ ...ਮੇਰੇ ਪੁੱਤ ਤੇ ਹੱਥ ਚੁੱਕਿਆ ਡੈਣ ਨੇ ....ਮਰ ਜਾਵੇ ਕਿਧਰੇ। ਚੱਲ ਪੁੱਤ, ਇਹਦੇ ਪਿਉ ਨੂੰ ਫੋਨ ਕਰ ।ਸੱਦ ਇੱਥੇ ਉਹਨੂੰ ।ਪਤਾ ਲੱਗੇ ਆਪਣੀ ਧੀ ਦਾ....।" ਪਰ ਏ ਕੀ ਅਰਮਾਨ ਕੁਝ ਬੋਲ ਕਿਉਂ ਨਹੀਂ ਰਿਹਾ ।ਹੁਣ ਅਰਮਾਨ ਕਿਵੇਂ ਚੁੱਪ । ਉਹੀ ਅਰਮਾਨ ਜਿਨ੍ਹੇ  ਥੋੜ੍ਹੀ ਦੇਰ ਪਹਿਲਾਂ ਬੜਾ ਸੂਰਬੀਰ ਬਣ ਵਿਹੜੇ ਵਿੱਚ ਸੋਨੀਆ ਨੂੰ ਵਾਲਾਂ ਤੋਂ ਫੜ੍ਹ ਘੜੀਸ ਕੇ ਫਰਸ਼ ਤੇ ਪਟਕਾ ਮਾਰਿਆ ਸੀ...ਤੇ  ਸੋਨੀਆ ਦੇ ਮੂੰਹ ਤੇ ਚਪੇੜ ਮਾਰ ਕੇ ਆਪਣੇ ਮਰਦ ਹੋਣ ਦਾ ਸਬੂਤ ਦਿੱਤਾ ਸੀ।  ਕੋਲ ਖੜ੍ਹੀਆਂ ਚਾਚੀ ਤੇ ਸੱਸ ਦੋਵੇਂ ਚੁੱਪ ਚਾਪ ਤਮਾਸ਼ਾ ਵੇਖ ਰਹੀਆਂ ਸਨ । ਅਖੈ ਆਦਮੀ ਤੇ ਤੀਵੀਂ ਦੀ ਲੜਾਈ ਵਿੱਚ ਅਸੀਂ  ਕਾਹਨੂੰ ਦਖ਼ਲ ਦੇਈਏ ? ਕਿੰਨੇ ਸੁਆਰਥੀ ਹੁੰਦੇ ਲੋਕ ਆਪਣੇ ਮਤਲਬ ਲਈ ਹਰ ਗੱਲ ਨੂੰ ਜਾਇਜ਼ ਨਜਾਇਜ਼ ਦੇ ਪੱਲੜੇ ਵਿੱਚ ਆਪੇ ਹੀ ਤੋਲ ਲੈਂਦੇ।

             ਸੋਨੀਆ ਨੂੰ ਅੱਜ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੇ ਕਲੇਜੇ ਤੇ ਰੱਖਿਆ ਪੱਥਰ ਕਿਸੇ ਨੇ ਚੁੱਕ ਦਿੱਤਾ ਹੋਵੇ। ਉਸ ਦੇ ਮਨ ਚੋਂ ਸਾਰੇ  ਡਰ ਖਤਮ ਹੋ ਗਏ।ਥੋੜ੍ਹੀ- ਥੋੜ੍ਹੀ ਗੱਲ ਤੇ ਟੋਕਾ - ਟਾਕੀ ਕਰਨਾ ਅਰਮਾਨ ਦਾ ਸੁਭਾਅ ਪੱਕ ਗਿਆ ਸੀ। ਸੋਨੀਆ ਦੀ ਹਰ ਚੰਗੀ ਗੱਲ ਵੀ ਉਸ ਨੂੰ ਮਾੜੀ ਲੱਗਦੀ। ਸੋਨੀਆ ਤੇ ਹੱਥ ਚੁੱਕਣ ਦਾ ਉਹ ਆਦੀ ਹੋ ਗਿਆ ਸੀ ।ਕਮਰੇ ਦੀ ਚਾਰਦੀਵਾਰੀ ਚ ਸੋਨੀਆ ਚੁੱਪ ਚਾਪ ਸਹਿ ਜਾਂਦੀ ।ਪਰ ਅੱਜ ਤੱਕ ਆਪਣੇ ਮਾਪਿਆਂ ਜਾਂ ਕਿਸੇ ਹੋਰ ਤਾਈਂ ਜ਼ਿਕਰ ਨਹੀਂ ਸੀ ਕੀਤਾ ਅਰਮਾਨ ਦੇ ਅਜਿਹੇ ਵਤੀਰੇ ਬਾਰੇ। ਪਰ ਅੱਜ ਗੱਲ ਚਾਰ ਦੀਵਾਰੀ ਦੇ ਕਮਰੇ ਚੋਂ ਬਾਹਰ ਦੀ ਸੀ ।ਅੱਜ ਸਭ ਦੇ ਸਾਹਮਣੇ ਸੋਨੀਆਂ ਨੂੰ ਆਪਣਾ ਕਿਰਦਾਰ ਬੌਣਾ ਲੱਗ ਰਿਹਾ ਸੀ।ਅੱਜ ਉਸ ਦੇ ਅੰਦਰਲਾ ਜਵਾਰ ਭਾਟਾ ਫੱਟ ਗਿਆ। ਸਾਰੇ ਕਹਿੰਦੇ ਸੀ ਕਿ ਸੋਨੀਆ ਦੇ ਮੂੰਹ 'ਚ ਜ਼ੁਬਾਨ ਨਹੀਂ ਗਊ ਐ ..ਨਿਰੀ ਗਊ ... ਅੱਜ ਇੰਝ ਲੱਗ ਰਿਹਾ ਸੀ ਜਿਵੇਂ ਉਹ ਗਊ ਤੋਂ ਇੱਕ ਸ਼ੇਰਨੀ ਬਣ ਗਈ ਹੋਵੇ ।.......

            ਸੋਨੀਆ ਦੀ ਸੱਸ ਬਹੁਤ  ਵੱਧ ਘੱਟ ਬੋਲ ਰਹੀ ਐ ,"ਤੇਰਾ ਕੱਖ ਨਾ ਰਹੇ.... ਮਾੜੇ ਘਰ ਦੀ ਜਾਈ ...ਛੱਡ ਦੇ ਅਰਮਾਨ ਇਹਨੂੰ ....ਇਹ ਇਸ ਘਰ ਤੇ ਤੇਰੇ ਲਾਇਕ ਨਹੀਂ ...ਦਫ਼ਾ ਕਰ ਇਹਨੂੰ ।" ਪਰ ਅਰਮਾਨ ਅਜੇ ਵੀ ਚੁੱਪ ਕਿਵੇਂ ? ਕਿਉਂਕਿ ਅੱਜ ਸੋਨੀਆਂ ਬੋਲ ਰਹੀ ਹੈ ਉਸ ਦੇ ਤਾਂ ਜਿਵੇਂ ਭਾਂਬੜ ਮਚਿਆ ਪਿਆ ,"ਨਹੀਂ !ਅੱਜ ਅਰਮਾਨ ਨਹੀਂ , ਮੈਂ ਅਰਮਾਨ ਨੂੰ ਛੱਡਣਾ ਚਾਹੁੰਦੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਮਾੜੇ ਘਰ ਦੀ ਧੀ ਨਹੀਂ ।ਮੈਂ ਤਾਂ ਆਪਣੇ ਚੰਗੇ ਸੰਸਕਾਰਾਂ ਨੂੰ ਨਾਲ ਲੈ ਕੇ ਆਈ ਸੀ ਤੁਹਾਡੇ ਘਰ। ਤੁਹਾਡੀ ਹਰ ਗੱਲ ਨੂੰ ਸਿਰ ਮੱਥੇ ਲਾਇਆ । ਪਰ  ਮਾੜੇ ਤਾਂ ਤੁਸੀਂ ਹੋ... ਤੁਸੀਂ ...ਤੇ ਅੱਜ ਮੈਂ ਤੁਹਾਡੇ ਮਾੜੇ ਘਰ ਤੇ ਮਾੜੇ ਪੁੱਤ ਨੂੰ ਛੱਡਣਾ ਚਾਹੁੰਦੀ ਹਾਂ।"ਸੋਨੀਆ ਦੀਆਂ ਗੱਲਾਂ ਸੁਣ ਸੱਸ ,"ਹਾਂ !ਹਾਂ !ਕੋਈ ਹੋਰ ਲੱਭ ਲਿਆ ਹੋਣਾ। ਦਿਲ ਭਰ ਗਿਆ ਮੇਰੇ ਪੁੱਤ ਤੋਂ ।"ਸੋਨੀਆਂ," ਦਿਲ ਨਹੀਂ ....ਰੂਹ ਭਰ ਗਈ ਤੁਹਾਡੇ ਘਰ ਤੋਂ..... ਸਹਿ ਰਹੀ ਸੀ ਚਾਰ ਕੰਧਾਂ  ਅੰਦਰ .....ਤੁਹਾਡੇ ਪੁੱਤ ਦੀ ਹਰ ਮਨਮਾਨੀ... ਪਰ ਅੱਜ.... ਸਭ ਦੇ ਸਾਹਮਣੇ... ਨਹੀਂ ...ਮੈਂ ਅੱਜ ਫੈਸਲਾ ਕਰ ਲਿਆ...  ਮੈਂ ਹੁਣ ਇੱਥੇ ਨਹੀਂ ਰਹਿ ਸਕਦੀ।"ਸੋਨੀਆ ਅੱਜ ਪਤਾ ਨਹੀਂ ਕੀ - ਕੀ ਬੋਲੀ ਜਾ ਰਹੀ ਸੀ ।ਆਂਢੀ ਗੁਆਂਢੀ ਸਾਰੇ ਵਿਹੜੇ 'ਚ ਇਕੱਠੇ ਹੋ ਗਏ। ਚਾਚੀ," ਲੈ ਦੱਸ! ਚੰਗੀ ਭਲੀ ਕਾਹਦਾ ਘਾਟਾ... ਸੋਨੇ ਵਰਗੇ ਮੁੰਡੇ ਨੂੰ ਛੱਡਣ ਨੂੰ ਫਿਰਦੀ.... ਤਾਂ ਈ ਹੱਥ ਚੁੱਕਿਆ ਮੁੰਡੇ ਤੇ । ਚਲੀ ਜਾਂਦੀ ਜਿੱਥੇ ਨੂੰ ਜਾਣਾ  ....ਸਾਨੂੰ ਕਾਹਨੂੰ ਬਦਨਾਮ ਕਰਨ ਲੱਗੀ ?"ਇਸ ਤੋਂ ਪਹਿਲਾਂ ਕਿ ਸੋਨੀਆ ਕੁਝ ਬੋਲਦੀ ਅਰਮਾਨ ਚੀਕ ਉੱਠਿਆ ,"ਬੱਸ ਕਰੋ ।ਜਾਓ ਸਾਰੇ ਆਪੋ ਆਪਣੇ ਘਰਾਂ ਨੂੰ ।ਸਾਡੇ ਘਰ ਦਾ ਮਸਲਾ ਅਸੀਂ ਆਪ ਨਜਿੱਠ ਲਵਾਂਗੇ । ਨਾਲੇ ਚਾਚੀ ਤੂੰ ਕਿੱਦਾਂ ਕਿਹਾ ਸੋਨੀਆ ਬਾਰੇ? ਇਹ ਮੇਰੀ ਘਰ ਵਾਲੀ ਐ। ਮੈਨੂੰ ਇਹਦੇ ਚਾਲ ਚੱਲਣ ਬਾਰੇ ਸਭ ਪਤੈ।ਇਹ ਏਦਾਂ ਦੀ ਨਹੀਂ ।"     ਚਾਚੀ," ਅੱਛਾ ਫਿਰ ਕਿੱਦਾਂ ਦੀ?.. ਆਪਣੇ ਆਦਮੀ ਤੇ ਹੱਥ ਚੁੱਕਣ ਵਾਲੀ ...।"  ਅਰਮਾਨ ,"ਚਾਚੀ, ਮੈਂ ਰੋਜ਼ ਹੱਥ ਚੁੱਕਦਾ ਇਸਤੇ । ਤੁਸੀਂ ਕਦੇ ਕਿਸੇ ਨੇ ਕੁਝ ਨਹੀਂ ਆਖਿਆ। ਜੇ ਤੁਸੀਂ ਮੈਨੂੰ ਕਦੇ ਰੋਕਦੇ ਤਾਂ ਅਜਿਹੀ ਨੌਬਤ ਹੀ ਨਹੀਂ ਸੀ ਆਓੁਣੀ। ਤੁਸੀਂ  ਹਮੇਸ਼ਾਂ ਮੈਨੂੰ ਹੱਲਾਸ਼ੇਰੀ ਦਿੱਤੀ ਮੇਰੇ ਜ਼ਾਇਜ਼ ਨਾਜ਼ਾਇਜ਼ ਕੰਮ ਦੀ ।ਤੁਸੀਂ ਹਮੇਸ਼ਾ ਮੇਰੀ ਗਲਤੀ ਤੇ ਵੀ ਮੇਰਾ ਹੀ ਪੱਖ ਪੂਰਿਆ। ਅੱਜ ਮੈਨੂੰ ਆਪਣੀਆਂ ਸਾਰੀਆਂ ਗ਼ਲਤੀਆਂ ਮੇਰੇ ਸਾਹਮਣੇ ਖੜ੍ਹੀਆਂ ਮੇਰੇ ਤੇ ਹੱਸਦੀਆਂ ਨਜ਼ਰ ਆਉਂਦੀਆਂ ।ਚਾਚੀ , ਅੱਜ ਤੱਕ ਇਹਨੂੰ ਬੇਜਾਨ ਕੰਧ ਦੀ ਤਰ੍ਹਾਂ ਮੈੰ ਕੁੱਟਦਾ ਰਿਹਾ ਤੇ ਇਹ ਚੁੱਪ ਚਾਪ ਮੇਰੀ ਮਾਰ ਸਹਿੰਦੀ ਰਹੀ ...ਪਰ ਅੱਜ ਇਸ ਨੇ ਮੇਰੇ ਤੇ ਹੱਥ ਚੁੱਕ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਇਹ ਕੋਈ ਕੰਧ ਨਹੀਂ... ਇਸ ਦੀਆਂ ਭਾਵਨਾਵਾਂ ਨੇ ਮਾਣ ਮਰਿਆਦਾ ਹੈ... ਸਭਦੇ ਸਾਹਮਣੇ ਇਸ ਦੀ ਵੀ ਮੇਰੇ ਬਰਾਬਰ ਇੱਜ਼ਤ ਹੈ ।"

            ਅਰਮਾਨ ਸੋਨੀਆ ਕੋਲ ਜਾ ਕੇ," ਸੋਨੀਆ ਮੈਨੂੰ ਮੁਆਫ਼ ਕਰਦੇ । ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾਂ । ਅੱਜ ਮੈਨੂੰ ਅਹਿਸਾਸ ਹੋਇਆ ਕਿ ਤੂੰ ਮੇਰੀ ਕੋਈ ਗੁਲਾਮ ਨਹੀਂ। ਮੈਂ ਤੇਰਾ ਰੱਬ ਨਹੀਂ ...ਮੈਂ ਵੀ ਆਮ ਇਨਸਾਨ ਹੀ ਹਾਂ ।ਮੈਂ ਕੋਸ਼ਿਸ਼ ਕਰਾਂਗਾ ਤੇਰੇ ਕਾਬਲ ਬਣਨ ਦੀ ।ਮੈਂ ਵਾਅਦਾ ਕਰਦਾ ਹਾਂ ਮੈਂ ਆਪਣੇ ਆਪ ਨੂੰ ਸੁਧਾਰਾਂਗਾ ।"    

          ਸੋਨੀਆ ਦੀ ਸੱਸ ਇਹ ਸਭ ਦੇਖ ਕੇ ਦੰਗ ਰਹਿ ਗਈ। ਉਹ ਉੱਚੀ ਉੱਚੀ  ਰੌਲਾ ਪਾਉਣ ਲੱਗੀ," ਹਾਏ ਵੇ ਲੋਕੋ ! ਮੇਰੇ ਪੁੱਤ ਤੇ ਟੂਣਾ ਕਰਤਾ ...ਇਸ ਮਾੜੇ ਘਰ ਦੀ ਜਾਈ ਨੇ.... ਮੇਰਾ ਪੁੱਤ ਮੈਥੋਂ ਖੋਹ ਲਿਆ ।"  ਅਰਮਾਨ," ਨਹੀਂ ਮਾਂ, ਮੈਂ ਤੇਰਾ ਹੀ ਪੁੱਤ ਹਾਂ.... ਪਰ ਇਸ ਦਾ ਪਤੀ ਵੀ ਹਾਂ... ਮਾਂ... ਮੈਂ ਇੱਕ ਚੰਗਾ ਪੁੱਤ ਤਾਂ ਬਣ ਗਿਆ... ਪਰ ਇੱਕ ਚੰਗਾ ਪਤੀ ਨਹੀਂ ਬਣ ਸਕਿਆ... ਮਾਂ ਮੈਨੂੰ ਹੁਣ ਇੱਕ ਚੰਗਾ ਪਤੀ ਵੀ ਬਣ ਲੈਣ ਦਿਓ ।ਮੈਂ ਇੱਕ ਚੰਗਾ ਪੁੱਤ ਤੇ ਇੱਕ ਚੰਗਾ ਪਤੀ ਬਣ ਇੱਕ ਚੰਗਾ ਇਨਸਾਨ ਬਣਨਾ ਚਾਹੁੰਦਾ ਹਾਂ ।" 

      ਸੋਨੀਆ ਸਮਝ ਨਹੀਂ ਪਾ ਰਹੀ ਕਿ ਇਹ  ਕੀ ਹੋ ਰਿਹਾ ਹੈ ? ਪਰ ਅਰਮਾਨ ਦੇ ਪਿਆਰ ਭਰੇ ਬੋਲਾਂ ਤੇ ਉਸ ਦੇ ਅਹਿਸਾਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ ।.