ਛੋਟੀ ਉਮਰ ਵਿਚ ਵਡੀਆਂ ਪੁਲਾਂਘਾਂ,ਮੁਰਲੀ ਸ੍ਰੀ ਸ਼ੰਕਰ ਲੰਬੀ ਛਾਲ ਲਾ ਕੇ ਬਣਿਆ ਉਲੰਪੀਅਨ 

 ਛੋਟੀ ਉਮਰ ਵਿਚ ਵਡੀਆਂ ਪੁਲਾਂਘਾਂ,ਮੁਰਲੀ ਸ੍ਰੀ ਸ਼ੰਕਰ ਲੰਬੀ ਛਾਲ ਲਾ ਕੇ ਬਣਿਆ ਉਲੰਪੀਅਨ 

ਖੇਡ ਸੰਸਾਰ                                             

ਬੀਰਪਾਲ ਗਿਲ

ਟੋਕੀਓ ਉਲੰਪਿਕ ਵਿਚ ਭਾਗ ਲੈਣ ਵਾਲੇ ਭਾਰਤ ਦੇ ਖਿਡਾਰੀਆਂ ਵਿਚੋਂ ਲੰਬੀ ਛਾਲ ਵਿਚ ਭਾਗ ਲੈਣ ਵਾਲਾ ਛੋਟੀ ਉਮਰ ਦਾ ਭਾਰਤੀ ਖਿਡਾਰੀ ਮੁਰਲੀ ਸ੍ਰੀ ਸ਼ੰਕਰ ਸੀ। ਮੁਰਲੀ ਸ੍ਰੀ ਸ਼ੰਕਰ ਦਾ ਜਨਮ 27 ਮਾਰਚ 1999 ਪਾਲਾਕਾਂਡ (ਕੇਰਲਾ) ਵਿਖੇ ਹੋਇਆ ਜਿਹੜਾ ਕਿ ਟੋਕੀਓ ਉਲੰਪਿਕ ਵਿਚ ਲੰਬੀ ਛਾਲ ਵਿਚ ਭਾਗ ਲੈਣ ਵਾਲਾ ਛੋਟੀ ਉਮਰ ਦਾ ਮਸਾਂ ਕੁ 20 ਸਾਲ ਦਾ ਖਿਡਾਰੀ ਸੀ। ਇਸ ਖਿਡਾਰੀ ਦਾ ਜਨਮ ਇਕ ਖੇਡ ਪਰਿਵਾਰ ਵਿਚ ਹੋਇਆ, ਜਿਸ ਦੀ ਬਦੌਲਤ ਛੋਟੀ ਉਮਰ ਵਿਚ ਉਲੰਪੀਅਨ ਬਣਨ ਦਾ ਮਾਣ ਹਾਸਲ ਹੋਇਆ। ਮੁਰਲੀ ਸ੍ਰੀ ਸ਼ੰਕਰ ਇਕ ਖੇਡ ਪਰਿਵਾਰ ਨਾਲ ਜੁੜਿਆ ਹੋਇਆ ਅਥਲੀਟ ਹੈ। ਜਿਸ ਦੇ ਮਾਤਾ ਪਿਤਾ ਭਾਰਤ ਦੇ ਚੰਗੇ ਅਥਲੀਟਾਂ ਵਿਚੋਂ ਇਕ ਹਨ। ਸ੍ਰੀ ਸ਼ੰਕਰ ਨੇ ਖੇਡਣਾ ਤਕਰੀਬਨ 4-5 ਸਾਲ ਦੀ ਉਮਰ ਵਿਚ ਸ਼ੁਰੂ ਕਰ ਦਿੱਤਾ ਸੀ। ਬਚਪਨ ਤੋਂ ਵਿਰਾਸਤ ਵਿਚੋਂ ਮਿਲੀ ਖੇਡ ਸਿੱਖਿਆ ਦੀ ਬਦੌਲਤ ਅੱਜ ਸੰਸਾਰ ਦੇ ਨਕਸ਼ੇ 'ਤੇ ਲੰਬੀ ਛਾਲ ਦੇ ਖਿਡਾਰੀਆਂ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ। ਸ੍ਰੀ ਸ਼ੰਕਰ ਦੇ ਪਿਤਾ ਐਸ. ਮੁਰਲੀ ਇਕ ਚੰਗੇ ਤੀਹਰੀ ਛਾਲ ਦੇ ਖਿਡਾਰੀ ਸਨ, ਜਿਨ੍ਹਾਂ ਨੇ ਦੱਖਣੀ ਏਸ਼ੀਅਨ ਗੇਮ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ। ਮਾਤਾ ਕੇ.ਐਸ. ਬੀਜੀਮੋਲ 800 ਮੀਟਰ ਦੀ ਦੌੜਾਕ ਸੀ, ਜਿਸ ਨੇ ਜੂਨੀਅਰ ਏਸ਼ੀਆ ਅਥਲੈਟਿਕਸ ਚੈਂਪੀਅਨਸ਼ਿਪ-1992 ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਸੀ। ਸ੍ਰੀ ਸ਼ੰਕਰ ਨੇ ਆਪਣੇ ਮਾਤਾ-ਪਿਤਾ ਦੇ ਨਕਸ਼ੇ-ਕਦਮਾਂ 'ਤੇ ਚਲਦੇ ਹੋਏ ਟੋਕੀਓ ਉਲੰਪਿਕ ਗਰੁੱਪ-ਬੀ ਵਿਚ 7.69 ਮੀਟਰ ਲੰਬੀ ਛਾਲ ਲਗਾ ਕੇ ਉਲੰਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਮਕਾਬਲੇ ਵਿਚ ਲਗਾਈ ਗਈ ਛਾਲ ਆਪਣੇ ਮਿਥੇ ਨਿਸ਼ਾਨੇ ਨਾਲੋ ਕਾਫੀ ਘੱਟ ਸੀ। ਸ੍ਰੀ ਸ਼ੰਕਰ ਕੁਝ ਕੁ ਮਹੀਨੇ ਪਹਿਲਾ ਮਾਰਚ-2021 ਵਿਚ ਫੈਡਰੇਸ਼ਨ ਕੱਪ ਪਟਿਆਲਾ ਵਿਖੇ 8.26 ਮੀਟਰ ਲੰਬੀ ਛਾਲ ਲਗਾ ਕੇ ਨੈਸ਼ਨਲ ਦਾ ਨਵਾਂ ਕੀਰਤੀਮਾਨ ਸਥਾਪਿਤ ਕਰਦਾ ਹੈ ਅਤੇ ਟੋਕੀਓ ਉਲੰਪਿਕ ਲਈ ਕੁਆਲੀਫਾਈ ਵੀ ਕਰਦਾ ਹੈ। ਭਾਰਤ ਦੇ ਖੇਡ ਪ੍ਰੇਮੀਆਂ ਨੂੰ ਇਸ ਖਿਡਾਰੀ 'ਤੇ ਤਗਮੇ ਦੀ ਪੂਰੀ ਆਸ ਸੀ, ਅਨੁਭਵ ਅਤੇ ਤਜਰਬੇ ਦੀ ਘਾਟ ਕਾਰਨ 13ਵਾਂ ਸਥਾਨ ਪ੍ਰਾਪਤ ਹੋਇਆ। ਟੋਕੀਓ ਉਲੰਪਿਕ ਵਿਚ ਲੰਬੀ ਛਾਲ ਵਿਚ ਪਹਿਲਾ ਸਥਾਨ ਗਰੀਸ ਦੇ ਮਿਲਟੀਐਡੀਸ ਟੀਨਟੋਗਲੋ ਨੇ 8.41 ਮੀਟਰ ਲਗਾ ਕੇ ਪ੍ਰਾਪਤ ਕੀਤਾ।

ਦੂਜਾ ਸਥਾਨ ਕਿਊਬਾ ਦੇ ਜ਼ਾਨ ਮੀਗੋਲ ਨੇ 8.41 ਮੀਟਰ ਲਗਾ ਕੇ ਪ੍ਰਾਪਤ ਕੀਤਾ ਅਤੇ ਕਿਊਬਾ ਦੇ ਹੀ ਮਈਕਲ ਮਾਸੋ ਨੇ 8.21 ਮੀਟਰ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਕਰ ਸ੍ਰੀ ਸ਼ੰਕਰ ਦੀ ਤੁਲਨਾ ਇਨ੍ਹਾਂ ਖਿਡਾਰੀਆਂ ਨਾਲ ਕੀਤੀ ਜਾਵੇ ਤਾਂ ਭਾਰਤੀ ਖਿਡਾਰੀ ਵੀ ਤਗਮੇ ਦੀ ਦੌੜ ਵਿਚ ਸੀ। ਟੋਕੀਓ ਉਲੰਪਿਕ ਅਤੇ ਫੈਡਰੇਸ਼ਨ ਕੱਪ ਪਟਿਆਲਾ ਵਿਖੇ ਲਗਾਈ ਗਈ ਲੰਬੀ ਛਾਲ ਵਿਚ ਬਹੁਤ ਅੰਤਰ ਹੈ। ਮੁਰਲੀ ਸ੍ਰੀ ਸ਼ੰਕਰ ਦੇ ਖੇਡ ਪ੍ਰਦਰਸ਼ਨ ਵਿਚ ਆਈ ਕਮੀ ਨੂੰ ਘੋਖਣ ਦੀ ਲੋੜ ਹੈ, ਇਸ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।ਭਾਰਤ ਦਾ ਇਹ ਛੋਟੀ ਉਮਰ ਦਾ ਖਿਡਾਰੀ ਆਉਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਨਾਂਅ ਜ਼ਰੂਰ ਰੌਸ਼ਨ ਕਰੇਗਾ।