ਸਿਆਸਤ, ਵਾਤਾਵਰਨ ਅਤੇ ਬਚਪਨ (ਪ੍ਰੋ. ਪ੍ਰੀਤਮ ਸਿੰਘ)

ਸਿਆਸਤ, ਵਾਤਾਵਰਨ ਅਤੇ ਬਚਪਨ (ਪ੍ਰੋ. ਪ੍ਰੀਤਮ ਸਿੰਘ)
ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਤਸਵੀਰ

ਆਲਮੀ ਇਤਿਹਾਸ ਦਾ ਇਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਇਸ ਵਿਚ ਕਿਰਦਾਰ ਬਦਲ ਰਹੇ ਹਨ ਅਤੇ ਪਹਿਲੀ ਵਾਰ ਵਾਤਾਵਰਨ ਤਬਦੀਲੀ ਦੇ ਮੁੱਦੇ ਉੱਤੇ ਬੱਚਿਆਂ ਵੱਲੋਂ ਬਾਲਗਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਅਸੀਂ ਅਜਿਹੇ ਲਾਮਿਸਾਲ ਦੌਰ ਵਿਚੋਂ ਗੁਜ਼ਰ ਰਹੇ ਹਾਂ ਜਦੋਂ ਸਾਨੂੰ ਦਹਾਕੇ ਭਰ ਦੌਰਾਨ ਬਹੁਤ ਹੀ ਭਿਆਨਕ ਪੱਧਰ ਦੀ ਵਾਤਾਵਰਨ ਅਤੇ ਸਮਾਜੀ ਆਫ਼ਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਬਸ਼ਰਤੇ ਇਸ ਸੰਕਟ ਨੂੰ ਰੋਕਣ ਲਈ ਹੰਗਾਮੀ ਕਦਮ ਚੁੱਕੇ ਜਾਣ। ਇਸ ਆਫ਼ਤ ਨੂੰ ਟਾਲਣ ਲਈ ਨੀਤੀ ਕਦਮ ਚੁੱਕਣੇ ਬਾਲਗਾਂ (ਸਿਆਸੀ ਆਗੂਆਂ) ਦੇ ਹੱਥ ਹਨ ਜਿਨ੍ਹਾਂ ਨੂੰ ਬਾਲਗਾਂ ਦੀਆਂ ਹੀ ਵੋਟਾਂ ਰਾਹੀਂ ਚੁਣਿਆ ਜਾਂਦਾ ਹੈ। ਇਸ ਤਰ੍ਹਾਂ ਇਹ ਨੀਤੀਆਂ ਘੜਨ ’ਚ ਬੱਚਿਆਂ ਦਾ ਕੋਈ ਦਖ਼ਲ ਨਹੀਂ। ਇਸ ਦੇ ਬਾਵਜੂਦ ਇਸ ਆਫ਼ਤ ਦਾ ਸਭ ਤੋਂ ਵੱਧ ਨੁਕਸਾਨ ਬੱਚਿਆਂ ਦੀ ਇਸ ਪੀੜ੍ਹੀ ਜਾਂ ਉਨ੍ਹਾਂ ਤੋਂ ਅਗਲੀ ਜਾਂ ਉਨ੍ਹਾਂ ਤੋਂ ਅਗਲੀਆਂ ਪੀੜ੍ਹੀਆਂ ਨੂੰ ਹੋਣ ਵਾਲਾ ਹੈ। ਆਲਮੀ ਵਾਤਾਵਰਨ ਲਈ ਹੌਲੀ ਹੌਲੀ ਵਧ ਰਹੇ ਇਸੇ ਖ਼ਤਰੇ ਨੇ ਬੱਚਿਆਂ ਨੂੰ ਸ਼ਹਿਰੀ ਬਗ਼ਾਵਤ ਦੇ ਰਾਹ ਪਾਇਆ ਹੈ।

ਬੱਚੇ ਨਾ ਵੋਟ ਪਾ ਸਕਦੇ ਹਨ ਤੇ ਨਾ ਹੀ ਨੀਤੀਆਂ ਬਣਾਉਣ ਵਾਲੇ ਸਿਆਸੀ ਨੁਮਾਇੰਦਿਆਂ ਨੂੰ ਚੁਣ ਸਕਦੇ ਹਨ ਜਿਸ ਕਾਰਨ ਇਹ ਸਿਆਸੀ ਆਗੂ ਉਨ੍ਹਾਂ ਦੀ ਹਮਾਇਤ ਕਿਉਂ ਕਰਨਗੇ। ਇਸ ਨੂੰ ਦੇਖਦਿਆਂ ਬੱਚਿਆਂ ਨੇ ਆਪਣੀ ਗੱਲ ਕਹਿਣ, ਲੋਕ ਰਾਇ ਲਾਮਬੰਦ ਕਰਨ ਅਤੇ ਨੀਤੀਘਾੜਿਆਂ ਉੱਤੇ ਦਬਾਅ ਪਾਉਣ ਲਈ ਸੜਕਾਂ ਉੱਤੇ ਉਤਰਨ ਦਾ ਰਾਹ ਅਖ਼ਤਿਆਰ ਕੀਤਾ ਹੈ। ਦੁਨੀਆਂ ਦੇ ਕਈ ਸ਼ਹਿਰਾਂ ਵਿਚ ਬੀਤੀ 15 ਮਾਰਚ ਨੂੰ ਸਕੂਲੀ ਵਿਦਿਆਰਥੀਆਂ ਨੇ ਇਕ ਵਾਤਾਵਰਨ ਮੁਹਿੰਮ ਵਿਚ ਸ਼ਿਰਕਤ ਕੀਤੀ, ਜਿਸ ਨੂੰ ਉਨ੍ਹਾਂ ‘ਫਰਾਈਡੇਜ਼ ਫਾਰ ਫਿਊਚਰ’ (ਭਵਿੱਖ ਲਈ ਸ਼ੁੱਕਰਵਾਰ ਦਾ ਅੰਦੋਲਨ) ਨਾਂ ਦਿੱਤਾ ਹੈ। ਸਰਕਾਰਾਂ ਵੱਲੋਂ ਵਾਤਾਵਰਨ ਤਬਦੀਲੀ ਦੇ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਨ ਖ਼ਿਲਾਫ਼ ਜੁੰਮੇ ਦੇ ਅੰਦੋਲਨ ਵਿਚ ਹਿੱਸਾ ਲੈਣ ਲਈ ਦੁਨੀਆਂ ਭਰ ਦੇ ਦਸ ਲੱਖ ਤੋਂ ਵੱਧ ਵਿਦਿਆਰਥੀ ਉਸ ਦਿਨ ਆਪੋ-ਆਪਣੇ ਸਕੂਲਾਂ ਤੋਂ ਗ਼ੈਰਹਾਜ਼ਰ ਰਹੇ। ਉਨ੍ਹਾਂ 125 ਮੁਲਕਾਂ ਵਿਚ ਇਸ ਮੌਕੇ ਹਜ਼ਾਰਾਂ ਰੈਲੀਆਂ ਕੀਤੀਆਂ ਜਿਨ੍ਹਾਂ ਵਿਚੋਂ ਇਕ ਰੈਲੀ ਭਾਰਤ ਵਿਚ ਵੀ ਦਿੱਲੀ ਵਿਖੇ ਹੋਈ। ਇਹ ਆਪਣੇ ਆਪ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਲਮੀ ਵਾਤਾਵਰਨ ਅੰਦੋਲਨ ਸੀ। ਇਸ ਮੌਕੇ ਬਰਤਾਨੀਆ ਵਿਚ ਹੀ 100 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿਚ ਬੱਚਿਆਂ ਨੇ ਰੈਲੀਆਂ ਕੀਤੀਆਂ। ਅਜਿਹੀਆਂ ਸਭ ਤੋਂ ਵੱਡੀਆਂ ਰੈਲੀਆਂ ਵਿਚ ਸਿਡਨੀ ਦਾ ਮੁਜ਼ਾਹਰਾ ਵੀ ਸ਼ਾਮਲ ਸੀ ਜਿੱਥੇ 30,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਵਾਤਾਵਰਨ ਮਾਰਚ ਵਿਚ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਇਸ ਅੰਦੋਲਨ ਨੂੰ ‘ਫਰਾਈਡੇਜ਼ ਫਾਰ ਫਿਊਚਰ’ ਨਾਂ ਇਸ ਕਾਰਨ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਚੋਣਵੇਂ ਸ਼ੁੱਕਰਵਾਰਾਂ ਨੂੰ ਸਕੂਲੇ ਜਾਣ ਦੀ ਥਾਂ ਅਜਿਹੀਆਂ ਰੈਲੀਆਂ ਕਰਨ ਦੀ ਯੋਜਨਾ ਹੈ ਤਾਂ ਕਿ ਉਹ ਆਪਣੇ ਭਵਿੱਖ ਲਈ ਖ਼ਤਰਾ ਬਣਨ ਵਾਲੇ ਵਾਤਾਵਰਨ ਸੰਕਟ ਵੱਲ ਆਲਮੀ ਆਗੂਆਂ ਦਾ ਧਿਆਨ ਖਿੱਚ ਸਕਣ।

ਬੱਚਿਆਂ ਦੀ ਇਹ ਪੀੜ੍ਹੀ ਪਹਿਲੀ ਵਾਰ ਮੌਜੂਦਾ ਮਾਲੀ/ਵਿੱਤੀ ਪ੍ਰਬੰਧ ਦੇ ਕੰਮ ਢੰਗ ਅਤੇ ਇਸ ਦੇ ਕੁਦਰਤ ਉੱਤੇ ਪੈਣ ਵਾਲੇ ਅਸਰ ਬਾਰੇ ਗੱਲ ਕਰ ਰਹੀ ਹੈ। ਦੱਸਣਯੋਗ ਹੈ ਕਿ ਸਰਮਾਏਦਾਰੀ ਪ੍ਰਬੰਧ, ਪਹਿਲੀਆਂ ਸਾਰੀਆਂ ਗ਼ੈਰ-ਸਰਮਾਏਦਾਰ ਆਰਥਿਕ ਬਣਤਰਾਂ ਦੇ ਮੁਕਾਬਲੇ ਵਾਤਾਵਰਨ ਲਈ ਸਭ ਤੋਂ ਵੱਧ ਖ਼ਤਰਨਾਕ ਹੈ। ਪੈਦਾਵਾਰ ਦੇ ਸਰਮਾਏਦਾਰੀ ਢਾਂਚੇ ਵਿਚ ਸਰਮਾਏ ਭਾਵ ਪੂੰਜੀ ਵੱਲੋਂ ਬਾਕੀ ਸਾਰੀਆਂ ਆਰਥਿਕ ਸਰਗਰਮੀਆਂ ਉੱਤੇ ਆਪਣਾ ਗਲਬਾ ਪਾ ਲਿਆ ਜਾਂਦਾ ਹੈ ਅਤੇ ਇਹ ਕੁਦਰਤ- ਭਾਵ ਜ਼ਮੀਨ, ਪਾਣੀ, ਖਣਿਜ ਸਰੋਤਾਂ, ਜੰਗਲਾਤ, ਮੱਛੀ ਭੰਡਾਰਾਂ ਅਤੇ ਹਵਾ ਆਦਿ ਨੂੰ ਕੁਦਰਤ ਨੂੰ ਲੰਬੇ ਸਮੇਂ ਲਈ ਬਣਾਈ ਰੱਖਣ ਦੇ ਨਜ਼ਰੀਏ ਤੋਂ ਨਹੀਂ ਲੈਂਦਾ ਸਗੋਂ ਇਸ ਦੀ ਥਾਂ ਇਹ ਇਨ੍ਹਾਂ ਨੂੰ ਇਸ ਨਜ਼ਰੀਏ ਤੋਂ ਲੈਂਦਾ ਹੈ ਕਿ ਕੁਦਰਤੀ ਵਸੀਲਿਆਂ ਦੀ ਮੁਨਾਫ਼ਾ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਲਈ ਤੇਜ਼ੀ ਨਾਲ ਅਤੇ ਭਰਪੂਰ ਵਰਤੋਂ ਕੀਤੀ ਜਾਵੇ। ਸਰਮਾਏਦਾਰੀ ਦੇ ਇਸ ਵੱਧ ਤੋਂ ਵੱਧ ਮੁਨਾਫ਼ਾਖ਼ੋਰੀ ਵਾਲੇ ਤਰਕ ਦਾ ਬੁਨਿਆਦੀ ਤੌਰ ’ਤੇ ਜਿਉਂਦੇ ਰਹਿਣ ਦੀਆਂ ਲੋੜਾਂ (ਨੲੲਦਸ ੋਡ ਸੁਸਟੳਨਿੳਬਲਿਟਿੇ) ਨਾਲ ਟਕਰਾਅ ਪੈਦਾ ਹੁੰਦਾ ਹੈ। ਜਿਉਂਦੇ ਰਹਿਣ ਦੀਆਂ ਮੁੱਢਲੀਆਂ ਤੇ ਲਾਜ਼ਮੀ ਲੋੜਾਂ ਦੇ ਸਿਧਾਂਤ ਦਾ ਮਤਲਬ ਹੈ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਵੀ ਉਨ੍ਹਾਂ ਕੁਦਰਤੀ ਵਸੀਲਿਆਂ ਤੱਕ ਮਿਕਦਾਰ ਤੇ ਮਿਆਰ ਪੱਖੋਂ ਬਰਾਬਰ ਪਹੁੰਚ ਹਾਸਲ ਹੋਵੇ ਜਿਹੜੇ ਮੌਜੂਦਾ ਪੀੜ੍ਹੀ ਕੋਲ ਹਨ। ਜੇ ਮੌਜੂਦਾ ਪੀੜ੍ਹੀ ਇਨ੍ਹਾਂ ਵਸੀਲਿਆਂ ਦੀ ਲੋੜ ਤੋਂ ਵੱਧ ਵਰਤੋਂ ਕਰਦੀ ਹੈ, ਖ਼ਾਸਕਰ ਉਨ੍ਹਾਂ ਦੀ ਜਿਹੜੇ ਮੁੜ-ਨਵਿਆਉਣਯੋਗ ਨਹੀਂ ਹਨ ਤਾਂ ਭਵਿੱਖੀ ਪੀੜ੍ਹੀਆਂ ਨੂੰ ਨਾ ਸਿਰਫ਼ ਵਸੀਲਿਆਂ ਦੀ ਥੁੜ੍ਹ ਦਾ ਸਾਹਮਣਾ ਕਰਨਾ ਪਵੇਗਾ ਸਗੋਂ ਉਨ੍ਹਾਂ ਨੂੰ ਇਸ ਅੰਨ੍ਹੀ ਵਰਤੋਂ ਕਾਰਨ ਪੈਦਾ ਹੋਈ ਰਹਿੰਦ-ਖੂੰਹਦ (ਕੂੜਾ-ਕਰਕਟ) ਨਾਲ ਵੀ ਜੂਝਣਾ ਪਵੇਗਾ ਅਤੇ ਇਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਜ਼ਮੀਨ, ਪਾਣੀ ਅਤੇ ਹਵਾ ਦੀ ਪਲੀਤੀ ਦੀ ਸਮੱਸਿਆ ਪੇਸ਼ ਆਵੇਗੀ।


ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਤਸਵੀਰ

ਇਸ ਗੱਲ ਦੇ ਤਜਰਬਾ ਆਧਾਰਤ ਪੱਕੇ ਸਬੂਤ ਹਨ ਕਿ ਮੌਜੂਦਾ ਪੀੜ੍ਹੀ ਵੱਲੋਂ ਵਸੀਲਿਆਂ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਕੂੜਾ-ਕਰਕਟ ਅਤੇ ਪ੍ਰਦੂਸ਼ਣ ਪੈਦਾ ਕਰ ਰਹੀ ਹੈ। ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਅਤੇ ਅਮਰੀਕਾ ਦੇ ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟਰੇਸ਼ਨ (ਨਾਸਾ) ਤੋਂ ਹਵਾ ਦੇ ਪ੍ਰਦੂਸ਼ਣ ਸਬੰਧੀ ਉਪਲੱਬਧ ਹਾਲੀਆ ਅੰਕੜਿਆਂ ਮੁਤਾਬਿਕ ਦੁਨੀਆਂ ਦੀ 91 ਫ਼ੀਸਦੀ ਆਬਾਦੀ ਉਨ੍ਹਾਂ ਇਲਾਕਿਆਂ ਵਿਚ ਰਹਿ ਰਹੀ ਹੈ ਜਿੱਥੇ ਹਵਾਈ ਪ੍ਰਦੂਸ਼ਣ ਦਾ ਪੱਧਰ ਡਬਲਿਊਐੱਚਓ ਵੱਲੋਂ ਸੁਰੱਖਿਅਤ ਕਰਾਰ ਦਿੱਤੀ ਹੱਦ ਤੋਂ ਵੱਧ ਹੈ। ਹਵਾ ਦੀ ਸ਼ੁੱਧਤਾ ਦੇ ਮਾਮਲੇ ਵਿਚ ਭਾਰਤ ਦਾ ਰਿਕਾਰਡ ਬਹੁਤ ਹੀ ਮਾੜਾ ਹੈ ਕਿਉਂਕਿ ਸੰਸਾਰ ਦੇ ਦਸ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਨੌਂ ਭਾਰਤ ਵਿਚ ਹੀ ਹਨ। ਖਣਿਜ ਬਾਲਣ (ਤੇਲ, ਕੋਲਾ ਤੇ ਗੈਸ) ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਨਿਕਲਣ ਵਾਲੀਆਂ ਗਰੀਨ ਹਾਉੂਸ ਗੈਸਾਂ ਨਾਲ ਧਰਤੀ ਦੀ ਤਪਸ਼ ਬੇਤਹਾਸ਼ਾ ਵਧ ਰਹੀ ਹੈ, ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ ਜਿਵੇਂ: ਧਰੁਵਾਂ ਅਤੇ ਗਲੇਸ਼ੀਅਰਾਂ ਦੀ ਬਰਫ਼ ਦਾ ਪਿਘਲਣਾ, ਇਸ ਕਾਰਨ ਸਮੁੰਦਰੀ ਸਤਹਿ ਦਾ ਉਪਰ ਉਠਣਾ, ਸਮੁੰਦਰਾਂ ਦਾ ਤੇਜ਼ਾਬੀਕਰਨ, ਅਣਕਿਆਸੇ ਤੂਫ਼ਾਨ, ਬਹੁਤ ਜ਼ਿਆਦਾ ਸੋਕੇ ਅਤੇ ਰੇਗਿਸਤਾਨੀ ਰਕਬੇ ਵਿਚ ਵਾਧਾ।

ਬੱਚਿਆਂ ਦੀ ਇਸ ਵਾਤਾਵਰਨ ਪੱਖੀ ਮੁਹਿੰਮ ਦੇ ਇਕ ਤਰ੍ਹਾਂ ਅਚਨਚੇਤੀ ਉਭਾਰ ਦਾ ਸਿਹਰਾ ਸਵੀਡਨ ਦੀ 15 ਸਾਲਾ ਕੁੜੀ ਦੇ ਸਿਰੜ ਨੂੰ ਜਾਂਦਾ ਹੈ। ਗਰੈਟਾ ਥਨਬਰਗ ਨਾਮੀ ਇਹ ਬੱਚੀ ਹੁਣ ਆਲਮੀ ਪੱਧਰ ’ਤੇ ਮਸ਼ਹੂਰ ਹਸਤੀ ਬਣ ਚੁੱਕੀ ਹੈ ਅਤੇ ਇਕ ਸਹੀ ਕਦਮ ’ਚ ਉਸ ਦਾ ਨਾਂ ਨੋਬੇਲ ਅਮਨ ਇਨਾਮ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ। ਗਰੈਟਾ ਬੀਤੇ ਸਾਲ 20 ਅਗਸਤ ਨੂੰ ਆਪਣੇ ਸਕੂਲ ਤੋਂ ਨਿਕਲੀ ਅਤੇ ਸਵੀਡਨ ਦੀ ਸੰਸਦ ਅੱਗੇ ਧਰਨੇ ਉੱਤੇ ਬੈਠ ਗਈ। ਉਸ ਨੇ ਆਪਣੇ ਹੱਥ ਵਿਚ ਹੱਥੀਂ ਲਿਖਿਆ ਬੈਨਰ ਫੜਿਆ ਸੀ। ਇਸ ਉੱਤੇ ਸਵੀਡਿਸ਼ ਭਾਸ਼ਾ ਵਿਚ ਲਿਖਿਆ ਸੀ: ‘ਸਕੂਲਸਸਲੇਕ ਫੌਰ ਕਲਿਮੌਤਤ’ ਭਾਵ ਵਾਤਾਵਰਨ ਲਈ ਸਕੂਲੀ ਹੜਤਾਲ। ਇਹ ਨਾਅਰਾ ਹੁਣ ਦਰਜਨਾਂ ਭਾਸ਼ਾਵਾਂ ਵਿਚ ਉਲਥਾਇਆ ਜਾ ਚੁੱਕਾ ਹੈ। ਉਦੋਂ ਤੋਂ ਉਹ ਲਗਪਗ ਹਰੇਕ ਜੁੰਮੇ ਵਾਲੇ ਦਿਨ ਸਕੂਲ ਦਾ ਬਾਈਕਾਟ ਕਰ ਕੇ ਮੁਲਕ ਦੀ ਸੰਸਦ ਅੱਗੇ ਧਰਨਾ ਦਿੰਦੀ ਹੈ। ਉਸ ਦੀ ਮੰਗ ਹੈ ਕਿ ਸਵੀਡਨ ਸਰਕਾਰ ਵੱਲੋਂ ਪੈਰਿਸ ਵਾਤਾਵਰਨ ਸਮਝੌਤੇ ਦੀ ਲੈਅ ਵਿਚ ਨੀਤੀਆਂ ਘੜੀਆਂ ਜਾਣ। ਸ਼ੁਰੂ ਵਿਚ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਕੋਈ ਵੀ ਹੋਰ ਉਸ ਨਾਲ ਨਾ ਤੁਰਿਆ। ਸਭ ਤੋਂ ਪਹਿਲਾਂ ਉਹ ਆਪਣੇ ਮਾਪਿਆਂ ਨੂੰ ਇਸ ਗੱਲ ਲਈ ਮਨਾਉਣ ਵਿਚ ਸਫਲ ਰਹੀ ਕਿ ਉਹ ਸਹੀ ਰਾਹ ਉੱਤੇ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਉਸ ਦੀ ਮਾਤਾ, ਜੋ ਮੁਲਕ ਦੀ ਨਾਮੀ ਓਪੇਰਾ ਗਾਇਕਾ ਹੈ, ਨੇ ਆਪਣੇ ਸਫ਼ਰ ਲਈ ਹਵਾਈ ਜਹਾਜ਼ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ, ਭਾਵੇਂ ਇਸ ਨਾਲ ਉਸ ਦੇ ਕਰੀਅਰ ਉੱਤੇ ਬਹੁਤ ਬੁਰਾ ਅਸਰ ਕਿਉਂ ਨਾ ਪਵੇ। ਇਸੇ ਤਰ੍ਹਾਂ ਉਸ ਦੇ ਪਿਤਾ ਜੋ ਅਦਾਕਾਰ ਤੇ ਲੇਖਕ ਹੈ, ਨੇ ਵੀ ਮਾਸ ਖਾਣਾ ਛੱਡ ਦਿੱਤਾ ਹੈ। ਗਰੈਟਾ ਦੀ ਦ੍ਰਿੜ੍ਹਤਾ ਨੂੰ ਹੋਰ ਬੂਰ ਪਿਆ ਅਤੇ ਉਸ ਦੇ ਜਮਾਤੀਆਂ ਨੇ ਉਸ ਨਾਲ ਤੁਰਨਾ ਸ਼ੁਰੂ ਕਰ ਦਿੱਤਾ। ਉਸ ਦੇ ਸਾਥੀ ਵਿਦਿਆਰਥੀਆਂ ਨੂੰ ਜਿਸ ਗੱਲ ਨੇ ਕਾਇਲ ਕੀਤਾ ਜਾਪਦਾ ਹੈ, ਉਹ ਇਹ ਕਿ ਉਸ ਨੇ ਇਸ ਸਮਰੱਥਾ ਦਾ ਮੁਜ਼ਾਹਰਾ ਕੀਤਾ ਕਿ ਉਹ ਵਿਆਪਕ ਸਿਆਸੀ ਕਾਰਵਾਈਆਂ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਵਿਅਕਤੀਗਤ ਚੋਣਾਂ ਨਾਲ ਮੇਲਣ ਦੀ ਲੋੜ ਨੂੰ ਸਮਝ ਸਕਦੀ ਹੈ। ਉਹ ਸ਼ਾਕਾਹਾਰੀ ਹੈ ਅਤੇ ਵਿਦੇਸ਼ ਸਫ਼ਰ ਤੱਕ ਰੇਲ ਗੱਡੀ ਰਾਹੀਂ ਕਰਦੀ ਹੈ। ਜਦੋਂ ਉਸ ਨੂੰ ਦੁਨੀਆਂ ਦੇ ਅਮੀਰਾਂ ਤੇ ਤਾਕਤਵਰਾਂ ਦੇ ਮੰਚ ਦਾਵੋਸ ਵਿਸ਼ਵ ਆਰਥਿਕ ਫੋਰਮ ਵਿਚ ਬੋਲਣ ਲਈ ਸੱਦਿਆ ਗਿਆ, ਜਿੱਥੇ ਸੱਦੀ ਗਈ ਉਹ ਪਹਿਲੀ ਬੱਚੀ ਸੀ ਤਾਂ ਉਸ ਨੇ ਆਪਣੇ ਦਿਲ ਦੀ ਗੱਲ ਆਖੀ ਅਤੇ ਵਾਤਾਵਰਨ ਆਫ਼ਤ ਨੂੰ ਰੋਕਣ ਲਈ ਫ਼ੌਰੀ ਕਦਮ ਚੁੱਕੇ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਸ ਨੇ ਬੇਬਾਕੀ ਨਾਲ ਬੋਲਦਿਆਂ ਕਿਹਾ, ‘‘ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕੋਈ ਉਮੀਦ ਰੱਖੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਘਬਰਾਓ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਉਹੋ ਡਰ ਮਹਿਸੂਸ ਕਰੋ, ਜੋ ਮੈਂ ਹਰ ਪਲ ਕਰਦੀ ਹਾਂ। ਅਤੇ ਫਿਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਸ ਸਬੰਧੀ ਕਾਰਵਾਈ ਕਰੋ।’’

ਇੱਥੇ ਚੀਨੀ ਅਖਾਣ ਨੂੰ ਥੋੜ੍ਹਾ ਬਦਲ ਕੇ ਵਰਤਿਆ ਜਾ ਸਕਦਾ ਹੈ ਜਿਸ ਨੂੰ ਮਾਓ ਜ਼ੇ-ਤੁੰਗ ਨੇ ਵੀ ਵਰਤਿਆ ਸੀ: ਗਰੈਟਾ ਥਨਬਰਗ ਦੀ ਵਿਅਕਤੀਗਤ ਪਹਿਲਕਦਮੀ ਵੱਲੋਂ ਲਾਮਬੰਦ ਕੀਤੀ ਗਈ ਇਹ ਆਲਮੀ ਮੁਹਿੰਮ ਯਕੀਨਨ ਇਕ ਚੰਗਿਆੜੀ ਦੇ ਜੰਗਲ ਦੀ ਅੱਗ ਦਾ ਰੂਪ ਧਾਰਨ ਵਾਲੀ ਗੱਲ ਹੈ।’’

ਪ੍ਰੋ. ਪ੍ਰੀਤਮ ਸਿੰਘ
ਆਕਸਫੋਰਡ ਸਕੂਲ ਆਫ਼ ਗਲੋਬਲ ਐਂਡ ਏਰੀਆ ਸਟੱਡੀਜ਼, ਆਕਸਫੋਰਡ ਯੂਨੀਵਰਸਿਟੀ