ਡੇਰਾ ਬਿਆਸ ਦੇ ਕਬਜ਼ਿਆਂ ਖਿਲਾਫ ਸੰਘਰਸ਼ ਵਿੱਢਣ ਵਾਲੇ ਆਗੂ ਭਾਈ ਸਿਰਸਾ ਸਮੇਤ ਕਿਸਾਨ ਬਰੀ ਹੋਏ

ਡੇਰਾ ਬਿਆਸ ਦੇ ਕਬਜ਼ਿਆਂ ਖਿਲਾਫ ਸੰਘਰਸ਼ ਵਿੱਢਣ ਵਾਲੇ ਆਗੂ ਭਾਈ ਸਿਰਸਾ ਸਮੇਤ ਕਿਸਾਨ ਬਰੀ ਹੋਏ
ਰਿਹਾਈ ਤੋਂ ਬਾਅਦ ਭਾਈ ਬਲਦੇਵ ਸਿੰਘ ਸਿਰਸਾ ਅਤੇ ਕਿਸਾਨ

ਰਈਆ: ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਸਥਾਨਕ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਖਿਲਾਫ ਸੰਘਰਸ਼ ਕਰਦਿਆਂ ਪੁਲਿਸ ਵੱਲੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ 'ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ' ਦੇ ਪ੍ਰਧਾਨ ਅਤੇ ਦਲ ਖਾਲਸਾ ਦੇ ਉੱਚ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੂੰ ਅਤੇ ਉਹਨਾਂ ਨਾਲ ਗ੍ਰਿਫਤਾਰ ਕੀਤੇ ਗਏ ਪੀੜਤ ਕਿਸਾਨਾਂ ਨੂੰ ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵੱਲੋਂ ਬਾਇਜ਼ਤ ਬਰੀ ਕਰ ਦਿੱਤਾ ਗਿਆ।

ਦੱਸ ਦਈਏ ਕਿ ਭਾਈ ਸਿਰਸਾ ਅਤੇ ਪੀੜਤ ਕਿਸਾਨ ਡੇਰਾ ਰਾਧਾ ਸੁਆਮੀ ਦੀ ਗੁੰਡਾਗਰਦੀ ਖਿਲਾਫ 12 ਸਤੰਬਰ ਤੋਂ ਬਿਆਸ ਫਲਾਈਓਵਰ ਹੇਠਾਂ ਧਰਨਾ ਲਾ ਕੇ ਬੈਠੇ ਸਨ, ਜਿਸ ਨੂੰ 26 ਦਿਨਾਂ ਬਾਅਦ ਪੁਲਿਸ ਨੇ ਭਾਈ ਸਿਰਸਾ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਚੁਕਾ ਦਿੱਤਾ ਸੀ। ਗ੍ਰਿਫਤਾਰ ਕਿਸਾਨਾਂ ਵਿੱਚ ਰਣਜੀਤ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ, ਨਰਜਿੰਦਰ ਸਿੰਘ ਤੇ ਜਲਵਿੰਦਰ ਸਿੰਘ ਸ਼ਾਮਲ ਸਨ। 

ਅਦਾਲਤੀ ਸੁਣਵਾਈ ਦੌਰਾਨ ਮੈਜਿਸਟ੍ਰੇਟ ਸੁਮਿਤ ਮੁੱਧ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਅਦਾਲਤ ਵਿੱਚ ਪੇਸ਼ ਮਾਮਲੇ ਨੂੰ ਗਲਤ ਮੰਨਦੇ ਹੋਏ ਸਾਰੇ ਬੰਦੀਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਭਾਈ ਸਿਰਸਾ ਨੇ ਰਿਹਾਈ ਤੋਂ ਬਾਅਦ ਕਿਹਾ ਕਿ ਇਸ ਫੈਂਸਲੇ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਨੇ ਕਿਸੇ ਵੱਡੇ ਸਿਆਸੀ ਦਬਾਅ ਹੇਠ ਉਹਨਾਂ ਖਿਲਾਫ ਇਹ ਝੂਠਾ ਮਾਮਲਾ ਦਰਜ ਕਰਕੇ ਜੇਲ੍ਹ ਭੇਜਿਆ ਸੀ। ਉਹਨਾਂ ਕਿਹਾ ਕਿ ਜ਼ਮੀਨਾਂ ਤੋਂ ਡੇਰਾ ਬਿਆਸ ਦੇ ਨਜਾਇਜ਼ ਕਬਜ਼ੇ ਛਡਵਾਉਣ ਤੱਕ ਉਹਨਾਂ ਦਾ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ। 

ਗ੍ਰਿਫਤਾਰੀਆਂ ਖਿਲਾਫ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਟਾਂਡਾ

ਅਦਾਲਤ ਬਾਹਰ ਜਥੇਬੰਦੀਆਂ ਵੱਲੋਂ ਕੀਤਾ ਗਿਆ ਇਕੱਠ
ਭਾਈ ਬਲਦੇਵ ਸਿੰਘ ਸਿਰਸਾ ਅਤੇ ਕਿਸਾਨਾਂ ਦੇ ਕੋਰਟ ਵਿਚ ਪੇਸ਼ ਹੋਣ ਸਮੇਂ ਬਾਬਾ ਬਕਾਲਾ ਸਾਹਿਬ ਵਿਖੇ ਇਨਸਾਫ਼ ਪਸੰਦ ਜਥੇਬੰਦੀਆ ,ਕਿਸਾਨ ਜਥੇਬੰਦੀਆ, ਸਿੱਖ ਜਥੇਬੰਦੀਆ ਦਾ ਇਕੱਠ ਹੋਇਆ ਅਤੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।