ਦਿੱਲੀ ਦੇ ਪ੍ਰਦੂਸ਼ਣ ਲਈ ਦਿੱਲੀ ਹੀ ਜ਼ਿੰਮੇਵਾਰ: ਪ੍ਰੋ. ਮਰਵਾਹਾ

ਦਿੱਲੀ ਦੇ ਪ੍ਰਦੂਸ਼ਣ ਲਈ ਦਿੱਲੀ ਹੀ ਜ਼ਿੰਮੇਵਾਰ: ਪ੍ਰੋ. ਮਰਵਾਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੌਮੀ ਰਾਜਧਾਨੀ ਦਿੱਲੀ ਦੇ ਪ੍ਰਦੂਸ਼ਿਤ ਹੋਣ ਸਬੰਧੀ ਸੂਬੇ ’ਤੇ ਮੜ੍ਹੇ ਜਾਂਦੇ ਦੋਸ਼ਾਂ ਨੂੰ ਅੱਜ ਤੱਥਾਂ ਸਹਿਤ ਨਕਾਰ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਐੱਸ ਐੱਸ ਮਰਵਾਹਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਪ੍ਰਦੂਸ਼ਿਤ ਹੋਣ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐੱਨ ਕਰਵਾਉਣਾ ਅਤਿ ਜ਼ਰੂਰੀ ਹੈ। ਅਹਿਮ ਗੱਲ ਇਹ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਪੰਜਾਬ ਸਿਰ ਮੜ੍ਹੇ ਜਾਂਦੇ ਦੋਸ਼ਾਂ ਨੂੰ ਵਿਗਿਆਨਕ ਅੰਕੜਿਆਂ ਦੇ ਆਧਾਰ ’ਤੇ ਝੁਠਲਾਇਆ ਹੈ। ਪ੍ਰੋ. ਮਰਵਾਹਾ ਨੇ ਕਿਹਾ ਕਿ ਪੰਜਾਬ ’ਚੋਂ ਅੱਗ ਦੀਆਂ ਘਟਨਾਵਾਂ ਨਾਲ ਉਡਣ ਵਾਲੇ ਧੂੜ ਕਣਾਂ ਦਾ ਦਿੱਲੀ ਤਾਂ ਕੀ ਅੰਬਾਲਾ ਤੱਕ ਵੀ ਪੁੱਜਣਾ ਮੁਸ਼ਕਲ ਹੈ।

ਦਿੱਲੀ ਤੇ ਪੰਜਾਬ ਦਰਮਿਆਨ ਭਖ਼ੇ ਇਸ ਮਾਮਲੇ ’ਤੇ ਚੇਅਰਮੈਨ ਪ੍ਰੋ. ਮਰਵਾਹਾ ਨੇ ਤੱਥਾਂ ਸਹਿਤ ਸਪਸ਼ਟ ਕੀਤਾ ਕਿ ਜਦੋਂ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਦਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਮੁਕਾਬਤਨ ਬਹੁਤ ਘੱਟ ਹੈ ਤਾਂ ਉਸ ਮੌਕੇ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਣ ਦਾ ਦੋਸ਼ ਮੜ੍ਹਨਾ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਪੀਐੱਮ-10 ਅਤੇ ਪੀਐੱਮ-2.5 (ਧੂੜ ਕਣ) ਕ੍ਰਮਵਾਰ 25 ਤੋਂ 30 ਕਿਲੋਮੀਟਰ ਅਤੇ 100 ਤੋਂ 150 ਕਿਲੋਮੀਟਰ ਦੀ ਦੂਰੀ ਹੀ ਹਵਾ ’ਚ ਤੈਅ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਪਟਿਆਲਾ ’ਚ ਸਾੜੀ ਪਰਾਲੀ ਦੇ ਧੂੜ ਕਣ ਅੰਬਾਲਾ ਤੱਕ ਤਾਂ ਪਹੁੰਚ ਨਹੀਂ ਸਕਦੇ, ਫਿਰ ਦਿੱਲੀ ਦੇ ਪ੍ਰਦੂਸ਼ਣ ਲਈ ਇਹ ਕਿਵੇਂ ਜ਼ਿੰਮੇਵਾਰ ਹੈ? ਪ੍ਰੋ. ਮਰਵਾਹਾ ਨੇ ਕਿਹਾ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮਿ੍ਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਤੇ ਪਟਿਆਲਾ ਦੇ ਮੁਕਾਬਲਤਨ ਸੋਨੀਪਤ, ਪਾਣੀਪਤ, ਕਰਨਾਲ ਤੇ ਜੀਂਦ ਦੇ ਹਵਾ ਸੂਚਕ ਅੰਕ ਦਾ ਪੱਧਰ ਬਹੁਤ ਹੀ ਖ਼ਰਾਬ ਹੈ। ਇਸ ਤੋਂ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਬਿਨਾਂ ਵਜ੍ਹਾ ਹੀ ਦਿੱਲੀ ’ਚ ਪ੍ਰਦੂਸ਼ਣ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ।

ਚੇਅਰਮੈਨ ਪ੍ਰੋ. ਮਰਵਾਹਾ ਨੇ ਦੱਸਿਆ ਕਿ ਪਿਛਲੇ ਸਾਲ ਭਾਵੇਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਲ 2018 ਤੋਂ ਗਿਣਤੀ ’ਚ ਵੱਧ ਸਨ, ਪਰ ਰਕਬੇ ਪੱਖੋਂ 10 ਤੋਂ 12 ਫੀਸਦੀ ਘੱਟ ਸਨ। ਉਨ੍ਹਾਂ ਕਿਹਾ ਕਿ ਦਸੰਬਰ, ਜਨਵਰੀ ਤੇ ਫਰਵਰੀ ਦੇ ਮਹੀਨਿਆਂ ਦੌਰਾਨ ਦਿੱਲੀ ਤੇ ਇਸਦੇ ਆਸਪਾਸ ਦੇ ਇਲਾਕਿਆਂ ’ਚ ਪ੍ਰਦੂਸ਼ਣ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਕਿ ਇਸ ਸਮੇਂ ਦੌਰਾਨ ਪੰਜਾਬ ’ਚ ਪਰਾਲੀ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਵੀ ਦਿੱਲੀ ਦੀ ਹਵਾ ਦਾ ਗੁਣਵੱਤਾ ਸੂਚਕ ਅੰਕ ਜ਼ਿਆਦਾ ਸੰਤੋਖਜਨਕ ਨਹੀਂ ਰਿਹਾ। ਇਸ ਮੌਕੇ ਬੋਰਡ ਮੈਂਬਰ ਸਕੱਤਰ ਇੰਜ. ਕਰੁਨੇਸ਼ ਗਰਗ ਤੇ ਵਾਤਾਵਰਣ ਇੰਜੀਨੀਅਰ ਐੱਸ.ਐੱਸ. ਮਠਾੜੂ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।