ਪਾਕਿਸਤਾਨ ਵਿੱਚ ਸਿੱਖ ਤੇ ਗੁਰਦਵਾਰੇ: ਮੇਰੀ ਜੇਲ੍ਹ ਤੇ ਜਲਾਵਤਨੀ ਦੇ 38 ਸਾਲ ਵਿੱਚ ਬਦਲੇ ਹਾਲਾਤ ਦੀ ਕਹਾਣੀ

ਪਾਕਿਸਤਾਨ ਵਿੱਚ ਸਿੱਖ ਤੇ ਗੁਰਦਵਾਰੇ: ਮੇਰੀ ਜੇਲ੍ਹ ਤੇ ਜਲਾਵਤਨੀ ਦੇ 38 ਸਾਲ ਵਿੱਚ ਬਦਲੇ ਹਾਲਾਤ ਦੀ ਕਹਾਣੀ
ਗੁਰਦਵਾਰਾ ਨਨਕਾਣਾ ਸਾਹਿਬ

ਦੋਸਤੀਆਂ ਤੇ ਦੁਸ਼ਮਣੀਆਂ ਦਾ ਇੱਕ ਕੁਦਰਤੀ ਅਸੂਲ ਦੁਸ਼ਮਣ ਦੇ ਦੁਸ਼ਮਣ ਨਾਲ ਦੋਸਤੀ ਹੈ, ਤੇ ਅਸੀਂ ਵੀ ਇਸੇ ਅਸੂਲ ਉਤੇ ਚੱਲਦੇ ਹੋਏ 29 ਸਤੰਬਰ 1991 ਨੂੰ ਪਾਕਿਸਤਾਨ ਜਹਾਜ਼ ਲੈ ਕੇ ਆਏ ਸਾਂ । ਪਰ ਵਕਤ ਨਾਲ ਹੋਰ ਵੀ ਬਹੁਤ ਸਾਰੀਆਂ ਸਾਂਝਾਂ ਬਣ ਗਈਆਂ ਹਨ । ਦੋਸਤ ਨਾਲ ਗੱਲ ਕਰਨ ਲਗਿਆਂ ਲਹਿਜਾ ਹੋਰ ਹੁੰਦਾ ਹੈ, ਤੇ ਦੁਸ਼ਮਣ ਨਾਲ ਹੋਰ, ਪਰ ਮਹਤੱਵਪੂਰਣ ਇਹ ਹੈ ਕਿ ਅਸੀਂ ਕੌਮੀ ਹਿੱਤਾਂ ਨੂੰ ਕਦੇ ਵੀ ਤੇ ਕਿਤੇ ਵੀ ਨਜ਼ਰ ਅੰਦਾਜ਼ ਨਾ ਕਰੀਏ । ਪਿਛਲੇ ਦਿਨ੍ਹੀਂ ਦਿੱਲੀ ਨਵਾਜ਼ਾਂ ਵੱਲੋਂ ਬੜੀ ਵਾਰੀ ਪੜ੍ਹਨ ਸੁਣਨ ਨੂੰ ਮਿੱਲਦਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਸਿੱਖ ਆਬਾਦੀ ਇਸ ਲਈ ਘੱਟਦੀ ਜਾਂਦੀ ਹੈ, ਕਿਓਂਕਿ ਉਥੇ ਜਬਰੀ ਧਰਮ ਪਰੀਵਰਤਨ ਕਰਵਾਇਆ ਜਾਂਦਾ ਹੈ । ਧਰਮ ਪਰੀਵਰਤਨ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ, ਜਿਸ ਬਾਰੇ ਗੱਲ ਕਰਨ ਲਗਿਆਂ ਬਹੁਤ ਸੋਚ ਕੇ ਲਫਜ਼ਾਂ ਦੀ ਚੋਣ ਕਰਨੀ ਪੈਂਦੀ ਹੈ । ਪਾਕਿਸਤਾਨ ਵਿੱਚ ਸਿੱਖਾਂ ਦੇ ਧਰਮ ਪਰੀਵਰਤਨ ਦੀਆਂ ਜਿੰਨੀਆਂ ਕੂ ਘੱਟਨਾਵਾਂ ਬਾਰੇ ਮੈਂ ਬੀਤੇ 38 ਸਾਲ ਵਿੱਚ ਪੜਿਆ ਸੁਣਿਆਂ ਹੈ, ਉਸ ਤੋਂ ਕਿਤੇ ਵੱਧ ਸਾਡੇ ਆਪਣੇ ਪੰਜਾਬ ਤੋਂ ਆਂਦੀਆਂ ਹੀ ਰਹਿੰਦੀਆਂ ਹਨ । ਸਿੱਖਾਂ ਦੀਆਂ ਕੁੜੀਆਂ ਦੇ ਹਿੰਦੂਆਂ ਨਾਲ ਵਿਆਹਾਂ ਦੀ ਤਾਂ ਗਿਣਤੀ ਕਰਨੀ ਵੀ ਔਖੀ ਹੋਵੇਗੀ, ਪਰ ਹੁਣ ਪੰਜਾਬ ਦੇ ਪਿੰਡਾਂ ਵਿੱਚ ਸਿੱਖਾਂ ਦੇ ਇਸਾਈ ਬਣਨ ਦੀਆਂ ਖਬਰਾਂ ਦੀ ਵੀ ਭਰਮਾਰ ਹੈ । ਸਾਡੇ ਪੰਜਾਬ ਵਿੱਚ ਸਾਡੀਆਂ 'ਆਪਣੀਆਂ' ਹਕੂਮੱਤਾਂ ਵੀ ਆਂਦੀਆਂ ਜਾਂਦੀਅਆਂ ਰਹਿੰਦੀਆਂ ਹਨ, ਤੇ ਐਸ ਜੀ ਪੀ ਸੀ ਵਰਗੀ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਤਾਂ ਹਮੇਸ਼ਾਂ ਹੀ ਰਹਿੰਦੀ ਹੈ । ਬੜ੍ਹੇ ਬੜ੍ਹੇ ਵੱਡੇ ਬਜਟ ਵਾਲੇ ਬਾਬਿਆਂ ਤੇ ਮਹਾਂਪੁਰਖਾਂ ਦੀ ਤਾਂ ਕੋਈ ਘਾਟ ਹੀ ਨਹੀਂ । ਇਸ ਵਿਸ਼ੇ ਤੇ ਇੱਕ ਗੱਲ ਹੋਰ । ਨਨਕਾਣਾ ਸਾਹਿਬ ਦੀ ਇੱਕ ਸਿੱਖ ਕੁੜੀ ਦੇ ਮੁਸਲਮਾਨ ਮੁੰਡੇ ਨਾਲ ਵਿਆਹ ਤੋਂ ਬਾਦ ਨਨਕਾਣਾ ਸਾਹਿਬ ਦੇ ਮਾਮੂਲੀ ਗਿਣਤੀ ਦੇ ਸਿੱਖਾਂ ਨੇ ਜਿਵੇਂ ਆਵਾਜ਼ ਬੁਲੰਦ ਕੀਤੀ, ਤੇ ਆਪਣੀ ਅਸੰਭਵ ਵਰਗੀ ਗੱਲ ਮੰਨਵਾਈ ਹੈ, ਭਾਰਤ ਵਿੱਚ ਕੋਈ ਮਿਸਾਲ ਹੋਵੇ ਤਾਂ ਸੁਣੀ ਨਹੀਂ ਕਦੇ । ਚੰਗੇ ਮਾੜੇ ਲੋਕ, ਜਾਂ ਇੰਝ ਕਹਿ ਲਵੋ, ਸਾਡੇ ਲਈ ਚੰਗੇ ਮਾੜੇ ਲੋਕ, ਹਰ ਭਾਈਚਾਰੇ ਤੇ ਹਰ ਦੇਸ਼ ਵਿੱਚ ਹੁੰਦੇ ਹਨ, ਪਰ ਉਸ ਬਾਰੇ ਰਾਏ ਬਣਾਉਣ ਲੱਗੇ ਇੱਕਾ ਦੁੱਕਾ ਘਟਨਾ ਨਹੀਂ, ਕੁੱਲ ਹਾਲਾਤ ਦੇਖੇ ਜਾਂਦੇ ਹਨ । ਕੁੱਝ ਲੋਕਾਂ ਨੂੰ ਤਾਂ ਪਾਕਿਸਤਾਨ ਦੇ ਖਿਲਾਫ ਬੋਲਣ ਦਾ ਜਿਵੇਂ ਸਿਰਫ ਬਹਾਨਾਂ ਹੀ ਚਾਹੀਦਾ ਹੁੰਦਾ ਹੈ, ਜਾਂ ਸ਼ਾਇਦ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ । ਇਹੋ ਜਿਹੇ ਕਮੈਂਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਕਿਸਤਾਨ ਬਾਰੇ ਕੁੱਝ ਜਾਣਕਾਰੀ ਸੰਖੇਪ ਵਿੱਚ ਆਪ ਨਾਲ ਸਾਂਝੀ ਕਰਦਾ ਹਾਂ । 47 ਦੀ ਵੰਡ ਵੇਲੇ ਅਸੀਂ ਸਿੱਖ ਤਕਰੀਬਨ ਸੱਭ ਇਸ ਧਰਤੀ, ਤੇ ਇਸ ਧਰਤੀ ਦੇ ਗੁਰਦਵਾਰਿਆਂ ਨੂੰ ਛੱਡ ਕੇ ਚਲੇ ਗਏ ਸਾਂ । ਕੇਵਲ ਸੂਬਾ ਸਰਹੱਦ, ਭਾਵ ਪਠਾਣਾ ਦੇ ਕੁੱਝ ਕਬਾਇਲੀ ਇਲਾਕਿਆਂ ਵਿੱਚ ਗਿਣੇ ਚੁਣੇ ਸਿੱਖ ਵੱਸੇ ਰਹਿ ਗਏ ਸਨ, ਇਹਨਾਂ ਇਲਾਕਿਆਂ ਦੀ ਲੋਕਲ ਲੀਡਰਸ਼ਿਪ ਦੇ ਭਰੋਸੇ ਉਤੇ । 1971 ਦੀ ਹਿੰਦ ਪਾਕਿ ਜੰਗ ਤੱਕ ਨਨਕਾਣਾ ਸਾਹਿਬ ਵਿੱਚ ਕੋਈ ਸਿੱਖ ਪਰਿਵਾਰ ਨਹੀਂ ਸੀ ਹੁੰਦਾ, ਕੇਵਲ ਦੋ ਸਹਿਧਾਰੀ ਸਿੱਖ ਪਰਿਵਾਰ ਹੀ ਹੁੰਦੇ ਸਨ, ਜੋ ਗੁਰਦਵਾਰੇ ਮੱਥਾ ਟੇਕਣ ਜਾਂਦੇ ਰਹਿੰਦੇ ਸਨ । 1971 ਦੀ ਜੰਗ ਤੋਂ ਬਾਦ ਪਹਿਲੇ ਤਿੰਨ ਸਿੱਖ ਭਰਾਵਾਂ ਦੇ ਪਰਿਵਾਰ ਕਬਾਇਲੀ ਇਲਾਕੇ ਤੋਂ ਨਨਕਾਣਾ ਸਾਹਿਬ ਆ ਕੇ ਵੱਸੇ ਸਨ । ਇਹਨਾਂ ਦੇ ਨਾਮ ਸਨ, ਭਾਈ ਈਸ਼ਰ ਸਿੰਘ, ਸਰਦਾਰ ਆਇਆ ਸਿੰਘ, ਤੇ ਸਰਦਾਰ ਕਾਹਨ ਸਿੰਘ । ਖਾਲਿਸਤਾਨ ਲਹਿਰ ਦੇ ਉਠਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ, ਬਲਕਿ ਫੌਜੀ ਦਸਤਾ ਹੀ ਸਮਝਿਆ ਜਾਂਦਾ ਸੀ । ਖਾਲਿਸਤਾਨ ਲਹਿਰ ਸ਼ੁਰੂ ਹੋਣ ਬਾਦ ਸਿੱਖਾਂ ਦੀ ਵੱਖਰੀ ਸ਼ਨਾਖਤ ਬਣਨੀ ਸ਼ੁਰੂ ਹੋਈ ਤੇ ਪਾਕਿਸਤਾਨ ਦੇ ਲੋਕਾਂ ਵਿੱਚ ਮਾਣ ਸਤਿਕਾਰ ਵੱਧਣ ਲੱਗਾ । ਜੂਨ 84 ਦੇ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਬਾਦ ਪਾਕਿਸਤਾਨੀ ਲੋਕਾਂ ਵਿੱਚ ਸਿੱਖਾਂ ਲਈ ਹਮਦਰਦੀ ਦੀ ਇੱਕ ਵੱਡੀ ਲਹਿਰ ਉਠੀ, ਜਿਸ ਦੀ ਇਕ ਮਿਸਾਲ ਅਫਜ਼ਲ ਅਹਿਸਨ ਰੰਧਾਵਾ ਸਾਹਬ ਦੀ ਕਵਿਤਾ ਵੀ ਹੈ । ਇਸ ਤੋਂ ਬਾਦ ਤਾਂ ਸਿੱਖਾਂ ਨਾਲ ਆਮ ਪਾਕਿਸਤਾਨੀਆਂ ਦਾ ਵਤੀਰਾ ਵਿਸ਼ੇਸ਼ ਪਿਆਰ ਤੇ ਹਮਦਰਦੀ ਵਾਲਾ ਬਣਨ ਲੱਗਾ, ਤੇ ਹੌਲੀ ਹੌਲੀ ਇਸ ਦਾ ਅਸਰ ਸਿੰਧ ਵਿੱਚ ਵੱਸਦੇ ਸਹਿਜਧਾਰੀ ਪਰਿਵਾਰਾਂ ਉਤੇ ਵੀ ਪੈਣ ਲੱਗਾ । ਇਹਨਾਂ ਸਹਿਜਧਾਰੀ ਪਰਿਵਾਰਾਂ ਵਿੱਚੋਂ ਵਿਰਲੇ ਵਿਰਲੇ ਕੇਸਾਧਾਰੀ ਹੋਣ ਲੱਗੇ । ਕੁੱਝ ਇਸਾਈ ਪਰਿਵਾਰਾਂ ਵਿੱਚੋਂ ਵੀ ਸਿੱਖ ਸੱਜਣ ਲੱਗੇ । ਸਾਡੀ ਜੇਲ੍ਹ ਤੋਂ ਰਿਹਾਈ ਵੇਲੇ ਤੱਕ ਵੀ, 93/94 ਤੱਕ, ਨਨਕਾਣਾ ਸਾਹਿਬ, ਤੇ ਪਿਸ਼ਾਵਰ ਤੋਂ ਬਿਨ੍ਹਾਂ ਸਿੱਖਾਂ ਦੀ ਕਿਤੇ ਕੋਈ ਖਾਸ ਆਬਾਦੀ ਨਹੀਂ ਸੀ ਹੁੰਦੀ, ਤੇ ਇਹਨਾਂ ਦੋਹਾਂ ਥਾਵਾਂ ਦੀ ਕੁੱਲ ਸਿੱਖ ਵੱਸੋਂ ਵੀ ਸ਼ਾਇਦ ਚਾਰ ਕੂ ਸੋ ਸੀ । ਤੇ ਇਸ ਤੋਂ ਇਲਾਵਾ ਸਾਰੇ ਪਾਕਿਸਤਾਨ ਵਿੱਚ ਸ਼ਾਇਦ ਹੀ ਦੋ ਸੋ ਸਿੱਖ ਹੋਰ ਹੋਣ । ਕੇਵਲ ਤਿੰਨ ਗੁਰਦਵਾਰੇ ਹੀ ਬਾਹਰੋਂ ਆਣ ਵਾਲੇ ਯਾਤਰੀਆਂ ਲਈ ਸਾਲ ਵਿੱਚ ਚਾਰ ਵਾਰ ਖੁੱਲ੍ਹਦੇ ਹੁੰਦੇ ਸਨ, ਨਨਕਾਣਾ ਸਾਹਿਬ, ਪੰਜਾ ਸਾਹਿਬ, ਤੇ ਡੇਰਾ ਸਾਹਿਬ ਲਹੋਰ । ਇਹਨਾਂ ਗੁਰੂਘਰਾਂ ਦੀ ਯਾਤਰਾ ਭਾਰਤ ਨਾਲ ਇੱਕ ਮੁਆਇਦੇ ਤਹਿਤ ਸਾਲ ਵਿੱਚ ਚਾਰ ਵਾਰ ਹੀ ਹੋ ਸਕਦੀ ਹੁੰਦੀ ਸੀ । ਕਰਤਾਰਪੁਰ ਸਾਹਿਬ, ਸੱਚਾ ਸੌਦਾ, ਤੇ ਹੋਰ ਕਈ ਗੁਰਦਵਾਰੇ ਖੰਡਰ ਬਣ ਗਏ ਹੋਏ ਸਨ । ਹੌਲੀ ਹੌਲੀ ਹਰ ਉਹ ਗੁਰਦਵਾਰਾ ਖੋਲ੍ਹ ਦਿੱਤਾ ਗਿਆ, ਜਿਸ ਦੀ ਵੀ ਲੋਕਲ ਜਾਂ ਵਿਦੇਸ਼ੀ ਸਿੱਖਾਂ ਨੇ ਮੰਗ ਕੀਤੀ । ਹੁਣ ਮੇਰੇ ਲਈ ਇਹਨਾਂ ਗੁਰੂਘਰਾਂ ਦੀ ਗਿਣਤੀ ਵੀ ਦੇਣੀ ਸ਼ਾਇਦ ਮੁਸ਼ਕਿਲ ਹੋਵੇ । ਪਾਰਲੀਮੈਂਟ ਜਾਂ ਅਸੈਂਬਲੀਆਂ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਸੀ ਹੁੰਦੀ । ਹੁਣ ਸਾਡੇ ਕੱਲ ਦੇ ਬੱਚੇ ਐਮ ਪੀ ਏ ਬਣ ਰਹੇ ਹਨ, ਪਹਿਲਾਂ ਰਮੇਸ਼ ਸਿੰਘ ਹੁੰਦਾ ਸੀ, ਤੇ ਹੁਣ ਪਲਵਿੰਦਰ ਸਿੰਘ ਹੈ । ਹੁਣ ਜੇ ਮੁਖਾਲਫਾਂ ਦੇ ਬਿਆਨਾਂ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਕਿ ਪਾਕਿਸਤਾਨ ਵਿੱਚ 'ਅੱਠ ਹਜ਼ਾਰ ਸਿੱਖ' ਰਹਿ ਗਏ ਹਨ । ਤਾਂ ਇਹ ਅੱਠ ਹਜ਼ਾਰ ਵੀ 'ਪੰਜ ਸੋ' ਤੋਂ ਬਹੁਤ ਵੱਧ ਹਨ । ਵੈਸੇ ਪਾਕਿਸਤਾਨ ਵਿੱਚ ਸਿੱਖ ਆਬਾਦੀ ਬਾਰੇ ਕਈ ਵੱਖ ਵੱਖ ਧਾਰਨਾਵਾਂ ਹਨ, ਵੀਹ ਹਜ਼ਾਰ ਵੀ ਹੈ, ਤੇ ਇਸ ਤੋਂ ਵੱਧ ਵੀ । ਜਦੋਂ ਅਸੀਂ ਜੇਲ੍ਹ ਤੋਂ ਰਿਹਾ ਹੋਏ ਸਾਂ, ਤਾਂ ਕੇਵਲ ਦੋ ਬੱਚੇ ਦੱਸਵੀਂ ਤੱਕ ਪੜ੍ਹੇ ਹੋਏ ਸਨ, ਇੱਕ ਦਿਆ ਸਿੰਘ, ਤੇ ਇੱਕ ਕੁੜ੍ਹੀ ਸੀ, ਦਿਆਲ ਕੌਰ । ਅੱਜ ਨਨਕਾਣਾ ਸਾਹਿਬ ਦੇ ਨੌਜਵਾਨਾਂ ਵਿੱਚ ਡਾਕਟਰ ਵੀ ਹਨ, ਫੌਜੀ ਅਫਸਰ ਵੀ, ਤੇ ਪ੍ਰੋਫੈਸਰ ਵੀ ਹਨ, ਤੇ ਹੋਰ ਬਹੁਤ ਸਾਰੇ ਉਚ ਵਿਦਿਆ ਹਾਸਿਲ ਕਰ ਰਹੇ ਹਨ । ਇੱਕ ਹੋਰ ਗੱਲ, ਪਾਕਿਸਤਾਨੀ ਸਿੱਖਾਂ ਵਿੱਚ ਸਿੱਖੀ ਦੀ ਪਕੜ੍ਹ ਬਹੁਤ ਹੈ । ਬੱਚੇ ਵੱਡੇ ਸੱਭ ਸਿੱਖੀ, ਤੇ ਗੁਰੂਘਰਾਂ ਨਾਲ ਜੁੜ੍ਹੇ ਹੋਏ ਹਨ । ਇੱਥੇ ਕੋਈ ਬਾਬਾ ਜਾਂ ਸੰਪਰਦਾ ਵੀ ਨਹੀਂ ਹੈ, ਪਰ ਫਿਰ ਵੀ ਸੱਭ ਸਵੇਰੇ ਸ਼ਾਮ ਗੁਰੂਘਰ ਜਾਂਦੇ ਹਨ । ਭਾਈ ਗਜਿੰਦਰ ਸਿੰਘ (ਦਲ ਖਾਲਸਾ)