ਪੰਜਾਬ ਸਰਕਾਰ ਦੇ ਸਰਕਾਰੀ ਅਫਸਰ 1500 ਕਰੋੜ ਦੇ ਪਲਾਟ ਡਕਾਰ ਗਏ

ਪੰਜਾਬ ਸਰਕਾਰ ਦੇ ਸਰਕਾਰੀ ਅਫਸਰ 1500 ਕਰੋੜ ਦੇ ਪਲਾਟ ਡਕਾਰ ਗਏ

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਕਿ ਪੰਜਾਬ ਵਿੱਚ ਸਰਕਾਰੀ ਅਫ਼ਸਰਾਂ ਨੇ ਪਲਾਟਾਂ ਰਾਹੀਂ 1500 ਕਰੋੜ ਦਾ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਇਸ ਘਪਲੇ ਦੀ ਜਾਂਚ ਵੀ ਕੀਤੀ ਪਰ ਅਫ਼ਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ।

ਚੀਮਾ ਨੇ ਕਿਹਾ ਕਿ ਪੰਜਾਬ ਸਮਾਲ ਸਕੇਲ ਇੰਡਸਟਰੀ ਤੇ ਐਕਸਪੋਰਟ ਕਾਰਪੋਰੇਸ਼ਨ ਵਿੱਚ ਪਲਾਟਾਂ ਦਾ ਵੱਡਾ ਘਪਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ।4 ਅਪਰੈਲ, 2018 ਨੂੰ ਵਿਜੀਲੈਂਸ ਦਾ ਇਕਨੋਮਿਕ ਵਿੰਗ ਜਾਂਚ ਕਰ ਰਿਹਾ ਸੀ। ਅਫਸਰਾਂ ਨੇ ਇੰਡਸਟਰੀਅਲ ਵਿਭਾਗ ਦੇ ਪਲਾਟ ਆਪਣੇ ਨਾਂ ਕਰਵਾਏ ਹਨ। ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਜਾਂਚ ਕੀਤੀ ਹੈ, ਜਿਸ ਵਿੱਚ ਕਈ ਅਫਸਰ ਦੋਸ਼ੀ ਪਾਏ ਗਏ ਪਰ ਜਦੋਂ ਇਸ ਮਾਮਲੇ ਦੀ ਰਿਪੋਰਟ ਸਰਕਾਰ ਸਾਹਮਣੇ ਪੇਸ਼ ਹੋਈ ਤਾਂ ਬਾਅਦ 'ਚ ਰਾਹੁਲ ਭੰਡਾਰੀ ਦੀ ਅਗਵਾਈ 'ਚ ਬਣੀ ਕਮੇਟੀ ਨੇ ਸਭ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ 20 ਸਾਲ ਦਾ ਰਿਕਾਰਡ ਸੀਲ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੈਂਕ ਦਿੱਤੇ ਜਾਣ ਬਾਰੇ ਚੀਮਾ ਨੇ ਕਿਹਾ ਕਿ ਇਸ ਰਾਹੀਂ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਤੋਂ ਆਏ ਬਲਦੇਵ ਕੁਮਾਰ 'ਤੇ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਜਾਂਚ ਕਰਕੇ ਉਸ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਦਿੱਲੀ ਗਏ ਹਨ ਤੇ ਉਹ ਹਮੇਸ਼ਾ ਪਾਰਟੀ ਨਾਲ ਹਨ, ਸਾਡੇ 'ਚ ਕੋਈ ਮਤਭੇਦ ਨਹੀਂ।