ਕੈਨੇਡਾ ਦੀ ਫੌਜ ਵੱਲੋਂ ਸਿੱਖਾਂ ਦੀ ਫੌਜੀ ਤਾਕਤ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ

ਕੈਨੇਡਾ ਦੀ ਫੌਜ ਵੱਲੋਂ ਸਿੱਖਾਂ ਦੀ ਫੌਜੀ ਤਾਕਤ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ
ਪ੍ਰਦਰਸ਼ਨੀ ਦੌਰਾਨ ਪ੍ਰਬੰਧਕ ਦੀ ਜ਼ਿੰਮੇਵਾਰੀ ਨਿਭਾ ਰਹੇ ਕੈਪਟਨ ਚਰਨ ਕਮਲ ਸਿੰਘ ਦੁੱਲਤ

ਕੈਲਗਰੀ: ਭਾਵੇਂ ਕਿ ਸਿੱਖ 1849 ਵਿੱਚ ਖੁਸਿਆ ਆਪਣਾ ਰਾਜ ਹੁਣ ਤਕ ਬਹਾਲ ਨਹੀਂ ਕਰ ਸਕੇ ਹਨ ਪਰ ਸਿੱਖਾਂ ਦੀ ਫੌਜੀ ਤਾਕਤ ਦਾ ਲੋਹਾ ਅੱਜ ਵੀ ਦੁਨੀਆ ਮੰਨਦੀ ਹੈ ਅਤੇ ਸਿੱਖ ਕਿਸੇ ਨਾ ਕਿਸੇ ਰੂਪ ਵਿਚ ਇਸ ਤਾਕਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਸਿੱਖਾਂ ਦੀ ਫੌਜੀ ਤਾਕਤ ਨੂੰ ਕੈਨੇਡਾ ਦੀ ਫੌਜ ਵੱਲੋਂ ਸਤਿਕਾਰ ਦਿੱਤਾ ਜਾ ਰਿਹਾ ਹੈ। ਕੈਨੇਡਾ ਦੇ ‘ਦਿ ਮਿਲਟਰੀ ਮਿਊਜ਼ੀਅਮਜ਼’ ਵੱਲੋਂ ਇੱਕ ਵਿਲੱਖਣ ਪ੍ਰਦਰਸ਼ਨੀ ਰਾਹੀਂ ਦੇਸ਼ ਭਰ ਦੇ ਸਿੱਖਾਂ ਨੂੰ ਖ਼ਾਸ ਮਾਣ–ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਵਿੱਚ ਸਿੱਖ ਕੌਮ ਵੱਲੋਂ ਕੈਨੇਡਾ ਦੇ ਹਥਿਆਰਬੰਦ ਬਲਾਂ ਵਿੱਚ ਪਾਏ ਗਏ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ।

ਇਸ ਖ਼ਾਸ ਪ੍ਰਦਰਸ਼ਨੀ ਦੀ ਸ਼ੁਰੂਆਤ ਐਤਵਾਰ ਰਾਤੀਂ ਹੋਈ। ਇਹ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਅਪ੍ਰੈਲ ਮਹੀਨੇ ਦੌਰਾਨ ਚੱਲਦੀ ਰਹੇਗੀ। ਅਪ੍ਰੈਲ ਮਹੀਨਾ ਉਂਝ ਵੀ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਪਹਿਲਾਂ ਹੀ ਮਨਾਇਆ ਜਾ ਰਿਹਾ ਹੈ।

ਪਿਛਲੇ ਵਰ੍ਹੇ ਵੀ ਅਜਿਹੀ ਫ਼ੌਜੀ ਅਜਾਇਬਘਰ ਪ੍ਰਦਰਸ਼ਨੀ ਤਿੰਨ ਦਿਨ ਲੱਗੀ ਸੀ ਤੇ ਉਸ ਵਿੱਚ ਪਹਿਲੇ ਤੇ ਦੂਜੇ ਵਿਸ਼ਵ–ਯੁੱਧਾਂ ਦੌਰਾਨ ਸਿੱਖ ਫ਼ੌਜੀ ਜਵਾਨਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਚੇਤੇ ਕੀਤਾ ਗਿਆ ਸੀ। ਇਨ੍ਹਾਂ ਪ੍ਰਦਰਸ਼ਨੀਆਂ ਦੇ ਪ੍ਰਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਕੈਪਟਨ ਚਰਨ ਕਮਲ ਸਿੰਘ ਦੁੱਲਤ ਨੇ ਦੱਸਿਆ ਕਿ ਇਸ ਵਰ੍ਹੇ ਪ੍ਰਦਰਸ਼ਨੀ ਲਈ ਵਿਆਪਕ ਪਰਿਪੇਖ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 1897 ’ਚ ਹੋਈ ਸਾਰਾਗੜ੍ਹੀ ਦੀ ਜੰਗ ਬਾਰੇ ਵੀ ਖ਼ਾਸ ਤਸਵੀਰਾਂ ਪ੍ਰਦਰਸ਼ਿਤ ਹੋਣਗੀਆਂ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ