ਭਾਰਤ ਦੇ ਅਜ਼ਾਦੀ ਦਿਹਾੜੇ ਨੂੰ ਸਿੱਖ 'ਕਾਲੇ ਦਿਨ' ਵਜੋਂ ਮਨਾਉਣਗੇ

ਭਾਰਤ ਦੇ ਅਜ਼ਾਦੀ ਦਿਹਾੜੇ ਨੂੰ ਸਿੱਖ 'ਕਾਲੇ ਦਿਨ' ਵਜੋਂ ਮਨਾਉਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਸਾਂਝੇ ਤੌਰ ‘ਤੇ ਭਾਰਤ ਦੇ ਆਜਾਦੀ  ਦਿਹਾੜੇ  ਨੂੰ ਕਾਲਾ  ਦਿਨ  ਵਜੋਂ ਮਨਾਉਂਦਿਆਂ ਅਤੇ ਪੰਜਾਬ ਦੀ ਆਜਾਦੀ  ਦਾ ਹੋਕਾ  ਦੇਣ ਲਈ ਪੰਦਰਾਂ ਅਗਸਤ ਵਾਲੇ ਦਿਨ ਸੂਬੇ ਦੇ ਸਮੂਹ ਜਿਲਿਆਂ ਵਿੱਚ ਰੋਹ-ਭਰਪੂਰ ਮੁਜ਼ਾਹਰੇ ਕੀਤੇ ਜਾਣਗੇ।

ਤਿੰਨਾਂ ਪੰਥਕ ਧਿਰਾਂ ਦੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਕੀਤਾ ਗਿਆ। ਯੂ.ਏ.ਪੀ.ਏ ਅਤੇ ਦੇਸ਼-ਧ੍ਰੁੋਹ ਵਰਗੇ ਕਾਲੇ ਕਾਨੂੰਨਾਂ ਨੂੰ ਜਮਹੂਰੀਅਤ ਦੇ ਨਾਂ ‘ਤੇ ਕਾਲਾ ਧੱਬਾ ਦਸਦਿਆਂ, ਮੀਟਿੰਗ ਵਿੱਚ ਹਾਜ਼ਿਰ ਮੈਂਬਰਾਂ ਨੇ ਮੋਦੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਦੀ ਆਲੋਚਨਾ ਕਰਨ ਵਾਲ਼ੀਆਂ ਬੇਬਾਕ ਆਵਾਜ਼ਾਂ ਅਤੇ ਅਲੋਚਕਾਂ ਨੂੰ ਇਹਨਾਂ ਦਮਨਕਾਰੀ ਕਨੂੰਨਾਂ ਦੀ ਦੁਰਵਰਤੋਂ ਕਰਕੇ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਅਮਲ ਦਾ ਹਰ ਹੀਲੇ ਵਿਰੋਧ ਕਰਨ ਦਾ ਫੈਸਲਾ ਕੀਤਾ।

ਅੱਜ ਏਥੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਪ੍ਰੋ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਜਦ ਭਾਰਤ ਦੇ ਲੋਕ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ ਤਾਂ ਉਹ ਪੰਜਾਬ ਦੇ ਹਰ ਕੋਨੇ ਵਿੱਚ ਖੜੇ ਹੋ ਕੇ ਕੌਮ ਦੇ ਸਾਂਝੇ ਦਰਦ ਦੀ ਤਰਜਮਾਨੀ ਕਰਦਿਆਂ ਵਿਰੋਧ ਜਿਤਾਉਣਗੇ। ਉਹਨਾਂ ਆਪਣੇ ਵਿਰੋਧ ਦੇ ਚਾਰ ਪ੍ਰਮੁੱਖ ਮੁੱਦੇ ਦੱਸੇ ਜਿਨਾਂ ਵਿੱਚ ਯੂ.ਏ.ਪੀ.ਏ ਤਹਿਤ ਸਿੱਖ ਨੌਜਵਾਨਾˆ ਦੀਆਂ ਅੰਨੇਵਾਹ ਗ੍ਰਿਫਤਾਰੀਆਂ ਤੇ ਰੈਫਰੇਡਮ 2020 ਦੀ ਆੜ ਹੇਠ ਸਿੱਖਾਂ ਦੀ ਥਾਣਿਆਂ ਵਿੱਚ ਖੱਜਲਖੁਆਰੀ, 9 ਖਾਲਿਸਤਾਨੀ ਸਿੱਖਾਂ ਨੂੰ ਭਾਰਤੀ ਕਾਲੇ ਕਾਨੂੰਨ ਤਹਿਤ ਅੱਤਵਾਦੀ ਗਰਦਾਨਣਾ,  ਪ੍ਰੋ. ਦਵਿੰਦਰਪਾਲ ਸਿੰਘ ਤੋਂ ਲੈ ਕੇ ਜੰਗੀ ਜੌਹਲ ਤੱਕ ਗ੍ਰਿਫ਼ਤਾਰ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਨਾ ਕਰਨਾ ਅਤੇ ਮੋਦੀ ਹਕੂਮਤ ਦੇ ਕਿਸਾਨ-ਵਿਰੋਧੀ ਖੇਤੀ ਆਰਡੀਨੈਂਸ ਪ੍ਰਮੱਖ ਸ਼ਾਮਿਲ ਹਨ।

ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵੀ ਨਾਲ ਸਨ।

ਉਹਨਾਂ ਕਿਹਾ ਕਿ ਕਾਲੇ ਝੰਡੇ ਹੱਥਾਂ ਵਿੱਚ ਲੈ ਕੇ, ਕਾਲੇ ਮਾਸਕ ਬੰਨਕੇ ਉਹਨਾਂ ਦੀਆਂ ਪਾਰਟੀਆਂ ਦੇ ਮੈਂਬਰ ਹਰ ਜਿਲ੍ਹਾ ਹੈਡਕੁਆਰਟਰ ਦੇ ਰੋਸ ਮੁਜ਼ਾਹਰੇ ਕਰਨਗੇ। ਉਹਨਾਂ ਮੰਨਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸੀਮਤ ਰੱਖੀ ਜਾਵੇਗੀ ਅਤੇ ਜਿਸਮਾਨੀ ਦੂਰੀਆਂ ਵੀ ਬਣਾ ਕੇ ਰੱਖੀਆਂ ਜਾਣਗੀਆਂ। ਪਤਰਕਾਰਾਂ ਦੇ ਸੁਆਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾ ਸਕਦੇ ਹਨ ਤਾਂ ਉਹ ਵੀ ਪ੍ਰੋਟੇਸਟ ਕਰਨ ਦਾ ਹੱਕ ਰੱਖਦੇ ਹਨ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਨਾ ਤਾਂ ਮੰਤਰੀ ਅਤੇ ਸਰਕਾਰੀ ਅਫਸਰ ਕੋਰੋਨਾ-ਮੁਕਤ ਹਨ ਅਤੇ ਨਾ ਹੀ ਉਹ (ਪ੍ਰਦਰਸ਼ਨਕਾਰੀ) ਕੋਰੋਨਾ-ਕੈਰੀਅਰ।

ਉਹਨਾਂ ਭਾਰਤ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਸ਼ਮੀਰੀਆਂ ਨੂੰ ਦਮਨਕਾਰੀ ਹੱਥਕੰਡਿਆਂ ਨਾਲ ਲਤਾੜਣ ਤੋਂ ਬਾਅਦ, ਦਿੱਲੀ ਦੇ ਹੁਕਮਰਾਨਾਂ ਦੀ ਅੱਖ ਹੁਣ ਸਿੱਖਾਂ ‘ਤੇ ਆ ਟਿਕੀ ਹੈ, ਖਾਸ ਤੌਰ ਤੇ ਉਹਨਾਂ ਸਿੱਖਾਂ ‘ਤੇ ਜਿਹੜੇ ਦਿੱਲੀ ਦੀ ਗੁਲਾਮੀ/ਅਧੀਨਗੀ ਨੂੰ ਮੰਨਣ ਤੋਂ ਇਨਕਾਰੀ ਹਨ। ਉਹਨਾਂ ਸਰਕਾਰ ਦੇ ਇਰਾਦਿਆਂ ‘ਤੇ ਸ਼ੰਕੇ ਖੜੇ ਕੀਤੇ ਕਿ ਉਹ ਸਿੱਖਾਂ ਅੰਦਰ ਪਨਪ ਰਹੀ ਵੱਖਰੇ ਰਾਜ ਦੀ ਇੱਛਾ-ਸ਼ਕਤੀ ਨੂੰ ਕੁਚਲਣ ਲਈ 2020 ਰੈਫਰੇਡਮ ਨੂੰ ਹਊਆ ਬਣਾ ਰਹੀ ਹੈ। ਉਹਨਾਂ ਸਰਕਾਰ ਵਲੋਂ ਦਿਖਾਈ ਜਾ ਰਹੀ ਹਫਰਾ-ਤਫਰੀ ਨੂੰ ਡਰਾਮਾ ਦਸਦਿਆਂ ਕਿਹਾ ਕਿ ਪੰਜਾਬ ਅੰਦਰ ਨਾ ਤਾਂ ਸ਼ਾਂਤੀ ਨੂੰ ਕੋਈ ਖਤਰਾ ਹੈ ਅਤੇ ਨਾ ਹੀ ਆਪਸੀ ਭਾਈਚਾਰੇ ਨੂੰ।  

ਉਹਨਾਂ ਕਾਲੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਦਸਿਆ ਕਿ 2004 ਵਿੱਚ ਅੱਤਵਾਦ ਰੋਕੂ ਐਕਟ (ਪੋਟਾ) ਦੀ ਦੁਰਵਰਤੋਂ ਵਿਰੁੱਧ ਜਨਤਕ ਰੋਸ ਅੱਗੇ ਝੁਕਦਿਆਂ, ਡਾ ਮਨੋਹਨ ਸਿੰਘ ਦੀ ਸਰਕਾਰ ਨੇ ਇਸ ਨੂੰ ਤਾਂ ਰੱਦ ਕਰ ਦਿੱਤਾ, ਪ੍ਰੰਤੂ ਵੱਡੇ ਪੱਧਰ ’ਤੇ ਉਸੇ ਸਮੇਂ ਗ਼ੈਰ-ਕਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਵਿੱਚ ਸੋਧ ਕਰਕੇ ਇਸ ਨੂੰ ਹੋਰ ਵਧੇਰੇ ਕਠੋਰ ਬਣਾ ਲਿਆ ਗਿਆ। ਉਹਨਾਂ ਕਿਹਾ ਕਿ 2008, 2012 ਅਤੇ 2019 ਵਿੱਚ ਸੋਧਾਂ ਤੋਂ ਬਾਅਦ ਯੂ.ਏ.ਪੀ.ਏ. ਨੂੰ ਟਾਡਾ ਅਤੇ ਪੋਟਾ ਦੇ ਨਵੇਂ ਅਵਤਾਰ ਦੇ ਰੂਪ ਵਿੱਚ ਘੜ ਦਿੱਤਾ ਗਿਆ ਹੈ।

ਉਹਨਾਂ ਅੱਗੇ ਕਿਹਾ ਕਿ 1870 ਵਿੱਚ ਭਾਰਤੀ ਦੰਡਾਵਲੀ ਵਿੱਚ ਦੇਸ਼-ਧ੍ਰੋਹ (ਬਗ਼ਾਵਤ) ਦੇ ਕਠੋਰ ਕਨੂੰਨ ਨੂੰ ਬਸਤੀਵਾਦੀ ਦਬਦਬਾ ਅਤੇ ਦਹਿਸ਼ਤ ਦੇ ਸਾਧਨ ਵਜੋਂ ਘੜੇ ਜਾਣ ਤੋਂ ਸੌ ਸਾਲ ਬਾਅਦ-ਆਜ਼ਾਦ ਭਾਰਤ ਵਿੱਚ ਤਮਾਮ ਸਰਕਾਰਾਂ ਅਸਹਿਮਤੀ ਨੂੰ ਠੱਲ੍ਹ ਪਾਉਣ ਅਤੇ ਅਸਹਿਮਤ ਆਵਾਜ਼ਾਂ ਜਾਂ ਬਾਗ਼ੀ ਸੁਰਾਂ ਨੂੰ ਨੱਪਣ ਲਈ ਇਸ ਦੀ ਦੁਰਵਰਤੋਂ ਪੂਰੀ ਕਠੋਰਤਾ ਨਾਲ਼ ਕਰਦੀਆਂ ਆ ਰਹੀਆਂ ਹਨ।

ਪੁਲਿਸ ਵੱਲੋਂ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਨੂੰ ਜਾਇਜ਼ ਠਹਿਰਾਉਣ ਉਤੇ ਕੈਪਟਨ ਅਮਰਿੰਦਰ ਸਿੰਘ ਦੀ ਤਿੱਖੀ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਅਤੇ ਕੈਪਟਨ ਇਕੋ ਡਾਲ ਦੇ ਪੰਛੀ ਹਨ। ਉਹਨਾਂ ਦਸਿਆ ਕਿ ਦੇਸ਼ ਦੀ ਅਖੰਡਤਾ ਨੂੰ ਆਧਾਰ ਬਣਾਕੇ ਦੋਨਾਂ ਦੀਆਂ ਸਰਕਾਰਾਂ ਨੇ ਇੱਕੋ ਜਿੰਨੇ ਜ਼ੁਲਮ ਢਾਹੇ। 

ਸੁਖਬੀਰ ਵੱਲੋਂ ਦਿਖਾਏ ਹੇਜ ਉਤੇ ਸਖ਼ਤ ਟਿੱਪਣੀ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਸੁਖਬੀਰ ਦੇ ਰਾਜ-ਕਾਲ ਵਿੱਚ ਵੀ ਕਠੋਰ ਕਾਨੂੰਨਾ ਦੀ ਖੁੱਲ ਕੇ ਦੁਰਵਰਤੋਂ ਹੋਈ ਸੀ । ਉਹਨਾਂ ਕਿਹਾ ਕਿ ਸੁਖਬੀਰ ਇਹ ਦੱਸਣ ਦੀ ਖੇਚਲ ਕਰਨ ਕਿ ਆਲਮ ਤੇ ਸੈਣੀ ਵਰਗੇ ਬੁੱਚੜ ਅਫਸਰਾਂ ਨੂੰ ਉਸਦੀ ਪਾਰਟੀ ਤੇ ਸਰਕਾਰ ਨੇ ਕਿਉਂ ਨਿਵਾਜਿਆਂ? ਉਹਨਾ ਖੁਲਾਸਾ ਕਰਦਿਆਂ ਦਸਿਆ ਕਿ ਅਕਾਲੀਆਂ ਦੇ ਦਸ ਸਾਲਾ ਰਾਜ ਵਿੱਚ 47 ਕੇਸ ਯੂ.ਏ.ਪੀ.ਏ ਤਹਿਤ ਦਰਜ ਕੀਤੇ ਗਏ ਅਤੇ ਕੈਪਟਨ ਨੇ ਇਹ ਆਂਕੜਾ ਤਿੰਨਾਂ ਸਾਲਾਂ ਵਿੱਚ ਪੂਰਾ ਕਰ ਲਿਆ ।  

ਲਾਕਡਾਊਨ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਨੂੰ ਮੁੜ ਖੋਲਣ ‘ਤੇ ਭਾਰਤ ਸਰਕਾਰ ਦੇ ਨਾਂ-ਪੱਖੀ ਰਵਈਏ ਦੀ ਤਿੱਖੀ ਆਲੋਚਨਾ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲਾਂਘੇ ਨੂੰ ਮੁੜ ਨਾ ਖੋਲਣਾ ਭਾਰਤ ਦੀ ਸਿੱਖਾਂ ਪ੍ਰਤੀ ਬਦਨੀਤੀ ਹੈ। ਇਸ ਮੌਕੇ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਮੌਜੂਦ ਸਨ।