ਦਿੱਲੀ ਵਿੱਚ ਸਿੱਖ ਰਾਜਨੀਤੀ ਨੂੰ ਖੂੰਝੇ ਲਾਉਣ ਦਾ ਦੋਸ਼ੀ ਬਾਦਲ ਦਲ

ਦਿੱਲੀ ਵਿੱਚ ਸਿੱਖ ਰਾਜਨੀਤੀ ਨੂੰ ਖੂੰਝੇ ਲਾਉਣ ਦਾ ਦੋਸ਼ੀ ਬਾਦਲ ਦਲ
ਭਾਜਪਾ ਆਗੂ ਰਾਜਨਾਥ ਢੋਲ ਵਜਾਉਂਦੇ ਹੋਏ ਤੇ ਨਾਲ ਖੜ੍ਹੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੱਸਦੇ ਹੋਏ

ਸੁਖਵਿੰਦਰ ਸਿੰਘ
ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਤੋਂ ਠੀਕ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਭਾਈਵਾਲ ਭਾਜਪਾ ਨੇ ਬਾਦਲ ਦਲ ਨੂੰ ਗਠਜੋੜ ਮਹਿਲ ਦਾ ਬੂਹਾ ਦਿਖਾਉਂਦਿਆਂ ਬਾਹਰ ਕਰ ਦਿੱਤਾ ਹੈ। ਹਲਾਂਕਿ ਬਾਦਲ ਦਲ ਆਪਣੀਆਂ ਚਾਰ ਟਿਕਟਾਂ 'ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਆਸਵੰਦ ਸੀ ਤੇ ਉਮੀਦਵਾਰਾਂ ਦੇ ਸੰਭਾਵੀ ਨਾਂ ਵੀ ਸਾਹਮਣੇ ਆ ਚੁੱਕੇ ਸਨ ਪਰ ਭਾਜਪਾ ਨੇ ਬਾਦਲ ਦਲ ਨਾਲ ਗਠਜੋੜ ਨਾ ਕਰਨ ਦਾ ਫੈਂਸਲਾ ਕਰਕੇ ਬਾਦਲ ਪਰਿਵਾਰ ਨੂੰ ਹਰਿਆਣੇ ਤੋਂ ਬਾਅਦ ਹੁਣ ਦਿੱਲੀ ਵਿਚ ਦੂਜਾ ਵੱਡਾ ਝਟਕਾ ਦਿੱਤਾ ਹੈ।

ਭਾਵੇਂਕਿ ਬਾਦਲ ਦਲ ਨੇ ਆਪਣਾ ਪੱਖ ਰਖਦਿਆਂ ਕਿਹਾ ਹੈ ਕਿ ਭਾਜਪਾ ਵੱਲੋਂ ਉਹਨਾਂ 'ਤੇ ਸੀਏਏ ਦਾ ਸਮਰਥਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਤੇ ਬਾਦਲ ਦਲ ਕਾਨੂੰਨ ਵਿਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ 'ਤੇ ਅੜਿਆ ਸੀ ਜਿਸ ਕਾਰਨ ਉਹਨਾਂ ਦਿੱਲੀ ਦੀਆਂ ਚੋਣਾਂ ਭਾਜਪਾ ਨਾਲ ਗਠਜੋੜ ਵਿਚ ਨਾ ਲੜਨ ਦਾ ਫੈਂਸਲਾ ਕੀਤਾ ਹੈ। ਜਦਕਿ ਬਾਦਲ ਦਲ ਪਾਰਲੀਮੈਂਟ ਵਿਚ ਵੀ ਸੀਏਏ ਦੇ ਸਮਰਥਨ 'ਚ ਭੁਗਤਿਆ ਸੀ ਅਤੇ ਪੰਜਾਬ ਵਿਧਾਨ ਸਭਾ 'ਚ ਬੀਤੇ ਦਿਨ ਕਾਨੂੰਨ ਖਿਲਾਫ ਪਾਏ ਗਏ ਮਤੇ ਦਾ ਵੀ ਬਾਦਲ ਦਲ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਸੀਏਏ ਖਿਲਾਫ ਜ਼ਮੀਨੀ ਪੱਧਰ 'ਤੇ ਹੋ ਰਹੇ ਵਿਰੋਧ 'ਚ ਬਾਦਲ ਦਲ ਦੀ ਕੋਈ ਸ਼ਮੂਲੀਅਤ ਨਹੀਂ ਰਹੀ ਹੈ ਅਤੇ ਮਹਿਜ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬਿਆਨ ਹੀ ਦਿੱਤਾ ਗਿਆ ਸੀ ਕਿ ਮੁਸਲਮਾਨਾਂ ਨੂੰ ਵੀ ਇਸ ਕਾਨੂੰਨ 'ਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਅਜਿਹਾ ਬਿਆਨ ਭਾਜਪਾ ਦੇ ਦੂਜੇ ਭਾਈਵਾਲਾਂ ਨੇ ਵੀ ਦਿੱਤਾ ਜਿਹਨਾਂ 'ਚ ਜਨਤਾ ਦਲ ਯੂਨਾਈਟਿਡ ਦੇ ਮੁਖੀ ਨਿਤਿਸ਼ ਕੁਮਾਰ ਵੀ ਸ਼ਾਮਲ ਸਨ ਤੇ ਇਸ ਵਾਰ ਦਿੱਲੀ 'ਚ ਭਾਜਪਾ ਅਤੇ ਜਨਤਾ ਦਲ ਯੂਨਾਈਟਿਡ ਇਕੱਠਿਆਂ ਚੋਣਾਂ ਲੜ ਰਹੇ ਹਨ। 

ਭਾਜਪਾ ਦਾ ਲੰਬੇ ਸਮੇਂ ਤੋਂ ਭਾਈਵਾਲ ਰਿਹਾ ਬਾਦਲ ਦਲ ਭਾਜਪਾ ਨਾਲ ਆਪਣੀ ਸਾਂਝ ਕਾਰਨ ਸਿੱਖ ਹਲਕਿਆਂ ਵਿਚ ਵੀ ਆਪਣੀ ਸਾਖ ਗੁਆ ਚੁੱਕਿਆ ਹੈ ਕਿਉਂਕਿ ਭਾਜਪਾ ਹਿੰਦੁਤਵ ਦੀ ਰਾਜਨੀਤੀ ਕਰਦੀ ਹੈ ਤੇ ਭਾਜਪਾ ਦੀ ਮਾਂ ਮੰਨੀ ਜਾਂਦੀ ਆਰ.ਐਸ.ਐਸ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ ਵੀ ਹੁਕਮ ਜਾਰੀ ਹੋ ਚੁੱਕੇ ਹਨ। ਪਰ ਇਸ ਦੇ ਬਾਵਜੂਦ ਆਪਣੇ ਨਿਜੀ ਸਿਆਸੀ ਮੁਫਾਦਾਂ ਲਈ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ ਬਾਦਲ ਪਰਿਵਾਰ ਨੇ ਭਾਜਪਾ ਨਾਲ ਭਾਈਵਾਲੀ ਬਣਾਈ ਰੱਖੀ। ਇਸ ਭਾਈਵਾਲੀ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਰਗੇ ਸਿੱਖ ਵਸੋਂ ਵਾਲੇ ਪੰਜਾਬ ਤੋਂ ਬਾਹਰਲੇ ਖੇਤਰਾਂ 'ਚ ਨੁਕਸਾਨ ਹੋਇਆ ਉੱਥੇ ਸਿੱਖ ਬਹੁਗਿਣਤੀ ਵਾਲੇ ਪੰਜਾਬ ਸੂਬੇ 'ਚ ਭਾਜਪਾ ਬਾਦਲ ਦਲ ਦੀ ਮਦਦ ਨਾਲ ਪੈਰ ਲਾਉਣ 'ਚ ਕਾਮਯਾਬ ਹੋਈ। ਹੁਣ ਹਾਲਾਤ ਇਹ ਨੇ ਕਿ ਜਿੱਥੇ ਦਿੱਲੀ ਵਰਗੇ ਸੂਬੇ ਅੰਦਰ ਬਾਦਲ ਦਲ ਦੀ ਰਾਜਨੀਤੀ ਦਾ ਭੋਗ ਪੈ ਗਿਆ ਹੈ ਉੱਥੇ ਪੰਜਾਬ ਵਿਚ ਭਾਜਪਾ ਦੇ ਆਗੂ ਬਾਦਲ ਦਲ ਤੋਂ ਵੱਖ ਹੋ ਕੇ ਇਕੱਲੇ ਚੋਣਾਂ ਲੜਨ ਦੀਆਂ ਬੜ੍ਹਕਾਂ ਮਾਰਦੇ ਹਨ। ਸਿੱਖ ਸਿਆਸਤ ਨਾਲ ਵਾਕਫ ਸਿਆਣੇ ਲੋਕ ਮੁੱਢ ਤੋਂ ਹੀ ਕਹਿੰਦੇ ਰਹੇ ਹਨ ਕਿ ਭਾਜਪਾ ਦੀ ਹਿੰਦੁਤਵੀ ਰਾਜਨੀਤੀ ਇਕ ਸਰਾਲ ਵਾਂਗ ਹੈ ਜੋ ਉਸਦੇ ਕਲਾਵੇ 'ਚ ਆਉਣ ਵਾਲੀ ਹਰ ਪਾਰਟੀ ਜਾਂ ਧਾਰਾ ਨੂੰ ਨਿਗਲ ਜਾਣ ਦੀ ਵਿਚਾਰਧਾਰਾ ਰੱਖਦੀ ਹੈ। ਇਹ ਤੌਖਲੇ ਹੁਣ ਪ੍ਰਤੱਖ ਹੁੰਦੇ ਨਜ਼ਰ ਆ ਰਹੇ ਹਨ। 

ਦਿੱਲੀ ਵਿੱਚ ਸਿੱਖ ਵੋਟ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਸਿੱਖਾਂ ਨੂੰ ਦਿੱਲੀ ਦੀ ਰਾਜਨੀਤੀ 'ਚ ਪ੍ਰਭਾਵ ਪਾਉਣ ਵਾਲਾ ਇਕ ਅਹਿਮ ਸਮੂਹ ਮੰਨਿਆ ਜਾਂਦਾ ਹੈ। ਪਰ ਹੁਣ ਸਥਿਤੀ ਇਹ ਹੈ ਕਿ ਸਿੱਖਾਂ ਦੀ ਪਾਰਟੀ ਬਤੌਰ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਚੋਣਾਂ ਤੋਂ ਹੀ ਬਾਹਰ ਹੋ ਗਈ ਹੈ। ਦਿੱਲੀ ਵਿਚ ਸਿੱਖ ਰਾਜਨੀਤੀ ਨੂੰ ਖੂੰਝੇ ਲਾਉਣ 'ਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਬਾਦਲ ਦਲ ਨੇ ਸਿੱਖ ਰਾਜਨੀਤੀ 'ਤੇ ਕਬਜਾ ਕਰਕੇ ਉਸਨੂੰ ਭਾਜਪਾ ਸਹਾਰੇ ਛੱਡ ਦਿੱਤਾ ਤੇ ਹੁਣ ਭਾਜਪਾ ਦਾ ਸਹਾਰਾ ਛੁੱਟਣ ਮਗਰੋਂ ਬਾਦਲ ਦਲ ਇਕੱਲਿਆਂ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਰਿਹਾ। 

ਸਿੱਖ ਰਾਜਨੀਤੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਰੋਸੇਯੋਗਤਾ ਖਤਮ ਹੋਣ ਨਾਲ ਪੈਦਾ ਹੋ ਰਹੇ ਖਲਾਅ 'ਚ ਜਿਹੜੇ ਬਦਲਵੇਂ ਚਿਹਰੇ ਉੱਭਰ ਰਹੇ ਹਨ ਉਹ ਵੀ ਇਸ ਸਾਰੇ ਨਿਘਾਰ ਦੇ ਬਰਾਬਰ ਹਿੱਸੇਦਾਰ ਰਹੇ ਹਨ। ਸਿੱਖ ਰਾਜਨੀਤੀ ਨੂੰ ਨਵੇਂ ਸਿਰਿਓਂ ਉਸਾਰਨ ਲਈ ਅਤੇ ਸਿੱਖ ਰਾਜਨੀਤੀ ਦੀ ਸਿਧਾਂਤਕ ਨਿਸ਼ਾਨੇ ਮਿੱਥਣ ਕੇ ਕਾਰਜਸ਼ੀਲ ਹੋਣ ਲਈ ਜ਼ਮੀਨ ਬੱਤਰ ਹੈ ਪਰ ਨਵੇਂ ਹਾਲੀਆਂ ਦੀ ਪੰਜਾਬ ਦੀ ਭੋਇੰ ਦੀ ਉਡੀਕ ਕਦੋਂ ਖਤਮ ਹੋਵੇਗੀ ਇਹ ਸਮੇਂ ਦੀ ਕੁੱਖ ਦਾ ਸੱਚ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।