ਪੀਟੀਸੀ ਨੇ ਹੁਕਮਨਾਮਾ ਸਾਹਿਬ ਨੂੰ ਬੌਧਿਕ ਜਾਇਦਾਦ ਦੱਸ ਕੇ ਗੁਰਬਾਣੀ ਦੀ ਬੇਅਦਬੀ ਕੀਤੀ: ਅਮਰੀਕੀ ਸਿੱਖ ਨੁਮਾਂਇੰਦੇ

ਪੀਟੀਸੀ ਨੇ ਹੁਕਮਨਾਮਾ ਸਾਹਿਬ ਨੂੰ ਬੌਧਿਕ ਜਾਇਦਾਦ ਦੱਸ ਕੇ ਗੁਰਬਾਣੀ ਦੀ ਬੇਅਦਬੀ ਕੀਤੀ: ਅਮਰੀਕੀ ਸਿੱਖ ਨੁਮਾਂਇੰਦੇ

ਕੈਲੀਫੋਰਨੀਆ, (ਏ.ਟੀ ਬਿਊਰੋ): ਅਮਰੀਕਾ ਵਿਚ ਨਿਊ ਜਰਸੀ ਅਤੇ ਨਿਊਯਾਰਕ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਂਇੰਦਿਆਂ ਦੀ ਇਕੱਤਰਤਾ ਹੋਈ ਜਿਸ ਵਿਚ ਪੀਟੀਸੀ ਚੈੱਨਲ ਵੱਲੋਂ ਦਰਬਾਰ ਸਾਹਿਬ ਤੋਂ ਆਉਂਦੇ ਹੁਕਮਨਾਮਾ ਸਾਹਿਬ ਨੂੰ ਆਪਣੀ ਬੌਧਿਕ ਜ਼ਾਇਦਾਦ ਦੱਸਣਾ ਗੁਰਬਾਣੀ ਦੀ ਬੇਅਦਬੀ ਕਰਾਰ ਦਿੱਤਾ ਗਿਆ।

ਇਸ ਇਕੱਤਰਤਾ ਵਿਚ ਲੰਬੀ ਵਿਚਾਰ ਮਗਰੋਂ ਚਾਰ ਮਤੇ ਪ੍ਰਵਾਨ ਕੀਤੇ ਗਏ। ਪਹਿਲੇ ਮਤੇ ਵਿਚ ਕਿਹਾ ਗਿਆ, "ਗੁਰਬਾਣੀ ਅਕਾਲ ਪੁਰਖ ਦਾ ਹੁਕਮ ਹੈ। ਗੁਰਬਾਣੀ, ਜਿਸ ਬਾਰੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੇ ਆਪ ਸਪਸ਼ਟ ਕੀਤਾ ਹੈ: 'ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥, ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥, ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ॥'  
ਪੀ. ਟੀ. ਸੀ ਅਤੇ ਇਸ ਦੇ ਮੁਖੀ ਰਵਿੰਦਰ ਨਰਾਇਣ ਵਲੋਂ ਗੁਰਬਾਣੀ ਨੂੰ  ਆਪਣੀ ਬੋਧਿਕ ਜਾਇਦਾਦ ਦਸ ਕੇ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਗਈ ਹੈ। "

ਦੂਜੇ ਮਤੇ ਵਿਚ ਕਿਹਾ ਗਿਆ, "ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੀ. ਟੀ. ਸੀ. ਚੈਨਲ ਅਤੇ ਇਸ ਦੇ ਮੁਖੀ ਰਵਿੰਦਰ ਨਰਾਇਣ ਖਿਲਾਫ ਗੁਰਬਾਣੀ ਦੀ ਬੇਅਦਬੀ ਕਰਨ ਵਿਰੁੱਧ ਠੋਸ ਕਾਰਵਾਈ ਕਰਵਾਈ ਜਾਵੇ।"

ਤੀਜੇ ਮਤੇ ਵਿਚ ਕਿਹਾ ਗਿਆ, "ਪੀ. ਟੀ. ਸੀ. ਦੇ ਜਿਸ ਚੈਨਲ ਉੱਤੇ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਸਾਰਣ ਹੁੰਦਾ ਹੈ ਉਸੇ ਚੈਨਲ ਉਤੇ ਬਾਅਦ ਵਿੱਚ ਗੁਰਮਤਿ ਜੀਵਨ ਜੁਗਤ ਦੇ ਉਲਟ ਜਾ ਕੇ ਪੰਜਾਂ ਵਿਕਾਰਾਂ ਨੂੰ  ਭੜਕਾਉਣ ਵਾਲੇ ਗੀਤ ਨਾਚ ਦਿਖਾਏ ਜਾਂਦੇ ਹਨ ਇਸ ਲਈ ਪੀ. ਟੀ. ਸੀ. ਤੋਂ ਗੁਰਬਾਣੀ ਦਾ ਪ੍ਰਸਾਰਣ  ਬੰਦ ਕੀਤਾ ਜਾਵੇ।" 

ਚੌਥੇ ਮਤੇ ਵਿਚ ਕਿਹਾ ਗਿਆ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਬਾਣੀ ਕੀਰਤਨ, ਹੁਕਮਨਾਮਾ ਸਾਹਿਬ ਅਤੇ ਕਥਾ ਵਿਚਾਰ ਨੂੰ  ਦੁਨੀਆਂ ਭਰ ਵਿੱਚ ਪਹੁੰਚਾਉਣ ਲਈ ਆਪਣਾ ਇੱਕ ਨਿਰੋਲ ਗੁਰਮਤਿ ਚੈਨਲ ਅਤੇ ਇੱਕ ਕੰਟਰੋਲ ਰੂਮ ਬਣਾ ਕੇ ‘ਹਾਈ ਕੁਆਲਿਟੀ’ ਪ੍ਰਸਾਰਣ ਵੈਬ ਸਰਵਰ, ਯੂ-ਟਿਊਬ ਅਤੇ ਹੋਰਨਾਂ ਸਾਧਨਾਂ ਰਾਹੀਂ ਪ੍ਰਸਾਰਤ ਕਰੇ ਅਤੇ ਸੇਵਾ ਭਾਵਨਾ ਵਿੱਚ ਫੇਸਬੱਕੁ, ਵੈਬ-ਸਰਵਰ ਵਗੈਰਾ ਉੱਤੇ ਪਾਉਣ ਦੀ ਖੱਲ੍ਹ ਦਿੱਤੀ ਜਾਵੇ। 

ਇਹ ਜਾਣਕਾਰੀ ਨਿਊ ਜਰਸੀ ਸਿੱਖ ਗੁਰਦੁਆਰਾ ਕਮੇਟੀਆਂ ਦੇ ਕੋਆਰਡੀਨੇਟਰ ਸ. ਯਾਦਵਿੰਦਰ ਸਿੰਘ ਦੇ ਨਾਂ ਹੇਠ ਜਾਰੀ ਕੀਤੀ ਗਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।