ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਪਾਰਲੀਮੈਂਟ ਵਿਚ ਬੈਠਣਗੇ ਦੋ ਸਿੱਖ ਮੈਂਬਰ

ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਪਾਰਲੀਮੈਂਟ ਵਿਚ ਬੈਠਣਗੇ ਦੋ ਸਿੱਖ ਮੈਂਬਰ
ਰਮੇਸ਼ ਸਿੰਘ ਅਰੋੜਾ

ਇਸਲਾਮਾਬਾਦ: ਰਮੇਸ਼ ਸਿੰਘ ਅਰੋੜਾ ਨੇ ਬੀਤੇ ਕੱਲ੍ਹ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ। ਰਮੇਸ਼ ਸਿੰਘ ਅਰੋੜਾ ਵੱਲੋਂ ਸਹੁੰ ਚੁੱਕਣ ਨਾਲ ਇਤਿਹਾਸ ਵਿਚ ਪਹਿਲੀ ਵਾਰ ਇਹ ਮੌਕਾ ਆਇਆ ਹੈ ਜਦੋਂ ਪਾਕਿਸਤਾਨ ਦੀ ਪਾਰਲੀਮੈਂਟ 'ਚ ਇਕੋ ਸਮੇਂ ਦੋ ਸਿੱਖ ਮੈਂਬਰ ਹਨ। ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੈਂਬਰ ਹਨ ਜਦਕਿ ਉਹਨਾਂ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਵੱਲੋਂ ਮਹਿੰਦਰ ਪਾਲ ਸਿੰਘ ਪਾਰਲੀਮੈਂਟ ਮੈਂਬਰ ਹਨ। ਮਹਿੰਦਰ ਪਾਲ ਸਿੰਘ ਨੂੰ ਪਾਕਿਸਤਾਨ ਸਰਕਾਰ ਵੱਲੋਂ ਘੱਟਗਿਣਤੀਆਂ ਅਤੇ ਮਨੁੱਖੀ ਹੱਕਾਂ ਬਾਰੇ ਪਾਰਲੀਮੈਂਟਰੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਰਮੇਸ਼ ਸਿੰਘ ਅਰੋੜਾ 2013 'ਚ ਪਾਕਿਸਤਾਨ ਪਾਰਲੀਮੈਂਟ ਦੇ ਮੈਂਬਰ ਬਣਨ ਵਾਲੇ ਪਹਿਲੇ ਸਿੱਖ ਸਨ। ਹੁਣ ਉਹਨਾਂ ਨੂੰ ਦੂਜੀ ਵਾਰ ਰਾਖਵੀਂ ਸੀਟ ਤੋਂ ਚੁਣਿਆ ਗਿਆ ਹੈ। 

ਇਸ ਚੋਣ ਲਈ ਰਮੇਸ਼ ਸਿੰਘ ਅਰੋੜਾ ਨੇ ਪਾਰਟੀ ਆਗੂ ਨਵਾਜ਼ ਸ਼ਰੀਫ ਦਾ ਧੰਨਵਾਦ ਕੀਤਾ। ਰਮੇਸ਼ ਸਿੰਘ ਅਰੋੜਾ ਨੇ ਹੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਸਿੱਖ ਵਿਆਹ ਕਾਨੂੰਨ ਪਾਰਲੀਮੈਂਟ ਵਿਚ ਲਿਆਂਦਾ ਸੀ ਜੋ ਬਾਅਦ ਵਿਚ ਪਾਸ ਕਰ ਦਿੱਤਾ ਗਿਆ ਸੀ। ਹੁਣ ਪਾਕਿਸਤਾਨ ਵਿਚ ਸਿੱਖਾਂ ਦੇ ਅਨੰਦ ਕਾਰਜ ਇਸੇ ਕਾਨੂੰਨ ਅਧੀਨ ਦਰਜ ਹੁੰਦੇ ਹਨ। ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹ ਦੂਜੇ ਸਿੱਖ ਮੈਂਬਰ ਮਹਿੰਦਰ ਪਾਲ ਸਿੰਘ ਨਾਲ ਮਿਲ ਕੇ ਸਿੱਖ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰਨਗੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।