ਸ਼੍ਰੋਮਣੀ ਕਮੇਟੀ ਨੇ ਵੀ ਨਚਾਰਾਂ ਦੇ ਬੁੱਤ ਹਟਾਉਣ ਅਤੇ ਗ੍ਰਿਫਤਾਰ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ

ਸ਼੍ਰੋਮਣੀ ਕਮੇਟੀ ਨੇ ਵੀ ਨਚਾਰਾਂ ਦੇ ਬੁੱਤ ਹਟਾਉਣ ਅਤੇ ਗ੍ਰਿਫਤਾਰ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ

ਅੰਮ੍ਰਿਤਸਰ: ਦਰਬਾਰ ਸਾਹਿਬ ਨੇੜੇ ਰਾਹ 'ਤੇ ਪੰਜਾਬ ਸਰਕਾਰ ਵੱਲੋਂ ਲਾਏ ਗਏ ਨਚਾਰਾਂ ਦੇ ਬੁੱਤ ਹਟਾਉਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਮੀਟਿੰਗ ਮਗਰੋਂ ਇਸ ਮਾਮਲੇ ਬਾਰੇ ਭਲਕੇ 24 ਜਨਵਰੀ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਬੈਠਕ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਇਹ ਬੁੱਤ ਇਸ ਥਾਂ ਤੋਂ ਹਟਵਾਏ ਜਾ ਸਕਣ ਅਤੇ ਬੁੱਤ ਭੰਨਣ ਕਰਕੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਸੰਭਵ ਹੋ ਸਕੇ।

ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਸਕੱਤਰ ਅਵਤਾਰ ਸਿੰਘ ਸੈਂਪਲਾ ਤੇ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਸ਼ਾਮਲ ਸਨ। 

ਬੈਠਕ ਮਗਰੋਂ ਭਾਈ ਮਹਿਤਾ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਇਸ ਮਾਮਲੇ ਬਾਰੇ ਸਰਕਾਰ ਕੋਲ ਗੱਲ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਸ ਮਾਮਲੇ ਵਿਚ ਗ੍ਰਿਫ਼ਤਾਰ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਨਾ ਗ਼ਲਤ ਹੈ।

ਮੀਟਿੰਗ ਦੌਰਾਨ ਭਾਈ ਮਹਿਤਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੇ ਹੱਲ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ ਇਹ ਕਮੇਟੀ ਇਸ ਸਬੰਧੀ ਕੰਮ ਮੁਕੰਮਲ ਕਰ ਕੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੇਗੀ।

ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਹੁਣ ਤਕ ਸ਼੍ਰੋਮਣੀ ਕਮੇਟੀ ਸਿੱਧੇ ਤੌਰ ’ਤੇ ਸਾਹਮਣੇ ਨਹੀਂ ਆਈ ਸੀ ਪਰ ਹੁਣ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਇਸ ਸਬੰਧੀ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰ ਦਿੱਤਾ ਹੈ।

ਉੱਧਰ ਬੁੱਤਾਂ ਵਾਲੀ ਥਾਂ 'ਤੇ ਬੁੱਤ ਹਟਾਉਣ ਦੀ ਮੰਗ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਲੋਕ ਇਨਸਾਫ ਪਾਰਟੀ ਦੇ ਨੁਮਾਇੰਦਿਆਂ ਨੇ ਇਥੇ ਆ ਕੇ ਸਿੱਖ ਕਾਰਕੁਨਾਂ ਨੂੰ ਸਮਰਥਨ ਦਿੱਤਾ। ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਵੀ ਸਮਰਥਨ ਵਿਚ ਪੁੱਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਬੀਤੇ ਕੱਲ੍ਹ ਰੋਸ ਵਿਖਾਵੇ ਮਗਰੋਂ ਇਥੇ ਵਿਵਾਦਤ ਬੁੱਤਾਂ ਦੇ ਨੇੜੇ ਪੱਕਾ ਧਰਨਾ ਲਾ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਮੰਗਾਂ ਮੰਨੇ ਜਾਣ ਤਕ ਧਰਨਾ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਵਿਵਾਦਤ ਬੁੱਤ ਹਟਾਏ ਜਾਣ ਅਤੇ ਇਨ੍ਹਾਂ ਦੀ ਥਾਂ ’ਤੇ ਸਿੱਖ ਧਰਮ ਅਤੇ ਵਿਰਸੇ ਨੂੰ ਦਰਸਾਉਂਦੇ ਸਿੱਖ ਜਰਨੈਲਾਂ ਦੇ ਬੁੱਤ ਲਾਏ ਜਾਣ। ਉਹਨਾਂ ਮੰਗ ਕੀਤੀ ਕਿ ਬੁੱਤ ਹਟਾਏ ਜਾਣ ਤਕ ਇਨ੍ਹਾਂ ਵਿਵਾਦਤ ਬੁੱਤਾਂ ਨੂੰ ਕੱਪੜੇ ਨਾਲ ਢੱਕ ਦਿੱਤਾ ਜਾਵੇ। ਬੁੱਤ ਹਟਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।