ਸੱਜਣ ਕੁਮਾਰ ਸਿੱਖ ਕਤਲੇਆਮ ਦਾ ਮੁੱਖ ਸਾਜਿਸ਼ਘਾੜਾ ਸੀ: ਸੀਬੀਆਈ

ਸੱਜਣ ਕੁਮਾਰ ਸਿੱਖ ਕਤਲੇਆਮ ਦਾ ਮੁੱਖ ਸਾਜਿਸ਼ਘਾੜਾ ਸੀ: ਸੀਬੀਆਈ
ਕਤਲੇਆਮ ਦੇ ਪੀੜਤ ਸਿੱਖਾਂ ਦੀ ਇਕ ਤਸਵੀਰ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਭਾਰਤ ਦੀ ਕੇਂਦਰੀ ਜਾਂਚ ਅਜੈਂਸੀ ਸੀਬੀਆਈ ਨੂੰ ਕਿਹਾ ਕਿ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਿਤ ਚੱਲ ਰਹੇ ਮਾਮਲੇ ਦੀ ਸਥਿਤੀ ਤੋਂ ਅਦਾਲਤ ਨੂੰ ਜਾਣੂ ਕਰਵਾਇਆ ਜਾਵੇ ਅਤੇ ਜ਼ਮਾਨਤ ਅਪੀਲ 'ਤੇ ਅਗਲੀ ਸੁਣਵਾਈ ਲਈ 15 ਅਪ੍ਰੈਲ ਤਰੀਕ ਨਿਯਤ ਕੀਤੀ ਹੈ। 

ਅੱਜ ਸੁਣਵਾਈ ਦੌਰਾਨ ਸੀਬੀਆਈ ਨੇ ਜੱਜ ਐਸ ਏ ਬੋਬਦੇ ਅਤੇ ਐਸ ਏ ਨਜ਼ੀਰ ਦੇ ਮੇਜ ਨੂੰ ਦੱਸਿਆ ਕਿ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਹੀ ਸੀ, ਜੋ ਉਸ ਸਮੇਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ।

ਸੀਬੀਆਈ ਦੇ ਵਕੀਲ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ, "ਸਿੱਖਾਂ ਦਾ ਕਤਲੇਆਮ ਇਕ ਵਹਿਸ਼ੀਆਨਾ ਜ਼ੁਰਮ ਸੀ। ਇਹ (ਸੱਜਣ ਕੁਮਾਰ) ਇਸਦਾ ਆਗੂ ਅਤੇ ਮੁੱਖ ਸਾਜਿਸ਼ਘਾੜਾ ਸੀ।" 

ਮਹਿਤਾ ਨੇ ਕਿਹਾ ਕਿ ਜੇ ਸੱਜਣ ਕੁਮਾਰ ਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ "ਇਨਸਾਫ ਦਾ ਘਾਣ" ਹੋਵੇਗਾ ਕਿਉਂਕਿ ਉਸ ਖਿਲਾਫ 1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਹੋਰ ਮੁਕੱਦਮਾ ਚੱਲ ਰਿਹਾ ਹੈ। 

ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਕਤਲ ਮਾਮਲੇ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ ਸਾੜਨ ਦੇ ਮਾਮਲੇ ਵਿਚ ਦੋਸ਼ੀ ਐਲਾਨਦਿਆਂ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੱਜਣ ਕੁਮਾਰ ਹੁਣ ਤਿਹਾੜ ਜੇਲ੍ਹ ਵਿਚ ਬੰਦ ਹੈ। 

ਧਿਆਨਦੇਣ ਯੋਗ ਗੱਲ ਹੈ ਕਿ 1984 ਸਿੱਖ ਕਤਲੇਆਮ ਵਿਚ ਜਦੋਂ ਭਾਰਤ ਦੀ ਰਾਜਧਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿਚ 3 ਤੋਂ 4 ਦਿਨ ਲਗਾਤਾਰ ਸਿੱਖਾਂ ਦਾ ਅਣਮਨੁੱਖੀ ਢੰਗਾਂ ਨਾਲ ਕਤਲੇਆਮ ਕੀਤਾ ਗਿਆ ਤਾਂ ਭਾਰਤ ਦਾ ਸਰਕਾਰੀ ਤੰਤਰ ਇਸ ਸਾਰੇ ਕਤਲੇਆਮ ਨੂੰ ਮੂਕ ਦਰਸ਼ਕ ਬਣ ਕੇ ਸਿਰਫ ਦੇਖ ਹੀ ਨਹੀਂ ਰਿਹਾ ਸੀ ਬਲਕਿ ਵੱਖੋ-ਵੱਖ ਥਾਵਾਂ 'ਤੇ ਉਸਦੀ ਸ਼ਮੂਲੀਅਤ ਦੇ ਸਬੂਤ ਵੀ ਮਿਲੇ ਹਨ। ਇਸ ਤੋਂ ਇਲਾਵਾ ਭਾਰਤੀ ਬਹੁਗਿਣਤੀ ਵੱਲੋਂ ਇਕ ਸਾਜਿਸ਼ੀ ਚੁੱਪ ਰਾਹੀਂ ਅਤੇ ਆਪਣੀਆਂ ਵੋਟਾਂ ਰਾਹੀਂ ਇਸ ਵਹਿਸ਼ੀਆਨਾ ਕਤਲੇਆਮ ਦਾ ਸਮਰਥਨ ਕੀਤਾ ਗਿਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ