80 ਦੇ ਕਰੀਬ ਮੁਸਲਮਾਨਾਂ ਨੂੰ ਵਹਿਸ਼ੀ ਭੀੜ ਤੋਂ ਬਚਾਉਣ ਵਾਲੇ ਸਿੱਖ ਪਿਓ-ਪੁੱਤ ਦੇ ਚਰਚੇ

80 ਦੇ ਕਰੀਬ ਮੁਸਲਮਾਨਾਂ ਨੂੰ ਵਹਿਸ਼ੀ ਭੀੜ ਤੋਂ ਬਚਾਉਣ ਵਾਲੇ ਸਿੱਖ ਪਿਓ-ਪੁੱਤ ਦੇ ਚਰਚੇ

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਨੇ ਇਕ ਵਾਰ ਫੇਰ ਵਹਿਸ਼ੀ ਹਜ਼ੂਮ ਨੂੰ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਮਾਰਦਿਆਂ ਇਨਸਾਨੀਅਤ ਦਾ ਕਤਲ ਕਰਦਿਆਂ ਦੇਖਿਆ। ਇਸ ਵਹਿਸ਼ੀਪੁਣੇ ਵਿਚ ਗੁਰੂ ਨਾਨਕ ਦੇ ਸਿੱਖ ਮਜ਼ਲੂਮਾਂ ਦੀ ਰਾਖੀ ਲਈ ਇਕ ਵਾਰ ਫੇਰ ਫਰਿਸ਼ਤਿਆਂ ਵਾਂਗ ਅੱਪੜੇ। ਸਿੱਖ ਪਿਓ ਪੁੱਤ ਦੀ ਕਹਾਣੀ ਵਿਸ਼ਵ ਦੇ ਖਬਰੀ ਅਦਾਰਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹਨਾਂ 60 ਤੋਂ 80 ਦੇ ਦਰਮਿਆਨ ਮੁਸਲਿਮ ਲੋਕਾਂ ਨੂੰ ਵਹਿਸ਼ੀ ਭੀੜਾਂ ਦੇ ਕਤਲੇਆਮ ਤੋਂ ਬਚਾਇਆ। 

ਮਹਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਇੰਦਰਜੀਤ ਸਿੰਘ ਨੇ ਹਾਲਾਤ ਮੁਤਾਬਕ ਫੈਂਸਲਾ ਕਰਦਿਆਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀ ਸਕੂਟਰੀ ਅਤੇ ਬੁਲਟ ਮੋਟਰਸਾਈਕਲ 'ਤੇ 80 ਦੇ ਕਰੀਬ ਮੁਸਲਮਾਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ। 

ਉੱਤਰ ਪੂਰਬੀ ਦਿੱਲੀ ਦੇ ਹਿੰਦੂ ਬਹੁਗਿਣਤੀ ਵਾਲੇ ਗੋਕਲਪੁਰੀ ਇਲਾਕੇ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਹਿੰਸਾ ਵੱਧਦੀ ਦੇਖ ਇਹਨਾਂ ਸਿੱਖ ਪਿਓ ਪੁੱਤ ਨੇ ਆਪਣੇ ਗੁਆਂਢੀ ਮੁਸਲਿਮ ਪਰਿਵਾਰਾਂ ਨੂੰ ਉੱਥੋਂ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਮੁਸਲਿਮ ਕਲੋਨੀ ਕਰਦਮਪੁਰ ਵਿਚ ਪਹੁੰਚਾਇਆ। 

53 ਸਾਲਾਂ ਦੇ ਮਹਿੰਦਰ ਸਿੰਘ ਆਪਣੀ ਸਕੂਟਰੀ ਅਤੇ ਉਹਨਾਂ ਦਾ ਪੁੱਤਰ ਆਪਣੇ ਮੋਟਰਸਾਈਕਲ 'ਤੇ ਲਗਾਤਾਰ ਇਹਨਾਂ ਲੋਕਾਂ ਨੂੰ ਤਿੰਨ-ਤਿੰਨ, ਚਾਰ-ਚਾਰ ਕਰਕੇ ਉਸ ਕਲੋਨੀ ਵਿਚ ਛੱਡ ਕੇ ਆਏ। ਇਕ ਘੰਟੇ ਦੇ ਔਖੇ ਸਮੇਂ 'ਚ ਇਹਨਾਂ 20 ਦੇ ਕਰੀਬ ਗੇੜੇ ਲਾਏ ਤੇ ਸਾਰਿਆਂ ਨੂੰ ਸੁਰੱਖਿਅਤ ਕੀਤਾ। ਇਹਨਾਂ ਵਿਚ ਬੱਚੇ, ਬਜ਼ੁਰਗ, ਬੀਬੀਆਂ ਵੀ ਸ਼ਾਮਲ ਸਨ। ਮਾਹੌਲ ਐਨਾ ਹਿੰਸਕ ਸੀ ਕਿ ਵਹਿਸ਼ੀ ਭੀੜ ਨੂੰ ਭੁਲੇਖਾ ਪਾਉਣ ਲਈ ਇਸ ਸਿੱਖ ਪਿਓ ਪੁੱਤ ਨੇ ਮੁਸਲਮਾਨ ਮੁੰਡਿਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਉਣ ਲਈ ਕਿਹਾ ਤਾਂ ਕਿ ਉਹ ਮੁਸਲਮਾਨਾਂ ਨੂੰ ਲੱਭ ਰਹੀ ਭੀੜ ਕੋਲੋਂ ਸਹੀ ਸਲਾਮਤ ਬਚ ਕੇ ਨਿੱਕਲ ਸਕਣ। 

ਮਹਿੰਦਰ ਸਿੰਘ ਨੇ ਕਿਹਾ, "ਮੈਨੂੰ ਇਹ ਨਹੀਂ ਸੀ ਕਿ ਇਹ ਲੋਕ ਹਿੰਦੂ ਹਨ ਜਾਂ ਮੁਸਲਿਮ। ਮੇਰੇ ਲਈ ਬਸ ਇਹ ਮੁਸੀਬਤ ਵਿਚ ਫਸੇ ਲੋਕ ਸਨ। ਇਹਨਾਂ ਵਿਚ ਛੋਟੇ ਬੱਚੇ ਵੀ ਸਨ। ਮੈਨੂੰ ਉਹ ਆਪਣੇ ਬੱਚਿਆਂ ਵਰਗੇ ਲਗ ਰਹੇ ਸਨ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਉਹਨਾਂ ਨੂੰ ਕੁੱਝ ਹੋਵੇ।"

ਮੁਸੀਬਤ ਸਮੇਂ ਫਰੀਸ਼ਤਿਆਂ ਵਾਂਗ ਮਦਦ ਲਈ ਅੱਗੇ ਆਏ ਇਹ ਸਰਦਾਰ ਕਰਦਮਪੁਰ ਦੇ ਲੋਕਾਂ ਦੀ ਜ਼ੁਬਾਨ 'ਤੇ ਹਨ। 

ਜਦੋਂ 1984 ਦਾ ਸਿੱਖ ਕਤਲੇਆਮ ਹੋਇਆ ਸੀ ਤਾਂ ਮੋਹਿੰਦਰ ਸਿੰਘ 13 ਸਾਲ ਦਾ ਜਵਾਨ ਸੀ। ਦਿੱਲੀ ਦੀਆਂ ਸੜਕਾਂ 'ਤੇ ਪਿਛਲੇ ਹਫਤੇ ਹੋਈ ਹਿੰਸਾ ਉਹਨਾਂ ਦਿਨਾਂ ਵਰਗੀ ਹੀ ਸੀ। ਉਹਨਾਂ ਦੱਸਿਆ ਕਿ ਅਜਿਹੇ ਸਮੇਂ ਉਹਨਾਂ ਦੀਆਂ ਅੱਖਾਂ ਅੱਗੇ 1984 ਦਾ ਜ਼ੁਲਮ ਘੁੰਮਣ ਲਗਦਾ ਹੈ। 

ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਵਿਚ ਮਹਿੰਦਰ ਸਿੰਘ ਨੇ ਕਿਹਾ, "ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਡੇ ਧਰਮ ਅਤੇ ਸੱਭਿਆਚਾਰ ਦਾ ਹਿੱਸਾ ਹੈ। ਤੁਸੀਂ ਸੁਣਿਆ ਹੋਣਾ: ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਤੋਂ ਭਾਵ ਅਸੀਂ ਹਰ ਕਿਸੇ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ। ਇਹ ਸਾਨੂੰ ਸਾਡੇ 10 ਗੁਰੂਆਂ ਨੇ ਸਿਖਾਇਆ ਹੈ।"