ਬਦਲੇ ਬਦਲੇ ਕੇਜਰੀਵਾਲ: ਵਿਦਿਆਰਥੀਆਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦਿੱਤੀ

ਬਦਲੇ ਬਦਲੇ ਕੇਜਰੀਵਾਲ: ਵਿਦਿਆਰਥੀਆਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦਿੱਤੀ

ਨਵੀਂ ਦਿੱਲੀ: ਕਸ਼ਮੀਰੀਆਂ ਵਿਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੇ ਜਾਂਦੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਦਿੱਲੀ ਦੀ ਜੇਐਨ ਯੂਨੀਵਰਸਿਟੀ ਵਿਚ ਪ੍ਰਦਰਸ਼ਨ ਕਰਨ ਕਰਕੇ ਦੇਸ਼ ਧ੍ਰੋਹ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਕਨਹੀਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਅਤੇ ਹੋਰ ਵਿਦਿਆਰਥੀਆਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਦਿੱਲੀ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਨੇ ਇਹਨਾਂ ਖਿਲਾਫ 14 ਜਨਵਰੀ ਨੂੰ ਚਾਰਜਸ਼ੀਟ ਦਰਜ ਕੀਤੀ ਸੀ। 

ਚਾਰਜਸ਼ੀਟ ਵਿਚ ਕਿਹਾ ਗਿਆ ਸੀ ਕਿ ਇਹਨਾਂ ਨੇ 9 ਫਰਵਰੀ 2016 ਨੂੰ ਯੂਨੀਵਰਸਿਟੀ 'ਚ ਹੋਏ ਸਮਾਗਮ ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ। ਇਹ ਮਾਮਲਾ ਮੁੱਢ ਤੋਂ ਹੀ ਵਿਵਾਦਤ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਰਾਸ਼ਟਰਵਾਦ ਦੇ ਨਾਂ ਹੇਠ ਸਰਕਾਰ ਵਿਰੋਧੀ ਅਵਾਜ਼ਾਂ ਚੁੱਕਣ ਵਾਲੇ ਲੋਕਾਂ ਖਿਲਾਫ ਦੇਸ਼ ਧ੍ਰੋਹ ਦੇ ਕਾਲੇ ਕਾਨੂੰਨ ਨੂੰ ਵਰਤਿਆ ਜਾ ਰਿਹਾ ਹੈ। ਮੋਦੀ ਸਰਕਾਰ ਦੀ ਇਸ ਲਈ ਲਗਾਤਾਰ ਅਲੋਚਨਾ ਵੀ ਹੁੰਦੀ ਆ ਰਹੀ ਹੈ। ਪਰ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਮੋਦੀ ਸਰਕਾਰ ਦੇ ਰਾਹ 'ਤੇ ਤੁਰਦੀ ਨਜ਼ਰ ਆ ਰਹੀ ਹੈ। 

ਇੱਥੇ ਇਹ ਦਸਣਾ ਵੀ ਅਹਿਮ ਹੈ ਕਿ ਪਿਛਲੇ ਸਾਲ ਜੁਲਾਈ ਮਹੀਨੇ ਦਿੱਲੀ ਸਰਕਾਰ ਦੇ ਵਕੀਲ ਨੇ ਇਹਨਾਂ ਵਿਦਿਆਰਥੀਆਂ 'ਤੇ ਲਾਏ ਗਏ ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਗਲਤ ਦਸਦਿਆਂ ਅਦਾਲਤ ਵਿਚ ਵਿਰੋਧ ਕੀਤਾ ਸੀ।