ਸਿੱਖ ਸਿਧਾਂਤ 'ਤੇ ਚੌਤਰਫਾ ਹਮਲਾ-2

ਸਿੱਖ ਸਿਧਾਂਤ 'ਤੇ ਚੌਤਰਫਾ ਹਮਲਾ-2

ਮਨਜੀਤ ਸਿੰਘ ਟਿਵਾਣਾ

ਅਸੀਂ ਹਰ ਸਾਲ ਜੂਨ-੮੪ ਵਿਚ ਹਿੰਦੋਸਤਾਨੀ ਫੌਜ ਵੱਲੋਂ ਸਿੱਖ ਕੌਮ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਨੂੰ ਯਾਦ ਕਰਦੇ ਹਾਂ। ਨਿਰਸੰਦੇਹ 35 ਸਾਲ ਪਹਿਲਾਂ ਪਹਿਲੀ ਜੂਨ ਤੋਂ ਸੱਤ ਜੂਨ ਤਕ ਹਿੰਦੋਸਤਾਨੀ ਫੌਜਾਂ ਨੇ ਜੋ ਜ਼ੁਲਮ ਦਰਬਾਰ ਸਾਹਿਬ ਕੰਪਲੈਕਸ 'ਚ ਸਿੱਖਾਂ ਉਤੇ ਢਾਹਿਆ, ਉਹ ਬਹੁਤ ਕਹਿਰਾਂ ਦਾ ਸੀ। ਇਹ ਹਮਲਾ ਸਿਰਫ ਦਰਬਾਰ ਸਾਹਿਬ ਕੰਪਲੈਕਸ ਜਾਂ ਅਕਾਲ ਤਖਤ ਸਾਹਿਬ ਦੀਆਂ ਪਵਿੱਤਰ ਤੇ ਇਤਿਹਾਸਕ ਇਮਾਰਤਾਂ ਉਪਰ ਹੀ ਨਹੀਂ ਸੀ, ਸਗੋਂ ਸਿੱਖ ਕੌਮ ਦੀ ਆਤਮਾ ਉਤੇ ਸੀ। ਇਹ ਹਮਲਾ ਸਿੱਖਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਵੀ ਸੀ ਕਿ ਉਹ ਇਸ ਦੇਸ਼ ਵਿਚ ਦੂਜੇ ਦਰਜੇ ਦੇ ਸ਼ਹਿਰੀ ਹਨ। ਇਹ ਹਮਲਾ ਸਿੱਖਾਂ ਨੂੰ ਆਪਣੀਆਂ ਜਾਨਾਂ ਵਾਰ ਕੇ ਅੰਗਰੇਜ਼ਾਂ ਕੋਲੋਂ ਲਈ ਕਥਿਤ ਅਜ਼ਾਦੀ ਦੀ ਅਸਲੀਅਤ ਦੱਸਣ ਲਈ ਵੀ ਸੀ ਕਿ ਉਹ ਅਜੇ ਵੀ ਗੁਲਾਮ ਹੀ ਹਨ। ਇਸ ਹਮਲੇ ਦੇ 35 ਵਰ੍ਹੇ ਬੀਤ ਜਾਣ ਬਾਅਦ ਵੀ ਬਹੁਤ ਸਾਰੇ ਸਿੱਖ ਇਸ ਸਚਾਈ ਨੂੰ ਮੰਨਣ ਤੋਂ ਇਨਕਾਰੀ ਹਨ। ਸਿੱਖ ਬਹੁਗਿਣਤੀ ਦੇ ਇਸੇ ਅਵੇਸਲੇਪਣ ਕਾਰਨ ਹੀ ਹੁਣ ਸਿੱਖ ਸਿਧਾਂਤ ਦੀਆਂ ਜੜ੍ਹਾਂ ਉਤੇ ਸੂਖਮ ਤੇ ਸਥੂਲ ਹਮਲਿਆਂ ਦੀ ਧਾਰ ਤੇਜ਼ ਹੋ ਗਈ ਹੈ। ਗੱਲ ਗੁਰੂ ਨਾਨਕ ਸਾਹਿਬ ਜੀ ਦੇ ਬੁੱਤ ਲਗਾਉਣ ਤਕ ਪਹੁੰਚ ਗਈ ਹੈ। 
ਇਸ ਸਮੇਂ ਜਦੋਂ ਸਿੱਖ ਕੌਮ ਦੇ ਜਾਗਰੂਕ ਹਿੱਸੇ ਵੱਲੋਂ ''ਦਾਸਤਾਨ-ਏ-ਮੀਰੀ-ਪੀਰੀ” ਨਾਮਕ ਕਾਰਟੂਨ/ਐਨੀਮੇਸ਼ਨ ਫਿਲਮ ਨੂੰ ਰੋਕਣ ਲਈ ਆਵਾਜ਼ ਉਠਾਈ ਜਾ ਰਹੀ ਹੈ, ਤਾਂ ਅਜਿਹੀ ਹੀ ਇਕ ਹੋਰ ਫਿਲਮ ਰਾਹੀਂ ਮਾਤਾ ਸਾਹਿਬ ਕੌਰ ਜੀ ਦਾ ਕਾਰਟੂਨ ਰੂਪ ਵਿਚ ਸਵਾਂਗ ਰਚਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ''ਦਾਸਤਾਨ-ਏ-ਮੀਰੀ-ਪੀਰੀ” ਵਿਰੁੱਧ ਸਿੱਖਾਂ ਦੇ ਰੋਹ ਦੇ ਚੱਲਦਿਆਂ ਹੀ ਇਕ ਹੋਰ ਅਜਿਹੀ ਹੀ ਫਿਲਮ ਦਾ ਆਉਣਾ, ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਇਹ ਸਭ ਇਕ ਵੱਡੀ ਵਿਊਂਤਬੰਦੀ ਨਾਲ ਹੋ ਰਿਹਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ''ਨਾਨਕ ਸ਼ਾਹ ਫਕੀਰ” ਫਿਲਮ ਸਿੱਖ ਪੰਥ ਵਲੋਂ ਦੋ ਵਾਰ- ਸਾਲ 2015 ਅਤੇ 2017 ਵਿਚ ਸਖਤ ਵਿਰੋਧ ਕਰਕੇ ਬੰਦ ਕਰਵਾਈ ਗਈ ਸੀ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸਿੱਖ ਕੌਮ ਅਜਿਹੀਆਂ ਸਿੱਖ ਸਿਧਾਂਤ ਵਿਰੋਧੀ ਕਾਰਵਾਈਆਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ, ਤਾਂ ਮੁੜ-ਮੁੜ ਇਹੋ ਜਿਹੇ ਵਰਤਾਰੇ ਸਾਹਮਣੇ ਆਉਣ ਦਾ ਕੀ ਕਾਰਨ ਹੈ? ਸਪਸ਼ਟ ਹੈ ਕਿ ਇਹ ਸਭ ਜਾਣਬੁੱਝ ਕੇ ਸਿੱਖਾਂ ਨੂੰ ਜਿੱਚ ਕਰਨ ਲਈ, ਸਿੱਖ ਸਿਧਾਂਤ ਨੂੰ ਮਲੀਆਮੇਟ ਕਰ ਕੇ ਬਿਪਰਵਾਦੀ ਰੀਤ ਵਿਚ ਰੰਗਣ ਦੀ ਇਕ ਵੱਡੀ ਸਾਜ਼ਿਸ਼ ਤਹਿਤ ਹੋ ਰਿਹਾ ਹੈ।
ਗੌਰਤਲਬ ਹੈ ਕਿ ਸਿੱਖ ਇਤਿਹਾਸ ਉਤੇ ਅਜਿਹੀਆਂ ਐਨੀਮੇਟਿਡ ਫਿਲਮਾਂ ਦਾ ਦੌਰ ਸਾਲ 2005 ਵਿਚ ਵਿਸਮਾਦ ਨਾਮੀ ਅਦਾਰੇ ਵਲੋਂ ਫਿਲਮ ''ਚਾਰ ਸਾਹਿਬਜ਼ਾਦੇ” ਬਣਾਉਣ ਨਾਲ ਸ਼ੁਰੂ ਹੋਇਆ ਸੀ। ਉਸ ਵੇਲੇ ਵੀ ਇਸ ਵਿਰੁੱਧ ਅਕਾਲ ਤਖ਼ਤ ਸਾਹਿਬ ਵਿਖੇ ਵਿਰੋਧ ਦਰਜ ਕਰਵਾਇਆ ਗਿਆ ਸੀ ਕਿ ਇਹ ਕਾਰਵਾਈ ਗੁਰੂ ਸਿਧਾਂਤ ਦੀ ਉਲੰਘਣਾ ਹੈ। ਇਸ ਤੋਂ ਬਾਅਦ 'ਮੂਲਾ ਖੱਤਰੀ' ਫਿਲਮ ਵੇਲੇ ਵੀ ਵਿਰੋਧ ਦਰਜ ਕਰਵਾਇਆ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬਾਨ ਨੇ ਇਸ ਬਾਰੇ ਕੋਈ ਠੋਸ ਫੈਸਲਾ ਨਾ ਲਿਆ। ਅਫਸੋਸਨਾਕ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਮਾਹਿਰ ਵਿਦਵਾਨ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਦੇ ਸਲਾਹਕਾਰਾਂ ਵਿਚ ਸ਼ਾਮਲ ਸਿੱਖ ਵਿਦਵਾਨ ਖੁਦ ਹੀ ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੀ ਫਿਲਮ ਬਣਾਉਣ ਵਾਲ਼ਿਆਂ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ  ''ਦਾਸਤਾਨ-ਏ-ਮੀਰੀ-ਪੀਰੀ” ਫਿਲਮ ਦੀ ਮਸ਼ਹੂਰੀ ਕਰਨ ਦੀਆਂ ਖਬਰਾਂ ਆ ਚੁੱਕੀਆਂ ਹਨ। ਤਾਜ਼ਾ ਵਿਵਾਦ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਟੈਂਡ ਵੀ ਸਪਸ਼ਟ ਰੂਪ ਵਿਚ ਫਿਲਮ ਦੇ ਨਾ ਵਿਰੋਧ ਵਿਚ ਜਾ ਰਿਹਾ ਹੈ ਤੇ ਨਾ ਹੀ ਹੱਕ ਵਿਚ। ਉਨ੍ਹਾਂ ਇਹ ਤਾਂ ਕਿਹਾ ਹੈ ਕਿ “ਗੁਰੂ ਸਾਹਿਬਾਨ ਦੇ ਰੋਲ ਵਾਲੀਆਂ ਫਿਲਮਾਂ ਜਾਂ ਗੁਰੂ ਸਾਹਿਬਾਨ ਉਤੇ ਚਲੰਤ ਐਨੀਮੇਸ਼ਨ ਬਣਾਉਣ ਦੀ ਇਜ਼ਾਜ਼ਤ ਕਿਸੇ ਕੀਮਤ ਉਤੇ ਨਹੀਂ ਦਿੱਤੀ ਜਾ ਸਕਦੀ”ਪਰ ਉਨ੍ਹਾਂ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਜਾਂ ਬੰਦਗੀ ਵਾਲੀਆਂ ਰੂਹਾਂ ਉਪਰ ਚਲੰਤ ਐਨੀਮੇਸ਼ਨ ਬਣਾਉਣ ਜਾਂ ਨਾ ਬਣਾਉਣ ਬਾਰੇ ਗੁਰੂ ਪੰਥ ਦੀਆਂ ਪੰਥਕ ਸੰਸਥਾਵਾਂ ਤੇ ਸੰਪ੍ਰਦਾਵਾਂ ਉਚੇਚ ਕਰਕੇ ਸਿੱਖ ਬੁੱਧੀਜੀਵੀਆਂ, ਚਿੰਤਕਾਂ ਦੀਆਂ ਰਾਵਾਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜਣ, ਤਾਂ ਜੋ ਇਸ ਸਬੰਧੀ ਭਵਿੱਖ ਵਿਚ ਠੋਸ ਫੈਸਲਾ ਲਿਆ ਜਾ ਸਕੇ”।
ਇਤਿਹਾਸਕ ਤੱਥ ਇਹ ਵੀ ਹੈ ਕਿ ਬੀਤੇ ਵਿਚ ਪੰਥ ਦੀਆਂ ਦਾਨਿਸ਼ਵਰ ਸਖਸ਼ੀਅਤਾਂ ਪ੍ਰੋ. ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਭਾਈ ਧਰਮਾਨੰਤ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਧਾਰਤ ਧਾਰਮਿਕ ਸਲਾਹਕਾਰ ਕਮੇਟੀ ਵਲੋਂ 20 ਫਰਵਰੀ 1934 ਅਤੇ 7 ਅਗਸਤ 1940 ਨੂੰ ਪਾਸ ਕੀਤੇ ਗਏ ਮਤਿਆਂ ਵਿਚ ਪਹਿਲਾਂ ਹੀ ਇਸ ਕੰਮ ਤੋਂ ਵਰਜਿਆ ਜਾ ਚੁੱਕਾ ਹੈ। 
ਸਿੱਖਾਂ ਵਿਚ ਅਜਿਹੀਆਂ ਘਟਨਾਵਾਂ ਕਾਰਨ ਰੋਸ ਵਧਦਾ ਜਾ ਰਿਹਾ ਹੈ। ਅਜਿਹੇ ਮੌਕੇ ਜਦੋਂ ਵੀ ਭਾਰਤ ਵਿਚ ਸਿੱਖ ਆਪਣੀ ਆਜ਼ਾਦੀ ਦੀ, ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਨ, ਤਾਂ ਸਿੱਖਾਂ ਉਤੇ ਹੀ ਕਾਨੂੰਨੀ ਡੰਡਾ ਵਰ੍ਹਦਾ ਹੈ ਪ੍ਰੰਤੂ ਜਦੋਂ ਸਿੱਖ, ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਹਨ, ਤਾਂ ਭਾਰਤੀ ਸੰਵਿਧਾਨ ਤੇ ਕਾਨੂੰਨ ਦੋਵੇਂ ਘੋਗਲ ਕੰਨੇ ਹੋ ਜਾਂਦੇ ਹਨ।
ਸਿੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਵੱਲੋਂ ਸਿੱਖ-ਸਿਧਾਂਤ ਬਾਰੇ ਜੋ ਤੱਥ ਪੇਸ਼ ਕੀਤੇ ਗਏ ਹਨ, ਉਹ ਸਾਬਿਤ ਕਰਦੇ ਹਨ ਕਿ ਸਿੱਖ ਗੁਰੂਆਂ ਤੇ ਤਵਾਰੀਖ ਬਾਰੇ ਚਾਲੂ ਫਿਲਮੀ ਵਰਤਾਰਾ ਬੱਜਰ ਕੁਤਾਹੀ ਅਤੇ ਜਾਣਬੁੱਝ ਕੇ ਕੀਤੀ ਗਈ 'ਸ਼ਰਾਰਤ' ਹੈ। ਜੋ ਗੱਲਾਂ ਸਿੱਖੀ ਫਲਸਫੇ ਵਿਚ ਵਰਜਿਤ ਹਨ, ਉਨ੍ਹਾਂ ਨੂੰ ਹੀ ਮੁੜ-ਮੁੜ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਿੱਖ ਕੌਮ ਤੇ ਇਸ ਦਾ ਸ਼ਾਨਾਮੱਤਾ ਇਤਿਹਾਸ ਲਵਾਰਿਸ ਹੈ? ਆਏ ਦਿਨ ਕੋਈ ਜਣਾ-ਖਣਾ ਇਸ ਨਾਲ ਜਿਵੇਂ ਮਰਜ਼ੀ ਖਿਲਵਾੜ ਕਰ ਸਕਦਾ ਹੈ? ਇਸ ਕੌੜੀ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੀ ਕੌਮ ਦੇ ਅਵੇਸਲੇਪਣ ਅਤੇ ਸਾਡੇ ਆਗੂਆਂ ਦੀ ਸਵਾਰਥੀ ਸੋਚ ਸਦਕਾ ਹੀ ਇਹ ਸਥਿਤੀ ਪੈਦਾ ਹੋਈ ਹੈ। ਸਿੱਖ ਕੌਮ ਦੀ ਹੋਂਦ ਨੂੰ ਖ਼ਤਮ ਕਰਨ ਦੀ ਗਿਣੀ-ਮਿਥੀ ਘਿਨਾਉਣੀ ਸਾਜਿਸ਼ ਹੋ ਰਹੀ ਹੈ। ਆਪਣੇ ਮੂਲ ਨਾਲੋਂ ਟੁੱਟ ਕੇ ਸਦਾ-ਸਦਾ ਲਈ ਆਪਣੀ ਵਿਲੱਖਣ ਪਹਿਚਾਣ ਗੁਆਉਣਾ ਗੁਰੂ ਦੇ ਕਿਸੇ ਵੀ ਸੱਚੇ ਸਿੱਖ ਨੂੰ ਮਨਜ਼ੂਰ ਨਹੀਂ ਹੋ ਸਕਦਾ। ਇਸ ਕਰ ਕੇ ਸਮੂਹ ਸਿੱਖ ਜਗਤ ਨੂੰ ਇਸ ਵਰਤਾਰੇ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।