ਓਏ ਹਰਿ ਕੇ ਸੰਤ ਨਾ ਆਖੀਅਹ ...

ਓਏ ਹਰਿ ਕੇ ਸੰਤ ਨਾ ਆਖੀਅਹ ...

ਡਾ. ਸੁਖਦੇਵ ਸਿੰਘ

ਜੋਧਪੁਰ ਜੇਲ੍ਹ ਵਿਚ ਬੰਦ ਅਖੌਤੀ ਬਾਬੇ ਆਸਾ ਰਾਮ ਦੇ ਲੜਕੇ ਨੂੰ ਪਿਉ ਵਾਂਗ ਹੀ ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਣਾ, ਜਲੇਬੀ ਬਾਬਾ, ਦਾਤੀ ਮਹਾਰਾਜ, ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਤੇ ਅਜਿਹੇ ਹੋਰ ਪਾਖੰਡੀਆਂ ਉੱਤੇ ਬਲਾਤਕਾਰ ਤੇ ਧੋਖਾਧੜੀ ਦੇ ਕੇਸ, ਪਾਦਰੀ ਕੋਲੋਂ 16 ਲੱਖ ਮਿਲਣਾ, ਸਾਧਾਂ ਦੁਆਰਾ ਆਸ਼ਰਮਾਂ ਜਾਂ ਆਸਥਾ ਦੇ ਨਾਮ 'ਤੇ ਵੱਡੇ ਮਾਤਰਾ ਵਿਚ ਧਨ ਦੌਲਤ ਇਕਠਾ ਕਰਨਾ; ਸਾਧਪੁਣੇ ਤੋਂ ਉਲਟ ਅੱਯਾਸ਼ੀ ਤੇ ਅਰਾਮਦਾਇਕ ਜੀਵਨ ਬਸਰ ਕਰਨਾ ਇਸ਼ਾਰਾ ਕਰਦੇ ਹਨ ਕਿ ਇਹ ਅਜੋਕੇ ਸਾਧਾਂ ਜਾਂ ਅਖੌਤੀ ਬਾਬਿਆਂ ਦਾ ਅਧਿਆਤਮਿਕਤਾ ਦਾ ਪ੍ਰਚਾਰ ਨਹੀਂ ਬਲਕਿ ਆਮ ਲੋਕਾਂ ਵਾਂਗ ਹੀ ਪਦਾਰਥਕ ਤੇ ਕਾਮੁਕ ਭਾਵਨਾਵਾਂ ਦੀ ਪੂਰਤੀ ਅਤੇ ਨਿਰੋਲ ਛਲ-ਕਪਟ ਹੀ ਹੈ। ਆਸਟਰੇਲੀਆ ਵਿਚ ਭਾਰਤੀ ਅਧਿਆਤਮਿਕ ਯੋਗ ਗੁਰੂ ਆਨੰਦ ਗਿਰੀ ਨੂੰ ਦੋ ਮਹਿਲਾਵਾਂ ਨਾਲ ਛੇੜਛਾੜ ਦੇ ਕੇਸ ਅਧੀਨ ਗ੍ਰਿਫਤਾਰ ਕਰਨਾ ਇਸ ਦੀ ਤਾਜ਼ੀ ਮਿਸਾਲ ਹੈ। ਢੌਂਗੀ ਬਾਬਿਆਂ ਦੇ ਕੁਕਰਮ ਜਦੋਂ ਜੱਗ ਜ਼ਾਹਿਰ ਹੁੰਦੇ ਹਨ ਤਾਂ ਕੁਝ ਗੁਰਮੀਤ ਰਾਮ ਰਹੀਮ ਵਾਂਗ ਸਲਾਖਾਂ ਪਿਛੇ, ਕੁਝ ਗੁਪਤਵਾਸਾਂ ਵਿਚ, ਕੁਝ ਫਰਾਰ ਜਦਕਿ ਕੁਝ ਕੁ ਆਤਮ-ਹੱਤਿਆ ਕਰ ਲੈਂਦੇ ਹਨ। ਪਿਛੇ ਜਿਹੇ ਤਾਲੀਮਯਾਫਤਾ ਮਾਡਰਨ ਸਾਧ ਭੈਯੂਜੀ ਮਹਾਰਾਜ ਵੱਲੋਂ ਕੁਕਰਮ ਜਗ ਜ਼ਾਹਿਰ ਹੋਣ ਸਦਕਾ ਆਤਮ-ਹੱਤਿਆ ਕਰ ਲਈ ਸੀ। ਪੰਜਾਬ ਸਮੇਤ ਸਾਰੇ ਮੁਲਕ ਵਿਚ ਇਸ ਪਾਖੰਡ ਦਾ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ ਅਤੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖ਼ਿਰ ਅਜਿਹਾ ਕਿਉਂ ਵਾਪਰ ਰਿਹਾ ਹੈ?
ਸਾਧੂ ਜਾਂ ਸਾਧ ਭਾਰਤੀ ਸੰਸਕ੍ਰਿਤੀ ਦਾ ਮਹਤੱਵਪੂਰਨ ਸ਼ਬਦ ਹੈ ਜਿਸ ਦਾ ਮੋਟੇ ਤੌਰ 'ਤੇ ਅਰਥ ਹੈ ਸੱਜਣ ਇਨਸਾਨ। ਹਿੰਦੂ ਮਿਥਿਹਾਸ ਮੁਤਾਬਿਕ, ਸਾਧੂ ਦਾ ਮਤਲਬ ਉਹ ਇਨਸਾਨ ਹੈ ਜੋ ਨੇਮਾਂ ਨਾਲ ਸੋਧ ਕੇ ਦੂਜਿਆਂ ਦੇ ਦੁਨਿਆਵੀ ਕੰਮਾਂ ਜਾਂ ਅਭਿਲਾਸ਼ਾਵਾਂ ਨੂੰ ਪੂਰਾ ਕਰੇ। ਇਸ ਤੋਂ ਛੁੱਟ ਸਾਧ ਦੀਆਂ ਚਾਰ ਵਿਸ਼ੇਸ਼ਤਾਵਾਂ- ਤਿਆਗ, ਸੰਜਮ, ਵੈਰਾਗ ਤੇ ਉਪਰਾਮਤਾ ਦੱਸੀਆਂ ਗਈਆਂ ਹਨ; ਭਾਵ ਅਜਿਹੀ ਆਤਮਾ ਜਿਸ ਦਾ ਕਿਸੇ ਵਾਸ਼ਨਾ ਵੱਲ ਧਿਆਨ ਨਾ ਜਾਵੇ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ਸਾਧ ਉਹ ਉਪਕਾਰੀ ਹੈ ਜੋ 'ਪਰਾਏ ਕਾਰਜ ਨੂੰ ਸਿੱਧ ਕਰੇ'। ਸੰਤ ਬਾਰੇ ਭਾਈ ਸਾਹਿਬ ਲਿਖਦੇ ਹਨ, ਉਹ ਪੁਰਸ਼ ਜਿਸ ਨੇ ਮਨ ਇੰਦ੍ਰੀਆਂ ਨੂੰ ਟਿਕਾਇਆ ਹੈ।
ਰਵਾਇਤੀ ਸਮਾਜ ਵਿਚ ਸਾਧ ਦੀ ਬਹੁਤ ਮਹਾਨਤਾ ਦਰਸਾਈ ਗਈ ਹੈ। ਇਤਿਹਾਸਕ, ਮਿਥਿਹਾਸਕ, ਧਾਰਮਿਕ ਗ੍ਰੰਥਾਂ ਅਤੇ ਆਮ ਸਾਹਿਤ ਵਿਚ ਸਾਧ ਦੀ ਉਪਮਾ ਹੈ। ਭਾਰਤੀ ਸਮਾਜ ਵਿਚ ਧਰਮ ਦਾ ਵਧੇਰੇ ਬੋਲਬਾਲਾ ਹੋਣ ਕਰਕੇ ਸਾਧੂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਸੀ ਅਤੇ ਸਾਧ ਦੀ ਸੰਗਤ ਨੂੰ ਜੀਵਨ ਦਾ ਪਾਰ ਉਤਾਰਾ ਕਰਨ ਤਕ ਦੀ ਸੋਭਾ ਦਿੱਤੀ ਗਈ ਹੈ। ਗੁਰਬਾਣੀ ਦਾ ਕਥਨ ਹੈ- 'ਉਤਮ ਸਲੋਕ ਸਾਧੁ ਕੇ ਬਚਨ£' ਅਤੇ 'ਸਾਧੂ ਸੰਗਿ ਉਧਾਰੁ ਭਏ ਨਿਕਾਣਿਆ£' ਪੁਰਾਣੇ ਵੇਲਿਆਂ ਵਿਚ ਹੋਰਾਂ ਪੱਖਾਂ ਤੋਂ ਇਲਾਵਾ ਸਭ ਤੋਂ ਅਹਿਮ ਪੱਖ ਸੀ, ਅੱਲਗ ਅੱਲਗ ਧਰਮ ਹੋਣ ਦੇ ਬਾਵਜੂਦ ਵਧੇਰੇ ਸਾਧ ਸੰਤਾਂ ਕੋਲ ਸਹਿਣਸ਼ੀਲਤਾ ਤੇ ਸੰਜਮ ਸੀ ਅਤੇ ਉਹ ਆਮ ਲੋਕਾਂ ਤੇ ਸਮਾਜ ਵਿਚ ਇਸ ਪੱਖ ਨੂੰ ਪ੍ਰਚਾਰਦੇ ਵੀ ਸਨ। ਲੋਕਾਂ ਦੇ ਘਰੇਲੂ ਕਲੇਸ਼ ਤੇ ਮਾਨਸਿਕ ਤਣਾਅ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਵਾਰਨ ਕਰਦੇ। ਕਈ ਸਾਧ ਤਾਂ ਜੜੀ-ਬੂਟੀਆਂ ਰਾਹੀਂ ਦਵਾ ਦਾਰੂ ਵੀ ਕਰਦੇ ਪਰ ਲਾਲਚ ਤੋਂ ਦੂਰ ਰਹਿੰਦੇ। ਜਤ-ਸਤ ਦੇ ਪ੍ਰੱਪਕ, ਅਲਪ ਅਹਾਰੀ, ਕੁਦਰਤੀ ਵਾਤਾਵਰਨ ਮੁਤਾਬਿਕ ਆਪਣੇ ਜੀਵਨ ਨੂੰ ਰੱਬੀ ਸ਼ਕਤੀ ਦੇ ਨੇੜੇ ਰੱਖਦੇ। ਇਸੇ ਕਰਕੇ ਹੀ ਸਾਧਾਂ ਸੰਤਾਂ ਨੂੰ ਲੋਕ ਸ਼ਰਧਾ ਭਾਵਨਾ ਨਾਲ ਦੇਖਦੇ।
ਅਜੋਕੇ ਯੁੱਗ ਵਿਚ ਵਧੇਰੇ ਕਰਕੇ ਉਲਟ ਹੋ ਰਿਹਾ ਹੈ। ਮੁਲਕ ਵਿਚ ਸਾਧ ਵੀ ਵਧੇਰੇ ਕਰਕੇ ਪਰ-ਹਿਤ ਦੀ ਬਜਾਏ ਨਿੱਜ-ਹਿਤ ਵਿਚ ਗੜੁੱਚ ਹਨ ਜੋ ਉਨ੍ਹਾਂ ਦੇ ਪਾਖੰਡਾਂ, ਛਲ-ਕਪਟ ਤੇ ਢੰਗਾਂ ਤੋਂ ਸਾਫ ਨਜ਼ਰ ਆਉਂਦਾ ਹੈ। ਲੋਕਾਂ ਨੂੰ ਅੰਧਵਿਸ਼ਵਾਸੀ ਬਣਾ ਅਤੇ ਕਰਮਾਂ ਦੇ ਚੱਕਰਾਂ ਵਿਚ ਪਾ ਕੇ ਮਾਇਆ ਬਟੋਰਨਾ, ਚਲਾਕੀ ਤੇ ਘੋਰ ਫਰੇਬ ਰਾਹੀਂ ਨੌਜੁਆਨ ਲੜਕੀਆਂ ਕੋਲੋਂ ਇਸ਼ਨਾਨ ਕਰਵਾਉਣਾ, ਜਿਨਸੀ ਸ਼ੋਸ਼ਨ, ਲੜਕੀਆਂ ਦਾ ਉਧਾਲਾ, ਸਿਆਸਤਦਾਨਾਂ ਦੀ ਸ਼ਹਿ 'ਤੇ ਆਪਣੇ ਚੇਲਿਆਂ (ਗੁੰਡਿਆਂ) ਦੁਆਰਾ ਡੇਰਿਆਂ ਤੇ ਆਸ਼ਰਮਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਨਸਿਕ ਤੌਰ 'ਤੇ ਦਬਾ ਕੇ ਹਮੇਸ਼ਾ ਲਈ ਆਪਣੇ ਚੁੰਗਲ ਵਿਚ ਫਸਾਈ ਰੱਖਣਾ, ਕਈ ਹਾਲਾਤ ਵਿਚ ਕਤਲ ਆਦਿ ਕੁਕਰਮ ਪ੍ਰਤੱਖ ਹਨ। ਇਸ ਤੋਂ ਬਿਨਾ ਕਈ ਅਣਦੱਸੀਆਂ ਕੁਕਰਮ ਕਹਾਣੀਆਂ ਦਫਨ ਹੋ ਕੇ ਰਹਿ ਜਾਂਦੀਆਂ ਹਨ।
ਸਮੇਂ ਨਾਲ ਹਰ ਸ਼ੈਅ ਬਦਲ ਜਾਂਦੀ ਹੈ। ਅਜਿਹਾ ਕੁਝ ਸਾਧ ਸੰਤਾਂ ਦੇ ਪੱਖ ਤੋਂ ਵਾਪਰ ਰਿਹਾ ਹੈ। ਮੰਨਿਆ ਗਿਆ ਹੈ ਕਿ ਮਾਇਆ ਵੱਖ-ਵੱਖ ਰੂਪਾਂ ਵਿਚ ਇਨਸਾਨ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦੀ ਹੈ। ਅਜੋਕਾ ਯੁਗ ਮੰਡੀ-ਸ਼ਕਤੀ ਤੇ ਭੌਤਿਕਵਾਦ ਦਾ ਯੁੱਗ ਹੈ ਜਿਸ ਵਿਚ ਪਦਾਰਥਕ ਵਸਤਾਂ ਦੀ ਖਿੱਚ ਇੰਨੀ ਦਿਖਾਈ ਜਾਂਦੀ ਹੈ, ਜਿੱਥੇ ਆਮ ਇਨਸਾਨ ਵਿਤੋਂ ਬਾਹਰ ਹੋ ਕੇ ਵੀ ਪਦਾਰਥਕ ਵਸਤਾਂ ਇਕੱਠੀਆਂ ਕਰਦਾ ਹੀ ਨਿਬੜ ਜਾਂਦਾ ਹੈ, ਉਥੇ ਸਾਧ ਸੰਤ ਵੀ ਇਹੀ ਵਰਤਾਰੇ ਅਪਣਾ ਰਹੇ ਹਨ। ਅਜੋਕੇ ਸਾਧਾਂ ਦਾ ਮਨ ਵੀ ਅਸਹਿਣਸ਼ੀਲ, ਖੰਡਤ ਤੇ ਪ੍ਰਚੰਡ ਲਾਲਚੀ ਹੋ ਰਿਹਾ ਹੈ। ਨਵੇਂ ਡੇਰੇ/ਆਸ਼ਰਮ ਖੁੱਲ੍ਹਣਾ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਭਾਰਤ ਵਿਚ ਲੱਖਾਂ ਹੀ ਡੇਰੇ/ਆਸ਼ਰਮ ਹੋਂਦ ਵਿਚ ਆ ਚੁੱਕੇ ਹਨ। ਪੰਜਾਬ ਵਰਗੇ ਛੋਟੇ ਰਾਜ ਵਿਚ ਵੀ 9000 ਦੇ ਕਰੀਬ ਡੇਰੇ/ਆਸ਼ਰਮ ਹਨ ਜੋ ਵਧੇਰੇ ਕਰਕੇ ਮਾਇਆ ਇਕੱਠੀ ਕਰਨ ਦਾ ਜ਼ਰੀਆ ਹਨ। ਬਾਬਿਆਂ ਕੋਲ ਮਹਿੰਗੀਆਂ ਕਾਰਾਂ, ਆਲੀਸ਼ਾਨ ਸਥਾਨ ਤੇ ਬੰਦੂਕਧਾਰੀ ਚੇਲਿਆਂ ਦਾ ਇਕੱਠ ਇਸ ਦਾ ਸਬੂਤ ਹਨ। ਸੋ, ਅਜੋਕਾ ਸਾਧਪੁਣਾ ਆਰਥਿਕ ਆਧਾਰਿਤ ਹੈ, ਅਧਿਆਤਮਕ ਆਧਾਰਿਤ ਨਹੀਂ।
ਅਖੌਤੀ ਬਾਬਿਆਂ ਦੀ ਉਪਜ ਦਾ ਇਕ ਹੋਰ ਵੱਡਾ ਕਾਰਨ ਸਾਧਪੁਣੇ ਵਿਚ ਅਸਾਨ ਦਾਖਲਾ ਹੈ। ਕੋਈ ਕਲਰਕ ਜਾਂ ਸਰਜਾ ਚਾਰ ਮੁਲਾਜ਼ਮ ਵੀ ਭਰਤੀ ਕਰਨਾ ਹੋਵੇ ਤਾਂ ਕੋਈ ਨਿਰਧਾਰਤ ਵਿਦਿਅਕ ਯੋਗਤਾ ਚਾਹੀਦੀ ਹੈ, ਟੈਸਟ ਜਾਂ ਇੰਟਰਵਿਉ ਪਾਸ ਕਰਨੀ ਪੈਂਦੀ ਹੈ ਪਰ ਬਾਬਾ ਬਣਨ ਲਈ ਕਿਸੇ ਯੋਗਤਾ ਦੀ ਜ਼ਰੂਰਤ ਨਹੀਂ। ਬਸ ਖਾਸ ਭੇਸ ਤੇ ਸ਼ੁਰੂਆਤ ਲਈ ਥੋੜ੍ਹੀ ਜਗ੍ਹਾ ਚਾਹੀਦੀ ਹੈ ਜੋ ਛੇਤੀ ਹੀ ਫੈਲ ਜਾਂਦੀ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੁੰਦੀ ਹੈ ਕਿ ਸਾਧਾਂ ਤੇ ਆਸ਼ਰਮਾਂ ਨੂੰ ਸਿਆਸੀ ਥਾਪੜਾ ਵੀ ਮਿਲ ਜਾਂਦਾ ਹੈ। ਬਸ ਫੇਰ ਕੀ? ਨਾ ਕੋਈ ਪੁੱਛਣ ਵਾਲਾ ਤੇ ਨਾ ਹੀ ਕੋਈ ਰੋਕ-ਟੋਕ। ਕਈ ਬਾਬਿਆਂ ਦਾ ਪਿਛੋਕੜ ਨਿਹਾਇਤ ਅਪਰਾਧਿਕ ਹੁੰਦਾ ਹੈ।
ਸਾਧ ਸੰਤਾਂ ਦੇ ਡੇਰੇ ਪ੍ਰਫੁਲਤ ਹੋਣ ਦੇ ਹੋਰ ਵੱਡੇ ਕਾਰਣ ਹਨ: ਸਮਾਜ ਵਿਚ ਰਿਸ਼ਤਿਆਂ ਦੀ ਟੁੱਟ-ਭੱਜ, ਘਰੇਲੂ ਕਲੇਸ਼, ਸਮਾਜਿਕ ਸਹਾਰਿਆਂ ਦਾ ਟੁੱਟਣਾ, ਸਮਾਜਿਕ ਅਸੰਗਠਤਾ, ਅੰਤਰ-ਮਨੁੱਖੀ ਅਸੰਵੇਦਨਸ਼ੀਲਤਾ, ਮਾਨਸਿਕ ਤਣਾਅ ਆਦਿ। ਮਨੋਵਿਗਿਆਨਕ ਪੱਖਾਂ ਤੋਂ ਕੀਤੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਡਿਪਰੈਸ਼ਨ ਦੀ ਬਿਮਾਰੀ ਦੈਂਤ ਦਾ ਰੂਪ ਧਾਰ ਰਹੀ ਹੈ। ਭਾਰਤ ਵਿਚ ਹੁਣ 7 ਕਰੋੜ ਦੇ ਕਰੀਬ ਲੋਕ ਡਿਪਰੈਸ਼ਨ ਦੀ ਮਾਰ ਹੇਠ ਹਨ। ਇਕ ਰਿਪੋਰਟ ਮੁਤਾਬਿਕ, ਪੰਜਾਬ ਦਾ ਹਰ ਅੱਠਵਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ। ਮਾਨਸਿਕ ਤੇ ਸਮਾਜਿਕ ਤੌਰ 'ਤੇ ਟੁੱਟੇ ਇਨਸਾਨ ਸਾਧਾਂ ਸੰਤਾਂ ਦੀ ਸ਼ਰਨ ਵਿਚ ਆਉਂਦੇ ਹਨ ਅਤੇ ਲੁੱਟ-ਖਸੁੱਟ ਦਾ ਸ਼ਿਕਾਰ ਹੁੰਦੇ ਹਨ।
ਮੰਨਿਆ ਜਾਂਦਾ ਹੈ ਕਿ ਜਿਉਂ ਜਿਉਂ ਸਮਾਜ ਤਰੱਕੀ ਕਰਦਾ ਹੈ, ਅੰਧਵਿਸ਼ਵਾਸ਼ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਲੋਕਾਂ ਦਾ ਵਰਤਾਰਾ ਤਰਕਸ਼ੀਲ ਪੱਖੀ ਹੁੰਦਾ ਹੈ ਪਰ ਸਾਡੇ ਸਮਾਜ ਵਿਚ ਅਜਿਹਾ ਨਜ਼ਰ ਨਹੀਂ ਆਉਂਦਾ। ਅੱਜ ਆਮ ਲੋਕ ਆਪਣੇ ਸੁੱਖਾਂ ਦੀ ਪ੍ਰਾਪਤੀ ਲਈ ਸਾਧਾਂ ਸੰਤਾਂ ਦੇ ਕਹੇ ਤੇ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਗਰੂ ਨਾਨਕ ਦੇਵ ਜੀ ਦੇ ਉਚਾਰੇ ਸ਼ਬਦ 'ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ£' ਅੱਜ ਵੀ ਪ੍ਰਸੰਗਕ ਹਨ। ਪਖੰਡੀ ਬਾਬੇ ਧਰਮ ਦੇ ਨਾਮ ਦੇ ਸਹਾਰੇ ਲੋਕਾਂ ਨੂੰ ਡਰਾ ਕੇ ਸਭ ਕੁਝ ਹਾਸਲ ਕਰ ਲੈਂਦੇ ਹਨ। ਕਈ ਬਾਬੇ ਤਾਂ ਬਾਣੀ ਦੇ ਅਰਥਾਂ ਦਾ ਵੀ ਅਨਰਥ ਕਰ ਦਿੰਦੇ ਹਨ ਅਤੇ ਕਈ ਸ਼ਬਦ ਗਾਇਨ ਵੀ ਮਾਡਰਨ ਤਰਜ਼ਾਂ 'ਤੇ ਕਰਦੇ ਹਨ।
ਤਕਰੀਬਨ ਇਕ ਸਦੀ ਪਹਿਲਾਂ ਜਰਮਨ ਸਮਾਜ ਵਿਗਿਆਨੀ ਮੈਕਸ ਵੈਬਰ ਨੇ ਹੋਰ ਪੱਖਾਂ ਤੋਂ ਇਲਾਵਾ ਧਰਮ ਨੂੰ ਆਰਥਿਕ ਤਰੱਕੀ ਵਿਚ ਵੱਡਾ ਰੋੜਾ ਦੱਸਿਆ ਸੀ। ਆਪਣੀ ਪੁਸਤਕ 'ਪਰੋਟੈਸਟੈਂਟ ਐਥਿਕਸ ਐਂਡ ਸਪਿਰਿਟ ਆਫ ਕੈਪਿਟੈਲਿਜ਼ਮ' ਵਿਚ ਉਸ ਦਾ ਤਰਕ ਸੀ ਕਿ ਕੈਲਵਿਨਿਸਟ ਲੋਕ ਯੂਰੋਪ ਵਿਚ ਇਸ ਕਰਕੇ ਖੁਸ਼ਹਾਲ ਹੋਏ ਕਿਉਂਕਿ ਉਨ੍ਹਾਂ ਨੇ ਚਰਚ ਜੋ ਕੁਝ ਸਮਾਂ ਪਹਿਲਾਂ ਤੱਕ ਸ਼ਕਤੀਸ਼ਾਲੀ ਸੰਸਥਾ ਸੀ, ਵਿਚ ਸਮਾਂ ਵਿਅਰਥ ਕਰਨ ਦੀ ਬਜਾਏ ਮਿਹਨਤ, ਸੰਜਮ, ਅਨੁਸ਼ਾਸਨ ਤੇ ਆਤਮ-ਵਿਸ਼ਵਾਸ ਨਾਲ ਆਰਥਿਕ ਗਤੀਵਿਧੀਆਂ ਵਿਚ ਧਿਆਨ ਲਾਇਆ। ਵੈਬਰ ਮੁਤਾਬਿਕ, ਹੋਰ ਕਾਰਨਾਂ ਦੇ ਨਾਲ ਨਾਲ ਭਾਰਤ ਦੀ ਗਰੀਬੀ ਤੇ ਅਣ-ਵਿਕਾਸ ਦਾ ਮੂਲ ਕਾਰਨ ਧਾਰਮਿਕ ਕਰਮਕਾਂਡਾਂ ਤੇ ਵਿਸ਼ਵਾਸਾਂ ਵਿਚ ਵਧੇਰੇ ਸਮਾਂ ਨਸ਼ਟ ਕਰਨਾ ਹੈ। ਉਸ ਮੁਤਾਬਿਕ, ਭਾਰਤੀ ਮਨੁੱਖ ਕਿਸਮਤਵਾਦ, ਸੰਸਾਰ ਤਿਆਗਣ, ਕਰਮਕਾਂਡ ਤੇ ਅਣ-ਦੇਖੀ ਅਗਲੇਰੀ ਦੁਨੀਆ ਲਈ ਵਧੇਰੇ ਫ਼ਿਕਰਮੰਦ ਰਹਿੰਦੇ ਹਨ ਅਤੇ ਅਜਿਹੀ ਸੋਚ ਜਿੱਥੇ ਗੈਰ ਕੁਦਰਤੀ ਤੇ ਮਨੁੱਖੀ ਸ਼ਕਤੀ ਨੂੰ ਅਣਉਪਜਾਊ ਕੰਮਾਂ ਵੱਲ ਧੱਕਦੀ ਹੈ, ਉੱਥੇ ਵਿਕਾਸ ਵੀ ਰੁਕਦਾ ਹੈ। ਅਜੋਕੇ ਸਮੇਂ ਵਿਚ ਸਾਡੇ ਮੁਲਕ ਵਿਚ ਬਾਬੇ ਮਨੁੱਖੀ ਤੇ ਕੁਦਰਤੀ ਸ਼ਕਤੀ ਨੂੰ ਬੇਹਾਲ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਅੱਜ ਵੀ ਬਲੀਆਂ, ਆਹੂਤੀਆਂ ਤੇ ਅੰਧ-ਵਿਸ਼ਵਾਸਾਂ ਦਾ ਵਰਤਾਰਾ ਜਾਰੀ ਹੈ। ਅਜੋਕੇ ਬਾਬੇ ਹੁਣ ਧਰਮ, ਸਮੂਹ ਤੇ ਕੁਦਰਤ ਦਾ ਖਿਆਲ ਘੱਟ ਤੇ ਮਾਰਕੀਟਿੰਗ ਦਾ ਹੇਜ ਵੱਧ ਕਰਦੇ ਹਨ। ਧਰਮ ਤੇ ਯੋਗ ਦੇ ਨਾਮ 'ਤੇ ਵੇਚਿਆ ਜਾ ਰਿਹਾ ਸਮਾਨ ਇਨ੍ਹਾਂ ਦੀਆਂ ਮਿਸਾਲਾਂ ਹਨ। ਭਾਰਤ ਵਿਚ ਮਿਹਨਤੀ ਅਤੇ ਹੱਕ ਦੀ ਕਮਾਈ ਕਰਨ ਵਾਲਾ ਇਨਸਾਨ ਉਮਰ ਦੇ ਅਖੀਰਲੇ ਸਾਲਾਂ ਵਿਚ ਜਾ ਕੇ ਕਿਤੇ ਲੱਖਾਂ ਰੁਪਏ ਦੇ ਦਰਸ਼ਨ ਕਰਦਾ ਹੈ ਜਦਕਿ ਬਾਬੇ ਚੜ੍ਹਦੀ ਉਮਰੇ ਹੀ ਅਰਬਾਂ ਰੁਪਇਆਂ ਵਿਚ ਖੇਡਦੇ ਹਨ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਕਾਰਨਾਂ ਜਿਵੇਂ ਬੇਰੁਜ਼ਗਾਰੀ, ਜ਼ਮੀਨਾਂ ਜੋਤਾਂ ਦਾ ਘਟ ਰਿਹਾ ਆਕਾਰ ਤੇ ਘੱਟ ਆਮਦਨ, ਪਦਾਰਥਵਾਦ ਦੀ ਪੀਡੀ ਹੋ ਰਹੀ ਪਕੜ, ਸਮਾਜਿਕ ਟੁੱਟ ਭੱਜ, ਮਾਨਸਿਕ ਤਣਾਅ, ਸਿਆਸੀ ਪਾਰਟੀਆਂ ਵਲੋਂ ਕੋਈ ਵਿਕਾਸ ਏਜੰਡਾ ਲਾਗੂ ਨਾ ਕਰਨਾ, ਸਿਆਸਤਦਾਨਾਂ ਵੱਲੋਂ ਆਮ ਲੋਕਾਂ ਦੇ ਦੁੱਖ ਦਰਦ ਵੱਲ ਪਿੱਠ ਕਰ ਲੈਣੀ, ਵਧ ਰਿਹਾ ਅਪਰਾਧ, ਲੋਕਾਂ ਵਿਚ ਅਗਿਆਨਤਾ ਤੇ ਅੰਧਵਿਸ਼ਵਾਸ ਆਦਿ ਸਦਕਾ ਸਮਾਜ ਬਿਮਾਰ ਹੈ। ਇਸ ਬਾਰੇ ਵੱਖ ਵੱਖ ਪੱਧਰਾਂ 'ਤੇ ਸਰਕਾਰਾਂ ਸਮੇਤ ਗੰਭੀਰ ਚਿੰਤਨ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਸਮੇਂ ਦਾ ਹਾਣੀ ਬਣਾ ਕੇ ਤਰੱਕੀ ਵੱਲ ਲਿਜਾਇਆ ਜਾਵੇ ਜਿੱਥੇ ਲੋਕਾਂ ਨੂੰ ਬਾਬਿਆਂ ਦਾ ਸਹਾਰਾ ਨਾ ਤੱਕਣਾ ਪਵੇ ਅਤੇ ਲੋਕ ਆਪਣੀ ਤਰੱਕੀ ਦੇ ਨਾਲ ਮੁਲਕ ਦੇ ਵਿਕਾਸ ਵਿਚ ਵੀ ਹਿੱਸਾ ਪਾ ਸਕਣ।