ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੋਲੇ-ਮਹੱਲੇ ਦੀ ਕਾਨਫਰੰਸ ਤਖਤ ਸ੍ਰੀ ਕੇਸਗੜ੍ਹ ਦੇ ਸਰੋਵਰ ਕੋਲ 25 ਮਾਰਚ ਨੂੰ ਹੋਵੇਗੀ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੋਲੇ-ਮਹੱਲੇ ਦੀ ਕਾਨਫਰੰਸ ਤਖਤ ਸ੍ਰੀ ਕੇਸਗੜ੍ਹ ਦੇ ਸਰੋਵਰ ਕੋਲ 25 ਮਾਰਚ ਨੂੰ ਹੋਵੇਗੀ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਹੋਲੇ-ਮਹੱਲੇ ਦੇ ਇਤਿਹਾਸਿਕ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਪਾਰਟੀ ਵੱਲੋ ਹਰ ਸਾਲ ਦੀ ਤਰ੍ਹਾਂ ਮੀਰੀ-ਪੀਰੀ ਦੀ ਕਾਨਫਰੰਸ ਕਰਨ ਜਾ ਰਿਹਾ ਹੈ, ਇਹ ਕਾਨਫਰੰਸ ਤਖ਼ਤ ਸ੍ਰੀ ਕੇਸਗੜ੍ਹ ਦੇ ਸਰੋਵਰ ਦੇ ਨਜਦੀਕ 25 ਮਾਰਚ ਨੂੰ ਹੋਵੇਗੀ । ਜਿਸ ਵਿਚ ਸਮੂਹ ਖ਼ਾਲਸਾ ਪੰਥ ਨੂੰ ਨਵੀ ਨਰੋਈ ਆਜਾਦ ਪੱਖੀ ਸੋਚ ਨੂੰ ਨਾਲ ਲੈਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 25 ਮਾਰਚ ਨੂੰ ਹੋਲੇ-ਮਹੱਲੇ ਦੇ ਦਿਹਾੜੇ ਉਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮੁੱਚੇ ਖ਼ਾਲਸਾ ਪੰਥ ਨੂੰ ਮੀਰੀ-ਪੀਰੀ ਕਾਨਫਰੰਸ ਵਿਚ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਕਾਨਫਰੰਸ ਦਾ ਪ੍ਰਬੰਧ ਆਨੰਦਪੁਰ ਸਾਹਿਬ ਦੇ ਉਮੀਦਵਾਰ ਪਾਰਟੀ ਦੇ ਜਰਨਲ ਸਕੱਤਰ ਸ. ਕੁਸਲਪਾਲ ਸਿੰਘ ਮਾਨ, ਦੂਜੇ ਜਰਨਲ ਸਕੱਤਰ ਸ. ਕੁਲਦੀਪ ਸਿੰਘ ਭਾਗੋਵਾਲ ਅਤੇ ਰੋਪੜ੍ਹ ਜਿ਼ਲ੍ਹੇ ਦੇ ਪਾਰਟੀ ਦੇ ਪ੍ਰਧਾਨ ਸ. ਰਣਜੀਤ ਸਿੰਘ ਸੰਤੋਖਗੜ੍ਹ ਸਮੂਹਿਕ ਸਾਂਝੇ ਤੌਰ ਤੇ ਕਰ ਰਹੇ ਹਨ । ਇਸ ਕਾਨਫਰੰਸ ਦੀ ਸਮੁੱਚੀ ਸਫਲਤਾ ਤੇ ਪ੍ਰਬੰਧ ਲਈ ਪਾਰਟੀ ਵੱਲੋ ਇਨ੍ਹਾਂ ਤਿੰਨ ਆਗੂਆਂ ਨੂੰ ਜਿੰਮੇਵਾਰੀ ਸੌਪੀ ਗਈ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿਉਂਕਿ ਮਈ ਮਹੀਨੇ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆ ਹਨ । ਇਸ ਲਈ ਹੋਲੇ ਮਹੱਲੇ ਦੀ ਇਹ ਇਤਿਹਾਸਿਕ ਕਾਨਫਰੰਸ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਕ ਸਾਂਝਾ ਸੰਦੇਸ ਦੇਣ ਵਿਚ ਸਹਾਈ ਹੋਵੇਗੀ । ਇਸ ਲਈ ਸਮੁੱਚੀ ਰੋਪੜ੍ਹ ਜਿਲ੍ਹੇ ਦੀ ਅਤੇ ਹੋਰ ਸੀਨੀਅਰ ਲੀਡਰਸਿਪ ਇਸ ਕਾਨਫਰੰਸ ਦੀਆਂ ਜਿੰਮੇਵਾਰੀਆ ਨੂੰ ਸਮਝਦੇ ਹੋਏ ਸਮੂਹਿਕ ਤੌਰ ਤੇ ਅਤੇ ਆਪੋ ਆਪਣੇ ਤੌਰ ਤੇ ਆਪਣੀਆ ਖਾਲਸਾ ਪੰਥ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ।