ਅਦਾਲਤੀ ਸਖਤੀ ਦੇ ਬਾਵਜੂਦ ਝੂਠੇ  ਯੋਗ ਗੁਰੂ ਰਾਮਦੇਵ ਬਾਰੇ ਮੋਦੀ ਸਰਕਾਰ ਚੁਪ ਕਿਉਂ? 

ਅਦਾਲਤੀ ਸਖਤੀ ਦੇ ਬਾਵਜੂਦ ਝੂਠੇ  ਯੋਗ ਗੁਰੂ ਰਾਮਦੇਵ ਬਾਰੇ ਮੋਦੀ ਸਰਕਾਰ ਚੁਪ ਕਿਉਂ? 

ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵੱਲੋਂ ‘ਯੋਗ ਗੁਰੂ’ ਦੇ ਨਾਮ ਨਾਲ ਜਾਣੇ ਜਾਂਦੇ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ ਆਯੁਰਵੇਦ’ ਦੁਆਰਾ ਮਨੁੱਖੀ ਇਲਾਜ ਸੰਬੰਧੀ ਦਿੱਤੇ ਜਾ ਰਹੇ ਗੁੰਮਰਾਹਕੁੰਨ ਅਤੇ ਝੂਠੇ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਜਿੱਥੇ ਕੰਪਨੀ ਨੂੰ ਝਾੜ ਪਾਈ ਹੈ,

ਉੱਥੇ ਹੀ ਇਸ ਕੰਪਨੀ ਪ੍ਰਤੀ ਕੇਂਦਰ ਸਰਕਾਰ ਵੱਲੋਂ ਇਖਤਿਆਰ ਗਈ ਨਰਮੀ ’ਤੇ ਦੀ ਸਖਤ ਆਲੋਚਨਾ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਪਤੰਜਲੀ ਵੱਲੋਂ ਝੂਠੇ ਇਸ਼ਤਿਹਾਰਾਂ ਰਾਹੀਂ ਪੂਰੇ ਦੇਸ਼ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਸੁਪਰੀਮ ਕੋਰਟ ਨੇ ਪਤੰਜਲੀ ਨੂੰ ਸਾਰੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਆਖਰ ਮੋਦੀ ਸਰਕਾਰ ਪਤੰਜਲੀ ਉੱਤੇ ਐਨੀ ਮਿਹਰਬਾਨ ਕਿਉਂ ਹੈ? ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਅਦਾਲਤ ਵੱਲੋਂ ਪਤੰਜਲੀ ਆਯੁਰਵੇਦ ਨੂੰ ਝਾੜ ਪਾਈ ਗਈ ਹੋਵੇ, ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਆਪਣੀਆਂ ਦਵਾਈਆਂ ਬਾਰੇ ‘ਝੂਠੇ’ ਅਤੇ ‘ਗੁਮਰਾਹਕੁਨ’ ਦਾਅਵੇ ਕਰਨ ਤੋਂ ਸਾਵਧਾਨ ਕੀਤਾ ਸੀ। ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਵਿੱਚ ਪਤੰਜਲੀ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਵੱਲੋਂ ਆਪਣੀਆਂ ਹਰਬਲ ਦਵਾਈਆਂ ਦੇ ਕਾਰਗਰ ਹੋਣ ਬਾਰੇ ਕੀਤੇ ਜਾਂਦੇ ਹਰੇਕ ਝੂਠੇ ਦਾਅਵੇ ਬਦਲੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਅਦਾਲਤ ਨੇ ਸਖਤੀ ਨਾਲ ਕਿਹਾ ਸੀ ਕਿ ਆਪਣੇ ਕਾਰੋਬਾਰੀ ਹਿਤਾਂ ਖਾਤਰ ਕੀਤੀ ਜਾ ਰਹੀ ਗੁਮਰਾਹਕੁਨ ਇਸ਼ਤਿਹਾਰਬਾਜ਼ੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਹਾਲਾਂਕਿ ਨਵੰਬਰ 2023 ਵਿੱਚ ਪਤੰਜਲੀ ਆਯੁਰਵੇਦ ਦੇ ਵਕੀਲ ਨੇ ਅਦਾਲਤ ਨੂੰ ਯਕੀਨ ਦਿਵਾਇਆ ਸੀ ਕਿ ਕਿਸੇ ਵੀ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਵੇਗੀ ਪਰ ਫਿਰ ਵੀ ਕੇਂਦਰ ਸਰਕਾਰ ਦੀ ਮਿਹਰਬਾਨੀ ਸਦਕਾ ਕੰਪਨੀ ਨੇ ਝੂਠੇ ਇਸ਼ਤਿਹਾਰ ਬੰਦ ਨਹੀਂ ਕੀਤੇ, ਜਿਸਦੇ ਚਲਦਿਆਂ ਹੁਣ ਸੁਪਰੀਮ ਕੋਰਟ ਨੇ ਕੰਪਨੀ ਅਤੇ ਇਸਦੇ ਪ੍ਰਬੰਧਕੀ ਨਿਰਦੇਸ਼ਕ ਨੂੰ ਮਾਣਹਾਨੀ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਸ ਦੇ ਵਿਹਾਰ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀ ਸਮੁੱਚੇ ਦੇਸ਼ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ।

ਦਰ ਅਸਲ ਪਤੰਜਲੀ ਦੁਆਰਾ ‘ਗੁਮਰਾਹਕੁਨ ਅਤੇ ਝੂਠੇ’ ਇਸ਼ਤਿਹਾਰਾਂ ਤੇ ਦਾਅਵਿਆਂ ਖਿਲਾਫ ਉੱਚ ਅਦਾਲਤ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਆਈਐੱਮਏ ਨੇ ਅਜਿਹੇ ਕਈ ਇਸ਼ਤਿਹਾਰਾਂ ਦਾ ਹਵਾਲਾ ਦਿੱਤਾ ਸੀ ਜਿਨ੍ਹਾਂ ਵਿੱਚ ਐਲੋਪੈਥੀ ਅਤੇ ਡਾਕਟਰਾਂ ਨੂੰ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪਤੰਜਲੀ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਵੀ ਜਵਾਬ ਤਲਬ ਕੀਤਾ ਹੈ ਕਿ ਉਸਨੇ ਹੁਣ ਤਕ ਕਾਰਵਾਈ ਕਿਉਂ ਨਹੀਂ ਕੀਤੀ।

ਨਵੰਬਰ 2023 ਵਿੱਚ ਸੁਪਰੀਮ ਕੋਰਟ ਦੀ ਸਖਤੀ ਦੇ ਬਾਵਜੂਦ ਬਾਬਾ ਰਾਮਦੇਵ ਨੇ ਆਈਐੱਮਏ ਖਿਲਾਫ ਅਸਿੱਧੇ ਬਿਆਨ ਦਿੰਦਿਆਂ ਕਿਹਾ ਸੀ ਕਿ ਡਾਕਟਰਾਂ ਦਾ ਇੱਕ ਹਿੱਸਾ ਯੋਗਾ, ਆਯੁਰਵੇਦ, ਨੈਚਰੋਪੈਥੀ ਅਤੇ ਸਾਡੀਆਂ ਸਨਾਤਨ ਕਦਰਾਂ-ਕੀਮਤਾਂ ਦੇ ਵਿਰੁੱਧ ਪ੍ਰਚਾਰ ਕਰ ਰਿਹਾ ਹੈ ਜਦਕਿ ਇਹ ਬਿਲਕੁਲ ਬੇਬੁਨਿਆਦ ਸੀ। ਇਸ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਦੌਰ ਵਿੱਚ ਵੀ ਬਾਬਾ ਰਾਮਦੇਵ ਵੱਲੋਂ ਆਪਣੀਆਂ ਦਵਾਈਆਂ ਦੇ ਕਾਰਗਰ ਹੋਣ ਸੰਬੰਧੀ ਬੇਬੁਨਿਆਦ ਪ੍ਰਚਾਰ ਕਰਦਿਆਂ ਐਲੋਪੈਥੀ ਅਤੇ ਡਾਕਟਰਾਂ ਖਿਲ਼ਾਫ ਸਖਤ ਟਿੱਪਣੀਆਂ ਕੀਤੀਆਂ ਸਨ। ਪਿਛਲੇ ਹਫਤੇ ਸੁਣਵਾਈ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪਤੰਜਲੀ ਜਾਂ ਇਸਦੇ ਅਧਿਕਾਰੀ ਕਿਸੇ ਵੀ ਮੈਡੀਕਲ ਪ੍ਰਬੰਧ ਖਿਲਾਫ ਮੀਡੀਏ ਵਿੱਚ ਕੋਈ ਜਨਤਕ ਬਿਆਨ ਨਹੀਂ ਦੇ ਸਕਦੇ ਹਨ।

ਅਸਲ ਵਿੱਚ ਯੋਗਾ ਵੀ ਵਿਗਿਆਨਕ ਢੰਗ ਨਾਲ ਕੀਤਾ ਜਾਣ ਵਾਲਾ ਇੱਕ ਸਰੀਰਕ ਅਭਿਆਸ ਹੈ। ਪਰ ਇਸ ਨੂੰ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਇਸਦੀ ਖੋਜ ਸੰਘ ਪਰਿਵਾਰ ਨੇ ਕੀਤੀ ਹੋਵੇ ਅਤੇ ਇਸਦਾ ਬਰਾਂਡ ਐਂਬੈਸਡਰ ਬਾਬਾ ਰਾਮਦੇਵ ਹੋਵੇ। ਬਾਬਾ ਰਾਮਦੇਵ ਅਤੇ ਉਸਦੇ ਹਿਮਾਇਤੀਆਂ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਤੰਜਲੀ ਦੇ ਗੈਰ ਵਿਗਿਆਨਕ ਦਾਅਵਿਆਂ ਦਾ ਖੰਡਣ ਕਰਨਾ ਆਯੁਰਵੇਦ ਵਿਰੁੱਧ ਕਿਵੇਂ ਹੋ ਗਿਆ ਹੈ।

ਹਕੀਕਤ ਇਹ ਹੈ ਕਿ ਬਾਬਾ ਰਾਮਦੇਵ ਇੱਕ ਅਜਿਹਾ ਵਿਉਪਾਰੀ ਹੈ ਜਿਸਦੀ ਕੰਪਨੀ ‘ਪਤੰਜਲੀ’ ਮਨੁੱਖ ਦੇ ਸਵੇਰੇ ਉੱਠ ਕੇ ਵਰਤੋਂ ਵਿੱਚ ਆਉਣ ਵਾਲੀ ਟੁੱਥਪੇਸਟ ਤੋਂ ਲੈ ਕੇ ਰਾਤ ਨੂੰ ਸੌਣ ਤਕ ਵਰਤੋਂ ਵਿੱਚ ਆਉਣ ਵਾਲੀ ਲਗਭਗ ਹਰ ਵਸਤੂ ਵੇਚ ਰਹੀ ਹੈ। ਸਰਕਾਰ ਵੱਲੋਂ ਬਾਬਾ ਰਾਮਦੇਵ ਨੂੰ ਦਿੱਤੀਆਂ ਜਾ ਰਹੀਆਂ ‘ਛੋਟਾਂ’ ਦਰਸਾਉਂਦੀਆਂ ਹਨ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ।

ਮੋਦੀ ਸਰਕਾਰ ਉਸ ਉੱਪਰ ਇਸ ਕਰਕੇ ਮਿਹਰਬਾਨ ਹੈ ਕਿਉਂਕਿ ਉਸਨੇ ਕਾਂਗਰਸ ਦੇ ਸ਼ਾਸਨ ਦੌਰਾਨ ਭਾਜਪਾ ਨੂੰ ‘ਸੱਤਾ’ ਵਿੱਚ ਲਿਆਉਣ ਲਈ ਕਈ ‘ਰਾਜਨੀਤਕ ਸੰਘਰਸ਼’ ਕੀਤੇ ਸਨ। 2011 ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇੱਕ ਅੰਦੋਲਨ ਦੌਰਾਨ ਰਾਤ ਨੂੰ ਅੰਦੋਲਨ ਵਿੱਚੋਂ ਔਰਤਾਂ ਦੇ ਕੱਪੜਿਆਂ ਵਿੱਚ ਭੇਸ ਬਦਲ ਕੇ ਭੱਜ ਜਾਣ ਦੀਆਂ ਉਸਦੀਆਂ ਤਸਵੀਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਸਨ। ਉਸਨੇ ਭਾਜਪਾ ਨੂੰ ‘ਸੱਤਾ’ ਵਿੱਚ ਲਿਆਉਣ ਖਾਤਰ ਅਜਿਹੇ ਫੋਕੇ ਦਾਅਵੇ ਵੀ ਕੀਤੇ ਕਿ ਭਾਜਪਾ ਦੇ ਆਉਣ ਨਾਲ ਤੇਲ ਦੀਆਂ ਕੀਮਤਾਂ ਘਟ ਜਾਣਗੀਆਂ। ਇਸੇ ਕਰਕੇ ਮੋਦੀ ਸਰਕਾਰ ਉਸ ਉੱਪਰ ਮਿਹਰਬਾਨ ਨਜ਼ਰ ਆ ਰਹੀ ਹੈ। ਬਾਬਾ ਰਾਮਦੇਵ ਨੇ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਦੇ ਸੋਹਲੇ ਗਾਏ ਹਨ।

ਭਾਜਪਾ ਸਰਕਾਰ ਤੋਂ ਮਿਲ ਰਹੀਆਂ ਛੋਟਾਂ ਦਾ ਨਤੀਜਾ ਹੀ ਹੈ ਕਿ ਕਾਂਗਰਸ ਸਰਕਾਰ ਸਮੇਂ ਵੱਡੇ ਅੰਦੋਲਨਾਂ ਵਿੱਚ ਹਿੱਸਾ ਲੈਣ ਵਾਲਾ ਬਾਬਾ ਰਾਮਦੇਵ ਹੁਣ ਅੰਦੋਲਨਾਂ ਤੋਂ ਦੂਰ ਰਹਿ ਰਿਹਾ ਹੈ। ਦਿੱਲੀ ਦੇ ਬਾਰਡਰਾਂ ’ਤੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਸਮੇਂ ਇਸ ‘ਭੱਦਰ ਪੁਰਸ਼’ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ ਸੀ।

ਬਾਬਾ ਰਾਮਦੇਵ ਨੇ ਸਿਰਫ ਮੈਡੀਕਲ ਵਿਗਿਆਨ ਖਿਲਾਫ ਹੀ ਬਿਆਨ ਨਹੀਂ ਦਿੱਤੇ ਹਨ ਬਲਕਿ ਕਈ ਵਾਰ ਵਿਵਾਦਿਤ ਬਿਆਨ ਵੀ ਦਿੱਤੇ ਹਨ ਜਿਵੇਂ 2022 ਵਿੱਚ ਉਹਨਾਂ ਮਾਹਾਂਰਾਸ਼ਟਰ ਦੇ ਠਾਣੇ ਵਿੱਚ ਇੱਕ ਯੋਗਾ ਸਿਖਲਾਈ ਕੈਂਪ ਦੌਰਾਨ ਔਰਤਾਂ ਦੇ ਕੱਪੜੇ ਪਾਉਣ ਸੰਬੰਧੀ ਇੱਕ ਵਿਵਾਦਿਤ ਬਿਆਨ ਦਿੱਤਾ ਸੀ।

ਪਿਛਲੇ ਸਾਲ ਇੱਕ ਸਮਾਗਮ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਉਸਦੀ ਕੰਪਨੀ ਦਾ ਸਲਾਨਾ ਟਰਨਓਵਰ 45 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦਾ ਨਿਸ਼ਾਨਾ 1 ਲੱਖ ਕਰੋੜ ਦਾ ਹੈ। ਮਤਲਬ ਸਾਫ ਹੈ ਕਿ ਇਹ ਕੰਪਨੀ ਬਾਕੀ ਕਾਰਪੋਰੇਟ ਘਰਾਣਿਆਂ ਵਰਗੀ ਇੱਕ ਕੰਪਨੀ ਹੈ, ਜਿਸਦਾ ਮੰਤਵ ਮੁਨਾਫੇ ਤੋਂ ਸਿਵਾਏ ਕੁਝ ਵੀ ਨਹੀਂ ਹੈ।

ਇਹ ਵੀ ਸੱਚ ਹੈ ਕਿ ਭਾਜਪਾ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਗੈਰ ਵਿਗਿਆਨਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ। ਭਾਜਪਾ ਦੇ ਕਈ ਵੱਡੇ ਆਗੂ ਵਿਗਿਆਨਕ ਵਿਕਾਸ ਨੂੰ ਰੱਦ ਕਰਕੇ ਸਮਾਜ ਵਿੱਚ ਅੰਧਵਿਸ਼ਵਾਸ ਪੈਦਾ ਕਰਨ ਵਾਲੇ ਬਿਆਨ ਦਿੰਦੇ ਰਹਿੰਦੇ ਹਨ। ਇਹੀ ਵਜਾਹ ਹੈ ਕਿ ਬਾਬਾ ਰਾਮਦੇਵ ਵਰਗਾ ਵਿਅਕਤੀ ਭਾਜਪਾ ਦੇ ਫਿੱਟ ਬੈਠਦਾ ਹੈ। ਭਾਜਪਾ ਵੱਲੋਂ ਜਿਵੇਂ ਬਾਬਾ ਰਾਮਦੇਵ ਨੂੰ ਬੇਰੋਕ ਬਿਜ਼ਨਸ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀਆਂ ਛੋਟਾਂ ਲੈਣ ਵਾਲਿਆਂ ਦੀ ਲੰਮੀ ਲਿਸਟ ਬਣ ਸਕਦੀ ਹੈ। ਇਹ ਵੀ ਤੱਥ ਹਨ ਕਿ ਖੁਦ ਬਿਮਾਰ ਹੋਣ ’ਤੇ ਪਤੰਜਲੀ ਦੇ ਸੰਚਾਲਕ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ, ਲੇਕਿਨ ਆਮ ਲੋਕਾਂ ਨੂੰ ਗੁਮਰਾਹ ਕਰਦੇ ਹਨ।

ਆਈਐੱਮਏ ਵੱਲੋਂ ਸਰਕਾਰ ਦੀ ਚਹੇਤੀ ਕੰਪਨੀ ‘ਪਤੰਜਲੀ’ ਖਿਲਾਫ ਲੜੀ ਜਾ ਰਹੀ ਅਦਾਲਤੀ ਲੜਾਈ ਨੂੰ ਉਤਸ਼ਾਹਿਤ ਕਰਦਿਆਂ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਡਾਕਟਰਾਂ ਦਾ ਸਹਿਯੋਗ ਕੀਤਾ ਜਾਵੇ। ਵੈਸੇ ਜਿਵੇਂ ਪਤੰਜਲੀ ਆਪਣੇ ਇਸ਼ਤਿਹਾਰਾਂ ਵਿੱਚ ਲੋਕਾਂ ਨੂੰ ਗੁਮਰਾਹ ਕਰਦੀ ਹੈ, ਉਸੇ ਤਰ੍ਹਾਂ ਹਰ ਸ਼ਹਿਰ ਦੇ ਗਲੀ, ਮੋੜ ’ਤੇ ਖੁੱਲ੍ਹੇ ‘ਮਰਦਾਨਾ ਕਮਜ਼ੋਰੀ’ ਦੂਰ ਕਰਨ ਦੇ ਅਖੌਤੀ ਕਲੀਨਿਕ ਨੌਜਵਾਨਾਂ ਨੂੰ ਲੁੱਟ ਰਹੇ ਹਨ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲੇ ਇਹਨਾਂ ਕਥਿਤ ਮਾਹਿਰਾਂ ਖਿਲਾਫ ਵੀ ਕਾਰਵਾਈ ਕਰੇ।

 

ਨਵਕਿਰਨ ਸਿੰਘ ਪੱਤੀ