ਲਾਵਾਰਿਸ ਲਾਸ਼ਾਂ ਦਾ ਵਾਰਸ ਸ਼ਹੀਦ ਜਸਵੰਤ ਸਿੰਘ ਖਾਲੜਾ

ਲਾਵਾਰਿਸ ਲਾਸ਼ਾਂ ਦਾ ਵਾਰਸ ਸ਼ਹੀਦ ਜਸਵੰਤ ਸਿੰਘ ਖਾਲੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜੂਨ 1984 ਵਿਚ ਭਾਰਤੀ ਫੌਜ ਨੇ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ ਸਮੇਤ ਪੰਜਾਬ ਦੇ 40 ਤੋਂ ਵੱਧ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਅਨੇਕਾਂ ਸਿੱਖ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ, ਮਰਦਾਂ, ਔਰਤਾਂ ਦਾ ਕਤਲੇਆਮ ਕੀਤਾ। ਇਸ ਕਤਲੇਆਮ ਦੇ ਰੋਸ ਵਜੋਂ ਪੰਜਾਬ ਦੀ ਸਿੱਖ ਨੌਜਵਾਨੀ ਨੇ ਆਪਣੇ ਗੁਰੂ ਸਿਧਾਂਤ ਮੁਤਾਬਕ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ। ਪੰਜਾਬ ਅਤੇ ਸਿੱਖਾਂ ਦੀਆਂ ਰਾਜਸੀ ਤੇ ਧਾਰਮਿਕ ਮੰਗਾਂ ਲਈ ਲੱਗਿਆ ਸ਼ਾਂਤਮਈ ਧਰਮ ਯੁੱਧ ਮੋਰਚਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹਥਿਆਰਬੰਦ ਸੰਘਰਸ਼ ਦਾ ਰੂਪ ਲੈ ਗਿਆ। ਇਸ ਹੱਕੀ ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਰਾਜ ਨੇ ਆਪਣੀਆਂ ਫੌਜਾਂ (ਸੀਆਰਪੀਐਫ) ਅਤੇ ਪੰਜਾਬ ਪੁਲਸ ਨੂੰ ਕਾਨੂੰਨ ਤੋਂ ਪਰ੍ਹੇ ਜਾਂਦਿਆਂ ਤਾਕਤਾਂ ਦੀ ਨਜਾਇਜ ਵਰਤੋਂ ਕਰਨ ਦੀ ਖੁੱਲ੍ਹ ਦੇ ਦਿੱਤੀ। ਸਰਕਾਰ ਵੱਲੋਂ ਵੱਧ ਕਤਲਾਂ 'ਤੇ ਵੱਧ ਤਰੱਕੀ ਦੀ ਸਕੀਮ ਲਿਆਂਦੀ ਗਈ। ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਪੁਲਸ ਅਫਸਰ ਤਰੱਕੀਆਂ ਦੇ ਲਾਲਚ ਵਿਚ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚੋਂ ਸਿੱਖਾਂ ਨੂੰ ਚੁੱਕ ਕੇ ਥਾਣੇ ਲੈ ਜਾਂਦੇ, ਤਸ਼ੱਦਦ ਕਰਕੇ ਤੇ ਫੇਰ ਝੂਠੇ ਮੁਕਾਬਲੇ ਦੀ ਘੜੀ-ਘੜਾਈ ਕਹਾਣੀ ਬਣਾ ਕੇ ਕਤਲ ਕਰ ਦਿੰਦੇ। ਫੇਰ ਇਹਨਾਂ ਕਤਲ ਹੋਏ ਸਿੱਖਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਲਾਸ਼ਾਂ ਦਸ ਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਦੇ ਸ਼ਮਸ਼ਾਨ ਘਾਟਾਂ ਵਿਚ ਸਾੜ੍ਹ ਦਿੱਤਾ ਜਾਂਦਾ। ਸਰਕਾਰ ਦੇ ਇਸ ਜ਼ੁਲਮ ਦੀ ਦਾਸਤਾਨ ਸ਼ਾਇਦ ਹਮੇਸ਼ਾ ਲਈ ਇਹਨਾਂ ਸ਼ਮਸ਼ਾਨ ਘਾਟਾਂ ਵਿਚ ਰਾਖ ਬਣ ਜਾਂਦੀ ਪਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਸਰਕਾਰੀ ਜ਼ੁਲਮ ਦੀ ਰਾਖ ਨੂੰ ਫਰੋਲ ਇਹਨਾਂ ਅਣਪਛਾਤੀਆਂ ਲਾਸ਼ਾਂ ਦਾ ਸੱਚ ਦੁਨੀਆ ਸਾਹਮਣੇ ਪ੍ਰਗਟ ਕਰ ਦਿੱਤਾ। ਪਰ ਸਿੱਖਾਂ ਦੀਆਂ ਲਾਸ਼ਾਂ ਲੱਭਦਾ ਲੱਭਦਾ ਇਹ ਜਸਵੰਤ ਸਿੰਘ ਖਾਲੜਾ ਵੀ ਲਾਸ਼ ਬਣਾ ਦਿੱਤਾ ਗਿਆ।

ਕੌਣ ਸੀ ਜਸਵੰਤ ਸਿੰਘ ਖਾਲੜਾ?
ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਪਿੰਡ ਖਾਲੜਾ ਵਿਖੇ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਹੋਇਆ। ਪੰਜਾਬ ਦੀ ਮੱਧ-ਵਰਗੀ ਕਿਸਾਨੀ ਨਾਲ ਸਬੰਧਿਤ ਇਸ ਪਰਿਵਾਰ ਦਾ ਸਬੰਧ ਉਹਨਾਂ ਸਿੰਘਾਂ ਨਾਲ ਜੁੜਦਾ ਹੈ ਜਿਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ। ਇਹਨਾਂ ਦੇ ਵਡੇਰਿਆਂ ਵਿਚੋਂ ਬਾਬਾ ਸੂਰਾ ਸਿੰਘ ਪਿੰਡ ਵਾਂ ਵਿਖੇ ਮੁਗਲ ਹਕੂਮਤ ਨਾਲ ਹੋਈ ਜੰਗ 'ਚ ਸ਼ਹੀਦ ਹੋਏ ਸਨ। ਇਹਨਾਂ ਦੇ ਦਾਦਾ ਹਰਨਾਮ ਸਿੰਘ ਕਾਮਾਗਾਟਾਮਾਰੂ ਜਹਾਜ ਵਾਲੇ ਇਨਕਲਾਬੀ ਪਰਵਾਨਿਆਂ ਵਿੱਚੋਂ ਇੱਕ ਸਨ।

ਜਸਵੰਤ ਸਿੰਘ ਖਾਲੜਾ ਆਪਣੀ ਪੜ੍ਹਾਈ ਦੇ ਸਮੇਂ ਤੋਂ ਹੀ ਲੋਕ ਹੱਕੀ ਸੰਘਰਸ਼ਾਂ ਵਿਚ ਸ਼ਾਮਲ ਹੁੰਦੇ ਰਹੇ। ਜਸਵੰਤ ਸਿੰਘ ਨੇ 1969 ਵਿੱਚ ਦਸਵੀਂ ਪਾਸ ਕੀਤੀ ਤੇ ਬੀੜ ਬਾਬਾ ਬੁੱਢਾ ਕਾਲਜ, ਝਬਾਲ ਵਿੱਚ ਦਾਖਲਾ ਲਿਆ। ਇਸ ਸਮੇਂ ਦੌਰਾਨ ਪੰਜਾਬ ਅੰਦਰ ਖੱਬੇ-ਪੱਖੀਆਂ ਦੀ ਵਿਦਿਆਰਥੀ ਲਹਿਰ ਜਥੇਬੰਦ ਹੋ ਰਹੀ ਸੀ, ਜਿਸ ਵਿੱਚ ਸ. ਜਸਵੰਤ ਸਿੰਘ ਆਪਣੇ ਸੰਘਰਸ਼ੀਲ ਸੁਭਾਅ ਮੁਤਾਬਕ ਸ਼ਾਮਲ ਹੋ ਗਏ। 1981 ਦਾ ਬੱਸ ਕਿਰਾਇਆ ਘੋਲ, ਜੋ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਖਿਲਾਫ ਲੜਿਆ ਗਿਆ ਸੀ, ਅਜਿਹਾ ਪਹਿਲਾ ਵੱਡਾ ਸੰਘਰਸ਼ ਸੀ ਜਿਸ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ. ਖਾਲੜਾ ਵੀ ਸ਼ਾਮਲ ਸਨ। ਉਹ ਕਾਮਰੇਡਾਂ ਵੱਲੋਂ ਸਿਨੇਮਿਆਂ ਦੀਆਂ ਟਿਕਟਾਂ ਦੇ ਵਾਧੇ ਖਿਲਾਫ ਪਾਏ ਰੌਲੇ ਵਿਚ ਪਹਿਲੀ ਵਾਰ ਜੇਲ੍ਹ ਗਏ।

1973 ਵਿਚ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਉਹ ਪਿੰਡ ਵਾਪਸ ਆ ਗਏ ਤੇ ਉਹਨਾਂ ਮਾਝੇ ਵਿਚ ਨੌਜਵਾਨ ਭਾਰਤ ਸਭਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ। 1974 ਵਿਚ ਉਹ ਪੰਚਾਇਤ ਸਕੱਤਰ ਬਣੇ ਤਾਂ ਉਹਨਾਂ ਆਪਣੇ ਸੁਭਾਅ ਮੁਤਾਬਕ ਇੱਥੇ ਵੀ ਪੰਚਾਇਤ ਸਕੱਤਰਾਂ ਦੀ ਸੂਬਾ ਪੱਧਰੀ ਜਥੇਬੰਦੀ ਬਣਾ ਲਈ ਜਿਸਦੇ ਉਹ ਪਹਿਲੇ ਸਕੱਤਰ ਬਣੇ।

ਪਰ 1978 ਵਿਚ ਵਾਪਰੇ ਨਿਰੰਕਾਰੀ ਕਾਂਢ (ਜਿਸ ਵਿਚ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ) ਤੋਂ ਬਾਅਦ ਜਿਵੇਂ ਸਿੱਖ ਜਗਤ ਵਿਚ ਵੱਡਾ ਰੋਹ ਫੈਲਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖਾਂ ਅੰਦਰ ਨਵੀਂ ਰਾਜਸੀ ਚੇਤਨਾ ਦਾ ਪ੍ਰਕਾਸ਼ ਹੋਇਆ ਤਾਂ ਹੋਰ ਅਨੇਕਾਂ ਖੱਬੇਪੱਖੀਆਂ ਵਾਂਗ ਜਸਵੰਤ ਸਿੰਘ ਖਾਲੜਾ ਵਿਚ ਵੀ ਸਿਫਤੀ ਵਿਚਾਰਧਾਰਕ ਤਬਦੀਲੀ ਆਈ ਤੇ ਉਹ ਖੁਦ ਨੂੰ ਸਿੱਖ ਲਹਿਰ ਦਾ ਹਿੱਸਾ ਮਹਿਸੂਸ ਕਰਨ ਲੱਗੇ।

ਸਰਕਾਰੀ ਨੌਕਰੀ ਤੋਂ ਅਸਤੀਫਾ
ਪੰਜਾਬ ਵਿਚ 1984 ਦੇ ਹਮਲੇ ਤੋਂ ਬਾਅਦ ਜ਼ੁਲਮ ਦੀ ਹਨੇਰੀ ਝੁੱਲ੍ਹ ਗਈ ਅਤੇ ਸਰਕਾਰ ਦੀਆਂ ਵਧੀਕੀਆਂ ਸਾਰੀਆਂ ਹੱਦਾਂ ਪਾਰ ਕਰ ਗਈਆਂ। ਇਸ ਸਰਕਾਰੀ ਜ਼ੁਲਮ ਦੇ ਵਿਰੋਧ ਵਜੋਂ ਭਾਈ ਜਸਵੰਤ ਸਿੰਘ ਖਾਲੜਾ ਨੇ 1987 ਵਿਚ ਆਪਣੇ ਪੰਚਾਇਤ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਜਦੋਂ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਿੰਡ ਬ੍ਰਹਮਪੁਰ ਵਿਖੇ ਸੀ. ਆਰ. ਪੀ ਵੱਲੋਂ ਬੇਦੋਸ਼ੇ ਸਿੱਖਾਂ ਉੱਪਰ ਕਹਿਰ ਢਾਹਿਆ ਗਿਆ ਤਾਂ ਸ. ਜਸਵੰਤ ਸਿੰਘ ਖਾਲੜਾ ਨੇ ਇਸ ਦੇ ਵਿਰੋਧ ਵਿੱਚ ਠਾਣਾ ਸਿਟੀ ਤਰਨਤਾਰਨ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖ ਦਿੱਤੀ, ਜਿਸ ਕਾਰਨ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਨ 1988 ਵਿੱਚ ਜਦੋਂ ਦਰਬਾਰ ਸਾਹਿਬ ਵਿੱਚ ਪੁਲਸ ਦਾਖਲ ਹੋਈ, ਜਿਸ ਨੂੰ ਸਰਕਾਰ ਵੱਲੋਂ ‘ਓਪਰੇਸ਼ਨ ਬਲੈਕ ਥੰਡਰ’ ਦਾ ਨਾਂ ਦਿੱਤਾ ਗਿਆ, ਤਾਂ ਸ. ਖਾਲੜਾ ਨੇ ਇਸ ਦਾ ਵਿਰੋਧ ਕੀਤਾ, ਜਿਸ ਦੇ ਨਤੀਜੇ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਜੇਲ੍ਹ ਵਿੱਚ ਨਜਰਬੰਦ ਕਰ ਦਿੱਤਾ ਗਿਆ। ਸ. ਖਾਲੜਾ ਦੇ ਸਾਥੀ ਦੱਸਦੇ ਹਨ ਕਿ ਇੱਕ ਵਾਰ ਜਦੋਂ ਅੰਮ੍ਰਿਤਸਰ ਵਿਖੇ ਫਿਰਕੂ ਹਿੰਦੂਆਂ ਵੱਲੋਂ ਦਾਹੜੀ ਵਾਲਾ ਦੁਸਹਿਰਾ ਸਾੜਿਆ ਗਿਆ ਜਿਸ ਦਾ ਮਨੋਰਥ ਸਿੱਖੀ ਸਰੂਪ ਦੀ ਬੇਅਦਬੀ ਕਰਨਾ ਸੀ ਤਾਂ ਸ. ਖਾਲੜਾ ਨੇ ਇਸ ਕੋਝੀ ਹਰਕਤ ਦਾ ਸਖ਼ਤ ਵਿਰੋਧ ਕੀਤਾ।

ਇੰਗਲੈਂਡ ਵਿਚ ਜਾ ਰਾਜਸੀ ਸ਼ਰਨ ਲਈ
1990 ਵਿੱਚ ਸ. ਜਸਵੰਤ ਸਿੰਘ ਵਲੈਤ (ਇੰਗਲੈਂਡ) ਚਲੇ ਗਏ, ਓਥੇ ਜਾ ਕੇ ਰਾਜਸੀ ਸ਼ਰਨ ਵੀ ਲੈ ਲਈ ਤੇ ਕੰਮ ਕਰਨ ਦੀ ਮਨਜੂਰੀ ਵੀ ਲੈ ਲਈ। ਪਰ ਸੰਨ 1993 ਵਿੱਚ ਸ. ਜਸਵੰਤ ਸਿੰਘ ਖਾਲੜਾ ਅਚਾਨਕ ਬਿਨਾ ਕਿਸੇ ਨੂੰ ਦੱਸੇ ਆਪਣੇ ਵਤਨ ਪੰਜਾਬ ਪਰਤ ਆਏ। ਘਰ ਸਭ ਹੈਰਾਨ ਸਨ ਕਿ ਇਹ ਕਿਵੇਂ ਬਿਨਾ ਦੱਸੇ ਹੀ ਆ ਗਏ।

ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਵਾਲਾ
1992 ਵਿੱਚ ਪੰਜਾਬ ਅੰਦਰ ਜਮਹੂਰੀਅਤ ਦਾ ਤਮਾਸ਼ਾ ਰਚ ਕੇ ਬੇਅੰਤ ਸਿੰਘ ਦੀ ਸਰਕਾਰ ਪੰਜਾਬ ਸਿਰ ਮੜ੍ਹ ਦਿੱਤੀ ਗਈ। ਇਸ ਦੇ ਨਾਲ ਹੀ ਸਿੱਖਾਂ ਉੱਪਰ ਹਕੂਮਤੀ ਕਹਿਰ ਦਾ ਇੱਕ ਨਵਾਂ ਹੀ ਦੌਰ ਸ਼ੁਰੂ ਹੁੰਦਾ ਹੈ ਜਿਸ ਤਹਿਤ ਪੁਲਸ ਵੱਲੋਂ ਵੱਡੀ ਪੱਧਰ ਉੱਪਰ ਸਿੱਖਾਂ ਨੂੰ ਘਰਾਂ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ। ਇਨ੍ਹਾਂ ਲਾਪਤਾ ਕੀਤੇ ਗਏ ਸਿੱਖਾਂ ਨੂੰ ਫਰਜੀ ਪੁਲਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਜਾਂਦਾ। ਇਨ੍ਹਾਂ ਵਿੱਚੋਂ ਬਹੁਤੇ ਤਾਂ ਅਜਿਹੇ ਸਨ ਜਿਨ੍ਹਾਂ ਦਾ ਹਥਿਆਰਬੰਦ ਸੰਘਰਸ਼ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਸੀ ਤੇ ਉਹਨਾਂ ਨੂੰ ਤਾਂ ਪੰਜਾਬ ਪੁਲਸ ਦੇ ਬੁੱਚੜਾਂ ਨੇ ਫੀਤੀਆਂ ਦੀ ਭੁੱਖ ਪੂਰੀ ਕਰਨ ਲਈ ਹੀ ਮਾਰ ਮੁਕਾਇਆ ਸੀ। ਇਹ ਉਹ ਦੌਰ ਸੀ ਜਦੋਂ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ’ਤੇ ਵੀ ਕਹਿਰ ਢਾਹਿਆ ਗਿਆ। ਸ. ਜਸਵੰਤ ਸਿੰਘ ਖਾਲੜਾ ਇਸ ਸਾਰੇ ਵਰਤਾਰੇ ਤੋਂ ਕਾਫੀ ਪਰੇਸ਼ਾਨ ਸਨ ਪਰ ਇਹ ਉਲਝੀ ਤਾਣੀ ਕਿਸੇ ਪਾਸਿਓਂ ਹੱਲ ਹੁੰਦੀ ਨਜਰ ਨਹੀਂ ਸੀ ਆ ਰਹੀ। ਉਨ੍ਹਾਂ ਦਿਨਾਂ ਵਿੱਚ ਹੀ ਪੁਲਸ ਨੇ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚਾ ਬਾਬਾ ਪਿਆਰਾ ਸਿੰਘ ਅਤੇ ਭਾਈ ਸੀਤਲ ਸਿੰਘ ਮੱਤੇਵਾਲ ਦੇ ਭਰਾ ਸ. ਅਮਰੀਕ ਸਿੰਘ ਨੂੰ ਚੁੱਕ ਕੇ ਲਾਪਤਾ ਕਰ ਦਿੱਤਾ। ਸ. ਜਸਵੰਤ ਸਿੰਘ ਨੇ ਇਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੂੰ ਕੋਈ ਸੂਹ ਨਾਲ ਲੱਗੇ ਕਿ ਆਖਰ ਇਨ੍ਹਾਂ ਨਾਲ ਕੀ ਹੋਣੀ ਵਾਪਰੀ ਹੈ? ਇਸੇ ਸਮੇਂ ਹੀ ਸਿੱਖ ਸੰਘਰਸ਼ ਦੇ ਆਗੂ ਅਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਪੁਲਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਉਦੋਂ ਸ. ਜਸਵੰਤ ਸਿੰਘ ਖਾਲੜਾ ਨੇ ਪੁਲਸ ਵਧੀਕੀਆਂ ਖਿਲਾਫ ਜਬਰ ਵਿਰੋਧੀ ਫਰੰਟ ਕਾਇਮ ਕੀਤਾ ਹੋਇਆ ਸੀ। ਦਮਦਮੀ ਟਕਸਾਲ ਤੇ ਜਬਰ ਵਿਰੋਧੀ ਫਰੰਟ ਨੇ ਬਾਬਾ ਮਾਣੋਚਾਹਲ ਦੀ ਮਿਰਤਕ ਦੇਹ ਸਰਕਾਰ ਕੋਲੋਂ ਮੰਗ ਕੇ ਇਸ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ। ਸਰਕਾਰ ਨੇ ਦੇਹ ਤਾਂ ਇਨ੍ਹਾਂ ਦੇ ਹਵਾਲੇ ਕਿੱਥੋਂ ਕਰਨੀ ਸੀ ਤੇ ਪੁਲਸ ਵਾਲਿਆਂ ਨੇ ਬਾਬਾ ਗੁਰਬਚਨ ਸਿੰਘ ਦਾ ਤਰਨਤਾਰਨ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰ ਦਿੱਤਾ। ਜਦੋਂ ਜਸਵੰਤ ਸਿੰਘ ਖਾਲੜਾ ਨੇ ਇਸ ਦੀ ਘੋਖ-ਪੜਤਾਲ ਕੀਤੀ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰ ਨੇ ਬਾਬਾ ਗੁਰਬਚਨ ਸਿੰਘ ਦੀ ਲਾਸ਼ ਲਾਵਾਰਸ ਕਰਾਰ ਦੇ ਕੇ ਇਸ ਦਾ ਸੰਸਕਾਰ ਕੀਤਾ ਸੀ। ਇੱਥੋਂ ਸ. ਜਸਵੰਤ ਸਿੰਘ ਖਾਲੜਾ ਦੇ ਹੱਥ ਅਜਿਹੀ ਤੰਦ ਲੱਗ ਗਈ ਕਿ ਉਲਝੀ ਤਾਣੀ ਸੁਲਝਾਉਣੀ ਸ਼ੁਰੂ ਹੋ ਗਈ।

ਜ਼ੁਲਮ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ
ਬਾਬਾ ਪਿਆਰਾ ਸਿੰਘ ਤੇ ਸ. ਅਮਰੀਕ ਸਿੰਘ ਨੂੰ ਖਤਮ ਕਰ ਦੇਣ ਤੋਂ ਬਆਦ ਉਨ੍ਹਾਂ ਦਾ ਸੰਸਕਾਰ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਸੀ, ਜਿਸ ਬਾਰੇ ਸ. ਖਾਲੜਾ ਨੇ ਪਤਾ ਲਗਾ ਲਿਆ। ਅਸਲ ਵਿੱਚ ਪੁਲਸ ਵਾਲੇ ਕਿਸੇ ਨੂੰ ਵੀ ਚੁੱਕ ਕੇ ਖਪਾ ਦਿੰਦੇ ਸਨ ਤੇ ਫਿਰ ਉਸ ਦੀ ਲਾਸ਼ ਲਾਵਾਰਸ ਕਰਾਰ ਦੇ ਕੇ ਕਿਸੇ ਸ਼ਮਸ਼ਾਨਘਾਟ ਵਿੱਚ ਸਾੜ ਦਿੰਦੇ ਸਨ। ਹੁਣ ਸ਼ਮਸ਼ਾਨਘਾਟ ਵਾਲੇ ਪੁਲਸ ਵੱਲੋਂ ਲਿਆਂਦੀਆਂ ਲਾਸ਼ਾਂ ਨੂੰ ਸਾੜਨ ਲਈ ਜਾਰੀ ਕੀਤੇ ਗਏ ਬਾਲਣ ਦਾ ਹਿਸਾਬ ਇੱਕ ਰਜਿਸਟਰ ਵਿੱਚ ਦਰਜ ਕਰ ਦਿੰਦੇ ਤੇ ਮਰਨ ਵਾਲੇ ਦੀ ਜਿੰਨੀ ਕੁ ਜਾਣਕਾਰੀ ਮਿਲਦੀ ਅਤੇ ਲਾਸ਼ ਲੈ ਕੇ ਆਉਣ ਵਾਲੇ ਪੁਲਸ ਅਫਸਰ ਦਾ ਨਾਂ ਵੀ ਲਿਖ ਲਿਆ ਜਾਂਦਾ। ਸ. ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਵਿੱਚ ਆਪ ਦੱਸਦੇ ਸਨ ਕਿ ਇਹ ਅਜਿਹਾ ਰਾਹ ਸੀ ਜਿਸ ਉੱਤੇ ਚੱਲਦਿਆਂ ਉਨ੍ਹਾਂ ਵੇਖਿਆ ਕਿ ਪੰਜਾਬ ਦੇ ਲਾਪਤਾ ਸਿੱਖਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਇਹ ਸਭ ਮੌਤ ਦੇ ਨੰਗੇ ਨਾਚ ਦੀ ਕਹਾਣੀ ਸੀ, ਜਿਸ ਤਹਿਤ ਸਿੱਖਾਂ ਨੂੰ ਖਤਮ ਕਰਨ ਲਈ ਕਿਸੇ ਕਾਨੂੰਨ ਦੀ ਲੋੜ ਨਹੀਂ ਸੀ ਸਗੋਂ ਕਾਨੂੰਨ ਦੀਆਂ ਤਾਂ ਪੈਰ-ਪੈਰ ਉੱਤੇ ਧੱਜੀਆਂ ਉਡਾਈਆ ਜਾ ਰਹੀਆਂ ਸਨ। ਉਨ੍ਹਾਂ ਨੇ ਤਰਨਤਾਰਨ, ਪੱਟੀ ਤੇ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟਾਂ ਵਿੱਚੋਂ ਇਸ ਅਰਸੇ ਦੌਰਾਨ ਲਾਵਾਰਸ ਕਹਿ ਕੇ ਮਾਰੇ-ਸਾੜੇ ਗਏ ਸਿੱਖਾਂ ਦਾ ਵੇਰਵਾ ਇਕੱਠਾ ਕਰ ਲਿਆ ਤੇ ਫਿਰ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਸਰਕਾਰ ਤੋਂ ਆਪਣੇ ਲਾਪਤਾ ਭਰਾਵਾਂ ਦਾ ਹਿਸਾਬ ਮੰਗ ਲਿਆ। ਹੁਣ ਸਰਕਾਰ ਦੇ ਹਿਸਾਬ ਨਾਲ ਤਾਂ ਇਹ ਅਣਹੋਣੀ ਹੀ ਸੀ ਕਿ ਕੋਈ ਉਸ ਕੋਲੋਂ ਕਿਸੇ ਤਰ੍ਹਾਂ ਦੀ ਜਵਾਬ-ਤਲਬੀ ਕਰਨ ਦੀ ਹਿਮਾਕਤ ਕਰੇ ਤੇ ਉਹ ਵੀ ਉਸ ਸਮੇਂ ਜਦੋਂ ਕਿ ਪੰਜਾਬ ਅੰਦਰ ਉੱਚੀ ਸਾਹ ਲੈਣ ਵਾਲੇ ਦਾ ਦਮ ਸਦਾ ਲਈ ਦਬਾ ਦਿੱਤਾ ਜਾਂਦਾ ਸੀ। ਸਰਦਾਰ ਜਸਵੰਤ ਸਿੰਘ ਨੇ ਉਨ੍ਹਾਂ ਪਰਵਾਰਾਂ ਨਾਲ ਆਪ ਰਾਬਤਾ ਕੀਤਾ ਜਿਨ੍ਹਾਂ ਦੇ ਘਰਾਂ ਦੇ ਜੀਅ ਪੁਲਸ ਨੇ ਲਾਪਤਾ ਕਰ ਦਿੱਤੇ ਸਨ।

ਸਰਕਾਰੀ ਦਹਿਸ਼ਤ ਦੇ ਸਾਏ ਹੇਠ ਕੰਮ ਕਰਨ ਦੀ ਹਿੰਮਤ
ਹਕੂਮਤੀ ਜਬਰ ਦੇ ਲਿਤਾੜੇ ਲੋਕਾਂ ਨੂੰ ਇਨਸਾਫ ਦੀ ਕੋਈ ਆਸ ਹੀ ਨਹੀਂ ਸੀ ਤੇ ਪੁਲਸ ਦੀ ਦਹਿਸ਼ਤ ਕਾਰਨ ਉਹ ਬਹੁਤੀ ਵਾਰ ਸ. ਖਾਲੜਾ ਵੱਲੋਂ ਛੇੜੀ ਕਾਨੂੰਨੀ ਲੜਾਈ ਦਾ ਹਿੱਸਾ ਬਣਨ ਲਈ ਤਿਆਰ ਨਾ ਹੁੰਦੇ। ਕਈ ਪਰਵਾਰ ਅਜਿਹੇ ਸਨ ਜੋ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਪੁਲਸ ਵੱਲੋਂ ਚੁੱਕ ਕੇ ਲਾਪਤਾ ਕੀਤੇ ਜੀਅ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹ ਸ਼ਾਇਦ ਇਸੇ ਆਸ ਸਹਾਰੇ ਹੀ ਜਿੰਦਾ ਸਨ ਕਿ ਖਵਰੇ ਉਨ੍ਹਾਂ ਦੇ ਜੀਆਂ ਨੂੰ ਪੁਲਸ ਨੇ ਅਜੇ ਨਾ ਹੀ ਮਾਰਿਆ ਹੋਵੇ। ਇਹ ਪਰਵਾਰ ਸ. ਖਾਲੜਾ ਨੂੰ ਆਪਣੇ ਲਾਪਤਾ ਹੋਏ ਸਕੇ ਸਬੰਧੀਆਂ ਬਾਰੇ ਕੋਈ ਜਾਣਾਕਾਰੀ ਨਾ ਦਿੰਦੇ ਕਿ ਕਿਤੇ ਪੁਲਿਸ ਉਨ੍ਹਾਂ ਨੂੰ ਖਤਮ ਹੀ ਨਾ ਕਰ ਦੇਵੇ। ਪਰ ਸੱਚਾਈ ਇਹ ਹੈ ਕਿ ਇਹ ਸਿਰਫ ਇਨ੍ਹਾਂ ਪਰਵਾਰਾਂ ਦੇ ਮਨ ਨੂੰ ਢਾਰਸ ਦੇਣ ਵਾਲੀ ਗੱਲ ਹੀ ਸੀ ਕਿਉਂਕਿ ਪੁਲਸ ਨੇ ਚੁੱਕ ਕੇ ਲਾਪਤਾ ਕੀਤੇ ਸਿੱਖਾਂ ਨੂੰ ਪਹਿਲਾਂ ਹੀ ਮਾਰ ਕੇ ਤੇ ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤਾ ਸੀ। ਫਿਰ ਵੀ ਸ. ਖਾਲੜਾ ਨੇ ਕੁਝ ਪਰਿਵਾਰਾਂ ਨੂੰ ਪੁਲਸ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਰਜ਼ਾਮੰਦ ਕਰ ਲਿਆ ਪਰ ਇਸ ਸਮੇਂ ਤਾਂ ਅਦਾਲਤਾਂ ਵੀ ਅੱਖਾਂ ਉੱਤੇ ਪਰਦੇ ਪਾਈ, ਕੰਨਾ ਵਿੱਚ ਉਗਲਾਂ ਲਈ ਤੇ ਜੁਬਾਨ ਉੱਤੇ ਤਾਲਾ ਲਾਈ ਬੈਠੀਆਂ ਸਨ। ਮਨੁੱਖੀ ਹੱਕਾਂ ਦੇ ਇੰਨੀ ਵੱਡੀ ਪੱਧਰ ’ਤੇ ਹੋਏ ਘਾਣ ਬਾਰੇ ਉਹ ਬਿਲਕੁਲ ਨਹੀਂ ਸਨ ਬੋਲਦੀਆਂ।

ਇਨਸਾਫ ਲਈ ਅਦਾਲਤੀ ਚਾਰਾਜ਼ੋਈ
ਸ. ਜਸਵੰਤ ਸਿੰਘ ਖਾਲੜਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਾਈ ਕਿ ਪੁਲਸ ਵੱਲੋਂ ਲਾਪਤਾ ਕੀਤੇ ਲੋਕਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਪਰ ਸੂਬੇ ਦੀ ਇਸ ਵੱਡੀ ਅਦਾਲਤ ਨੇ ਅੱਗੋਂ ਇਹ ਜਵਾਬ ਦਿੱਤਾ ਕਿ ਤੈਨੂੰ ਇਹ ਕੇਸ ਪਾਉਣ ਦਾ ਕੀ ਅਖ਼ਤਿਆਰ ਹੈ? ਜਿਨ੍ਹਾਂ ਪਰਵਾਰਾਂ ਦੇ ਜੀਅ ਲਾਪਤਾ ਹਨ ਉਹ ਆਪ ਸਾਡੇ ਕੋਲ ਆਉਣ ਅਸੀਂ ਜਾਣਕਾਰੀ ਦਿਆਂਗੇ।

ਸਰਕਾਰੀ ਤਸ਼ੱਦਦ ਦਾ ਸੱਚ ਦੁਨੀਆ ਦੀ ਕਚਹਿਰੀ ਵਿਚ ਰੱਖਿਆ
ਮਾਰਚ 1995 ਵਿੱਚ ਸ. ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਦੁਨੀਆਂ ਦੇ ਲੋਕਾਂ ਨੂੰ ਦੱਸਣ ਲਈ ਚੁੱਪ-ਚਪੀਤੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਦੌਰੇ ਉੱਤੇ ਚਲੇ ਗਏ ਜਿੱਥੇ ਉਨ੍ਹਾਂ ਲਾਵਾਰਸ ਲਾਸ਼ਾਂ ਸਬੰਧੀ ਇਕੱਠੇ ਕੀਤੇ ਸਾਰੇ ਵੇਰਵੇ ਤੇ ਸਬੂਤ ਦੁਨੀਆ ਦੇ ਲੋਕਾਂ ਤੇ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਸਾਹਮਣੇ ਰੱਖ ਦਿੱਤੇ। ਜਦੋਂ ਜਸਵੰਤ ਸਿੰਘ ਨੇ ਦੁਨੀਆ ਪੱਧਰ ’ਤੇ ਕਿਹਾ ਕਿ ਸਾਨੂੰ ਤਾਂ ਪੱਚੀ ਹਜ਼ਾਰ ਦਾ ਹਿਸਾਬ ਚਾਹੀਦਾ ਹੈ ਤਾਂ ਅੱਗੋਂ ਇਹ ਕਹਿ ਕੇ ਧਮਕਾਇਆ ਗਿਆ ਜੇ ਅਸੀਂ ਪੱਚੀ ਹਜ਼ਾਰ ਦਾ ਹਿਸਾਬ ਦੇ ਸਕਦੇ ਹਾਂ ਤਾਂ ਪੱਚੀ ਹਜ਼ਾਰ ਇੱਕ ਦਾ ਹਿਸਾਬ ਵੀ ਦੇ ਸਕਦੇ ਹਾਂ।

ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਪੰਜਾਬ ਪਰਤੇ
ਹਲਾਂਕਿ ਸ. ਜਸਵੰਤ ਸਿੰਘ ਖਾਲੜਾ ਦੀ ਜਾਨ ਨੂੰ ਪੰਜਾਬ ਵਿਚ ਬਹੁਤ ਵੱਡਾ ਖਤਰਾ ਸੀ ਅਤੇ ਉਹਨਾਂ ਨੂੰ ਕੈਨੇਡਾ ਵਿਚ ਸ਼ਰਨ ਵੀ ਮਿਲ ਸਕਦੀ ਸੀ ਪਰ ਉਹਨਾਂ ਪੰਜਾਬ ਪਰਤਣ ਦਾ ਫੈਂਸਲਾ ਕੀਤਾ। 26 ਜੁਲਾਈ 1995 ਨੂੰ ਵਿਦੇਸ਼ੋਂ ਪਰਤ ਆਉਣ ਤੋਂ ਬਾਅਦ ਸ. ਜਸਵੰਤ ਸਿੰਘ ਨੇ ਆਪਣੇ ਕਾਰਜ ਨੂੰ ਹੋਰ ਵੀ ਸ਼ਿੱਦਤ ਨਾਲ ਜਾਰੀ ਰੱਖਿਆ ਤੇ ਉਨ੍ਹਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਿਆਦਾਤਰ ਉਨ੍ਹਾਂ ਦੇ ਘਰ ਗੁਮਨਾਮ ਫੋਨ ਆਉਂਦੇ ਜਿਸਨੂੰ ਕਰਨ ਵਾਲੇ ਜਸਵੰਤ ਸਿੰਘ ਨੂੰ ਇਸ ਲਾਸ਼ਾ ਵਾਲੇ ਮਸਲੇ ਤੋਂ ਪਿੱਛੇ ਹਟ ਜਾਣ ਲਈ ਕਹਿੰਦੇ। ਸ. ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਬੀਬੀ ਪਰਮਜੀਤ ਕੌਰ ਦੱਸਦੇ ਹਨ ਕਿ ਇੱਕ-ਦੋ ਵਾਰ ਤਾਂ ਖਾਲੜਾ ਸਾਹਿਬ ਨੇ ਸੋਚਿਆ ਕਿ ਘਰ ਦਾ ਫੋਨ ਹੀ ਕਟਵਾ ਦਈਏ ਪਰ ਫੋਨ ਦੀ ਉਨ੍ਹਾਂ ਦਿਨਾਂ ਵਿੱਚ ਬਹੁਤ ਸਖ਼ਤ ਲੋੜ ਸੀ। ਪੁਲਸ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ਪਰਵਾਰਾਂ ਖਿਲਾਫ ਸਖਤੀ ਹੋਰ ਵਧਣ ਲੱਗੀ ਤਾਂ ਉਨ੍ਹਾਂ (ਸ. ਖਾਲੜਾ ਨੇ) ਆਪਣੇ ਛੋਟੇ ਕਾਰਡ ਛਪਵਾ ਲਏ ਤੇ ਉਹ ਜਿਸ ਪਰਵਾਰ ਦਾ ਕੇਸ ਤਿਆਰ ਕਰਕੇ ਅਦਾਲਤ ਵਿੱਚ ਭੇਜਦੇ ਉਨ੍ਹਾਂ ਨੂੰ ਆਪਣੇ ਕਾਰਡ ਦੇ ਦਿੰਦੇ ਕਿ ਜੇਕਰ ਕਦੇ ਕੋਈ ਤੁਹਾਨੂੰ ਪਰੇਸ਼ਾਨ ਕਰੇ ਤਾਂ ਤੁਸੀਂ ਮੇਰਾ ਕਾਰਡ ਉਸ ਨੂੰ ਦੇ ਕੇ ਮੇਰੇ ਬਾਰੇ ਦੱਸ ਦਿਓ। ਇਸ ਨਾਲ ਕਾਤਲ ਪੁਲਸ ਅਫਸਰ ਹੋਰ ਵੀ ਖਿਝਣ ਲੱਗੇ। ਤਰਨਤਾਰਨ ਦੇ ਇਲਾਕੇ ਵਿੱਚ ਅਨੇਕਾਂ ਸਿੱਖਾਂ ਨੂੰ ਕਤਲ ਕਰਨ ਵਾਲੇ ਐਸ. ਐਸ. ਪੀ ਅਜੀਤ ਸੰਧੂ ਨੂੰ ਰੋਪੜ ਤੋਂ ਮੁੜ ਤਰਨਤਾਰਨ ਲੈ ਆਂਦਾ ਗਿਆ। ਅਜੀਤ ਸੰਧੂ ਖਿਲਾਫ ਇਸ ਸਮੇਂ ਦੌਰਾਨ 40 ਦੇ ਕਰੀਬ ਪਰਵਾਰਾਂ ਵੱਲੋਂ ਮੁਕਦਮੇਂ ਦਰਜ ਕਰਵਾ ਦਿੱਤੇ ਗਏ ਸਨ।

ਪੁਲਸ ਵੱਲੋਂ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ
5 ਸਤੰਬਰ ਨੂੰ ਪੁਲਸ ਨੇ ਸਵੇਰੇ ਪਿੰਡ ਖਾਲੜਾ ਦੇ ਗੁਰਦੁਆਰਾ ਸਾਹਿਬ ਨੂੰ ਵੀ ਘੇਰਾ ਪਾਇਆ ਪਰ ਬਾਅਦ ਵਿੱਚ ਘੇਰਾ ਹਟਾ ਲਿਆ। ਸ. ਜਸਵੰਤ ਸਿੰਘ ਉਸ ਦਿਨ ਸ਼ਾਮ ਨੂੰ ਪੱਟੀ ਵੱਲ ਦੀ ਹੋ ਕੇ ਆਪਣੇ ਕਬੀਰ ਪਾਰਕ ਵਾਲੇ ਘਰ ਆ ਗਏ। ਇੱਧਰ ਕਬੀਰ ਪਾਰਕ ਵਾਲੇ ਪਾਸੇ ਪੁਲਸ ਵੱਲੋਂ ਹਿਲਜੁਲ ਕਾਫੀ ਵਧਾ ਦਿੱਤੀ ਗਈ ਸੀ। ਸਫੈਦ ਕਪੜਿਆ ਵਿੱਚ ਪੁਲਸ ਤੇ ਸੂਹੀਆ ਏਜੰਸੀਆ ਵਾਲੇ ਕਬੀਰ ਪਾਰਕ ਦੇ ਚੱਪੇ-ਚੱਪੇ ਉਤੇ ਤਾਇਨਾਤ ਸਨ। ਸ. ਖਾਲੜਾ ਤੇ ਉਨ੍ਹਾਂ ਦੇ ਘਰ ਦੇ ਜੀਆਂ ਦੇ ਆਉਣ-ਜਾਣ ’ਤੇ ਨਜਰ ਰੱਖੀ ਜਾ ਰਹੀ ਸੀ। ਸ. ਖਾਲੜਾ ਨੂੰ ਕਈਆਂ ਨੇ ਸਲਾਹ ਦਿੱਤੀ ਕਿ ਤੁਸੀਂ ਕੁਝ ਦਿਨ ਲੁਕ-ਛਿਪ ਦੇ ਦਿਨ ਕੱਟੀ ਕਰ ਲਵੋ ਤੇ ਮਾਹੌਲ ਕੁਝ ‘ਠੀਕ’ ਹੋ ਲੈਣ ਦਿਓ ਪਰ ਉਹ ਨੇਕ-ਦਿਲ ਆਪਣੇ ਇਰਾਦੇ ’ਤੇ ਦ੍ਰਿੜ ਸੀ। ਇੰਝ ਲੱਗਦਾ ਹੈ ਕਿ ਇਸ ਸਮੇਂ ਤੱਕ ਸ. ਜਸਵੰਤ ਸਿੰਘ ਖਾਲੜਾ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਸ਼ਹਾਦਤ ਦੀ ਦਾਤ ਹਾਸਲ ਕਰਨ ਦਾ ਸਮਾਂ ਨੇੜੇ ਹੈ। 6 ਸਤੰਬਰ 1995 ਦਾ ਦਿਨ ਸ. ਜਸਵੰਤ ਸਿੰਘ ਖਾਲੜਾ ਤੇ ਪਰਵਾਰ ਲਈ ਆਮ ਵਾਂਗ ਹੀ ਚੜ੍ਹਿਆ।  ਮਾਹੌਲ ਬੇਸ਼ੱਕ ਤਣਾਅ ਵਾਲਾ ਸੀ ਪਰ ਉਹ ਆਪਣੇ ਸੁਭਾਅ ਮੁਤਾਬਿਕ ਸਹਿਜ ਵਿੱਚ ਹੀ ਵਿਚਰ ਰਹੇ ਸਨ। ਉਸ ਦਿਨ ਉਹ ਨਿੱਤ ਵਾਂਗ ਸੈਰ ਕਰਨ ਲਈ ਵੀ ਗਏ ਤੇ ਫਿਰ ਅੱਠ ਵਜੇ ਦੇ ਕਰੀਬ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੱਸੇ ਚੜ੍ਹਾ ਕੇ ਆਏ। ਉਨ੍ਹਾਂ ਘਰ ਦੇ ਬਾਹਰ ਲੱਗੇ ਬੂਟਿਆਂ ਨੂੰ ਬੜੀ ਸਹਿਜਤਾ ਨਾਲ ਪਾਣੀ ਦਿੱਤਾ। ਬੀਬੀ ਪਰਮਜੀਤ ਕੌਰ ਯਾਦ ਕਰਦੇ ਹਨ ਕਿ ਉਂਝ ਉਹ ਬਾਹਰ ਬੂਟਿਆਂ ਨੂੰ ਪਾਣੀ ਦੇਣਾ ਛੱਡ ਕੇ ਇੱਕ ਦਮ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ‘ਤੂੰ ਬੱਚੇ ਤਾਂ ਪੜ੍ਹਾ ਲਵੇਂਗੀ ਨਾ?’ ਬੀਬੀ ਨੇ ਸੋਚਿਆ ਕਿ ਜਿਵੇਂ ਆਪਾਂ ਆਮ ਹੀ ਪੁੱਛ ਲਈਦਾ ਹੈ ਇਸੇ ਤਰ੍ਹਾਂ ਪੁੱਛ ਰਹੇ ਹਨ ਤੇ ਜਵਾਬ ਦਿੱਤਾ ਕਿ ‘ਹਾਂ! ਅੱਗੇ ਵੀ ਤਾਂ ਮੈਂ ਪੜ੍ਹਾ ਹੀ ਦੇਂਨੀ ਆ’ ਤੇ ਇਸ ਬਾਰੇ ਹੋਰ ਕੋਈ ਗੱਲ ਨਾ ਹੋਈ। ਦਸ ਕੁ ਵਜੇ ਦੇ ਕਰੀਬ ਬੀਬੀ ਪਰਮਜੀਤ ਕੌਰ ਯੂਨੀਵਰਸਿਟੀ ਆਪਣੀ ਨੌਕਰੀ ਨੂੰ ਚਲੇ ਗਏ, ਉਸ ਸਮੇਂ ਸ. ਖਾਲੜਾ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ। ਬੱਸ ਕੁਝ ਪਲਾਂ ਬਾਅਦ ਹੀ ਸ. ਖਲਾੜਾ ਨੂੰ ਚਿੱਟੇ ਦਿਨ ਪੁਲਸ ਵਾਲੇ ਉਨ੍ਹਾਂ ਦੇ ਘਰੋਂ ਚੁੱਕ ਕੇ ਲੈ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ।  ਲਵਾਰਿਸ ਲਾਸ਼ਾਂ ਦਾ ਇਹ ਖੋਜੀ ਅਤੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਜ਼ਾਲਮ ਹਕੂਮਤ ਨੇ ਲਵਾਰਸ ਲਾਸ਼ ਹੀ ਬਣਾ ਦਿੱਤਾ।

ਦੋਸ਼ੀਆਂ ਨੂੰ ਸਜ਼ਾਵਾਂ
ਪਰਵਾਰ ਨੇ ਇਸ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜਸਵੰਤ ਸਿੰਘ ਦੇ ਪੁਲਸ ਵੱਲੋਂ ਚੁੱਕੇ ਜਾਣ ਦੀ ਖਬਰ ਕਰ ਦਿੱਤੀ। ਸਵੱਬ ਹੀ ਕਹਿ ਲਵੋ ਕਿ ਇਹ ਕੇਸ ਇੱਕ ਸਿੱਖ ਜੱਜ ਜਸਟਿਸ ਕੁਲਦੀਪ ਸਿੰਘ ਕੋਲ ਚਲਾ ਗਿਆ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸ. ਖਾਲੜਾ ਸ੍ਰੀ ਅੰਮ੍ਰਿਤਸਰ ਵਿਖੇ ਮਿਲੇ ਸਨ ਤੇ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਜਾਣਕਾਰੀ ਦਿੱਤੀ ਸੀ। ਜਸਟਿਸ ਕੁਲਦੀਪ ਸਿੰਘ ਨੇ ਇਸ ਕੇਸ ਵਿੱਚ ਜੋ ਸੰਭਵ ਸੀ ਕੀਤਾ ਤੇ ਇਹ ਕੇਸ ਸੀ.ਬੀ. ਆਈ (ਭਾਰਤ ਦੀ ਕੇਂਦਰੀ ਜਾਂਚ ਏਜੰਸੀ) ਕੋਲ ਚਲਾ ਗਿਆ। ਪੁਲਸ ਵਾਲਿਆਂ ਨੇ ਇਸ ਕੇਸ ਨੂੰ ਲਮਕਾਉਣ ਦਾ ਹਰ ਹਰਬਾ ਵਰਤਿਆ। ਪਹਿਲਾਂ ਤਾਂ ਪੁਲਸ ਵਾਲਿਆਂ ਨੇ ਹਲਫਨਾਮੇ ਦੇ ਦਿੱਤੇ ਕਿ ਜਸਵੰਤ ਸਿੰਘ ਪੰਜਾਬ ਪੁਲਸ ਨੂੰ ਕਿਸੇ ਕੇਸ ਵਿੱਚ ਲੋੜੀਂਦਾ ਨਹੀਂ ਹੈ। ਫਿਰ ਜਦੋਂ ਪੁਲਸ ਵੱਲੋਂ ਸ. ਖਾਲੜਾ ਨੂੰ ਚੁੱਕੇ ਜਾਣ ਦੇ ਸਬੂਤ ਸਾਹਮਣੇ ਆ ਗਏ ਤੇ ਅਦਾਲਤ ਨੇ ਇਸ ਕੇਸ ਦੀ ਐਫ. ਆਈ. ਆਰ ਦਰਜ ਕਰਨ ਲਈ ਕਹਿ ਦਿੱਤਾ ਤਾਂ ਐਫ. ਆਈ ਆਰ ਵਿੱਚ ‘ਪੁਲਸ’ ਦਾ ਜਿਕਰ ਹੀ ਨਾ ਕੀਤਾ ਗਿਆ। ਬੀਬੀ ਪਰਮਜੀਤ ਕੌਰ ਖਾਲੜਾ ਤੇ ਸ. ਜਸਵੰਤ ਸਿੰਘ ਖਾਲੜਾ ਦੇ ਸਾਥੀਆਂ ਨੇ ਜਿਸ ਦ੍ਰਿੜਤਾ ਤੇ ਦਲੇਰੀ ਨਾਲ ਉਨ੍ਹਾਂ ਨੂੰ ਲਾਪਤਾ ਕਰਕੇ ਸ਼ਹੀਦ ਕੀਤੇ ਜਾਣ ਦਾ ਕੇਸ ਅਦਾਲਤ ਵਿੱਚ ਲੜਿਆ ਉਹ ਇੱਕ ਵੱਖਰੇ ਹੀ ਸੰਘਰਸ਼ ਦੀ ਕਹਾਣੀ ਹੈ। ਖੈਰ! ਇਸ ਕੇਸ ਵਿੱਚ ਮੁੱਖ ਦੋਸ਼ੀ ਮੰਨੇ ਜਾਂਦੇ ਪੰਜਾਬ ਦੇ ਜਾਲਮ ਪੁਲਸ ਮੁਖੀ ਕੇ. ਪੀ. ਐਸ ਗਿੱਲ ਖਿਲਾਫ ਤਾਂ ਸੀ. ਬੀ. ਆਈ ਨੇ ਮੁਕਦਮਾ ਹੀ ਨਾ ਚਲਾਇਆ (ਇਹ ਕੇਸ ਸੀ. ਬੀ. ਆਈ ਬਨਾਮ ਸਰਕਾਰ ਹੀ ਲੜਿਆ ਗਿਆ ਹੈ) ਤੇ ਦੋ ਦੋਸ਼ੀਆਂ ਅਜੀਤ ਸੰਧੂ (ਜਿਲ੍ਹਾ ਪੁਲਸ ਮੁਖੀ) ਤੇ ਅਸ਼ੋਕ ਕੁਮਾਰ (ਡੀ. ਐਸ. ਪੀ) ਦੀ ਮੁਕਦਮੇਂ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਅਜੀਤ ਸੰਧੂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਸਰਕਾਰ ਨੇ ਆਪ ਹੀ ਖਤਮ ਕਰਵਾ ਦਿੱਤਾ ਸੀ, ਕਿਉਂਕਿ ਉਹ ਪੰਜਾਬ ਅੰਦਰ ਸਰਕਾਰੀ ਸ਼ਹਿ ਨਾਲ ਕੀਤੇ ਸਿੱਖਾਂ ਦੇ ਕਤਲੇਆਮ ਬਾਰੇ ਬਹੁਤ ਕੁਝ ਜਾਣਦਾ ਸੀ ਤੇ ਇਸ ਬਾਰੇ ਵੱਡੇ ਭੇਦ ਖੋਲ੍ਹ ਸਕਦਾ ਸੀ। ਇਸ ਬਾਰੇ ਬਹੁਤ ਘੱਟ ਆਸਾਰ ਹਨ ਕਿ ਸੱਚਾਈ ਕਦੇ ਸਾਹਮਣੇ ਆ ਸਕੇਗੀ। ਬਾਕੀ ਮੁਲਜਮਾਂ ਵਿੱਚੋਂ ਰਸ਼ਪਾਲ ਸਿੰਘ (ਐਸ. ਐਚ. ਓ, ਕੰਗ ਚੌਂਕੀ) ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਤੇ ਅਮਰਜੀਤ ਸਿੰਘ (ਏ. ਐਸ. ਆਈ, ਕੰਗ ਚੌਂਕੀ) ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ ਪਰ ਵੱਡੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਨੂੰ ਦੋਸ਼ੀ ਕਰਾਰ ਦੇਣ ਤੇ ਕੇ. ਪੀ. ਐਸ ਗਿੱਲ (ਜਿਸਦੀ ਹੁਣ ਮੌਤ ਹੋ ਚੁੱਕੀ ਹੈ) ਵਿਰੁੱਧ ਮੁਕਦਮਾ ਚਲਾਉਣ ਲਈ ਹਾਈ ਕੋਰਟ ਵਿੱਚ ਪਾਈ ਗਈ ਅਪੀਲ ਦਾ ਅਜੇ ਫੈਸਲਾ ਨਹੀਂ ਹੋਇਆ। ਬਾਕੀਆਂ ਵਿੱਚੋਂ ਜਸਪਾਲ ਸਿੰਘ (ਤਤਕਾਲੀ ਡੀ. ਐਸ. ਪੀ ਤਰਨਤਾਰਨ) ਨੂੰ ਉਮਰ ਕੈਦ ਦੀ ਸਜਾ ਹੋਈ ਹੈ ਤੇ ਸਰਿੰਦਰਪਾਲ ਸਿੰਘ (ਐਸ. ਐਚ. ਓ, ਸਰਹਾਲੀ) ਸਤਨਾਮ ਸਿੰਘ (ਐਸ. ਐਚ ਓ, ਝਬਾਲ) ਜਸਬੀਰ ਸਿੰਘ (ਐਸ. ਐਚ. ਓ, ਮਾਣੋਚਾਹਲ) ਤੇ ਪਿਰਥੀਪਾਲ ਸਿੰਘ (ਸਿਪਾਹੀ, ਮਾਣੋਚਾਹਲ) ਨੂੰ ਹੇਠਲੀ ਅਦਾਲਤ ਨੇ ਸੱਤ-ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਸੀ ਜਿਸ ਨੂੰ ਹਾਈ ਕੋਰਟ ਨੇ ਵਧਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ।

ਖਾਲੜਾ ਅਜੇ ਵੀ ਜਿਉਂਦਾ ਹੈ!
ਭਾਵੇਂ ਕਿ ਪੁਲਸ ਨੇ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰੀਰਕ ਰੂਪ ਵਿਚ ਕਤਲ ਕਰ ਦਿੱਤਾ ਪਰ ਜਸਵੰਤ ਸਿੰਘ ਖਾਲੜਾ ਦਾ ਨਾਂ ਹਮੇਸ਼ਾ ਲਈ ਮਨੁੱਖੀ ਹੱਕਾਂ ਦੇ ਰਾਖੇ ਵਜੋਂ ਅਮਰ ਹੋ ਗਿਆ ਹੈ। ਉਹਨਾਂ ਨੂੰ ਹਰ ਸਾਲ 5 ਸਤੰਬਰ ਵਾਲੇ ਦਿਨ ਯਾਦ ਕੀਤਾ ਜਾਂਦਾ ਹੈ। ਇਸ ਵਾਰ ਵੀ ਉਹਨਾਂ ਦੀ ਯਾਦ ਵਿਚ ਖਾਲੜਾ ਹਫਤਾ ਮਨਾਇਆ ਜਾ ਰਿਹਾ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਇਸ ਸਬੰਧੀ ਕਈ ਪ੍ਰੋਗਰਾਮ ਉਲੀਕੇ ਗਏ ਹਨ ਜਿਵੇਂ ਮਨੁੱਖੀ ਹੱਕਾਂ ਬਾਰੇ ਆਨਲਾਈਨ ਕਲਾ ਦੀਆਂ ਪੇਸ਼ਕਾਰੀਆਂ ਅਤੇ ਮਨੁੱਖੀ ਹੱਕਾਂ ਬਾਰੇ ਵੈਬੀਨਾਰ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਪੰਜਾਬ ਵਿਚ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਪਿੰਡ-ਪਿੰਡ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਾਉਣ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦੇ ਸੇਵਾਦਾਰ ਜੁਝਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿਚ ਇਕ ਰੁੱਖ ਵਜੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਉਸਾਰੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਣਾ ਮਿਲਦੀ ਰਹੇ। ਉਹਨਾਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਦਾ ਹੱਕੀ ਸੰਘਰਸ਼ ਜਾਰੀ ਹੈ ਅਤੇ ਜਸਵੰਤ ਸਿੰਘ ਖਾਲੜਾ ਉਸ ਸੰਘਰਸ਼ ਦੀ ਇਕ ਵੱਡੀ ਪ੍ਰੇਰਣਾ ਹਨ। ਉਹਨਾਂ ਲੋਕਾਂ ਨੂੰ 6 ਸਤੰਬਰ ਵਾਲੇ ਦਿਨ ਭਾਈ ਖਾਲੜਾ ਦੀ ਯਾਦ ਵਿਚ ਰੁੱਖ ਲਾਉਣ ਦੀ ਅਪੀਲ ਕੀਤੀ।

ਕੈਨੇਡਾ ਦੇ ਸ਼ਹਿਰਾਂ ਨੇ ਖਾਲੜਾ ਦਿਹਾੜਾ ਮਨਾਉਣ ਦਾ ਫੈਂਸਲਾ ਕੀਤਾ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਹੱਕਾਂ ਦੀ ਰਾਖੀ ਲਈ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਕੈਨੇਡਾ ਦੇ ਸ਼ਹਿਰ ਬਰੈਂਪਟਨ, ਨਿਊ ਵੈਸਟਮਿਨਸਰ ਅਤੇ ਬਰਨਬੀ ਦੀਆਂ ਸਥਾਨਕ ਸਰਕਾਰਾਂ ਨੇ 6 ਸਤੰਬਰ ਨੂੰ "ਜਸਵੰਤ ਸਿੰਘ ਖਾਲੜਾ" ਦਿਹਾੜਾ ਐਲਾਨਿਆ ਹੈ।