ਚਾਰਲੀ ਹੇਬਦੋ ਨੇ ਦੁਬਾਰਾ ਮੋਹੱਮਦ ਸਾਹਿਬ ਦੇ ਕਾਰਟੂਨ ਪ੍ਰਕਾਸ਼ਿਤ ਕੀਤੇ

ਚਾਰਲੀ ਹੇਬਦੋ ਨੇ ਦੁਬਾਰਾ ਮੋਹੱਮਦ ਸਾਹਿਬ ਦੇ ਕਾਰਟੂਨ ਪ੍ਰਕਾਸ਼ਿਤ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰਾਂਸ ਦੇ ਮੈਗਜ਼ੀਨ ਚਾਰਲੀ ਹੇਬਦੋ ਨੇ ਇਸਲਾਮ ਦੇ ਪੈਗੰਬਰ ਮੋਹੱਮਦ ਸਾਹਿਬ ਦੇ ਕਾਰਟੂਨ ਮੁੜ ਪ੍ਰਕਾਸ਼ਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਹਨਾਂ ਕਾਰਟੂਨਾਂ ਕਰਕੇ ਹੀ 2015 ਵਿਚ ਚਾਰਲੀ ਹੇਬਦੋ ਦੇ ਪੈਰਿਸ ਸਥਿਤ ਦਫਤਰ 'ਤੇ ਦੋ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਵਿਚ 12 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਮੈਗਜ਼ੀਨ ਦੇ ਕਾਰਟੂਨ ਬਣਾਉਣ ਵਾਲੇ ਸ਼ਾਮਲ ਸਨ।

ਇਸ ਹਮਲੇ ਨਾਲ ਸਬੰਧਿਤ ਦੋਸ਼ਾਂ ਦੇ ਅਧੀਨ 14 ਲੋਕਾਂ ਖਿਲਾਫ ਚੱਲ ਰਹੇ ਮਾਮਲੇ ਦੀ ਕੱਲ੍ਹ ਸੁਣਵਾਈ ਹੋਣ ਜਾ ਰਹੀ ਹੈ। 

ਇਸ ਮੈਗਜ਼ੀਨ ਵੱਲੋਂ ਮੋਹੱਮਦ ਸਾਹਿਬ ਦੇ ਛਾਪੇ ਕਾਰਟੂਨਾਂ ਨੇ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ। ਇਸਲਾਮੀ ਸਿਧਾਂਤ ਮੁਤਾਬਕ ਪੈਗੰਬਰ ਮੋਹੱਮਦ ਸਾਹਿਬ ਦੀ ਤਸਵੀਰ ਬਣਾਉਣਾ ਨਾ-ਮੁਆਫੀ ਯੋਗ ਗੁਨਾਹ ਹੈ। ਚਾਰਲੀ ਹੇਬਦੋ ਦੇ ਕਾਰਟੂਨਾਂ ਤੋਂ ਬਾਅਦ ਯੂਰਪ ਵਿਚ ਇਸਲਾਮ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਸਨ। 

ਹੁਣ ਇਸ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿਚ ਮੋਹੱਮਦ ਸਾਹਿਬ ਦੇ 12 ਕਾਰਟੂਨ ਪ੍ਰਕਾਸ਼ਿਤ ਕੀਤੇ ਹਨ। ਇਹ ਕਾਰਟੂਨ ਮੂਲ ਰੂਪ ਵਿਚ ਡੈਨਮਾਰਕ ਦੇ ਅਖਬਾਰ ਜੇਪੀ ਵਿਚ 2005 'ਚ ਛਪੇ ਸਨ, ਤੇ ਉਦੋਂ ਵੀ ਇਸਲਾਮ ਜਗਤ ਵੱਲੋਂ ਇਸਦਾ ਸਖਤ ਵਿਰੋਧ ਕੀਤਾ ਗਿਆ ਸੀ। ਇਹਨਾਂ ਕਾਰਟੂਨਾਂ ਨੂੰ ਬਾਅਦ ਵਿਚ ਚਾਰਲੀ ਹੇਬਦੋ ਨੇ ਛਾਪਿਆ ਸੀ। 

ਇਹਨਾਂ ਕਾਰਟੂਨਾਂ ਵਿਚੋਂ ਇਕ ਕਾਰਟੂਨ ਵਿਚ ਮੋਹਮੱਦ ਸਾਹਿਬ ਦੇ ਸਿਰ 'ਤੇ ਦਸਤਾਰ ਦੀ ਥਾਂ ਬੰਬ ਬੰਨ੍ਹਿਆ ਦਿਖਾਇਆ ਗਿਆ ਹੈ।