ਬਾਦਲ ਪਰਿਵਾਰ ਦਾ ਖਾਸ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਪੁਲਸੀਆਂ ਦਾ ਮਨਪਸੰਦ ਵਕੀਲ ਹੈ ਸਤਨਾਮ ਸਿੰਘ ਕਲੇਰ

ਬਾਦਲ ਪਰਿਵਾਰ ਦਾ ਖਾਸ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਪੁਲਸੀਆਂ ਦਾ ਮਨਪਸੰਦ ਵਕੀਲ ਹੈ ਸਤਨਾਮ ਸਿੰਘ ਕਲੇਰ
ਅਰਸ਼ਦੀਪ ਕਲੇਰ ਅਤੇ ਸਤਨਾਮ ਕਲੇਰ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਦੋਸ਼ੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ 'ਤੇ ਬੀਤੇ ਦਿਨੀਂ ਦਰਜ ਹੋਏ ਸਿੱਖ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਮੇਧ ਸੈਣੀ ਦੇ ਵਕੀਲ ਵਜੋਂ ਅਦਾਲਤ ਅੰਦਰ ਪੇਸ਼ ਹੋਣ ਨਾਲ ਵਿਵਾਦਾਂ ਵਿਚ ਆਏ ਸਤਨਾਮ ਸਿੰਘ ਕਲੇਰ ਨੇ ਸੁਮੇਧ ਸੈਣੀ ਦਾ ਕੇਸ ਨਾ ਲੜਨ ਦਾ ਐਲਾਨ ਕਰਕੇ ਅਤੇ ਸਿੱਖਾਂ ਤੋਂ ਮੁਆਫੀ ਮੰਗ ਕੇ ਬਚਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹਨਾਂ ਸਾਰੇ ਕੇਸਾਂ ਦੀ ਸੂਚੀ ਜਨਤਕ ਹੋ ਗਈ ਹੈ ਜਿਹਨਾਂ ਵਿਚ ਵਕੀਲ ਸਤਨਾਮ ਸਿੰਘ ਕਲੇਰ ਸਿੱਖ ਕਤਲੇਆਮ ਦੇ ਕੇਸਾਂ ਵਿਚ ਦੋਸ਼ੀ ਪੁਲਸ ਮੁਲਾਜ਼ਮਾਂ ਦੇ ਕੇਸ ਲੜ ਰਹੇ ਹਨ। 

ਸਤਨਾਮ ਸਿੰਘ ਕਲੇਰ ਬਾਦਲ ਪਰਿਵਾਰ ਦੇ ਖਾਸ ਨਜ਼ਦੀਕੀਆਂ ਵਿਚੋਂ ਮੰਨੇ ਜਾਂਦੇ ਹਨ ਜੋ ਖੁਦ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਜਿਹਨਾਂ ਦਾ ਮੁੰਡਾ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਬੁਲਾਰਾ ਹੈ। ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੁਖਬੀਰ ਸਿੰਘ ਬਾਦਲ ਨੇ ਹੀ ਨਿਯੁਕਤ ਕੀਤਾ ਸੀ। 


ਜਸਵੰਤ ਸਿੰਘ ਖਾਲੜਾ

ਪੰਜਾਬ ਵਿਚ ਪੁਲਸ ਵੱਲੋਂ ਝੂਠੇ ਮੁਕਾਬਲਿਆਂ ਵਿਚ ਮਾਰੇ ਸਿੱਖਾਂ ਦੀਆਂ ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿਚ ਵੀ ਸਤਨਾਮ ਕਲੇਰ ਦੋਸ਼ੀ ਪੁਲਸੀਆਂ ਦੇ ਵਕੀਲ ਵਜੋਂ ਪੇਸ਼ ਹੋਏ ਸਨ। ਜ਼ਿਕਰਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਸ ਨੇ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ 9 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ 7 ਦੋਸ਼ੀ ਜਿਉਂਦੇ ਹਨ ਅਤੇ 5 ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾਈ ਹੈ। ਇਹ ਵੀ ਦੱਸ ਦਈਏ ਕਿ ਜਸਵੰਤ ਸਿੰਘ ਖਾਲੜਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ। 

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਫੇਸਬੁੱਕ ਖਾਤੇ 'ਤੇ ਅਜਿਹੇ 13 ਕੇਸਾਂ ਦੀ ਸੂਚੀ ਜਾਰੀ ਕੀਤੀ ਹੈ ਜਿਹਨਾਂ ਵਿਚ ਵਕੀਲ ਕਲੇਰ ਸਿੱਖ ਕਤਲੇਆਮ ਦੇ ਦੋਸ਼ੀ ਪੁਲਸ ਅਫਸਰਾਂ ਦੇ ਵਕੀਲ ਹਨ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਤਿੰਨ ਕੇਸ ਤਾਂ ਅਜਿਹੇ ਅੱਜ ਵੀ ਮੋਹਾਲੀ ਸੀਬੀਆਈ ਅਦਾਲਤ ਵਿਚ ਚੱਲ ਰਹੇ ਹਨ ਜਿਹਨਾਂ ਵਿਚ ਕਲੇਰ ਦੋਸ਼ੀ ਪੁਲਸੀਆਂ ਦੀ ਵਕਾਲਤ ਕਰ ਰਹੇ ਹਨ। ਉਹਨਾਂ ਸਵਾਲ ਕੀਤਾ ਕਿ, ਕੀ ਕਲੇਰ ਉਹ ਸਾਰੇ ਕੇਸ ਵੀ ਛੱਡਣਗੇ? ਉਹਨਾਂ ਮੰਗ ਕੀਤੀ ਕਿ ਕਲੇਰ ਨੂੰ ਤੁਰੰਤ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਹਟਾਇਆ ਜਾਵੇ। 

ਉਧਰ ਸਿੱਖ ਮਸਲਿਆਂ 'ਤੇ ਰਾਜਨੀਤੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬੰਧ ਵਾਲੀ ਸ਼੍ਰੋਮਣੀ ਕਮੇਟੀ ਦਾ ਇਸ ਸਬੰਧੀ ਕੋਈ ਸੰਸਥਾਈ ਬਿਆਨ ਨਹੀਂ ਆਇਆ ਹੈ। 

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਗੱਲ ਕਰਦਿਆਂ ਮੰਨਿਆ ਕਿ ਸਤਨਾਮ ਕਲੇਰ ਪਹਿਲੀ ਵਾਰ ਸਿੱਖ ਕਤਲੇਆਮ ਦੇ ਦੋਸ਼ੀ ਪੁਲਸੀਆਂ ਲਈ ਪੇਸ਼ ਨਹੀਂ ਹੋਏ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਛੇਤੀ ਫੈਂਸਲਾ ਲਵੇਗੀ। ਉਹਨਾਂ ਕਿਹਾ ਕਿ ਸਤਨਾਮ ਕਲੇਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਹੀਂ, ਬਲਕਿ ਇਕ ਜੱਜ ਵਾਂਗ ਹੈ ਜਿਸਦੀ ਚੋਣ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸੱਤ ਨਾਵਾਂ ਵਿਚੋਂ ਪੰਜਾਬ ਸਰਕਾਰ ਨੇ ਕੀਤੀ ਸੀ। 


ਸੁਖਬੀਰ ਬਾਦਲ ਅਤੇ ਸੁਮੇਧ ਸੈਣੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ ਬਾਦਲ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਸੀ, ਜਿਸ ਦਾ ਖਾਮਿਆਜ਼ਾ ਉਹਨਾਂ ਨੂੰ 2017 ਦੀਆਂ ਚੋਣਾਂ ਵਿਚ ਭੁਗਤਣਾ ਪਿਆ। 

ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਿਤ ਅਹੁਦੇਦਾਰ ਵਕੀਲਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਵਕਾਲਤ ਲਈ ਅਦਾਲਤ ‘ਚ ਪਹੁੰਚ ਕਰਨ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਇਸ ਕਾਰਵਾਈ ਹੈ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

ਟਕਸਾਲ ਮੁਖੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਸ ਦੀ ਸਰਕਾਰ ਨੇ ਸੁਮੇਧ ਸੈਣੀ ਵਿਰੁੱਧ ਕੇਸ ਦਰਜ ਕਰਨ ਦਾ ਹੌਸਲਾ ਕੀਤਾ ਤਾਂ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਦਲੇਰੀ ਵੀ ਦਿਖਾਉਣ। ਉਨ੍ਹਾਂ ਕਿਹਾ ਕਿ ਸੈਣੀ ਖੁੱਲ੍ਹੇਆਮ ਫਿਰਦਾ ਰਿਹਾ ਤਾਂ ਉਹ ਸਬੂਤ ਨਸ਼ਟ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਵੱਲੋਂ ਮਾਮਲਾ ਦਰਜ ਹੋਣ ਤੋਂ ਅਗਲੇ ਦਿਨ ਸਵੇਰੇ 4 ਵਜੇ ਹਿਮਾਚਲ ਵਿਚ ਆਪਣੇ ਕਿਸੇ ਟਿਕਾਣੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹਿਮਾਚਲ ਪੁਲਸ ਨੇ ਉਸ ਨੂੰ ਸੂਬੇ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਚਲੇ ਗਿਆ। ਉਸਨੇ ਆਪਣੇ ਵਕੀਲਾਂ ਦੇ ਰਾਹੀਂ ਮੋਹਾਲੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਲਾਈ ਹੈ ਜਿਸ 'ਤੇ ਸੋਮਵਾਰ ਨੂੰ ਫੈਂਸਲਾ ਸੁਣਾਇਆ ਜਾਣਾ ਹੈ। ਪਰ ਮਾਮਲਾ ਦਰਜ ਹੋਏ ਨੂੰ ਕਈ ਦਿਨ ਬੀਤ ਗਏ ਹਨ ਤੇ ਸੁਮੇਧ ਸੈਣੀ ਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।