ਵਿਦਿਆਰਥੀ ਜਥੇਬੰਦੀ 'ਸੱਥ' ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦਾ ਮੁੱਖ ਸੇਵਾਦਾਰ ਜਗਸੀਰ ਸਿੰਘ ਮੱਤਾ ਨੂੰ ਲਾਇਆ ਗਿਆ

ਵਿਦਿਆਰਥੀ ਜਥੇਬੰਦੀ 'ਸੱਥ' ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦਾ ਮੁੱਖ ਸੇਵਾਦਾਰ ਜਗਸੀਰ ਸਿੰਘ ਮੱਤਾ ਨੂੰ ਲਾਇਆ ਗਿਆ

ਪਟਿਆਲਾ: ਵਿਦਿਆਰਥੀ ਜਥੇਬੰਦੀ 'ਸੱਥ' ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਵੱਲੋਂ ਧਰਮ ਅਧਿਐਨ ਵਿਭਾਗ ਦੇ ਖੋਜਾਰਥੀ ਜਗਸੀਰ ਸਿੰਘ ਮੱਤਾ ਨੂੰ ਇਕਾਈ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ। ਇਹ ਸੇਵਾ ਸਿੱਖ ਸਿਧਾਂਤ ਦੇ ਚੋਣ ਫਲਸਫ਼ੇ ਮੁਤਾਬਿਕ ਸਰਬਸੰਮਤੀ ਨਾਲ ਦਿੱਤੀ ਗਈ। 

ਵਿਦਿਆਰਥੀ ਜੱਥੇਬੰਦੀ ‘ਸੱਥ’ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇੱਕ ਵਿਚਾਰ-ਚਰਚਾ ਮੰਚ ਵਜੋਂ ਹੋਈ ਸੀ ਜੋ ਲਗਭਗ ਪਿਛਲੇ ਦੋ ਸਾਲਾਂ ਤੋਂ ਵਿਦਿਆਰਥੀ ਸਰਗਰਮੀਆਂ ਵਿੱਚ ਹਿੱਸਾ ਲੈਂਦੀ ਆ ਰਹੀ ਹੈ। ਜੱਥੇਬੰਦੀ ਵੱਲੋਂ ਜਿੱਥੇ ਵੱਖੋ-ਵੱਖਰੇ ਵਿਸ਼ਿਆਂ ਸੰਬੰਧੀ ਸੈਮੀਨਾਰ, ਵਿਚਾਰ-ਚਰਚਾਵਾਂ ਕਰਵਾਈਆਂ ਗਈਆਂ ਉੱਥੇ ਹੀ ਅਨੇਕਾਂ ਸੰਜੀਦਾ ਮਸਲਿਆਂ ਨੂੰ ਯੂਨੀਵਰਸਿਟੀ ਵਿੱਚ ਉਭਾਰਿਆ ਗਿਆ। ਪਿਛਲੇ ਸਮੇਂ ਵਿੱਚ ਵਿਚਾਰ-ਚਰਚਾ ਮੰਚ ਵੱਜੋਂ ਕਾਰਜਸ਼ੀਲ ਇਸ ਜੱਥੇਬੰਦੀ ਨੇ ਆਪਣਾ ਜੱਥੇਬੰਦਕ ਢਾਂਚਾ 26 ਅਗਸਤ, 2019 ਨੂੰ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਉਜਾਗਰ ਕੀਤਾ। ਇਸ ਮੌਕੇ ਜਥੇਬੰਦੀ ਦਾ ਵਿਸਥਾਰ ਕਰਨ ਲਈ ਜਿੱਥੇ ਪੰਜ ਮੈਂਬਰੀ ਜਥੇਬੰਦਕ ਜਥੇ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਨਾਲ ਹੀ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਇਕਾਈ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕਰਦਿਆਂ ਮੁੱਖ ਸੇਵਾਦਾਰ ਬਤੌਰ ਜੁਝਾਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ। ਇਸੇ ਸਮੇਂ ਦੌਰਾਨ ਜੱਥੇਬੰਦੀ ਵੱਲੋਂ ਆਪਣੀਆਂ ਇਕਾਈਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੀਆਂ ਗਈਆਂ। 

ਜਗਸੀਰ ਸਿੰਘ ਮੱਤਾ

ਜੱਥੇਬੰਦੀ ਦਾ ਮੰਤਵ ਅਤੇ ਆਦਰਸ਼ ਇਸਦੇ ਮੂਲ ਦਸਤਾਵੇਜ਼ ਵਿੱਚ ਦਿੱਤਾ ਗਿਆ ਹੈ। ਜਿਸਦਾ ਕੇਂਦਰੀ ਨੁਕਤਾ ਗੁਰੁ ਨਾਨਕ ਸਾਹਿਬ ਦੇ ਵਿਸ਼ਵ ਦਰਸ਼ਨ ਨੂੰ ਮੁੱਖ ਰੱਖਦਿਆਂ ਆਪਣਾ ਰਾਹ ਤਲਾਸ਼ਣਾ ਹੈ। ਜੱਥੇਬੰਦੀ ਦਾ ਕੰਮ ਵਿਦਿਆਰਥੀ ਮਸਲਿਆਂ ਨੂੰ ਉਭਾਰਨ ਦੇ ਨਾਲ-ਨਾਲ ਜ਼ਾਲਮ ਹਕੂਮਤਾਂ ਦਾ ਵਿਰੋਧ ਕਰਕੇ ਇਲਾਹੀ ਇਨਸਾਫ਼ ਵਾਲਾ ਰਾਜਨੀਤਕ ਢਾਂਚਾ ੳਸਾਰਨ ਵੱਲ ਕਾਰਜਸ਼ੀਲ ਹੋਣਾ ਹੈ ਅਤੇ ਸੌੜੇ ਸਿਆਸੀ ਲਾਲਚਾਂ ਤੇ ਮਨੁੱਖੀ ਜ਼ਿੰਦਗੀਆਂ ਨੂੰ ਪਰਮਾਣੂ ਜੰਗਾਂ ਵੱਲ ਤੋਰ ਰਹੀਆਂ ਤਾਕਤਾਂ ਦਾ ਵਿਰੋਧ ਕਰਨਾ ਅਤੇ ਜੀਵਨ ਵਿਚ ਮੌਲਿਕ ਕਦਰਾਂ ਕੀਮਤਾਂ ਨੂੰ ਉਭਾਰਨਾ ਹੈ। 

‘ਸੱਥ’ ਪੰਜਾਬੀ ਯੂਨੀਵਰਸਿਟੀ ਇਕਾਈ ਵੱਲੋਂ 29 ਅਗਸਤ, 2019 ਨੂੰ ਆਪਣਾ ਪਹਿਲਾ ਸਮਾਗਮ ਕਰਵਾਇਆ ਗਿਆ। 13 ਸਤੰਬਰ ਨੂੰ ਹਿੰਦੀ ਦਿਵਸ ਮੌਕੇ ਭਾਸ਼ਾ ਵਿਭਾਗ ਵਿੱਚ ਹੋਈ ਪੰਜਾਬੀ ਬੋਲੀ ਦੀ ਤੌਹੀਨ ਦੇ ਵਿਰੋਧ ਵਿੱਚ ‘ਸੱਥ’ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ 17 ਸਤੰਬਰ, 2019 ਨੂੰ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਯੂਨੀਵਰਸਿਟੀ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਸ਼ਿਰਕਤ ਕੀਤੀ। ਜੱਥੇਬੰਦੀ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਅਗਲੇਰੇ ਸਮੇਂ ਵਿੱਚ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੇ ਹੋਰਨਾਂ ਮਸਲਿਆਂ ਨੂੰ ਉਭਾਰਦੀ ਰਹੇਗੀ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।