ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਭਾਰਤੀ ਜੇਲ੍ਹਾਂ 'ਚ ਬੰਦ ਸਿੱਖ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਹੋਣਗੇ ਰਿਹਾਅ

ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਭਾਰਤੀ ਜੇਲ੍ਹਾਂ 'ਚ ਬੰਦ ਸਿੱਖ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਹੋਣਗੇ ਰਿਹਾਅ

ਚੰਡੀਗੜ੍ਹ: ਭਾਰਤ ਸਰਕਾਰ ਖਿਲਾਫ ਸਿੱਖ ਕੌਮ ਦੇ ਅਜ਼ਾਦੀ ਸੰਘਰਸ਼ ਵਿੱਚ ਕਾਰਵਾਈਆਂ 'ਚ ਸ਼ਮੂਲੀਅਤ ਕਾਰਨ ਭਾਰਤ ਦੀਆਂ ਜੇਲ੍ਹਾਂ 'ਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਿੱਖ ਕੌਮ ਵੱਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਬੂਰ ਪੈਂਦਾ ਪ੍ਰਤੀਤ ਹੋ ਰਿਹਾ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ 8 ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਸਿੱਖ ਸਿਆਸੀ ਕੈਦੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇਗਾ।

ਦੱਸ ਦਈਏ ਕਿ ਸਿੱਖ ਕੌਮ ਭਾਰਤ ਦੇ ਕਬਜ਼ੇ ਹੇਠਲੇ ਪੰਜਾਬ ਵਿੱਚ ਆਪਣੇ ਅਜ਼ਾਦ ਦੇਸ਼ ਨੂੰ ਸਥਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ ਤੇ 1984 ਵਿੱਚ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਅਤੇ ਦਿੱਲ਼ੀ ਸਮੇਤ ਹਿੰਦੀ ਖੇਤਰ ਵਿੱਚ ਭਾਰਤ ਸਰਕਾਰ ਦੀ ਸ਼ਹਿ 'ਤੇ ਹੋਏ ਸਿੱਖ ਕਤਲੇਆਮ ਮਗਰੋਂ ਇਹ ਅਜ਼ਾਦੀ ਸੰਘਰਸ਼ ਹਥਿਆਰਬੰਦ ਰੂਪ ਲੈ ਗਿਆ ਸੀ। ਇਸ ਦੇ ਚਲਦਿਆਂ ਹਥਿਆਰਬੰਦ ਕਾਰਵਾਈਆਂ ਅਤੇ ਸਿਆਸੀ ਕਾਰਵਾਈਆਂ ਕਰਨ ਵਾਲੇ ਸੈਂਕੜੇ ਸਿੱਖਾਂ ਨੂੰ ਭਾਰਤ ਦੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਜਿਹਨਾਂ ਵਿੱਚੋਂ ਬਹੁਤ ਸਿੱਖ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ ਪਰ ਉਹਨਾਂ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਜੇਲ੍ਹਾਂ ਵਿੱਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਅਤੇ ਸਿੱਖਾਂ ਦੀਆਂ ਰਿਹਾਈਆਂ ਲਈ ਸਿੱਖ ਕੌਮ ਲਗਾਤਾਰ ਸੰਘਰਸ਼ ਕਰ ਰਹੀ ਹੈ ਜਿਸ ਤਹਿਤ ਪਹਿਲਾਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਲੰਬਾ ਸਮਾਂ ਭੁੱਖ ਹੜਤਾਲ ਰੱਖੀ ਤੇ ਹੁਣ ਬਾਪੂ ਸੂਰਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਹਨ।

ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਿਕ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਇਸ ਸਮੇਂ ਫਾਂਸੀ ਦੀ ਸਜ਼ਾ ਅਧੀਨ ਹਨ ਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਤਰਾਂ ਮੁਤਾਬਿਕ ਭਾਰਤ ਸਰਕਾਰ ਵਲੋਂ ਰਿਹਾ ਕੀਤੇ ਜਾਣ ਵਾਲੇ ਸਿੱਖ ਸਿਆਸੀ ਕੈਦੀਆਂ ਵਿੱਚ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ ਭਾਈ, ਸ਼ਮਸ਼ੇਰ ਸਿੰਘ ( ਬੇਅੰਤ ਸਿੰਘ ਕਤਲਕਾਂਡ ਬੁੜੈਲ ਜੇਲ), ਭਾਈ ਲਾਲ ਸਿੰਘ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਨੰਦ ਸਿੰਘ, ਭਾਈ ਸ਼ਬੇਗ ਸਿੰਘ ਦੇ ਨਾਂ ਸ਼ਾਮਲ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।