ਸੱਜਣ ਕੁਮਾਰ ਸਿੱਖਾਂ ਦੇ ਕਤਲੇਆਮ ਲਈ ਕਾਤਲ ਭੀੜ ਨੂੰ ਉਕਸਾ ਰਿਹਾ ਸੀ: ਮੁੱਖ ਗਵਾਹ

ਸੱਜਣ ਕੁਮਾਰ ਸਿੱਖਾਂ ਦੇ ਕਤਲੇਆਮ ਲਈ ਕਾਤਲ ਭੀੜ ਨੂੰ ਉਕਸਾ ਰਿਹਾ ਸੀ: ਮੁੱਖ ਗਵਾਹ

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹਿੰਦੀ ਖੇਤਰ ਦੇ ਹੋਰ ਸ਼ਹਿਰਾਂ, ਥਾਵਾਂ ਤੇ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ ਦੇ ਇੱਕ ਮੁੱਖ ਗਵਾਹ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਕਿ ਸੱਜਣ ਕੁਮਾਰ ਨੇ ਕਾਤਲ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ ਸੀ।

ਗਵਾਹ ਜੋਗਿੰਦਰ ਸਿੰਘ ਨੇ ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਦੀ ਅਦਾਲਤ ’ਚ ਸੱਜਣ ਕੁਮਾਰ ਦੀ ਸ਼ਨਾਖ਼ਤ ਉਸ ਵਿਅਕਤੀ ਵਜੋਂ ਕੀਤੀ ਜਿਸ ਨੇ ਭੀੜ ਨੂੰ ਸਿੱਖਾਂ ਦੇ ਕਤਲ ਲਈ ਉਕਸਾਇਆ ਸੀ। ਐਡਵੋਕੇਟ ਤਰੰਨੁਮ ਚੀਮਾ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜੋਗਿੰਦਰ ਸਿੰਘ ਨੇ ਕਿਹਾ, ‘ਜਦੋਂ ਮੈਂ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਸੱਜਣ ਕੁਮਾਰ ਦਾ ਨਾਂ ਐੱਫਆਈਆਰ ’ਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਭੀੜ ਦੀ ਅਗਵਾਈ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਉਕਸਾ ਰਿਹਾ ਸੀ।’

ਇਸ ਕਤਲੇਆਮ ’ਚ ਜੋਗਿੰਦਰ ਸਿੰਘ ਦੇ ਭਰਾ ਦਾ ਕਤਲ ਕੀਤਾ ਗਿਆ ਸੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਅਪਰੈਲ ਨੂੰ ਪਾ ਦਿੱਤੀ ਹੈ। ਇਸ ਤੋਂ ਪਹਿਲਾਂ ਦੋ ਹੋਰ ਗਵਾਹ ਚਾਮ ਕੌਰ ਤੇ ਸ਼ੀਲਾ ਕੌਰ ਵੱਲੋਂ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਕਿ ਉਸ ਨੇ ਦਿੱਲੀ ਦੇ ਸੁਲਤਾਨਪੁਰੀ ਇਲਾਕੇ’ਚ ਸਿੱਖਾਂ ਦੇ ਕਤਲੇਆਮ ਲਈ ਭੀੜ ਨੂੰ ਭੜਕਾਇਆ ਸੀ।