ਨਾਮੀਂ ਅਰਥਸ਼ਾਸਤਰੀ ਯਾਂ ਦਰੀਜ਼ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕੀਤਾ

ਨਾਮੀਂ ਅਰਥਸ਼ਾਸਤਰੀ ਯਾਂ ਦਰੀਜ਼ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕੀਤਾ

ਨਵੀਂ ਦਿੱਲੀ: ਨਾਮੀਂ ਅਰਥਸ਼ਾਸਤਰੀ ਯਾਂ ਦਰੀਜ਼ ਨੂੰ ਬੀਤੇ ਕੱਲ੍ਹ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿੱਚ ਭੋਜਨ ਦੇ ਹੱਕ ਸਬੰਧੀ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਇਸ ਗ੍ਰਿਫਤਾਰੀ ਦੀ ਜਦੋਂ ਨਿਖੇਧੀ ਹੋਣ ਲੱਗੀ ਤਾਂ ਉਹਨਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਪੁਲਿਸ ਨੇ ਬਿਨਾਂ ਮਨਜ਼ੂਰੀ ਦੇ ਬੈਠਕ ਕਰਨ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਯਾਂ ਦਰੀਜ਼ ਅਤੇ ਕਾਰਕੁਨ ਵਿਵੇਕ ਗੁਪਤਾ ਨੂੰ ਇਹਤਿਆਤ ਵਜੋਂ ਹਿਰਾਸਤ ’ਚ ਲੈਣ ਦੀ ਗੱਲ ਕੀਤੀ ਹੈ। ਯਾਂ ਦਰੀਜ਼ ਯੂਪੀਏ ਸਰਕਾਰ ਸਮੇਂ ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕੌਮੀ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਰਹੇ ਸਨ। ਦਰੀਜ਼ ਨੇ ਖੁਰਾਕ ਸਬੰਧੀ ਕਾਨੂੰਨ ਦਾ ਖਰੜਾ ਤਿਆਰ ਕਰਨ ’ਚ ਮਦਦ ਕੀਤੀ ਸੀ।

ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਦਰੀਜ਼ ਅਤੇ ਕਾਰਕੁਨ ਨੂੰ ਫੜੇ ਜਾਣ ਦੀ ਨਿਖੇਧੀ ਕਰਦਿਆਂ ਭਾਜਪਾ ’ਤੇ ਲੋਕ ਵਿਰੋਧੀ ਹੋਣ ਦਾ ਦੋਸ਼ ਲਾਇਆ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਨ ਵਾਲਿਆਂ ਵਿਰੁੱਧ ਸਰਕਾਰ ‘ਜੰਗ’ ਦੇ ਰੌਂਅ ’ਚ ਹੈ।