ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ

ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ

ਆਪਣੇ ਉੱਤਮ ਸਾਹਿਤ ਨੂੰ ਦੇਸ਼ ਪੱਧਰ ’ਤੇ ਪ੍ਰਚਾਰਨ ਵਿੱਚ ਪੰਜਾਬੀ ਭਾਸ਼ਾ ਪਛੜੀ 

ਮਿੱਤਰ ਸੈਨ ਮੀਤ 

ਅੱਧੀ ਸਦੀ ਪਹਿਲਾਂ ਸਾਹਿਤ ਅਕਾਦਮੀ, ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਤੇ ਲੋਕਾਂ ਅੰਦਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹੋਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਕਾਦਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਬਾਕੀ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਦਮੀ ਕਰੀਬ ਪੰਜ ਹਜ਼ਾਰ ਪੁਸਤਕਾਂ ਤੀਹ ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ। ਕੰਮ ਮਿਆਰੀ ਹੋਵੇ, ਇਸ ਵਾਸਤੇ ਸਲਾਹ-ਮਸ਼ਵਰੇ ਲਈ ਅਕਾਦਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨ। ਇਨ੍ਹਾਂ ਬੋਰਡਾਂ ਦੇ ਜ਼ਿੰਮੇ ਹੁੰਦਾ ਹੈ ਕਿ ਉਹ ਆਪਣੀ ਭਾਸ਼ਾ ਦੇ ਉੱਤਮ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਤੇ ਪ੍ਰਕਾਸ਼ਿਤ ਕਰਵਾਉਣ ਅਤੇ ਦੂਜੀਆਂ ਭਾਸ਼ਾਵਾਂ ਦੇ ਮਿਆਰੀ ਸਾਹਿਤ ਨੂੰ ਆਪਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਸਿਫ਼ਾਰਸ਼ ਕਰਨ।

ਸਾਹਿਤ ਅਕਾਦਮੀ ਵੱਲੋਂ ਹਰ ਸਾਲ ਭਾਰਤ ਦੀ ਹਰ ਮਾਨਤਾ ਪ੍ਰਾਪਤ ਭਾਸ਼ਾ ਦੀ ਇੱਕ ਉੱਤਮ ਸਾਹਿਤਕ ਕਿਰਤ ਨੂੰ ‘ਸਾਹਿਤ ਅਕਾਦਮੀ ਪੁਰਸਕਾਰ’ ਦਿੱਤਾ ਜਾਂਦਾ ਹੈ। ਪੰਜਾਬੀ ਵਿੱਚ ਪਹਿਲਾ ਪੁਰਸਕਾਰ 1955 ਵਿੱਚ ਭਾਈ ਵੀਰ ਸਿੰਘ ਦੇ ਕਾਵਿ-ਸੰਗ੍ਰਿਹ ‘ਮੇਰੇ ਸਾਈਆਂ ਜੀਓ’ ਨੂੰ ਮਿਲਿਆ। ਸਾਲ 2013 ਦਾ ਪੁਰਸਕਾਰ ਮਨਮੋਹਨ ਦੇ ਨਾਵਲ ‘ਨਿਰਵਾਣ’ ਨੂੰ ਪ੍ਰਾਪਤ ਹੋਇਆ। ਕੁਝ ਵਰ੍ਹੇ ਕਿਸੇ ਵੀ ਪੁਸਤਕ ਨੂੰ ਇਨਾਮ ਪ੍ਰਾਪਤ ਨਹੀਂ ਹੋਇਆ। ਹੁਣ ਤਕ ਕੁਲ 53 ਪੁਸਤਕਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ। ਅਕਾਦਮੀ ਦੇ ਨਿਯਮਾਂ ਅਨੁਸਾਰ ਪੁਰਸਕਾਰ ਨਾਲ ਸਨਮਾਨਿਤ ਪੁਸਤਕ ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਜਾਣੀ ਹੁੰਦੀ ਹੈ। ਪੁਰਸਕਾਰ ਵਿੱਚ ਮਿਲਦੀ ਰਕਮ ਨਾਲੋਂ ਵੀ ਇਹ ਇੱਕ ਉੱਤਮ ਪੁਰਸਕਾਰ ਹੈ।

ਇੱਕ ਨਿਯਮ ਅਨੁਸਾਰ ਜੇ ਖੇਤਰੀ ਭਾਸ਼ਾ ਦੀ ਕਿਸੇ ਪੁਸਤਕ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਜਾਣਾ ਹੋਵੇ ਤਾਂ ਪਹਿਲਾਂ ਉਸ ਭਾਸ਼ਾ ਦਾ ਸਲਾਹਕਾਰ ਬੋਰਡ ਪੁਸਤਕ ਨੂੰ ਅਨੁਵਾਦ ਕਰਵਾਉਣ ਦੀ ਸਿਫ਼ਾਰਸ਼ ਕਰਦਾ ਹੈ ਤੇ ਫਿਰ ਅਨੁਵਾਦ ਹੋਣ ਵਾਲੀ ਭਾਸ਼ਾ ਦਾ ਸਲਾਹਕਾਰ ਬੋਰਡ ਅਨੁਵਾਦ ਦੀ ਹਾਮੀ ਭਰਦਾ ਹੈ। ਦੋਹਾਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਉਪਰੰਤ ਹੀ ਪੁਸਤਕ ਦਾ ਅਨੁਵਾਦ ਸੰਭਵ ਹੈ। ਪੰਜਾਬੀ ਭਾਸ਼ਾ ਦਾ ਦੁਖਾਂਤ ਹੈ ਕਿ ਅੱਜ ਤਕ ਜਿੰਨੇ ਵੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਬਣੇ, ਉਨ੍ਹਾਂ ਦੇ ਮੈਂਬਰਾਂ ਵੱਲੋਂ ਸਾਹਿਤ ਦੀ ਥਾਂ ਨਿੱਜੀ ਸਵਾਰਥ ਨੂੰ ਪਹਿਲ ਦਿੱਤੀ ਗਈ।

ਇਸ ਲੇਖ ਵਿੱਚ ਪੰਜਾਬੀ ਦੀਆਂ ਕੇਵਲ ਉਨ੍ਹਾਂ ਪੁਸਤਕਾਂ ਦੇ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਲੇਖਾ-ਜੋਖਾ ਹੈ, ਜਿਨ੍ਹਾਂ ਨੂੰ ‘ਸਾਹਿਤ ਅਕਾਦਮੀ ਪੁਰਸਕਾਰ’ ਪ੍ਰਾਪਤ ਹੋਇਆ ਹੈ। ਇਨਾਮ ਪ੍ਰਾਪਤ 53 ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਸਿਰਫ਼ 22 ਲੇਖਕਾਂ ਦੀਆਂ ਪੁਸਤਕਾਂ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਮਾਣ ਮਿਲਿਆ ਹੈ। ਕਰਤਾਰ ਸਿੰਘ ਦੁੱਗਲ ਦੀ ਪੁਸਤਕ ‘ਇੱਕ ਛਿੱਟ ਚਾਨਣ ਦੀ’ 9 ਭਾਸ਼ਾਵਾਂ ਵਿੱਚ ਅਨੁਵਾਦ ਹੋਈ। ਨਰਿੰਦਰਪਾਲ ਸਿੰਘ ਦੀ ਪੁਸਤਕ ‘ਬਾ-ਮੁਲਾਹਜ਼ਾ ਹੋਸ਼ਿਆਰ’ 4 ਭਾਸ਼ਾਵਾਂ ਵਿੱਚ, ਅਜੀਤ ਕੌਰ ਦੀ ‘ਖ਼ਾਨਾਬਦੋਸ਼’ 3, ਮੋਹਨ ਭੰਡਾਰੀ ਦੀ ‘ਮੂਨ ਦੀ ਅੱਖ’ 3, ਨਿਰੰਜਨ ਤਸਨੀਮ ਦੀ ‘ਗੁਆਚੇ ਅਰਥ’ 3, ਸ਼ਿਵ ਕੁਮਾਰ ਬਟਾਲਵੀ ਦੀ ‘ਲੂਣਾ’ 2, ਮਨਜੀਤ ਟਿਵਾਣਾ ਦੀ ‘ਉਨੀਂਦਾ ਵਰਤਮਾਨ’ ਦੋ, ਮਹਿੰਦਰ ਸਿੰਘ ਸਰਨਾ ਦੀ ‘ਨਵੇਂ ਯੁਗ ਦਾ ਵਾਰਿਸ’ 2, ਭਾਈ ਵੀਰ ਸਿੰਘ ਦੀ ‘ਮੇਰੇ ਸਾਈਆਂ ਜੀਓ’ ਕੰਨੜ ਭਾਸ਼ਾ, ਅੰਮ੍ਰਿਤਾ ਪ੍ਰੀਤਮ ਦੀ ‘ਸੁਨੇਹੜੇ’ ਉਰਦੂ, ਪ੍ਰਭਜੋਤ ਕੌਰ ਦੀ ‘ਪੱਬੀ’ ਸਿੰਧੀ, ਕੁਲਵੰਤ ਸਿੰਘ ਵਿਰਕ ਦੀ ‘ਨਵੇਂ ਲੋਕ’ ਅੰਗਰੇਜ਼ੀ, ਹਰਿਭਜਨ ਸਿੰਘ ਦੀ ‘ਧੁੱਪੇ ਨਾ ਛਾਵੇਂ’ ਰਾਜਸਥਾਨੀ, ਗੁਰਦਿਆਲ ਸਿੰਘ ਦੀ ‘ਅੱਧ ਚਾਨਣੀ ਰਾਤ’ ਡੋਗਰੀ, ਗੁਲਜ਼ਾਰ ਸਿੰਘ ਸੰਧੂ ਦੀ ‘ਅਮਰਕਥਾ’ ਉਰਦੂ, ਰਾਮ ਸਰੂਪ ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਅੰਗਰੇਜ਼ੀ, ਪ੍ਰੇਮ ਪ੍ਰਕਾਸ਼ ਦੀ ‘ਕੁਝ ਅਣਕਿਹਾ ਵੀ’ ਉਰਦੂ, ਸੁਰਜੀਤ ਪਾਤਰ ਦੀ ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’ ਉਰਦੂ, ਵਰਿਆਮ ਸਿੰਘ ਸੰਧੂ ਦੀ ‘ਚੌਥੀ ਕੂਟ’ ਹਿੰਦੀ, ਦੇਵ ਦੀ ‘ਸ਼ਬਦਾਂਤ’ ਅੰਗਰੇਜ਼ੀ, ਆਤਮਜੀਤ ਦੀ ‘ਤੱਤੀ ਤਵੀ ਦਾ ਸੱਚ’ ਹਿੰਦੀ ਤੇ ਵਨੀਤਾ ਦੀ ਪੁਸਤਕ ‘ਕਾਲ ਪਹਿਰ ਘੜੀਆਂ’ ਕੋਂਕਣੀ ਭਾਸ਼ਾ ਵਿੱਚ, ਭਾਵ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਹੋਈਆਂ।

ਕਰਤਾਰ ਸਿੰਘ ਦੁੱਗਲ ਵੱਲੋਂ ਉਰਦੂ ਵਿੱਚ, ਮਨਜੀਤ ਟਿਵਾਣਾ ਵੱਲੋਂ ਹਿੰਦੀ ਵਿੱਚ, ਨਿਰਜਨ ਤਸਨੀਮ ਵੱਲੋਂ ਅੰਗਰੇਜ਼ੀ ਅਤੇ ਪ੍ਰੇਮ ਪ੍ਰਕਾਸ਼ ਵੱਲੋਂ ਉਰਦੂ ਵਿੱਚ ਆਪਣੀਆਂ ਪੁਸਤਕਾਂ ਖ਼ੁਦ ਅਨੁਵਾਦ ਕੀਤੀਆਂ ਗਈਆਂ। ਇਨਾਮ ਯਾਫ਼ਤਾ 31 ਲੇਖਕਾਂ ਦੀਆਂ ਪੁਸਤਕਾਂ ਦਾ ਕਿਸੇ ਵੀ ਦੂਸਰੀ ਭਾਸ਼ਾ ਵਿੱਚ ਅਨੁਵਾਦ ਨਹੀਂ ਹੋਇਆ। 14 ਭਾਸ਼ਾਵਾਂ ਵਿੱਚ ਸਿਰਫ਼ ਇੱਕ-ਇੱਕ ਪੁਸਤਕ ਛਪੀ। 8 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਪੁਸਤਕ ਅਨੁਵਾਦ ਨਹੀਂ ਹੋਈ।

ਅੰਗਰੇਜ਼ੀ ਤੇ ਹਿੰਦੀ ਨੂੰ ਸੰਪਰਕ ਭਾਸ਼ਾਵਾਂ ਮੰਨਿਆ ਜਾਂਦਾ ਹੈ। ਪਹਿਲਾਂ ਪੁਸਤਕ ਇਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਈ ਜਾਂਦੀ ਹੈ, ਫਿਰ ਉਨ੍ਹਾਂ ਅਨੁਵਾਦਾਂ ਦੇ ਆਧਾਰ ’ਤੇ ਪੁਸਤਕ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਹੁੰਦੀ ਹੈ। ਉਰਦੂ ਨੂੰ ਕਦੇ-ਕਦੇ ਸੰਪਰਕ ਭਾਸ਼ਾ ਵਜੋਂ ਵਰਤ ਲਿਆ ਜਾਂਦਾ ਹੈ। ਇਨ੍ਹਾਂ ਸੰਪਰਕ ਭਾਸ਼ਾਵਾਂ ਵਿੱਚ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਦੀ ਗਿਣਤੀ ਅੰਗਰੇਜ਼ੀ ਵਿੱਚ 10, ਹਿੰਦੀ ਵਿੱਚ 3 ਅਤੇ ਉਰਦੂ ਵਿੱਚ 6 ਹੈ। ਸਾਲ 2013 ਵਿੱਚ ਬਣੇ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਜੂਨ 2013 ਵਿੱਚ ਪੁਰਸਕਾਰ ਪ੍ਰਾਪਤ ਪੁਸਤਕਾਂ ਦਰਸ਼ਨ ਬੁੱਟਰ ਦੀ ‘ਮਹਾ ਕੰਬਣੀ’ ਨੂੰ ਹਿੰਦੀ, ਬਲਦੇਵ ਸਿੰਘ ਦੀ ‘ਢਾਵਾਂ ਦਿੱਲੀ ਦੇ ਕਿੰਗਰੇ’ ਨੂੰ ਹਿੰਦੀ ਅਤੇ ਡੋਗਰੀ, ਮਿੱਤਰ ਸੈਨ ਮੀਤ ਦੀ ‘ਸੁਧਾਰ ਘਰ’ ਨੂੰ ਹਿੰਦੀ ਤੇ ਅੰਗਰੇਜ਼ੀ, ਗੁਲਜ਼ਾਰ ਸੰਧੂ ਦੀ ‘ਅਮਰ ਕਥਾ’ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕਰਵਾਏ ਜਾਣ ਦਾ ਫ਼ੈਸਲਾ ਲਿਆ ਗਿਆ।

ਦੂਜੇ ਪਾਸੇ, ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਗਿਣਤੀ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਨਾਲੋਂ ਦੁੱਗਣੀ ਹੈ। ਦੂਜੀਆਂ ਭਾਸ਼ਾਵਾਂ ਦੀਆਂ ਪੰਜਾਬੀ ਵਿੱਚ ਕੁਲ 45 ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਵਿੱਚ 29 ਨਾਵਲ, ਇੱਕ ਨਾਟਕ, 8 ਕਵਿਤਾ ਤੇ 7 ਕਹਾਣੀਆਂ ਦੀਆਂ ਕਿਤਾਬਾਂ ਹਨ। ਪੰਜਾਬੀ ਦੀ ਪਹਿਲੀ ਪੁਸਤਕ ਨੂੰ 1955 ਵਿੱਚ ਪੁਰਸਕਾਰ ਪ੍ਰਾਪਤ ਹੋਇਆ ਜਦਕਿ ਇਸਦਾ ਪਹਿਲਾ ਅਨੁਵਾਦ ਸੰਨ 2000 ਵਿੱਚ, ਪੁਰਸਕਾਰ ਮਿਲਣ ਤੋਂ 45 ਸਾਲ ਬਾਅਦ ਪ੍ਰਕਾਸ਼ਿਤ ਹੋਇਆ। ਪੰਜਾਬੀ ਦੀ ਪਹਿਲੀ ਅਨੁਵਾਦ ਹੋਈ ਪੁਸਤਕ (ਕਰਨਲ ਨਰਿੰਦਰ ਪਾਲ ਸਿੰਘ ਦਾ ਨਾਵਲ) 1990 ਵਿੱਚ ਪ੍ਰਕਾਸ਼ਿਤ ਹੋਈ, ਭਾਵ 1955 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਪੁਸਤਕ ਤੋਂ 35 ਸਾਲ ਬਾਅਦ।

ਸਾਹਿਤ ਅਕਾਦਮੀ ਵੱਲੋਂ ਪੁਸਤਕਾਂ ਦੀ ਚੋਣ ਸਮੇਂ ਕਿਸ ਤਰ੍ਹਾਂ ਸਿੱਟੇ ਕੱਢੇ ਗਏ, ਇਸਦਾ ਅੰਦਾਜ਼ਾ ਇਨ੍ਹਾਂ ਤੱਥਾਂ ਤੋਂ ਲਾਇਆ ਜਾ ਸਕਦਾ ਹੈ ਕਿ ਅਕਾਦਮੀ ਵੱਲੋਂ ਭਾਈ ਵੀਰ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਕੁਲਵੰਤ ਸਿੰਘ ਵਿਰਕ ਤੇ ਪ੍ਰੀਤਮ ਸਿੰਘ ਸਫ਼ੀਰ ਨੂੰ ‘ਭਾਰਤੀ ਸਾਹਿਤ ਦੇ ਨਿਰਮਾਤਾ’ ਮੰਨ ਕੇ ਇਨ੍ਹਾਂ ਦੇ ਯੋਗਦਾਨ ਬਾਰੇ ਪੁਸਤਕਾਂ ਛਾਪੀਆਂ ਗਈਆਂ ਪਰ ਅਫ਼ਸੋਸ ਕਿ ਸਾਹਿਤ ਦੇ ਇਨ੍ਹਾਂ ਨਿਰਮਾਤਾਵਾਂ ਵਿੱਚੋਂ ਕੇਵਲ ਦੋ ਸਾਹਿਤਕਾਰਾਂ, ਭਾਈ ਵੀਰ ਸਿੰਘ ਤੇ ਕੁਲਵੰਤ ਸਿੰਘ ਵਿਰਕ ਦੀ ਹੀ ਇੱਕ-ਇੱਕ ਪੁਸਤਕ ਦੂਸਰੀ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਕੀਤੀ ਗਈ। ਗੁਰਮੁਖ ਸਿੰਘ ਮੁਸਾਫਿਰ ਤੇ ਪ੍ਰੀਤਮ ਸਿੰਘ ਸਫ਼ੀਰ ਨੂੰ ਇਹ ਮਾਣ ਪ੍ਰਾਪਤ ਨਹੀਂ ਹੈ। ਪੰਜਾਬੀ ਦੇ ਕਲਾਸੀਕਲ ਸਾਹਿਤਕਾਰਾਂ ਪ੍ਰੋ. ਮੋਹਨ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਸੋਹਣ ਸਿੰਘ ਸੀਤਲ, ਕਪੂਰ ਸਿੰਘ ਘੁੰਮਣ, ਸੁਜਾਨ ਸਿੰਘ, ਜਗਤਾਰ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ ਤੇ ਅਜਮੇਰ ਸਿੰਘ ਔਲਖ ਦੀ ਪੁਸਤਕ ਨੂੰ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ।

ਪੰਜਾਬੀ ਦੇ ਦੋ ਲੇਖਕਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ ਦਲੀਪ ਕੌਰ ਟਿਵਾਣਾ ਤੇ ਸੁਰਜੀਤ ਪਾਤਰ ਨੂੰ ਸਰਸਵਤੀ ਐਵਾਰਡ ਪ੍ਰਾਪਤ ਹੋਏ। ਦਲੀਪ ਕੌਰ ਟਿਵਾਣਾ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਹਾਲੇ ਤਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ। ਬਾਕੀ ਤਿੰਨਾਂ ਲੇਖਕਾਂ ਦੀ ਪੁਸਤਕ ਵੀ ਕੇਵਲ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ। ਦੂਜੇ ਪਾਸੇ ਕਰਤਾਰ ਸਿੰਘ ਦੁੱਗਲ ਦੀ ਪੁਸਤਕ ਨੂੰ 9 ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਮਾਣ ਪ੍ਰਾਪਤ ਹੈ।

ਦੇਵਨਾਗਰੀ, ਗੁਜਰਾਤੀ, ਕਸ਼ਮੀਰੀ, ਮੈਥਿਲੀ, ਮਣੀਪੁਰੀ, ਸੰਸਕ੍ਰਿਤ ਭਾਸ਼ਾ ਵਿੱਚ ਹਾਲੇ ਤਕ ਪੰਜਾਬੀ ਦੀ ਇੱਕ ਵੀ ਪੁਸਤਕ ਅਨੁਵਾਦ ਹੋ ਕੇ ਨਹੀਂ ਛਪੀ। ਅਸਮੀ, ਨੇਪਾਲੀ, ਮਰਾਠੀ ਤੇ ਸਿੰਧੀ ਭਾਸ਼ਾ ਵਿੱਚ ਕੇਵਲ ਇੱਕ-ਇੱਕ ਪੁਸਤਕ ਅਨੁਵਾਦ ਹੋਈ ਹੈ। 49 ਪੁਸਤਕਾਂ ਪ੍ਰਕਾਸ਼ਿਤ ਹੋਣੀਆਂ ਬਾਕੀ ਹਨ। ਸਾਲ 2009 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਆਤਮਜੀਤ ਅਤੇ 2010 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਵਨੀਤਾ ਦੀ ਪੁਸਤਕ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਜਸਵੰਤ ਦੀਦ ਦੀ 2007 ਦੀ ਪੁਰਸਕਾਰ ਪ੍ਰਾਪਤ ਪੁਸਤਕ ਅੰਗਰੇਜ਼ੀ ਤੇ ਰਾਜਸਥਾਨੀ ਭਾਸ਼ਾ ਵਿੱਚ ਅਤੇ ਵਨੀਤਾ ਦੀ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਹਨ। ਬਲਦੇਵ ਸਿੰਘ (ਸੜਕਨਾਮਾ) 2013 ਵਿੱਚ ਬਣੇ ‘ਪੰਜਾਬੀ ਭਾਸ਼ਾ ਸਲਾਹਕਾਰ ਬੋਰਡ’ ਦਾ ਮੈਂਬਰ ਹੈ। ਉਸ ਦੇ ਨਾਵਲ ‘ਢਾਵਾਂ ਦਿੱਲੀ ਦੇ ਕਿੰਗਰੇ’ ਨੂੰ 2011 ਵਿੱਚ ਪੁਰਸਕਾਰ ਮਿਲਿਆ। ਬੋਰਡ ਦੀ ਪਹਿਲੀ ਮੀਟਿਗ ਵਿੱਚ ਹੀ ਉਸ ਵੱਲੋਂ ਆਪਣੇ ਨਾਵਲ ਨੂੰ ਹਿੰਦੀ ਤੇ ਡੋਗਰੀ ਵਿੱਚ ਅਨੁਵਾਦ ਕਰਵਾਏ ਜਾਣ ਦੀ ਸਿਫ਼ਾਰਸ਼ ਕਰਵਾ ਲਈ ਗਈ।

ਆਪਣੇ ਉੱਤਮ ਸਾਹਿਤ ਨੂੰ ਦੇਸ਼ ਪੱਧਰ ’ਤੇ ਪ੍ਰਚਾਰਨ ਵਿੱਚ ਪੰਜਾਬੀ ਭਾਸ਼ਾ ਕਿੰਨੀ ਪਛੜੀ ਹੋਈ ਹੈ, ਇਸਦਾ ਅੰਦਾਜ਼ਾ ਬੰਗਾਲੀ ਤੇ ਹਿੰਦੀ ਦੀ ਸਥਿਤੀ ਨਾਲ ਤੁਲਨਾ ਤੋਂ ਲੱਗ ਸਕਦਾ ਹੈ। ਬੰਗਾਲੀ ਭਾਸ਼ਾ ਵੱਲੋਂ ਪੰਜਾਬੀ ਨਾਲੋਂ ਤਿੰਨ ਗੁਣਾ ਤੇ ਹਿੰਦੀ ਭਾਸ਼ਾ ਵੱਲੋਂ ਕਰੀਬ ਦੋ ਗੁਣਾ ਟਾਈਟਲ ਦੂਜੀਆਂ ਭਾਸ਼ਾਵਾਂ ਵਿੱਚ ਛਪਵਾਏ ਗਏ ਹਨ। ਇਸ ਸਥਿਤੀ ਵਿੱਚ ਇਹ ਸਵਾਲ ਉੱਠਦੇ ਹਨ ਕਿ ਕੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕੇ ਹਨ? ਕੀ ਉਨ੍ਹਾਂ ਕੋਲ ਆਪਣੇ ਅਤੇ ਆਪਣੇ ਮਿੱਤਰ ਪਿਆਰਿਆਂ ਦੀਆਂ ਝੋਲੀਆਂ ਭਰਨ ਤੋਂ ਬਿਨਾਂ ਕੋਈ ਕੰਮ ਨਹੀਂ ਰਹਿ ਗਿਆ?

ਪੰਜਾਬੀ ਦੇ ਪੱਛੜਨ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ’ਤੇ ਕਾਬਜ਼ ਮੈਂਬਰ ਸਾਹਿਤ ਦੀ ਥਾਂ ਨਿੱਜੀ ਹਿਤਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ। ਇਸਦਾ ਸਬੂਤ ਦਿੱਲੀ ਸਰਕਾਰ ਵਿੱਚ ਰਸੂਖ ਰੱਖਣ ਵਾਲੇ ਕਰਤਾਰ ਸਿੰਘ ਦੁੱਗਲ ਵੱਲੋਂ ਆਪਣੀ ਪੁਸਤਕ ਨੂੰ 9 ਭਾਸ਼ਾਵਾਂ, ਕਰਨਲ ਨਰਿੰਦਰ ਪਾਲ ਸਿੰਘ ਵੱਲੋਂ 4, ਅਜੀਤ ਕੌਰ ਵੱਲੋਂ 3 ਅਤੇ ਮਹਿੰਦਰ ਸਿੰਘ ਸਰਨਾ ਵੱਲੋਂ 2 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਵਾ ਲੈਣਾ ਹੈ। ਹੁਣ ਵੀ ਦਿੱਲੀ ਵਾਲੇ ਬਾਜ਼ੀ ਮਾਰ ਰਹੇ ਹਨ। ਸਾਲ 2011 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਡਾ. ਵਨੀਤਾ ਦੀ ਪੁਸਤਕ ਪੁਰਸਕਾਰ ਦੇ ਪਹਿਲੇ ਵਰ੍ਹੇ ਹੀ ਕੋਂਕਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋ ਗਈ।

ਇਸ ਦਰਮਿਆਨ 1990 ਤੋਂ 2001 ਤਕ ਦੇ ਸਮੇਂ ਨੂੰ ਸੁਨਹਿਰਾ ਦੌਰ ਵੀ ਕਿਹਾ ਜਾ ਸਕਦਾ ਹੈ। ਹੁਣ ਤਕ ਪ੍ਰਕਾਸ਼ਿਤ 41 ਟਾਈਟਲਾਂ ਵਿੱਚੋਂ 13 ਇਸ ਸਮੇਂ ਦੌਰਾਨ ਪ੍ਰਕਾਸ਼ਿਤ ਹੋਏ, ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਦਿੱਲੀ ਵਿੱਚ ਰਹਿੰਦੇ ਪ੍ਰਭਾਵਸ਼ਾਲੀ ਸਾਹਿਤਕਾਰਾਂ ਦੇ ਸਨ। ਇਨ੍ਹਾਂ ਸਾਲਾਂ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਦੇ 4 ਤੇ ਕਰਤਾਰ ਸਿੰਘ ਦੁੱਗਲ ਦੇ 2 ਟਾਈਟਲ ਪ੍ਰਕਾਸ਼ਿਤ ਹੋਏ। ਇੱਕ-ਇੱਕ ਟਾਈਟਲ ਪ੍ਰਭਜੋਤ ਕੌਰ, ਹਰਿਭਜਨ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਦਾ ਸੀ, ਬਾਕੀ ਟਾਈਟਲ ਪ੍ਰੇਮ ਪ੍ਰਕਾਸ਼, ਮਨਜੀਤ ਟਿਵਾਣਾ, ਭਾਈ ਵੀਰ ਸਿੰਘ ਤੇ ਸੁਰਜੀਤ ਪਾਤਰ ਦੇ ਸਨ।

ਡਾ. ਸਤਿੰਦਰ ਸਿੰਘ ਨੂਰ 2002 ਤੋਂ 2007 ਤਕ ‘ਪੰਜਾਬੀ ਭਾਸ਼ਾ ਸਲਾਹਕਾਰ ਬੋਰਡ’ ਦੇ ਕਨਵੀਨਰ ਤੇ ਫਿਰ 2010 ਤਕ ਅਕਾਦਮੀ ਦੇ ਵਾਈਸ ਚੇਅਰਮੈਨ ਰਹੇ। ਇਸ ਦੌਰਾਨ 41 ਟਾਈਟਲਾਂ ਵਿੱਚੋਂ 28 ਟਾਈਟਲ ਪ੍ਰਕਾਸ਼ਿਤ ਹੋਏ। ਉਨ੍ਹਾਂ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ ਬਹੁਤੇ ਟਾਈਟਲ ਉਹ ਸਨ ਜਿਨ੍ਹਾਂ ਦੀ ਮਨਜ਼ੂਰੀ ਉਨ੍ਹਾਂ ਵੱਲੋਂ ਦਿੱਤੀ ਗਈ ਸੀ। ਪੰਜਾਬੀ ਦੀਆਂ ਉੱਤਮ ਪੁਸਤਕਾਂ ਲਈ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦੇ ਇਸ ਸਮੇਂ ਨੂੰ ‘ਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂ’ ਆਖਣਾ ਅਣਉਚਿਤ ਨਹੀਂ ਹੋਵੇਗਾ।

ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਰਾਏ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਅਜਿਹੀਆਂ ਪੁਸਤਕਾਂ ਨੂੰ ਸਿੱਧੇ ਹੀ ਅਨੁਵਾਦ ਲਈ ਭੇਜਣਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਾਰਲੇ ਨੂੰ ਚਾਹੀਦਾ ਹੈ ਕਿ ਅਕਾਦਮੀ ਨੂੰ ਨਿਰਦੇਸ਼ ਜਾਰੀ ਕਰੇ ਕਿ ਉਹ ਨਿਸ਼ਚਿਤ ਸਮਾਂ ਹੱਦ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਇਨਾਮ ਪ੍ਰਾਪਤ ਪੁਸਤਕਾਂ ਨੂੰ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਏ ਤਾਂ ਜੋ ਸਾਹਿਤ ਪ੍ਰੇਮੀ ਭਾਰਤ ਦੇ ਸਮੁੱਚੇ ਮਿਆਰੀ ਸਾਹਿਤ ਤੋਂ ਜਾਣੂ ਹੋ ਸਕਣ।