ਸਲਮਾਨ ਖ਼ਾਨ  ਰਾਸ਼ਟਰਵਾਦੀ  ਗੈਂਗਸਟਰਾਂ ਦੀ ਹਿਟਲਿਸਟ ਉਪਰ

ਸਲਮਾਨ ਖ਼ਾਨ  ਰਾਸ਼ਟਰਵਾਦੀ  ਗੈਂਗਸਟਰਾਂ ਦੀ ਹਿਟਲਿਸਟ ਉਪਰ

 *ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ  ਰਾਹੀਂ ਵਾਰ ਵਾਰ ਮਿਲ ਰਹੀਆਂ ਨੇ ਧਮਕੀਆਂ, ਮਾਮਲਾ ਦਰਜ

*ਜੇਲ ਵਿਚ ਦੋ ਵਾਰ ਬਿਸ਼ਨੋਈ ਦੀ ਇੰਟਰਵਿਊ ਬਾਅਦ ਪੰਜਾਬ ਪੁਲਿਸ ਦੇ ਦਾਅਵਿਆਂ ’ਤੇ ਉੱਠੇ ਸਵਾਲ

 *ਲਾਰੈਂਸ ਨੇ ਕਿਹਾ ਕਿ ਉਸ ਦਾ ਗੈਂਗ ਗੋਲਡੀ  ਚਲਾ ਰਿਹਾ ਹੈ ਤੇ ਉਹ ਖ਼ਾਲਿਸਤਾਨ ਤੇ ਪਾਕਿਸਤਾਨ ਵਿਰੋਧੀ ਤੇ ਰਾਸ਼ਟਰਵਾਦੀ ਹਨ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਘੱਟ ਗਿਣਤੀ ਭਾਈਚਾਰੇ ਵਿਚੋਂ ਕਲਾਕਾਰ ਹੋਣ ਕਾਰਣ  ਰਾਸ਼ਟਰਵਾਦੀ  ਗੈਂਗਸਟਰਾਂ ਦੀ ਹਿਟਲਿਸਟ ਉਪਰ ਹਨ।ਹੁਣੇ ਜਿਹੇ ਉਨ੍ਹਾਂ ਦੇ ਦਫ਼ਤਰ ਵਿਚ ਗੈਂਗਸਟਰਾਂ ਵਲੋਂ ਇਕ ਈ-ਮੇਲ ਭੇਜ ਕੇ ਧਮਕੀ ਦਿਤੀ  ਹੈ। ਇਸ ਤੋਂ ਬਾਅਦ ਮੁੰਬਈ ਪੁਲਸ ਨੇ 'ਗੈਂਗਸਟਰ' ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਈ-ਮੇਲ ਭੇਜਣ ਵਾਲੇ ਨੇ ਲਿਖਿਆ ਹੈ, "ਜੇਕਰ ਸਲਮਾਨ ਖ਼ਾਨ ਮਾਮਲਾ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹ ਗੋਲਡੀ ਬਰਾੜ ਨਾਲ ਆਹਮੋ-ਸਾਹਮਣੇ ਬਹਿ ਕੇ ਗੱਲ ਕਰਨ। ਅਜੇ ਸਮਾਂ ਹੈ ਪਰ ਅਗਲੀ ਵਾਰ ਝਟਕਾ ਵੇਖਣ ਨੂੰ ਮਿਲੇਗਾ।" ਲਾਰੈਂਸ ਬਿਸ਼ਨੋਈ ਵੱਲੋਂ ਹਾਲ ਵੀ ਵਿਚ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਨੂੰ ਸਲਮਾਨ ਖ਼ਾਨ ਨੇ ਵੇਖ ਹੀ ਲਿਆ ਹੋਵੇਗਾ, ਜੇਕਰ ਨਹੀਂ ਵੇਖਿਆ ਤਾਂ ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ। "

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਿਸ਼ਨੋਈ ਤੇ ਬਰਾੜ ਤੋਂ ਇਲਾਵਾ ਦਰਜ ਐਫ ਆਈ ਆਰ ਵਿਚ ਰੋਹਿਤ ਦਾ ਵੀ ਨਾਂ ਹੈ ,ਕਿਉਂਕਿ ਇਹ ਧਮਕੀ ਰੋਹਿਤ ਗਰਗ ਦੀ ਆਈ.ਡੀ. ਤੋਂ ਇਕ ਈ-ਮੇਲ ਆਈ ਸੀ।  ਇਹ ਸ਼ਿਕਾਇਤ ਪ੍ਰਸ਼ਾਂਤ ਗੁੰਜਲਕਰ ਨੇ ਬਾਂਦਰਾ ਪੁਲਸ ਨੂੰ ਦਰਜ ਕਰਵਾਈ ਹੈ। 

ਲਾਰੈਂਸ ਬਿਸ਼ਨੋਈ ਦੀ  ਇੰਟਰਵਿਊ ਕਾਰਣ ਪੰਜਾਬ ਪੁਲਿਸ ਦੇ ਦਾਅਵਿਆਂ ’ਤੇ ਉੱਠੇ ਸਵਾਲ

ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਨਿੱਜੀ ਚੈਨਲ ’ਤੇ ਦੋ ਵਾਰ ਇੰਟਰਵਿਊ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ  ਕੀਤੇ ਗਏ ਦਾਅਵਿਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਲਾਰੈਂਸ ਨੇ ਉਹੀ ਪੀਲੇ ਰੰਗ ਦੀ ਟੀਸ਼ਰਟ ਪਾ ਕੇ ਦੂਜੀ ਇੰਟਰਵਿਊ ਦਿੱਤੀ, ਜਿਸ ਦੀ ਫੋਟੋ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨੂੰ ਦਿਖਾਈ ਸੀ। ਡੀਜੀਪੀ ਨੇ ਕਿਹਾ ਸੀ ਕਿ ਬਿਸ਼ਨੋਈ ਦੀ ਇਹ ਇੰਟਰਵਿਊ ਬਠਿੰਡਾ ਜੇਲ੍ਹ ਦੀ ਨਹੀਂ, ਕਿਉਂਕਿ ਜਦੋਂ ਉਹ ਬਠਿੰਡਾ ਜੇਲ੍ਹ ਆਇਆ ਸੀ ਤਾਂ ਉਸ ਨੇ ਪੀਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ। ਹੁਣ ਨਵੀਂ ਇੰਟਰਵਿਊ ਪੀਲੇ ਰੰਗ ਦੀ ਟੀਸ਼ਰਟ ਵਿਚ ਹੀ ਹੈ। 

ਇੰਟਰਵਿਊ ਵਿਚ ਬਿਸ਼ਨੋਈ ਨੇ ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਨਾਲ ਕੁੜੱਤਣ ਦੀ ਗੱਲ ਕਹੀ ਹੈ। ਬਿਸ਼ਨੋਈ ਨੇ  ਕਿਹਾ ਕਿ ਉਸਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਹੈ।ਇੰਟਰਵਿਊ ਵਿਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੱਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ਵਿਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ਵਿਚ ਕੰਮ ਨੂੰ ਅੰਜਾਮ ਦੇ ਦਿੱਤਾ ਗਿਆ ਸੀ। ਉਸਨੇ ਕਿਹਾ ਕਿ ਉਸਦੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਕੋਈ ਦੁਸ਼ਮਣੀ ਨਹੀਂ। ਬਿਸ਼ਨੋਈ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਹ ਜੇਲ੍ਹ ਦੀ ਬੈਰਕ ਵਿਚ ਹੈ ਤੇ ਉੱਥੋਂ ਗੱਲ ਕਰ ਰਿਹਾ ਹੈ ਉਸ ਨੇ ਕਿਹਾ ਕਿ ਮੋਬਾਈਲ ਆਸਾਨੀ ਨਾਲ ਮਿਲ ਜਾਂਦਾ ਹੈ। 

ਇਸ ਇੰਟਰਵਿਊ ਵਿੱਚ ਮੋਟੇ ਤੌਰ ਉੱਤੇ ਤਿੰਨ ਨੁਕਤੇ ਉੱਭਰ ਕੇ ਸਾਹਮਣੇ ਆਏ ਹਨ।

ਪਹਿਲਾ ਲਾਰੈਂਸ ਆਪਣੇ ਆਪ ਨੂੰ ਖ਼ਾਲਿਸਤਾਨ ਵਿਰੋਧੀ ਕਹਿੰਦਾ ਹੈ।ਦੂਜਾ ਆਪਣੇ ਆਪ ਨੂੰ ਰਾਸ਼ਟਰਵਾਦੀ ਕਰਾਰ ਦਿੰਦਾ ਹੈ।ਤੀਜਾ ਉਹ ਆਪਣੇ ਆਪ ਨੂੰ ਪਾਕਿਸਤਾਨ ਤੇ ਖ਼ਾਲਿਸਤਾਨ ਵਿਰੋਧੀ ਵੀ ਦੱਸਦਾ ਹੈ।

ਗੱਲਬਾਤ ਦੌਰਾਨ ਲਾਰੈਂਸ ਦਾ ਇਹ ਕਹਿਣਾ ਕਿ ਉਸ ਦਾ ਗੈਂਗ ਗੋਲਡੀ ਬਰਾੜ ਚਲਾ ਰਿਹਾ ਹੈ ਅਤੇ ਉਹ ਖ਼ਾਲਿਸਤਾਨ ਤੇ ਪਾਕਿਸਤਾਨ ਵਿਰੋਧੀ ਹਨ। ਇਹ ਸਿਧਾਂਤ ਕਿਸ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਸਿਆਸਤਦਾਨ ਉਸਨੂੰ ਉਤਸ਼ਾਹਿਤ ਕਰ ਰਹੇ ਹਨ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਹੋਵੇ।

ਧਿਆਨ ਰਹੇ ਕਿ ਲਾਰੈਂਸ ਦੀ ਪਹਿਲੀ ਇੰਟਰਵਿਊ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇਹ ਪੁਰਾਣੀ ਹੈ। ਯਾਦਵ ਨੇ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਦੇ ਬਾਅਦ 16 ਮਾਰਚ ਨੂੰ ਕਿਹਾ ਸੀ ਕਿ ਜਦੋਂ ਲਾਰੈਂਸ ਉਨ੍ਹਾਂ ਕੋਲ ਆਇਆ ਤਾਂ ਉਸਦੀ ਮੁੱਛ ਛੋਟੀ ਸੀ। ਹੁਣ ਦੂਜੀ ਨਵੀਂ ਇੰਟਰਵਿਊ ਵਿਚ ਉਸਦੀ ਮੁੱਛ ਛੋਟੀ ਦਿਖ ਰਹੀ ਹੈ। ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਬਠਿੰਡਾ ਜੇਲ੍ਹ ਹਾਈਟੈਕ ਜੇਲ੍ਹ ਹੈ ਉਸ ਵਿਚ ਮੋਬਾਈਲ ਦੀ ਵਰਤੋਂ ਨਹੀਂ ਹੋ ਸਕਦੀ। ਪਰ ਹੁਣ ਇਕ ਹੋਰ ਇੰਟਰਵਿਊ ਨੇ ਡੀਜੀਪੀ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਯਾਦ ਰਹੇ ਕਿ ਜਿਸ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਕੈਦ ਹੈ, ਉੱਥੋਂ 12 ਮਾਰਚ ਨੂੰ ਚਾਰ ਮੋਬਾਈਲ ਬਰਾਮਦ ਕੀਤੇ ਗਏ ਸਨ।ਉਧਰ ਇਸ ਇੰਟਰਵਿਊ ਦੇ ਚੱਲਣ ਤੋਂ ਬਾਅਦ ਬਠਿੰਡਾ ਜੇਲ ਦੇ ਸੁਪਰਡੈਂਟ ਐੱਨ. ਡੀ. ਨੇਗੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ   ਬਿਸ਼ਨੋਈ ਅਕਸਰ ਹੀ ਦੂਜੇ ਸੂਬਿਆਂ ’ਚ ਪੇਸ਼ੀਆਂ ’ਤੇ ਜਾਂਦਾ ਰਹਿੰਦਾ ਹੈ, ਸੰਭਾਵਨਾ ਹੈ ਕਿ ਉਥੇ ਇਹ ਇੰਟਰਵਿਊ ਰਿਕਾਰਡ ਹੋਈ ਹੋਵੇਗੀ। ਕਿਹਾ ਇਹ ਜਾ ਰਿਹਾ ਹੈ ਕਿ ਇੰਟਰਵਿਊ ਆਨਲਾਇਨ ਕਿਸੇ ਐਪ ਜ਼ਰੀਏ ਲਿਆ ਗਿਆ ਹੈ। ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਕੋਈ ਕੈਦੀ ਇੰਨਾ ਸੌਖਿਆਂ ਕਿਸੇ ਪੱਤਰਕਾਰ ਨਾਲ ਕਿਵੇਂ ਸੰਪਰਕ ਕਰ ਸਕਦਾ ਹੈ?ਬੇਸ਼ੱਕ ਪੰਜਾਬ ਦਾ ਜੇਲ੍ਹ ਪ੍ਰਸ਼ਾਸਨ ਇਹ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦੀ ਨਾ ਹੋਣ ਦੇ ਦਾਅਵੇ ਕਰ ਰਿਹਾ ਹੈ ਪਰ ਬਿਸ਼ਨੋਈ ਦੇ ਪਿਛਲੇ ਲਗਭਗ 10 ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੋਣ ਕਰਕੇ ਜੇਲ੍ਹ ਪ੍ਰਸ਼ਾਸਨ ਦੇ ਉਕਤ ਦਾਅਵੇ ਕੁਝ ਸ਼ੱਕੀ ਲੱਗ ਰਹੇ ਹਨ । ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਮੁੱਖ ਸਾਜਿਸ਼ਘਾੜੇ ਵਜੋਂ ਨਾਮਜ਼ਦ ਕੀਤਾ ਗਿਆ ਲਾਰੈਂਸ ਪਿਛਲੇ ਵਰ੍ਹੇ ਦੇ ਜੂਨ ਮਹੀਨੇ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ, ਜਿਸ ਨੂੰ ਸਮੇਂ-ਸਮੇਂ 'ਤੇ ਏ. ਐਨ. ਆਈ. ਸਮੇਤ ਬਾਹਰੀ ਸੂਬਿਆਂ ਦੀ ਪੁਲਿਸ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਜਾਂਦੀ ਰਹੀ ਹੈ ।ਇਸੇ ਤਹਿਤ ਬੀਤੀ 15 ਫਰਵਰੀ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਗਈ ਜੈਪੁਰ (ਰਾਜਸਥਾਨ) ਪੁਲਿਸ ਉਸ ਨੂੰ ਬੀਤੀ 7 ਮਾਰਚ ਨੂੰ ਬਠਿੰਡਾ ਜੇਲ੍ਹ ਵਿਚ ਛੱਡਣ ਆਈ ਪਰ ਹਨੇਰਾ ਹੋਣ ਕਾਰਨ ਜੇਲ੍ਹ ਦੀ ਬਜਾਏ ਬਠਿੰਡਾ ਸੀ. ਆਈ. ਏ. ਸਟਾਫ਼ ਦੀ ਹਿਰਾਸਤ ਵਿਚ ਰੱਖਿਆ ਗਿਆ ਸੀ।

ਮੀਡੀਆ ਰਿਪੋਰਟਸ ਮੁਤਾਬਕ ਰਾਜਸਥਾਨ ਪੁਲਿਸ ਵੀ ਇਸ ਇੰਟਰਵਿਊ ਦੇ ਆਪਣੀ ਜੇਲ੍ਹ ਵਿੱਚ ਰਿਕਾਰਡ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ।ਦੂਜੇ ਪਾਸੇ ਰਾਜ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ । ਮੁੱਖ ਸਕੱਤਰ ਨੇ ਸੂਬੇ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ। ਕੁਝ ਦਿਨ ਪਹਿਲਾਂ  ਦਿੱਲੀ ਦੀਆਂ ਦੋ ਨਾਬਾਲਗ ਲੜਕੀਆਂ ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਪਹੁੰਚੀਆਂ ਸਨ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਨਾਬਾਲਗ ਲੜਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ। 

ਕੇਂਦਰੀ ਏਜੰਸੀ ਵੱਲੋਂ ਜਾਂਚ ਲਈ ਹਾਈ ਕੋਰਟ ਵਿਚ ਪਟੀਸ਼ਨ ਖਾਰਜ

ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਨੂੰ ਦੇਸ਼ ਦਾ ਪਹਿਲਾ ਅਜਿਹਾ ਮਾਮਲਾ ਦੱਸਦੇ ਹੋਏ ਇਸਦੀ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਮੰਗ ਨੂੰ ਲੈ ਕੇ ਐਡਵੋਕੇਟ ਗੌਰਵ ਭਈਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜੋ ਪਟੀਸ਼ਨ ਦਾਖਲ ਕੀਤੀ ਸੀ ਉਹ ਹਾਈ ਕੋਰਟ ਨੇ ਖਾਰਜ ਕਰ ਦਿਤੀ ਹੈ। 

ਜਸਟਿਸ ਵਿਕਰਮ ਅਗਰਵਾਲ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਇਹ ਮਾਮਲਾ ਵਿਆਪਕ ਜਨਹਿੱਤ ਦਾ ਹੈ। ਇਹ ਸਿੱਧੇ ਤੌਰ ’ਤੇ ਉਸ (ਪਟੀਸ਼ਨਕਰਤਾ) ਨੂੰ ਪ੍ਰਭਾਵਿਤ ਨਹੀਂ ਕਰਦਾ। ਉਹ ਇਸ ਮਾਮਲੇ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕਰ ਸਕਦਾ ਹੈ।ਐਡਵੋਕੇਟ ਅਨੁਸਾਰ ਇੰਟਰਵਿਊ ਸਾਫ਼ ਦਰਸਾਉਂਦੀ ਹੈ ਕਿ ਜੇਲ੍ਹ ਇਸ ਤਰ੍ਹਾਂ ਦੇ ਅਪਰਾਧੀਆਂ ਲਈ ਸੇਫ ਹੋਮ ਬਣੇ ਹੋਏ ਹਨ। ਇਹ ਦਰਸਾਉਂਦਾ ਹੈ ਕਿ ਕਿਵੇਂ ਗੈਂਗਸਟਰ ਜੇਲ੍ਹ ਤੋਂ ਆਪਣੀ ਲੁੱਟ ਤੇ ਕਤਲਾਂ ਦੀ ਮਾਰਕੀਟਿੰਗ ਕਰ ਰਹੇ ਹਨ ਤੇ ਨਿਆਇਕ ਅਦਾਰਿਆਂ ਦਾ ਮਜ਼ਾਕ ਬਣਾ ਰਹੇ ਹਨ।  

ਵਿਰੋਧੀ ਪਾਰਟੀਆਂ ਵਲੋਂ ਨਿੰਦਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨਹੀਂ, ਲਾਰੈਂਸ ਬਿਸ਼ਨੋਈ ਸਰਕਾਰ ਚਲਾ ਰਿਹਾ ਹੈ, ਜੋ ਕਿਸੇ ਦੇ ਵੀ ਜਿਊਣ ਜਾਂ ਮਰਨ ਦਾ ਫੈਸਲਾ ਕਰ ਰਿਹਾ ਹੈ। ਇਹੋ ਜਿਹੇ ਹਾਲਾਤ ਵਿੱਚ ਪੰਜਾਬ ਵਿਚ ਆਮ ਆਦਮੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਲਾਰੈਂਸ ਬਿਸ਼ਨੋਈ ਦੇ ਦੂਜੇ ਇੰਟਰਵਿਊ ਬਾਰੇ ਸਥਿਤੀ ਸਪਸ਼ਟ ਕਰੇ।

ਕੋਣ ਹੈ ਬਿਸ਼ਨੋਈ

ਲਾਰੈਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।ਲਾਰੈਂਸ ਬਿਸ਼ਨੋਈ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦਾ ਰਹਿਣ ਵਾਲਾ ਹੈ। ਉਹਨਾਂ ਦੇ ਪਰਿਵਾਰ ਕੋਲ ਕਾਫ਼ੀ ਜ਼ਮੀਨ ਹੈ। ਲਾਰੈਂਸ ਦਾ ਇੱਕ ਹੋਰ ਭਰਾ ਅਨਮੋਲ ਬਿਸ਼ਨੋਈ ਹੈ।ਲਾਰੈਂਸ ਨੇ ਸਾਲ 2011 ਵਿੱਚ ਡੀਏਵੀ ਕਾਲਜ ਚੰਡੀਗੜ੍ਹ ਦਾਖ਼ਲਾ ਲਿਆ ਸੀ ਜਿੱਥੇ ਉਸ ਨੇ ਵਿਦਿਆਰਥੀ ਰਾਜਨੀਤੀ ਵਿੱਚ ਕਦਮ ਰੱਖਿਆ ਸੀ।ਉਹ ਲਾਅ ਗਰੈਜੂਏਟ ਹੈ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ 'ਤੇ ਕਥਿਤ ਤੌਰ ਦੇ ਗੋਲੀ ਚਲਾ ਦਿੱਤੀ ਸੀ।ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਲਾਰੈਂਸ ਬਿਸ਼ਨੋਈ ਪਹਿਲੀ ਵਾਰ ਸਾਲ 2014 ਵਿੱਚ ਜੇਲ੍ਹ ਗਿਆ ਸੀ।ਉਹ 'ਏ' ਸ਼੍ਰੇਣੀ ਦਾ ਗੈਂਗਸਟਰ ਹੈ।ਉਹ ਜੇਲ੍ਹਾਂ ਵਿਚੋਂ ਅਪਰਾਧ ਕਰਦਾ ਤੇ ਵਪਾਰੀਆਂ ਨੂੰ ਧਮਕਾ ਕੇ ਫਿਰੌਤੀਆਂ ਮੰਗਦਾ ਰਿਹਾ ਹੈ। ਉਹ ਆਪਣੇ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਜੋ ਜਬਰਨ ਵਸੂਲੀ, ਕੰਟਰੈਕਟ ਕਿਲਿੰਗ ਅਤੇ ਹੋਰ ਅਪਰਾਧਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ।ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਲਾਰੈਂਸ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ।