ਮਨੀਪੁਰ ਸੜਦਾ ਰਿਹਾ, ਨੀਰੂ ਬੰਸਰੀ ਵਾਉਂਦੇ ਰਹੇ !

ਮਨੀਪੁਰ ਸੜਦਾ ਰਿਹਾ, ਨੀਰੂ ਬੰਸਰੀ ਵਾਉਂਦੇ ਰਹੇ !

ਭਾਰਤ ਦੇ ਉਤਰ ਪੂਰਬੀ ਖਿਤੇ ‘ਚ ਇਹ ਛੋਟਾ ਜਿਹਾ ਰਾਜ ਹੈ ਮਨੀਪੁਰ! ਜਿਹੜਾ ਭਾਰਤ ਦੇ ਤਿੰਨ ਰਾਜਾਂ ਨਾਗਾਲੈਂਡ, ਆਸਾਮ ਅਤੇ ਮਿਜ਼ੋਰਮ ਨਾਲ ਘਿਰਿਆ ਹੋਇਆ ਹੈ। ਸਰਹੱਦੀ ਹੱਦ ਮਿਆਂਮਾਰ ਨਾਲ ਲੱਗਦੀ ਹੈ।

ਇਸ ਰਾਜ ਦਾ ਖੇਤਰਫਲ 22,327 ਵਰਗ ਕਿਲੋਮੀਟਰ ਹੈ ਤੇ ਇਸ ਦੀ ਰਾਜਧਾਨੀ ਇੰਫਾਲ ਹੈ। ਇਹ ਭਾਰਤ ਦੇ ਉਤਰ ਪੂਰਬੀ 7-ਭੈਣਾਂ ਰਾਜਾਂ ਵਿੱਚੋਂ ਇਕ ਰਾਜ ਹੈ। ਸਥਾਨਕ ਅਤੇ ਭੁਗੋਲਕ ਤੌਰ ‘ਤੇ ਦੋ ਜੋਨਾਂ ਉਤਰ ਪਹਾੜੀ ਅਤ ਦੱਖਣੀ ਹਿਸਾਵਾਦੀ ਹੈ। ਇਹ ਧਾਨ ਪੈਦਾ ਕਰਨ ਵਾਲਾ ਪ੍ਰਭਰ ਇਲਾਕਾ ਹੈ। ‘ਬਰਕ ਤੇ ਮਨੀਪੁਰ` ਨਦੀਆ ਵਹਿੰਦੀਆਂ ਹਨ। ਪੱਛਮੀ ਮਨੀਪੁਰ ਪਹਾੜੀਆਂ ਤੇ ਪੂਰਬੀ ਪਹਾੜੀਆਂ ਵਾਲਾ ਇਕ ਫੁੱਟਬਾਵ ਗਰਾਊਂਡ ਵਾਂਗ ਇਲਾਕਾ ਹੈ। ਲੋਕਤਾਲ ਇਕ ਵੱਡੀ ਝੀਲ ਹੈ ਤੇ 77.4-ਫੀ ਸਦ ਜੰਗਲਾਂ ਨਾਲ ਘਿਰਿਆ ਹੋਇਆ ਰਾਜ ਹੈ। ਰਾਜ ਦੀ ਆਬਾਦੀ 25,70,390 (2011) ਹੈ ਤੇ ਮਨੀਪੁਰ ਆਜ਼ਾਦੀ ਤੋਂ ਪਹਿਲਾ ਇਥੇ ਰਾਜਾਸ਼ਾਹੀ ਰਾਜ ਸੀ। ਰਾਜ ਦੀ ਹੋਂਦ, ‘1971 ਦੀ ਹੱਕਬੰਦੀ ਦੇ ਬਾਅਦ 21-ਜਨਵਰੀ 1972 ਨੂੰ ਆਈ। ਰਾਜ ਅਸੰਬਲੀ ਦੀਆਂ 60-ਸੀਟਾਂ ਦੋ ਮੈਂਬਰ ਲੋਕ ਸਭਾ ਤੇ ਰਾਜ ਸਭਾ ਲਈ ਇਕ ਸੀਟ ਹੈ। ਮੁੱਖ ਆਰਥਿਕਤਾ ਹੈਂਡਲੂਮ ਇੰਡਸਟਰੀ ਤੇ ਹੋਰ ਕੋਟੇਜ਼ ਧੰਦੇ ਤੇ ਤੇਲ ਹਨ। ਖੇਤੀ ਮੁੱਖ ਤੌਰ ਤੇ ਧਾਨ, ਕਣਕ ਰਬੜ ਅਤੇ ਮੱਕੀ ਦੀ ਹੁੰਦੀ ਹੈ।

 ਮਨੀਪੁਰ ਰਾਜ ਅੰਦਰ ਉਚੀਆਂ ਪਹਾੜੀਆਂ, ਡੂੰਘੀਆਂ ਵਾਦੀਆ ਅਤੇ ਵਿਚਕਾਰਲਾ ਇਕਸਾਰ ਮੈਦਾਨੀ ਖਿਤਾ ਹੈ। ਸਾਲ 1990 ਤੋਂ ਇਸ ਰਾਜ ਅੰਦਰ ਰਾਜਸੀ ਉਥਲ-ਪੁਥਲ ਚਲਦੀ ਆ ਰਹੀ ਹੈ। ਪਹਿਲਾ ਇਥੇ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੈ, ਪਰ ਜਦੋਂ ਦੀ ਕੇਂਦਰ ‘ਚ ਫਿਰਕੂ ਬੀ.ਜੇ.ਪੀ. ਪਾਰਟੀ ਰਾਜਸਤਾ ‘ਤੇ ਕਾਬਜ਼ ਹੋਈ ਹੈ, ਇਸ ਰਾਜ ਅੰਦਰ ਰਾਜਸੀ ਅਤੇ ਫਿਰਕਿਆਂ (ਏਥਨਿਕ) ਅੰਦਰ ਤਨਾਅ ਬਣਿਆ ਰਹਿੰਦਾ ਹੈ। ਹੁਣ ਵੀ ਦੋ ਇੰਜਨ ਵਾਲੀ ਰਾਜਨੀਤੀ ਦੀ ਖੇਡ ਅੰਦਰ ਬੀ.ਜੇ.ਪੀ. ਪਾਰਟੀ ਦੇ ਰਾਜ ਅੰਦਰ 3-ਮਈ ਤੋਂ ਇਥੋ ਦੇ ਦੋ -ਫਿਰਕਿਆ ਵਿਚਕਾਰ ਮੈਤੇਈ ਅਤੇ ਕੁਕੀ ਜ਼ੋਸੀ ਦਾ ਸਥਾਨਕ ਹਿੰਸਕ ਤਨਾਅ ਚਲ ਰਿਹਾ ਹੈ, ਜੋ ਅਜੇ ਵੀ ਖਤਮ ਨਹੀਂ ਹੋਇਆ ਹੈ। ਦੋਨੋ ਕਬਾਇਲੀ ਫਿਰਕਿਆ ਵਿਚਕਾਰ ਫਿਰਕੂ ਤਨਾਅ ਦੌਰਾਨ 120 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆ ਹਨ ਅਤੇ 315 ਤੋਂ ਵੱਧ ਰਾਹਤ ਕੈਂਪਾਂ ਅੰਦਰ 50,000 ਲੋਕਾਂ ਨੇ ਜਾਨਾਂ ਬਚਾਉਣ ਲਈ ਪਨਾਹ ਲਈ ਹੈ। 1700-ਘਰ, ਦੁਕਾਨਾਂ ਅਤੇ ਜਾਇਦਾਦਾਂ ਤਬਾਹ ਹੋ ਚੁੱਕੀਆਂ ਹਨ। ਧਾਰਮਿਕ ਅਸਥਾਨ ਜ਼ਿਆਦਾਤਰ ਗਿਰਜੇ, ਮੰਦਿਰ ਅਤੇ ਮਸਜਿਦਾਂ ਸਾੜ ਦਿੱਤੀਆਂ ਜਾਂ ਢੈਅ-ਢੇਰੀ ਕਰ ਦਿੱਤੀਆਂ ਗਈਆਂ ਹਨ। ਜਦ ਇਹ ਤਾਂਡਵ ਨਾਚ ਹੋ ਰਿਹਾ ਸੀ ਤਾਂ ਦੋਨੋ ਇੰਜਨ ਇਕ ਵਿਦੇਸ਼ਾਂ ‘ਚ ਤੇ ਦੂਸਰਾ ਦੇਸ਼ ਅੰਦਰ ਹੀ ਨੀਰੂ ਵਾਲੀ ਬੰਸਰੀ ਵਜਾ ਰਹੇ ਸਨ ਤੇ ਮਨੀਪੁਰ ਸੜ ਰਿਹਾ ਸੀ। 17000-ਫੌਜ ਤੇ ਅਰਧ-ਸੈਨਿਕ ਤਾਇਨਾਤ ਹਨ। ਕਰਫਿਊ ਗ੍ਰਸਤ ਤੇ ਮੌਕੇ ‘ਤੇ ਗੋਲੀ ਮਾਰਨ ਵਾਲੀ ਹਾਲਤ ਹੋਈ ਹੈ। 

 ਮਨੀਪੁਰ ਜੋ ਕਦੇ ਧਰਤੀ ਦਾ ‘ਹਾਰ` ਸੀ, ਕੋਲ ਵਰਗਾ ਇਲਾਕਾ ਹੈ ਜੋ ਅੱਜ ਸੜ ਰਿਹਾ ਸੀ। ਰਾਜ ਅੰਦਰ 39-ਫਿਰਕੇ ਜਿਹੜੇ ਵੱਖ-ਵੱਖ ਧਰਮ ਜੋ ਹਿੰਦੂ, ਇਸਾਈੇ ਤੇ ਇਸਲਾਮ ਧਰਮ ਨਾਲ ਸਬੰਧਤ ਸਨ, ਜਿਨਾਂ ਦਾ ਾਮੂਲ ਮੁੱਢ ‘ਸਨਮਾਹੀ` ਰਵਾਇਤੀ ਧਰਮ ਸੀ। 1949 ‘ਚ ਰਾਜਸ਼ਾਹੀ ਦੇ ਖਾਤਮੇ ਬਾਅਦ ਮਨੀਪੁਰ ਭਾਰਤ ਗਣਰਾਜ ਦਾ ਇਕ ਹਿਸਾ ਬਣ ਗਿਆ ਸੀ। ਅੱਜ ਉਥੇ ਜਮਹੂਰੀਅਤ ਗੋਲੀ ਦੀ ਨੋਕ ਨਾਲ ਚਲਾਈ ਜਾ ਰਹੀ ਹੈ ਤੇ ਹਰ ਪਾਸੇ ਹਿੰਸਾ ਹੀ ਹਿੰਸਾ ਨਜ਼ਰ ਆ ਰਹੀ ਹੈ। ਮਾਣਯੋਗ ਸੁਪਰੀਮ ਕੋਰਟ ਨੇ ਵੀ ਨਰਾਜ਼ਗੀ ਪ੍ਰਗਟ ਕਰਦੇ ਹੋਏ ਹਾਲਾਤਾਂ ‘ਤੇ ਨਜ਼ਰ ਰੱਖਣ ਲਈ ਕੇਂਦਰ ਤੇ ਰਾਜ ਸਰਕਾਰ ਨੂੰ ਕਿਹਾ ਹੈ। 1958 ਤੋਂ ਉਤਰ-ਪੂਰਬ ਰਾਜਾਂ ਅੰਦਰ ‘ਏ.ਐਫ.ਐਸ.ਪੀ. ਐਕਟ` ਲਾਗੂ ਕੀਤਾ ਹੋਇਆ ਹੈ। ਰਾਜ ਅੰਦਰ ਕਈ ਬਾਗੀ ਗਰੁੱਪ ਹਨ ਜੋ ਵੱਖੋ ਵੱਖ ਫਿਰਕਿਆ ਵਿਚੋਂ ਹਨ। ਮਨੀਪੁਰ ਅੰਦਰ ਗੈਰ-ਕਬਾਇਲੀ ਮੈਤੇਈ ਫਿਰਕਾ ਜਿਸਦੀ ਆਬਾਦੀ 53-ਫੀ ਸਦ ਹੈ, ਹਿੰਦੂ ਫਿਰਕੇ ਨਾਲ ਸਬੰਧ ਰੱਖਦਾ ਹੈ ਤੇ ਪਿਛਲੀ ਰਾਜਾਸ਼ਾਹੀ ਹਕੂਮਤ ਵੀ ਹਿੰਦੂ ਰਾਜੇ ਅਧੀਨ ਸੀ। ਰਾਜਸੀ ਤੌਰ ‘ਤੇ 60-ਮੈਂਬਰੀ ਅਸੰਬਲੀ ਵਿੱਚੋ 40-ਮੈਂਬਰ ਮੈਤੇਈ ਫਿਰਕੇ ਦੇ ਬੀ.ਜੇ.ਪੀ ਪਾਰਟੀ ਨਾਲ ਸਬੰਧ ਰੱਖਦੇ ਹਨ, ਇੰਫ਼ਾਲ ਵਾਦੀ ਜ਼ੋਮੀ ‘ਚੋਂ ਹਨ। ਨਾਗਾ ਤੇ ਕੁਕੀ ਜ਼ੋਮੀ ਫਿਰਕਾ ਜੋ 40-ਫੀਸਦ ਹੈ, ਪਹਾੜੀ ਜ਼ਿਲਿਆ ਨਾਲ ਸਬੰਧਤ ਹੈ ਤੇ ਰਾਜ ਅਸੰਬਲੀ ਵਿੱਚ ਉਨ੍ਹਾਂ ਦੇ 20-ਮੈਂਬਰ ਹਨ। 

 ਦੋ ਇੰਜਨਾਂ ਵਾਲੇ ਮਨੀਪੁਰ ‘ਚ ਉਦੋ ਹਿੰਸਾ ਭੜਕੀ ਜਦੋਂ ਰਾਜ ਕਰ ਰਹੀ ਪਾਰਟੀ ਬੀ.ਜੇ.ਪੀ. ਜਿਸ ਦੀ ਬਹੁ-ਸੰਮਤੀ ਮੈਤੇਈ ਲੋਕਾਂ ਦੀ ਸੀ ਵਲੋਂ 10-ਸਾਲਾ ਤੋਂ ਰਾਜ ਅੰਦਰ ਅਨੁਸੂਚਿਤ ਕਬੀਲਿਆ (ਐਸ.ਟੀ.) ਵਜੋਂ ਰਾਖਵਾਂਕਰਨ ਦੀ ਮੰਗ ਨੂੰ ਇਕ ਦੇਸ਼ ਅੰਦਰ ਮਾਣਯੋਗ ਹਾਈਕੋਰਟ ਨੇ 3-ਮਈ ਨੂੰ ਰਾਜ ਸਰਕਾਰ ਨੂੰ ਇਸ ਸਬੰਧੀ ਫੈਸਲਾ ਲੈਣ ਲਈ ਕਿਹਾ। ਕੋਰਟ ਨੇ ਇਸ ਫੈਸਲੇ ਵਾਲੇ ਐਲਾਨ ਨੇ ਮਨੀਪੁਰ ਦੇ ਵੱਖ-ਵੱਖ ਫਿਰਕਿਆ ਅੰਦਰ ਜਿਹੜੀ ਵੰਡ ਪਹਿਲਾ ਦੱਬੀ ਹੋਈ ਸੀ ਇਕ ਦਮ ਬਾਹਰ ਆ ਗਈ। ਮੂਲਵਾਸੀ ਕੁਕੀ ਤੇ ਨਾਗਾ ਫਿਰਕੇ ਭੜਕ ਉਠੇ। ਬਲਦੀ ‘ਤੇ ਹੋਰ ਤੇਲ ਪਾ ਦਿੱਤਾ ਜਦੋਂ ਇਹ ਅਫਵਾਹ ਫੈਲ ਗਈ ਕਿ ਐਂਗਲੋ-ਕੁਕੀ ਯਾਦਗਾਰੀ ਗੇਟ ਸਾੜ ਦਿਤਾ ਗਿਆ। ਰੋਸ ਮੁਜ਼ਾਹਰੇ, ਸਾੜ-ਫੂਕ, ਮਾੜ-ਧਾੜ ਤੇ ਹਿੰਸਾ ਤਿੰਨ-ਮਈ ਤੋਂ ਸ਼ੁਰੂ ਹੋਈ ਅੱਜੇ ਵੀ ਰੁੱਕਣ ਦਾ ਨਾ ਨਹੀਂ ਲੈ ਰਹੀ ਹੈ। ਇਹ ਵੀ ਜਮਹੂਰੀਅਤ ਅੰਦਰ ਨਿਯਮ ਹਨ ਕਿ ਸਦਾ ਸਦਾ ਬਹੁਤ ਗਿਣਤੀ ਜਿਹੜੀ ਰਾਜਸਤਾ ‘ਤੇ ਕਾਬਜ਼ ਹੁੰਦੀ ਹੈ ਘੱਟ ਗਿਣਤੀ ਤੇ ਕਮਜ਼ੋਰਾਂ ਨੂੰ ਦਬਾਉਂਦੀ ਹੈ। ਕੁਕੀ ਫਿਰਕਾ ਜੋ ਪਹਾੜੀ ਖੇਤਰ ਦੇ ਮੁੱਖ ਤੌਰ ‘ਤੇ ਮੁਖ ਵਾਦੀ ‘ਚ ਫੈਲਿਆ ਹੈ, ਦੇ ਸਰਕਾਰ ਉਨਾਂ ਮੂਲਵਾਸੀ ਲੋਕਾਂ ਦੇ ਜਮੀਨੀ ਅਧਿਕਾਰਾਂ ਨੂੰ ਪ੍ਰਤੱਖ ਤੌਰ ‘ਤੇ ਰੋਕਣਾ ਚਾਹੁੰਦੀ ਹੈ। ਪਹਾੜੀ ਇਲਾਕਾ ਜਿਥੇ ਪੋਸਤ ਦੀ ਖੇਤੀ ਹੈ ਤੇ ਕੁਕੀ ਖੇਤਰ ਹੈ, ਉਸ ਦਾ ਘੇਰਾ ਬੰਦੀ ਕਰਨਾ ਚਾਹੁੰਦੀ ਹੈ। ਮੈਤੇਈ ਪਹਾੜੀ ਇਲਾਕੇ ‘ਚ ਜ਼ਮੀਨ ਨਹੀਂ ਖਰੀਦ ਸਕਦੇ ਹਨ। ਬਹੁ-ਗਿਣਤੀ ਮੈਤੇਈ ਫਿਰਕਾ ਹੈ ਅਤੇ ਜ਼ਮੀਨ ਦੀ ਮਾਲਕੀ ਦਾ ਅਧਿਕਾਰ ਕੁਕੀ ਫਿਰਕੇ ਦਾ ਹੋਣ ਕਰਕੇ, ਰਾਜ ਅੰਦਰ ਮੈਤੇਈ ਰਾਜਨੀਤਕ ਦਬਾਅ ਅਤੇ ਬੇ.ਜੇ.ਪੀ. ਸੋਚ ਵਾਲੀ ਰਾਜਨੀਤੀ ਨੇ ਹੀ ਫਿਰਕਿਆ ਅੰਦਰ ਤਨਾਅ ਅਤੇ ਫਿਰਕੂ ਸਾੜ-ਫੂਕ ਨੂੰ ਜਨਮ ਦਿਤਾ ਹੈ।

 ਭੌਗੋਲਿਕ ਤੌਰ ‘ਤੇ ਰਾਜ ਦੀ ਸ਼ਕਲ ਫੁਟਬਾਲ ਦੇ ਸਟੇਡੀਅਮ ਵਾਂਗ ਹੈ। ਇੰਫਾਲਵਾਦੀ ਖੇਡ ਦਾ ਮੈਦਾਨ ਹੈ ਜਿਸਦੇ ਆਲੇ ਦੁਆਲੇ ਪਹਾੜੀਆਂ ਅ ਤੇ ਗੈਲਰੀਆਂ ਹਨ। ਚਾਰ ਹਾਈਵੇਅਜ਼ ਹਿਸ ਵਿਚੋਂ ਲੰਘਦੇ ਹਨ ਜੋ ਮਨੀਪੁਰ ਦੀ ਸਾਹ-ਰਗ ਹਨ। ਗੈਰ-ਕਬਾਇਲੀ ਮੈਤੇਈ ਤੇ ਕਬਾਇਲੀ ਗਰੁਪ ਕੁਕੀ ਜ਼ੋਮੀ ਅਤੇ ਨਾਗਾ ਇਥੋ ਦੇ ਵਸਨੀਕ ਹਨ। ਅਸਲ ਵਿੱਚ ਮਨੀਪੁਰ ਅੰਦਰ ਸਾੜ ਫੂਕ ਫਰਵਰੀ, 2023 ਦੌਰਾਨ ਹੀ ਸ਼ੁਰੂ ਹੋ ਗਈ ਜਦੋਂ ਰਾਜ ਦੀ ਬੀ.ਜੇ.ਪੀ. ਸਰਕਾਰ ਨੇ ਕੁਕੀ ਲੋਕਾਂ ਨੂੰ ਇੰਫ਼ਾਲ ਵਾਦੀ ‘ਚ ਉਜਾੜਨਾ ਸ਼ੁਰੂ ਕਰ ਦਿਤਾ ਸੀ ਅਤੇ ਲੋਕਾਂ ਅੰਦਰ ਰੋਸ ਪੈਦਾ ਹੋਇਆ ਸੀ। ਹਾਈ ਕੋਰਟ ਦੇ ਫੈਸਲੇ ਬਾਅਦ ਘੱਟ ਗਿਣਤੀ ਕੁਕੀ ਤੇ ਨਾਗਾ ਜਿਹੜੇ ਅਨੁਸੂਚਿਤ ਕਬੀਲਾ ਕੈਟਾਗਰੀ ‘ਚ ਆਉਂਦੇ ਹਨ ਭੜਕ ਉਠੇ। ਮਨੀਪੁਰ ਰਾਜ ਅੰਦਰ ਚੀਨੀ-ਤਿਬਤੀ ਨਸਲਾਂ ਜੋ ਯੂਨੀਕ ਬੋਲੀ, ਸੱਭਿਆਚਾਰ ਅਤੇ ਵੱਖ-ਵੱਖ ਧਰਮਾਂ ਵਾਲੇ ਹਨ। ਮੈਤੇਈ ਹਿੰਦੂ ਜਿਹੜ ਪੁਰਾਣੇ ਰਾਜਾਸ਼ਾਹੀ ਦੇ ਪ੍ਰਭਾਵ ਅਧੀਨ ਸਨ ਹੁਣ ਬੀ.ਜੇ.ਪੀ.ਨਾਲ ਜੁੜੇ ਹੋਏ ਹਨ। ਕੁਕੀ ਤੇ ਨਾਗਾ ਇਸਾਈ ਧਰਮ ਨੂੰ ਮੰਨਣ ਵਾਲੇ ਹਨ। ਮੈਤੇਈ ਹਿੰਦੂ ਫਿਰਕਾ ਜਿਹੜੇ 50-ਫੀ ਸਦ ਹਨ, ਰਾਜ ਅੰਦਰ ਉਹ ਅਨੁਸੂਚਿਤ-ਕਬੀਲੇ ਵਾਲਾ ਰਾਖਵਾ ਕਰਨ ਦਾ ਹੱਕ ਚਾਹੁੰਦੇ ਹਨ। 

 ਮੈਤੇਈ ਕਬੀਲੇ ਦੇ ਲੋਕ ਰਾਜ ਸਰਕਾਰ, ਰਾਜਤੰੰਤਰ, ਆਰਥਿਕਤਾ, ਢਾਂਚਾਗਤ ਅਤੇ ਰਾਜਨੀਤੀ ਅੰਦਰ ਅੱਜੇ ਵੀ ਛੋਟੇ ਇੰਫ਼ਾਲ ਵਾਦੀ ‘ਚ ਕਾਬਜ਼ ਹਨ। ਦੂਸਰੇ ਫਿਰਕੇ ਕੁਕੀ ਜ਼ੋਮੀ ਤੇ ਨਾਗਾ ਖੇਤੀ ਅੰਦਰ ਵਿਕਸਤ ਅਤੇ ਭੂਗੋਲਿਕ ਤੌਰ ‘ਤੇ ਵੱਡੇ ਰਕਬੇ ਵਾਲੇ ਪਹਾੜੀ ਜ਼ਿਲ੍ਹਿਆ ‘ਚ ਵਸੇ ਹੋਏ ਹਨ। ਕੁਕੀ ਜ਼ੋਮੀ ਤੇ ਨਾਗਾ ਫਿਰਕਿਆ ਨੂੰ ਇਹ ਡਰ ਹੈ ਕਿ ਜੇਕਰ ਮੈਤੇਈ ਕਬੀਲੇ ਨੂੰ ਐਸ.ਟੀ. ਰਾਖਵਾਂਕਰਨ ਮਿਲ ਗਿਆ ਤਾਂ ਉਨਾਂ ਨੂੰ ਸੁਰੱਖਿਅਤ-ਥਾਵਾਂ ‘ਤੇ ਵਾਦੀਆਂ ਵਿਚੋ ਕੱਢ ਦਿੱਤਾ ਜਾਵੇਗਾ ਜਿਥੇ ਉਹ ਦਹਾਕਿਆ ਤੋਂ ਕਾਬਜ਼ ਅਤੇ ਰਹਿ ਰਹੇ ਹਨ। ਮਨੀਪੁਰ ਅੰਦਰ ਪਹਿਲਾ ਇਹ ਫਿਰਕੂ ਤਨਾਅ ਕਾਫੀ ਪੁਰਾਣਾ ਸ਼ੁਰੂ ਹੋਇਆ ਸੀ, ਜਦੋਂ ਮੀਆਂਮਾਰ ਵਿਚੋਂ ‘ਚਿਨ` ਲੋਕਾਂ ਨੂੰ ਬਰਮੀ ਲੋਕਾਂ ਨੇ ਕੱਢ ਦਿਤਾ ਅਤੇ ਜ਼ਬਰ ਢਾਇਆ ਸੀ। ਕੁਕੀ ਫਿਰਕਾ ਚਿਨ ਫਿਰਕੇ ਦਾ ਹੀ ਹਿਸਾ ਹੈ ਤੇ ਮਨੀਪੁਰ ਸਰਕਾਰ ਦਾ ਵੀ ਇਸ ਪ੍ਰਤੀ ਰਵੱਈਆ ਨਿਆਪੂਰਨ ਨਹੀਂ ਸੀ ਤੇ ਉਨਾਂ ਵਿਰੁਧ ਸਖ਼ਤੀ ਵਰਤੀ ਗਈ ਸੀ। ਮੈਤੇਈ ਫਿਰਕੇ ਨੂੰ ਡਰ ਹੈ ਕਿ ਮਨੀਪੁਰ ‘ਚ ਉਨ੍ਹਾਂ ਦੀ ਗਿਣਤੀ (ਹਿੰਦੂ) ਘਟ ਰਹੀ ਹੈ ਤੇ ਗੈਰ-ਹਿੰਦੂ ਫਿਰਕੇ ਗਿਣਤੀ ‘ਚ ਵੱਧ ਰਹੇ ਹਨ। ਇਸ ਵੇਲੇ ਭਾਵੇਂ ਸਰਕਾਰ ਕਹਿ ਰਹੀ ਹੈ ਕਿ ਹਾਲਾਤ ਕਾਬੂ ਹੇਠ ਹਨ, ਅੱਜੇ 25,000 ਤੋਂ ਵੱਧ ਲੋਕ ਕੈਂਪ ‘ਚ ਹਨ। ਸਾੜੇ-ਫੂਕੇ ਗਏ ਮਕਾਨ, ਦੁਕਾਨਾਂ ਅਤੇ ਧਾਰਮਿਕ ਅਸਥਾਨ ਜੋ ਬਰਬਾਦ ਹੋ ਗਏ ਹਨ, ਕਈ ਸਾਲ ਉਨ੍ਹਾਂ ਨੂੰ ਉਸਾਰਨ ਲਈ ਲਗ ਜਾਣਗੇ। ਹਰ ਪਾਸੇ ਵੰਡ ਪਾਈ ਜਾ ਰਹੀ ਹੈ।ਪੁਲੀਸ ਅਤੇ ਪ੍ਰਸ਼ਾਸਨ ਵੀ ਫਿਰਕੂ ਲੀਹਾਂ ਤੇ ਵੰਡਿਆ ਗਿਆ ਹੈ।

 ਇਹ ਰਾਏ ਆਮ ਉਭਰ ਰਹੀ ਹੈ ਕਿ ਅਗਾੜੀ-ਪਿਛਾੜੀ ਇੰਜਨ ਵਾਲੀ ਫ਼ਿਰਕੂ ਰਾਜਨੀਤੀ ਨੇ ਮਨੀਪੁਰ ਦੀ ਵਿਸਫੋਟਕ ਸਥਿਤੀ ਦੇ ਹਲ ਲਈ ਫੌਰੀ ਕੋਈ ਵਿਵਹਾਰਕ ਉਪਾਅ ਅਤੇ ਯਤਨ ਨਹੀਂ ਤਲਾਸ਼ੇ ਅਤੇ ਦੋਨੋਂ ਫਿਰਕਿਆ ਨੂੰ ਖੁਦ ਫੈਸਲਾ ਕਰਨ ਲਈ ਮੈਦਾਨ ਖੁਲ੍ਹਾ ਛੱਡ ਦਿੱਤਾ। ਸਰਕਾਰ ‘ਤੇ ਇਹ ਵੀ ਗੰਭੀਰ ਦੋਸ਼ ਲੱਗ ਰਹੇ ਹਨ ਕਿ ਹਥਿਆਰ ਵਾਲੇ ਮਾਲਖਾਨੇ ਕਿਵੇਂ ਖੁਲ੍ਹੇ ਛੱਡੇ ਗਏ ਤੇ 2400-ਸਵੈ ਚਾਲਕ ਹਥਿਆਰ ਤੇ ਗੋਲੀ-ਸਿਕਾ ਕਿਵੇਂ ਚੋਰੀ ਹੋ ਗਿਆ, ਜੋ ਹੁਣ ਵਰਤਿਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੇ ਦੋਸ਼ ਹਨ ਕਿ ਸਰਕਾਰ ਨੇ ਆਪਣੇ ਰਾਜਨੀਤਕ ਹਿਤਾਂ ਲਈ ਹਾਲਾਤਾਂ ਨੂੰ ਵਿਗੜਨ ਲਈ ਸਥਿਤੀ ‘ਤੇ ਕਾਬੂ ਨਹੀਂ ਪਾਇਆ ? ਅੱਜ ! ਵੀ ਮਨੀਪੁਰ ਸੜ ਰਿਹਾ ਹੈ, ਹਾਕਮ ਪਾਰਟੀ ਹਾਈ ਕੋਰਟ ਦੇ ਫੈਸਲੇ ਬਾਅਦ ਵੀ (ਗੈਰ-ਵਿਵਹਾਰਕ ਦਿਸ਼ਾ ਨਿਰਦੇਸ਼) ਆਉਣ ‘ਤੇ ਰਾਜ ਸਰਕਾਰ ਨੇ ਸੰਜੀਦਾ ਹੋਣ ਦੀ ਥਾਂ ਇਕ ਪਾਸੜ ਰਵੱਈਆ ਧਾਰਅਿਾ। ਰਾਜ ਦੀ ਬੇ.ਜੀ.ਪੀ. ਸਰਕਾਰ ਵਲੋਂ ਗੈਰ-ਰਾਖਵੇਂ ਪਹਾੜੀ ਇਲਾਕਿਆ ‘ਚ ਸਰਕਾਰ ਨੇ ਖੁਦ ਤਦਾਕਥਤ ਬਾਹੀ ਲੋਕਾਂ ਨੂੰ ਨਿਕਾਲਣ ਲਈ ਇਕ ਲਹਿਰ (ਅੰਦੋਲਨ) ਨੂੰ ਸ਼ੁਰੂ ਕਰਾਇਆ। ਭਾਵ ਸਰਕਾਰ ਖੁਦ ਗੈਰ-ਰਾਖਵੇਂ ਇਲਾਕਿਆ ‘ਚ ਮੈਤੇਈ ਲੋਕਾਂ ਨੂੰ ਇਥੇ ਘੁਸਪੈਠ ਕਰਾਉਣਾ ਚਾਹੁੰਦੀ ਹੈ ਤੇ ਨਾਲ ਹੀ ਹਾਈ-ਕੋਰਟ ਦੇ ਇਕ ਫੈਸਲੇ ਨੇ ਮੈਤੇਈ ਫਿਰਕੇ ਨੂੰ ਜਨ-ਜਾਤੀ ਸੂਚੀ ‘ਚ ਸ਼ਾਮਲ ਕਰਨ ਦੇ ਨਿਰਦੇਸ਼ਾਂ ਨੇ ਕੁਕੀ ਤੇ ਨਾਗਾ ਫਿਰਕੇ ਦੇ ਲੋਕਾਂ ਨੂੰ ਅੰਦੋਲਨ ਦਾ ਰਾਹ ਦਿੱਤਾ ਜੋ ਹਿੰਸਕ ਰੂਪ ਧਾਰ ਗਿਆ।

 ਮਨੀਪੁਰ ਦੀ ਜਨਤਾ ਫੌਰੀ ਅਮਨ ਚਾਹੁੰਦੀ ਹੈ ਅਤੇ ਇਹ ਵੀ ਮੰਗ ਹੈ ਕਿ ਮਨੀਪੁਰ ਦੀ ਵੰਡਵਾਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ ! ਮਨੀਪੁਰ ਅਜਿਹੇ ਸੰਵੇਦਨਸ਼ੀਲ ਰਾਜ ਅੰਦਰ ਹਾਕਮ ਪਾਰਟੀ ਵਲੋਂ ਅਣਦੇਖੀ ਕਰਕੇ ਆਪਣੇ ਰਾਜਸੀ ਹਿਤਾਂ ਲਈ ਸੂਬੇ ਅੰਦਰ ਭੜਕੀ ਹਿੰਸਾ, ਸਾੜ-ਫੂਕ ਅਤੇ ਮਨੁੱਖੀ ਤੇ ਮਾਲ ਦੀ ਹੋਈ ਤਬਾਹੀ ਲਈ ਕੀਤੀ ਕੋਤਾਹੀ ਅਤੇ ਲਾਹਪ੍ਰਵਾਹੀ ਜੋ ਸਾਹਮਣੇ ਆਈ ਹੈ ਤੋਂ ਬਚ ਨਹੀਂ ਸਕਦੀ ਹੇ। ਰਾਜ ਸਰਕਾਰ ਦੀਆਂ ਪਰਦਾ-ਪੋਸ਼ੀਆਂ ਅਤੇ ਕੇਂਦਰ ਦੀ ਗੈਰ ਵਿਵਹਾਰਕ ਅਤੇ ਗੈਰ-ਸੰਜੀਦਗੀ ਵਾਲੀ ਨੀਤੀ ਦੋਨਾਂ ਸਰਕਾਰਾਂ ਦੀ ਨਲਾਇਕੀ ਜ਼ਾਹਰ ਕਰ ਰਹੀਆਂ ਹਨ। ਇਸ ਲਈ ਤਾਂ ਮਾਣਯੋਗ ਸੁਪਰੀਮ ਕੋਰਟ ਨੇ ਮਨੀਪੁਰ ਸਬੰਧੀ ਇਕ ਪਟੀਸ਼ਨ ‘ਚ ਰਾਜ ਸਰਕਾਰ ਤੋਂ ਜਵਾਬ ਮੰਗਿਆ ਕਿ ਉਥੇ ਦੋ ਫਿਰਕਿਆਂ ਵਿਚਕਾਰ ਚਲ ਰਹੀ ਹਿੰਸਾ ਰੋਕਣ ਲਈ ਕੀ ਕਦਮ ਚੁਕੇ, ਹਿੰਸਾ ਪ੍ਰਭਾਵਤ ਲੋਕਾਂ ਦੇ ਵਸੇਬੇ ਲਈ ਅਤੇ ਸੁਰੱਖਿਆ-ਬਲਾਂ ਦੀ ਤਾਇਨਾਤੀ ਅਤੇ ਕਨੂੰਨੀ ਹਾਲਾਤਾਂ ਦੇ ਸੁਧਾਰ ਲਈ ਕੀ ਕੀਤਾ ? ਭਾਵੇਂ ਰਾਜ ਸਰਕਾਰ ਨੇ ਜਵਾਬ ਦਿਤਾ ਕਿ ਹਾਲਾਤ ਸੁਧਰ ਰਹੇ ਹਨ, ਪਰ ਅੱਜ ਵੀ ਹਿੰਸਕ ਵਾਰਦਾਤਾਂ ਅਤੇ ਗੋਲੀ ਬਾਰੀ ‘ਚ ਮਰਨ ਵਾਲੇ ਲੋਕਾਂ ਅਤੇ ਸੈਨਿਕਾਂ ਤੇ ਅਰਥ ਸੈਨਿਕ ਬਲਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ। ਵਿਦੇਸ਼ੀ ਸ਼ਕਤੀਆਂ ਦਾ ਹੱਥ ਕਹਿਕੇ ਜਿੰਮੇਵਾਰੀ ਤੋਂ ਬੱਚਣਾ, ਹਿੰਸਾ, ਟਕਰਾਅ ਤੇ ਤਨਾਅ ਨੂੰ ਰੋਕਣ ਲਈ ਖੁਦ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਕਿ ਇਹ ਵਿਸ਼ਾ ਰਾਜ ਦਾ ਹੈ, ਮਨੀਪੁਰ ਅੰਦਰ ਹਿੰਸਕ ਵਾਰਦਾਤਾਂ ਤੋਂ ਬੀ.ਜੇ.ਪੀ.ਸਰਕਾਰ ਜਿੰਮੇਵਾਰੀ ਤੋਂ ਨਹੀਂ ਸਚ ਸਕਦੀ ਹੈ।

 ਜਦੋਂ ਦਾ ਬੀ.ਜੇ.ਪੀ. ਆਰ.ਐਸ.ਐਸ. ਗਠਜੋੜ ਕੇਂਦਰ ਅਤੇ ਰਾਜਾਂ ਅੰਦਰ ਕਾਬਜ਼ ਹੋਇਆ ਹੈ ਸਮੁੱਚੇ ਸੰਘ ਪ੍ਰੀਵਾਰ ਨੇ ਹਰ ਖੇਤਰ ਅੰਦਰ ਆਪਣੀਆਂ ਗਤੀ-ਵਿਧੀਆਂ ਤੇਜ ਕਰ ਦਿੱਤੀਆਂ ਹੋਈਆਂ ਹਨ। ‘ਭਾਰਤੀ ਸੰਘ` ਅੰਦਰ ਜੋ ਰਾਜਾਂ ਕੋਲ ਬਰਾਬਰ ਸ਼ਕਤੀਆਂ ‘ਤੇ ਹਕੀਕੀ ਖੁਦਮੁਖਤਾਰੀ ਸੀ ਇਕ ਇਕ ਕਰਕੇ ਬੋਡੀ ਕੀਤੀ ਜਾ ਰਹੀ ਹੈ। ਕਬਾਇਲੀ ਖੇਤਰਾਂ ਜਾਂ ਉਨ੍ਹਾਂ ਇਲਾਕਿਆਂ ਵਿੱਚ ਜਿਥੇ ਆਬਾਦੀ ਖਾਸ ਤੌਰ ‘ਤੇ ਨਸਲੀ ਬਣਤਰ ਦੀ ਸੀ ਅਤੇ ਖਾਸ ਸਮਾਜਕ ਅਤੇ ਸੱਭਿਆਚਾਰ ਦਿਸ਼ਾਵਾਂ ਅਤੇ ਇਲਾਕਾਈ ਤੌਰ ‘ਤੇ ਨਿਖੇੜੀ ਜਾ ਸਕੇ ਉਨ੍ਹਾਂ ਨੂੰ ਫਿਰਕੂ ਸੋਚ ਵਾਲੀ ਹਾਕਮ ਜਾਮ ਵਲੋਂ ਇਨ੍ਹਾਂ ਰਾਜਾਂ ਅੰਦਰ ਖੇਤਰੀ ਖੁਦਮੁਖਤਾਰੀ ਦੇਣ ਦੀ ਥਾਂ ਵੰਡੀਆ ਪਾਈਆ ਜਾ ਰਹੀਆਂ ਹਨ। ਸਗੋਂ ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਨਾਲ ਇਕੋ ਜਿਹਾ ਵਤੀਰਾ ਰੱਖਦੇ ਹੋਏ ਉਨ੍ਹਾਂ ਨੂੰ ਜਾਤ-ਪਾਤ, ਜਿਨਸੀ, ਧਰਮ, ਬਰਾਦਰੀ ਜਾਂ ਕੌਮੀਅਤ ਦੇ ਅਧਾਰ ‘ਤੇ ਕੋਈ ਵਿਤਕਰਾ ਨਾ ਹੋਵੇ ਤੇ ਗ੍ਰੰਟੀ ਮਿਲਣੀ ਚਾਹੀਦੀ ਸੀ। ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਖੇਤਰਾਂ ‘ਚ ਵੱਖੋ ਵੱਖ ਰਾਜਾਂ ਦੇ ਲੋਕਾਂ ਵਿਚਕਾਰ ਅਤੇ ਸੰਘੀਆਤਮਿਕ ਰਾਜਾਂ ਵਿਚਕਾਰ ਆਪਸੀ ਸਹਿਯੋਗ ਬਣਾ ਕੇ ਲੋਕ ਏਕਤਾ ਨੂੰ ਮਜਬੂਤ ਕਰਨਾ ਚਾਹੀਦਾ ਸੀ। ਆਪਸੀ ਜਾਤਾਂ, ਫਿਰਕਿਆਂ ਅਤੇ ਧਰਮਾਂ ਦੇ ਸਮਾਜਕ ਦਮਨ ਨੂੰ ਕਨੂੰਨਨ ਖਤਮ ਕਰਨ, ਬਰਾਬਰ ਦੇ ਅਧਿਕਾਰ ਅਤੇ ਰਾਖਵਾਂਕਰਨ ਦਾ ਬਣਦਾ ਹੱਕ ਦੇਣ ਨਾਲ ਹੀ ਫਿਰਕਿਆ, ਘੱਟ ਗਿਣਤੀਆਂ, ਕਬੀਲਿਆ ਅਤੇ ਸੂਚੀ ਦਰਜ ਜਾਤਾਂ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਹੋ ਸਕਦੀ ਅਤੇ ਦੇਸ਼ ਦੀ ਏਕਤਾ ਵੀ ਮਜ਼ਬੂਤ ਹੋ ਸਕਦੀ ਹੈ। 

 ਮਨੀਪੁਰ ਅੰਦਰ ਮੌਜੂਦਾ ਫਿਰਕਿਆ ਵਿਚਕਾਰ ਸੰਕਟ ਲਈ ਆਰ.ਐਸ.ਐਸ. ਦੇ ਆਦਿਵਾਸੀਆ ਨੂੰ ਇਕ ਸਮਾਨ ਹਿੰਦੂ ਪਛਾਣ ਦੇ ਹੇਠ ਜੋੜਨ ਦੀਆਂ ਕੋਸ਼ਿਸ਼ਾਂ ਹਨ। ਇਹ ਵੀ ਪ੍ਰਤੱਖ ਹੈ ਕਿ ਉਤਰ-ਪੂਰਬੀ 7-ਰਾਜਾਂ ਅੰਦਰ ਆਦਿਵਾਸੀ ਖੇਤਰਾਂ ‘ਚ ਇਸਾਈਆਂ ਉਤੇ ਹਮਲੇ ਇਸ ਸਾਜ਼ਸ ਅਧੀਨ ਹੀ ਸੇਧੇ ਜਾ ਰਹੇੇ ਹਨ। ਦੇਸ਼ ਦੇ ਆਦਿਵਾਸੀਆਂ ਅਤੇ ਕਬੀਲਿਆਂ ਵਿਚਕਾਰ ਘਾਤਕ ਹਿੰਦੂਤਵ, ਜਾਤੀਵਾਦ, ਅਤੇ ਫਿਰਕਿਆਂ ਦੀ ਆਪਸੀ ਰੰਜਸ਼ਾਂ ਨੂੰ ਹੁਣ ਖਤਮ ਕਰਨ ਲਈ ਸਾਰੀਆ ਜਮਹੂਰੀ, ਧਰਮ ਨਿਰਪੱਖ ਅਤੇ ਖੱਬੀਆ ਸ਼ਕਤੀਆਂ ਨੂੰ ਮਿਲ ਕੇ ਫੁੱਟ ਪਾਊ ਅਤੇ ਵੰਡਵਾਦੀ ਲੋਕਾਂ ‘ਤੇ ਸ਼ਕਤੀਆਂ ਵਿਰੁਧ ਵਿਚਾਰਧਾਰਕ ਤੇ ਜੱਥੇਬੰਦਕ ਸੰਘਰਸ਼ ਉਸਾਰਨੇ ਚਾਹੀਦੇ ਹਨ। ਬਰਾਬਰ ਜਮਹੂਰੀ ਹੱਕ ਅਤੇ ਬਰਾਬਰ ਵਿਕਾਸ ‘ਤੇ ਵਿਤਕਰੇ ਰਹਿਤ ਸਮਾਜ ਅੰਦਰ ਹੀ ਤਰੱਕੀ ਹੋ ਸਕਦੀ ਹੈ ਫਿਰਕੂ ਲੀਹਾਂ ਅਧੀਨ ਵੰਡੀਆ ਪਾ ਕੇ ਨਹੀਂ ? 

 

91-9217997445 ਜਗਦੀਸ਼ ਸਿੰਘ ਚੋਹਕਾ 

001-403-285-4208 ਕੈਲਗਰੀ (ਕੈਨੇਡਾ)

Email-jagdishchohka@gmail.com