14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ

14ਵੇਂ ਵਿਸ਼ਵ ਕਬੱਡੀ ਕੱਪ ਦੇ ਸਾਰੇ ਪ੍ਰਬੰਧ ਮੁਕੰਮਲ

16 ਸਤੰਬਰ ਨੂੰ ਮਾਂ-ਖੇਡ ਕਬੱਡੀ ਦੇ ਰੰਗ ਵੇਖਣ ਲਈ ਯੂਨੀਅਨ ਸਿਟੀ ਪਹੁੰਚਣ ਦਾ ਖੁੱਲਾ ਸੱਦਾ : ਗਾਖਲ
ਯੂਨੀਅਨ ਸਿਟੀ/ਬਿਊਰੋ ਨਿਉਜ਼ :
ਉੱਤਰੀ ਅਮਰੀਕਾ ਹੀ ਨਹੀਂ ਸਗੋਂ ਵਿਸ਼ਵ ਕਬੱਡੀ ਖੇਡ ਜਗਤ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੇ ਯੁਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆ ਦਾ 14ਵਾਂ ਵਿਸ਼ਵ ਕਬੱਡੀ ਕੱਪ 16 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਖੇ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ। ਇੱਥੇ ਰਾਜਾ ਸਵੀਟਸ ਵਿਖੇ ਇਸ ਖੇਡ ਮੇਲੇ ਦੇ ਅਹਿਮ ਪ੍ਰਬੰਧਾਂ ਦੇ ਨਿਰੀਖਣ ਲਈ ਹੋਈ ਮੀਟਿੰਗ ਵਿੱਚ ਚੇਅਰਮੈਨ ਸ. ਮੱਖਣ ਸਿੰਘ ਬੈਂਸ, ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਬੀਰ ਭਾਟੀਆ, ਪਲਵਿੰਦਰ ਸਿੰਘ ਗਾਖਲ, ਇੰਦਰਜੀਤ ਥਿੰਦ, ਸਾਧੂ ਸਿੰਘ ਖਲੌਰ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਐੱਸ ਅਸ਼ੋਕ ਭੌਰਾ ਨੇ ਹਾਜ਼ਰੀ ਭਰੀ।
ਇਸ ਖੇਡ ਮੇਲੇ ਦੇ ਮੁੱਖ ਸਰਪ੍ਰਸਤ ਤੇ ਰੂਹੇ-ਰਵਾਂ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵੇਲੇ ਕੈਲੀਫੋਰਨੀਆ ਦੀ ਧਰਤੀ ‘ਤੇ ਚੋਟੀ ਦੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਬੱਡੀ ਦੇ ਇਸ ਕੁੰਭ ਵਿੱਚ ਉਹ ਸਾਰੇ ਖਿਡਾਰੀ ਸ਼ਿਰਕਤ ਕਰਨਗੇ, ਜਿਨ੍ਹਾਂ ਨੂੰ ਵੇਖਣ ਲਈ ਪੰਜਾਬੀ ਦਰਸ਼ਕਾਂ ਵਿੱਚ ਹਮੇਸ਼ਾ ਉਤਸੁਕਤਾ ਬਣੀ ਰਹੀ ਹੈ। ਸ. ਗਾਖਲ ਨੇ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਵਧੇਰੇ ਦਰਸ਼ਕਾਂ ਦੀ ਆਮਦ ਹੋਣ ਦੀ ਆਸ ਬੱਝੀ ਹੋਈ ਹੈ। ਇਸੇ ਕਰਕੇ ਪਾਰਕਿੰਗ, ਗੁਰੂ ਕੇ ਲੰਗਰ, ਚਾਹ-ਪਾਣੀ, ਮੁਫਤ ਦਾਖਲਾ ਅਤੇ ਸਕਿਓਰਿਟੀ ਪੱਖੋਂ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਕਬੱਡੀ ਦੇ ਖੁੱਲ੍ਹੇ ਮੁਕਾਬਲਿਆਂ ਵਿੱਚ ਸ਼ੇਰੇ-ਪੰਜਾਬ ਸਪੋਰਟਸ ਕਲੱਬ ਲਾਸ ਵੈਨਸ (ਲੱਛਰ ਭਰਾ), ਬੇ-ਏਰੀਆ ਸਪੋਰਟਸ ਕਲੱਬ (ਬਲਜੀਤ ਸੰਧੂ), ਰਾਇਲ ਕਿੰਗ ਯੂ. ਐੱਸ. ਏ. (ਸ਼ੱਬਾ ਥਿਆੜਾ), ਮਿਡ ਵੈਸਟ ਕਲੱਬ (ਵਿੱਕੀ ਅਤੇ ਤਾਰੀ), ਕਨੇਡਾ ਕਲੱਬ (ਸੇਵਾ ਸਿੰਘ ਰੰਧਾਵਾ ਤੇ ਪੰਮਾ ਦਿਓਲ) ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਜਦੋਂਕਿ ਅੰਡਰ-20 ਫਾਈਵ ਵਿੱਚ ਯੂਬਾ ਬ੍ਰਦਰਜ਼, ਖਾਲਸਾ ਸਪੋਰਟਸ ਕਲੱਬ ਯੂਬਾ ਸਿਟੀ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਕਬੱਡੀ ਖਿਡਾਰੀ ਦਰਸ਼ਨਾਂ ਨੂੰ ਕਬੱਡੀ ਦੇ ਰੰਗ ਦਿਖਾਉਣ ਲਈ ਮੈਦਾਨ ਵਿਚ ਨਿੱਤਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਖੇਡ ਮੇਲੇ ਦਾ ਇਕ-ਇਕ ਪਲ ਦਰਸ਼ਕਾਂ ਦੇ ਚੇਤੇ ‘ਚੋਂ ਕਦੇ ਨਾ ਵਿਸਰੇ।
ਤਕਰੀਬਨ ਇੱਕ ਦਰਜਨ ਤੋਂ ਵੱਧ ਪੁਲਿਸ ਅਫਸਰ ਅਤੇ 30 ਦੇ ਕਰੀਬ ਸਕਿਓਰਿਟੀ ਅਫਸਰ ਇਸ ਖੇਡ ਮੇਲੇ ਦੀ ਦੇਖ-ਰੇਖ ਕਰਦੇ ਰਹਿਣਗੇ। ਟੂਰਨਾਮੈਂਟ ਦਾ ਉਦਘਾਟਨ ਸ. ਸੁਰਜੀਤ ਸਿੰਘ ਟੁੱਟ, ਮਾਈਕ ਬੋਪਾਰਾਏੇ, ਜਸਪ੍ਰੀਤ ਸਿੰਘ ਅਟਾਰਨੀ,  ਮੇਜਰ ਸਿੰਘ ਬੈਂਸ ਅਤੇ ਹਰਦੁੰਮਣ ਸਿੰਘ ਬਿੱਲਾ ਸੰਘੇੜਾ ਕਬਨਗੇ। ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।
ਸ. ਮੱਖਣ ਸਿੰਘ ਬੈਂਸ ਨੇ ਦੱਸਿਆ ਕਿ ਰਾਜਾ ਸਵੀਟਸ ਵਲੋਂ ਚਾਹ-ਪਕੌੜਿਆਂ ਦੀ ਸੇਵਾ ਮੁਫਤ ਕੀਤੀ ਜਾਵੇਗੀ। ਗੁਰੂ ਕਾ ਲੰਗਰ ਗੁਰਦੁਆਰਾ ਸਾਹਿਬ ਸੈਨਹੋਜ਼ੇ, ਫਰੀਮਾਂਟ, ਮਿਲਪੀਟਸ ਅਤੇ ਸਟਾਕਟਨ ਵਲੋਂ ਵਰਤਾਇਆ ਜਾਵੇਗਾ।
ਸ. ਗਾਖਲ ਨੇ ਸਮੂਹ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਬੱਡੀ ਦਾ ਵੱਡਾ ਖੇਡ ਮੇਲਾ ਉਨ੍ਹਾਂ ਦੇ ਸਹਿਯੋਗ ਨਾਲ ਹੀ ਦੁਨੀਆ ਭਰ ਦੇ ਕਬੱਡੀ ਪ੍ਰੇਮੀਆਂ ਵਿੱਚ ਹਰਮਨ ਪਿਆਰਾ ਹੋ ਸਕਿਆ ਹੈ। ਉਨ੍ਹਾਂ ਸਮੂਹ ਕਬੱਡੀ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਹੁੰਮ ਹੁੰਮਾ ਕੇ ਪਹੁੰਚਣ ਦੀ ਸਨਿਮਰ ਬੇਨਤੀ ਕੀਤੀ ਹੈ। ਹੋਰ ਜਾਣਕਾਰੀ ਲਈ ਕਲੱਬ ਦੇ ਜਨਰਲ ਸਕੱਤਰ ਐੱਸ ਅਸ਼ੋਕ ਭੌਰਾ ਨਾਲ 510-415-3315 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।