ਸ਼੍ਰੋਮਣੀ ਕਮੇਟੀ ਚੋਣ ਕਾਰਣ ਭਾਜਪਾ ਤੇ ਬਾਦਲ ਦਲ ਵਿਚ ਕੁੜੱਤਣ ਵਧੀ

ਸ਼੍ਰੋਮਣੀ ਕਮੇਟੀ ਚੋਣ ਕਾਰਣ ਭਾਜਪਾ ਤੇ ਬਾਦਲ ਦਲ ਵਿਚ ਕੁੜੱਤਣ ਵਧੀ

ਅਕਾਲੀ ਦਲ 'ਵਿਚ ਅਜੇ ਵੀ ਸੁਖਬੀਰ ਦੇ ਬਰਾਬਰ ਕੋਈ ਨੇਤਾ ਨਹੀਂ   

ਸ਼ੋ੍ਮਣੀ ਕਮੇਟੀ ਪ੍ਰਧਾਨ ਦੀ ਚੋਣ 'ਵਿਚ ਕਰਾਸ ਵੋਟਿੰਗ ਕਰਨ ਵਾਲੇ ਸਿਰਫ਼ 8-ਅਕਾਲੀ ਦਲ ਨੇ ਕੀਤੀ ਪਛਾਣ       

ਕਵਰ ਸਟੋਰੀ 

                                                                                                                        ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਨੇ ਸ਼ੋ੍ਮਣੀ ਅਕਾਲੀ ਤੇ ਭਾਜਪਾ ਦਰਮਿਆਨ ਚੱਲ ਰਹੀ ਕੁੜੱਤਣ ਵਿਚ ਹੋਰ ਵਾਧਾ ਕੀਤਾ ਹੈ ਅਤੇ ਇਸ ਚੋਣ ਨੂੰ ਲੈ ਕੇ ਅਕਾਲੀ ਦਲ ਵਲੋਂ ਜਿਵੇਂ ਖੁੱਲ੍ਹ ਕੇ ਭਾਜਪਾ ਵਿਰੁੱਧ ਸਿੱਖ ਸੰਸਥਾਵਾਂ ਵਿਚ ਦਖ਼ਲ ਦੇਣ, ਦਬਾਅ ਪਾਉਣ, ਪੈਸਾ ਦੇਣ ਅਤੇ ਅਹੁਦਿਆਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਉਸ ਕਾਰਨ ਕੁਝ ਹਲਕਿਆਂ ਵਲੋਂ ਅਕਾਲੀ ਦਲ ਤੇ ਭਾਜਪਾ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ਾਂ ਅਗੇ ਪ੍ਰਸ਼ਨ ਚਿੰਨ ਲੱਗ ਗਿਆ ਹੈ। ਸੂਚਨਾ ਅਨੁਸਾਰ ਮਗਰਲੇ ਕੁਝ ਸਮੇਂ ਦੌਰਾਨ ਕੁਝ ਅਕਾਲੀ ਆਗੂਆਂ ਵਲੋਂ ਹੀ ਭਾਜਪਾ ਨਾਲ ਸੰਬੰਧ ਸੁਖਾਵੇਂ ਕਰਨ ਅਤੇ ਸਿਆਸੀ ਸਾਂਝ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ ਅਤੇ ਦਲ ਦੇ ਪ੍ਰਧਾਨ ਵਲੋਂ ਵੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨਾਲ ਅਜਿਹੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਸੀ । ਸੁਖਬੀਰ ਸਿੰਘ ਬਾਦਲ ਵੀ  ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਚੁਕੇ  ਹਨ।ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਜਦੋਂ ਸਾਰੀਆਂ ਸਿਆਸੀ ਧਿਰਾਂ ਨੂੰ ਵੋਟ ਲਈ ਟੈਲੀਫ਼ੋਨ ਕੀਤੇ ਗਏ ਤਾਂ ਅਕਾਲੀ ਲੀਡਰਸ਼ਿਪ ਲਈ ਇਹ ਇਕ ਵੱਡੀ ਖ਼ੁਸ਼ੀ ਦੀ ਘੜੀ ਸੀ, ਕਿਉਂਕਿ ਅਕਾਲੀ ਆਗੂਆਂ ਨੂੰ ਮਹਿਸੂਸ ਹੋਇਆ ਸੀ ਕਿ ਭਾਜਪਾ ਹਾਈਕਮਾਨ ਸ਼ਾਇਦ ਦੁਬਾਰਾ ਉਨ੍ਹਾਂ ਵੱਲ ਝੁਕ ਰਹੀ ਹੈ ਅਤੇ ਅਕਾਲੀ ਦਲ ਵਲੋਂ ਭਾਜਪਾ ਉਮੀਦਵਾਰ ਦੇ ਹੱਕ ਵਿਚ ਵਧ ਚੜ੍ਹ ਕੇ ਵੋਟਾਂ ਵੀ ਦਿੱਤੀਆਂ ਗਈਆਂ । ਲੇਕਿਨ ਭਾਜਪਾ ਵਲੋਂ ਜਿਵੇਂ ਲਗਾਤਾਰ ਪੰਜਾਬ ਤੋਂ ਦੂਸਰੀਆਂ ਪਾਰਟੀਆਂ ਦੇ ਆਗੂ ਲਏ ਜਾ ਰਹੇ ਹਨ ਅਤੇ ਸੂਬੇ ਵਿਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਇਕੱਲੇ ਚੋਣ ਲੜਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਅਕਾਲੀ ਦਲ ਨਾਲ ਸਾਂਝ ਲਈ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ ਅਤੇ ਸ਼ੋ੍ਮਣੀ ਕਮੇਟੀ ਚੋਣ ਵਿਚ ਅਕਾਲੀ ਦਲ ਤੋਂ ਬਾਗ਼ੀ ਹੋਣ ਵਾਲਿਆਂ ਨੂੰ ਸਮਰਥਨ ਦਿੱਤਾ ਗਿਆ, ਅਕਾਲੀ ਲੀਡਰਸ਼ਿਪ ਲਈ ਇਕ ਸਭ ਕੁਝ ਅਸਹਿ ਸੀ । ਅਕਾਲੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਭਾਜਪਾ ਹਾਈਕਮਾਨ ਕਿਸੇ ਇਕ ਅਕਾਲੀ ਧੜੇ ਨਾਲ ਸਾਂਝ ਤਾਂ ਜ਼ਰੂਰ ਪਾ ਸਕਦੀ ਹੈ ਲੇਕਿਨ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨਾਲ ਗੱਲਬਾਤ ਦੇ ਰੌਂਅ ਵਿਚ ਨਹੀਂ ਹੈ । ਅਕਾਲੀ ਦਲ ਨੇ ਮਗਰਲੀਆਂ ਵਿਧਾਨ ਸਭਾ ਚੋਣਾਂ ਬਸਪਾ ਨਾਲ ਮਿਲ ਕੇ ਲੜੀਆਂ ਸਨ, ਨੂੰ ਮਾਯੂਸੀ ਦਾ ਸਾਹਮਣਾ ਹੀ ਕਰਨਾ ਪਿਆ । ਅਕਾਲੀ ਦਲ ਨੂੰ ਜੋ ਤਿੰਨ ਸੀਟਾਂ ਮਿਲੀਆਂ ਉਨ੍ਹਾਂ 'ਵਿਚੋਂ ਗਨੀਵ ਕੌਰ ਮਜੀਠੀਆ ਤੇ ਮਨਪ੍ਰੀਤ ਸਿੰਘ ਇਆਲੀ ਆਪਣੇ ਜ਼ੋਰ ਨਾਲ ਅਤੇ ਤੀਸਰੀ ਬਸਪਾ ਦੇ ਸਮਰਥਨ ਕਾਰਨ ਮਿਲ ਗਈ ।ਪ੍ਰੰਤੂ ਅਕਾਲੀ ਦਲ ਲਈ ਹੁਣ ਹੋਰ ਕਿਸੇ ਪਾਰਟੀ ਨਾਲ ਸਿਆਸੀ ਸਾਂਝ ਦੀਆਂ ਸੰਭਾਵਨਾਵਾਂ ਹੀ ਨਹੀਂ ਹਨ। ਲੇਕਿਨ ਇਸ ਮੌਜੂਦਾ ਸਥਿਤੀ ਵਿਚ ਅਕਾਲੀ ਆਉਂਦੀਆਂ ਪਾਰਲੀਮਾਨੀ ਚੋਣਾਂ ਲਈ ਕੀ ਸਿਆਸੀ ਰਣਨੀਤੀ ਅਪਣਾਉਣਗੇ ਉਹ ਆਉਣ ਵਾਲਾ ਸਮਾਂ ਦਸੇਗਾ । 

ਪਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 104 ਵੋਟਾਂ ਲੈ ਕੇ ਇਹ ਸਾਬਤ ਤਾਂ ਕਰ ਦਿੱਤਾ ਹੈ ਕਿ ਅਜੇ ਅਕਾਲੀ ਦਲ ਬਾਦਲ ਵਿਚ ਉਨ੍ਹਾਂ ਦੇ ਬਰਾਬਰ ਦਾ ਕੋਈ ਹੋਰ ਨੇਤਾ ਨਹੀਂ ਹੈ। ਭਾਵੇਂ ਇਸ ਵਾਰ ਪਿਛਲੀ ਵਾਰ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਚੋਣ ਨਾਲੋਂ ਉਹ ਕਰੀਬ ਡੇਢ ਦਰਜਨ ਵੋਟਾਂ ਘੱਟ ਹੀ ਲੈ ਸਕੇ ਹਨ। ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਪਈਆਂ ਸਨ ਤੇ ਇਸ ਵਾਰ 104 ਪਈਆਂ ਹਨ ਜਦੋਂ ਕਿ ਪਿਛਲੀ ਵਾਰ ਪ੍ਰਧਾਨਗੀ ਦੇ ਵਿਰੋਧੀ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ 19 ਵੋਟਾਂ ਮਿਲੀਆਂ ਸਨ ਤੇ ਇਸ ਵਾਰ ਬੀਬੀ ਜਗੀਰ ਕੌਰ 42 ਵੋਟਾਂ ਲੈਣ ਵਿਚ ਸਫਲ ਰਹੀ ਹੈ। ਬੀਬੀ ਜਗੀਰ ਕੌਰ ਦਾ ਬਾਦਲ ਦਲ ਦੇ ਵਿਰੋਧ ਵਿਚ 42 ਵੋਟਾਂ ਲੈ ਜਾਣਾ ਇਹ ਪ੍ਰਭਾਵ ਤਾਂ ਦਿੰਦਾ ਹੀ ਹੈ ਕਿ ਬੀਬੀ ਬਾਦਲ ਦਲ ਲਈ ਆਉਣ ਵਾਲੇ ਸਮੇਂ ਦੌਰਾਨ ਚੁਣੌਤੀ ਬਣੇਗੀ।ਬੀਬੀ ਜਗੀਰ ਕੌਰ ਨੇ ਚੋਣ ਤੋਂ ਬਾਅਦ ਆਪਣੀ ਰਾਜਨੀਤੀ ਬਾਰੇ ਜੋ ਸਪੱਸ਼ਟ ਰੂਪ ਵਿਚ ਕਿਹਾ, ਉਸ ਦਾ ਮਤਲਬ ਤਾਂ ਇਹ ਹੀ ਨਿਕਲਦਾ ਹੈ ਕਿ ਉਹ ਹੁਣ ਖੁਦ ਤਾਂ ਧਾਰਮਿਕ ਖੇਤਰ ਵਿਚ ਹੀ ਕੰਮ ਕਰਨਗੇ ਅਤੇ ਰਾਜਨੀਤਕ ਖੇਤਰ ਵਿਚ ਉਹ ਖ਼ੁਦ ਕੋਈ ਚੋਣ ਲੜਨ ਦੀ ਬਜਾਏ ਹੋਰਾਂ ਨੂੰ ਚੋਣਾਂ ਲੜਾਉਣ ਨੂੰ ਹੀ ਤਰਜੀਹ ਦੇਣਗੇ।

ਬੀਬੀ ਜਗੀਰ ਕੌਰ ਦੀ ਮਦਦ ਕਰਨ ਵਾਲੇ 34 ਮੈਂਬਰਾਂ ਦੀ ਵੱਖਰੀ ਸੂਚੀ ਬਣਾਈ

ਸ਼ੋ੍ਮਣੀ  ਕਮੇਟੀ ਦੇ ਪ੍ਰਧਾਨ ਦੀ ਚੋਣ 'ਵਿਚ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਦੇ ਉੱਚ ਹਲਕਿਆਂ ਨੇ ਉਨ੍ਹਾਂ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਾਰਟੀ 'ਵਿਚ ਰਹਿੰਦੇ ਹੋਏ ਕਰਾਸ ਵੋਟਿੰਗ ਕਰਕੇ ਬੀਬੀ ਜਗੀਰ ਕੌਰ ਦੇ ਹੱਕ 'ਵਿਚ ਵੋਟਾਂ ਪਾਈਆਂ । ਸ਼ੋ੍ਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਕਰਾਸ ਵੋਟਿੰਗ ਕਰਨ ਵਾਲਿਆਂ ਦੀ ਗਿਣਤੀ ਸਿਰਫ਼ 8 ਦੇ ਕਰੀਬ ਹੀ ਹੈ । ਉਨ੍ਹਾਂ ਅਨੁਸਾਰ ਬੀਬੀ ਜਗੀਰ ਕੌਰ ਦਾ ਸਾਫ਼ ਤੌਰ 'ਤੇ ਸਿੱਧਾ ਸਮਰਥਨ ਕਰ ਰਹੇ ਸ਼ੋ੍ਮਣੀ ਕਮੇਟੀ ਮੈਂਬਰਾਂ ਦੀ ਗਿਣਤੀ ਲਗਪਗ 34 ਸੀ, ਕਿਉਂਕਿ ਅਕਾਲੀ ਦਲ ਬਾਦਲ ਦੇ ਵਿਰੋਧੀਆਂ ਕੋਲ ਪਿਛਲੇ ਸਾਲ 22 ਤੋਂ 24 ਵੋਟਾਂ ਸਨ, ਪਰ ਇਸ ਵਾਰ ਹਰਿਆਣਾ ਦੀ ਭਾਜਪਾ ਸਰਕਾਰ ਦੇ ਦਬਾਅ ਅਧੀਨ 5 ਵੋਟਾਂ ਬੀਬੀ ਜਗੀਰ ਕੌਰ ਨੂੰ ਹਰਿਆਣਾ ਤੋਂ ਪਈਆਂ ਅਤੇ ਕਰੀਬ 5 ਵੋਟਰ ਪਹਿਲਾਂ ਹੀ ਅਕਾਲੀ ਦਲ ਛੱਡ ਚੁੱਕੇ ਸਨ, ਜਿਨ੍ਹਾਂ 'ਵਿਚੋਂ 3 ਤਾਂ ਭਾਜਪਾ 'ਵਿਚ ਹੀ ਸ਼ਾਮਿਲ ਹੋ ਚੁੱਕੇ ਸਨ ।ਭਰੋਸੇਯੋਗ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਇਕ ਸੂਚੀ ਬਣਾਈ ਹੈ, ਜਿਸ ਵਿਚ ਉਨ੍ਹਾਂ 34 ਮੈਂਬਰਾਂ ਦੇ ਨਾਂਅ ਦਰਜ ਹਨ, ਜੋ ਚੋਣ ਤੋਂ ਪਹਿਲਾਂ ਹੀ ਸ਼ਰੇਆਮ ਬੀਬੀ ਜਗੀਰ ਕੌਰ ਦੇ ਸਮਰਥਨ ਵਿਚ ਆ ਗਏ ਸਨ । ਸੂਤਰਾਂ ਤੋਂ ਮਿਲੀ ਇਸ ਗੈਰ-ਅਧਿਕਾਰਤ ਸੂਚੀ ਦੀ ਕਾਪੀ ਅਨੁਸਾਰ ਇਸ ਵਿਚ ਸ਼ਾਮਿਲ 34 ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਖ਼ੁਦ ਬੀਬੀ ਜਗੀਰ ਕੌਰ ਤੋਂ ਇਲਾਵਾ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ ਫ਼ਤਹਿਗੜ੍ਹ ਸਾਹਿਬ, ਜਸਵੰਤ ਸਿੰਘ ਪੁੜੈਣ ਜ਼ਿਲ੍ਹਾ ਲੁਧਿਆਣਾ, ਅਮਰੀਕ ਸਿੰਘ ਸ਼ਾਹਪੁਰ ਗੁਰਦਾਸਪੁਰ, ਬਾਬਾ ਅਵਤਾਰ ਸਿੰਘ ਘਰਿਆਲਾ ਵਾਲੇ ਜ਼ਿਲ੍ਹਾ ਤਰਨਤਾਰਨ, ਹਰਦੀਪ ਸਿੰਘ ਮੋਹਾਲੀ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਜ਼ਿਲ੍ਹਾ ਨਵਾਂਸ਼ਹਿਰ, ਨਿਰਮਲ ਸਿੰਘ ਜੌਲਾ ਡੇਰਾਬੱਸੀ- ਮੋਹਾਲੀ, ਬੀਬੀ ਜਸਵਿੰਦਰ ਕੌਰ ਜ਼ੀਰਾ ਫ਼ਿਰੋਜ਼ਪੁਰ, ਬਲਦੇਵ ਸਿੰਘ ਚੂੰਘਾ ਬਰਨਾਲਾ, ਮੇਜਰ ਸਿੰਘ ਢਿੱਲੋਂ ਰਾਮਪੁਰਾ ਫੂਲ ਅਤੇ ਬੀਬੀ ਕੁਲਦੀਪ ਕੌਰ ਟੌਹੜਾ ਦੇ ਨਾਂਅ ਸ਼ਾਮਿਲ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸ਼ੋ੍ਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ ਸਮਰਾਲਾ ਜ਼ਿਲ੍ਹਾ ਲੁਧਿਆਣਾ, ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਲੁਧਿਆਣਾ, ਕਾਂਗਰਸ ਪਾਰਟੀ ਨਾਲ ਸਬੰਧਿਤ 3 ਮੈਂਬਰਾਂ ਸੁਖਜੀਤ ਸਿੰਘ ਕਾਕਾ ਸਾਬਕਾ ਵਿਧਾਇਕ ਧਰਮਕੋਟ ਜ਼ਿਲ੍ਹਾ ਮੋਗਾ, ਬੀਬੀ ਜਸਪਾਲ ਕੌਰ ਮਹਿਰਾਜ ਜ਼ਿਲ੍ਹਾ ਬਠਿੰਡਾ ਅਤੇ ਪਰਮਜੀਤ ਸਿੰਘ ਰਾਏਪੁਰ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਨਾਂਅ ਵੀ ਸੂਚੀ 'ਵਿਚ ਸ਼ਾਮਿਲ ਹਨ । ਸੂਚੀ 'ਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਦੇ 5 ਸ਼ੋ੍ਮਣੀ ਕਮੇਟੀ ਮੈਂਬਰਾਂ ਜੈਪਾਲ ਸਿੰਘ ਮੰਡੀਆ ਮਲੇਰਕੋਟਲਾ ਸੰਗਰੂਰ, ਮਲਕੀਤ ਸਿੰਘ ਚੰਗਾਲ ਸੰਗਰੂਰ, ਹਰਪ੍ਰੀਤ ਸਿੰਘ ਗਰਚਾ ਲੁਧਿਆਣਾ, ਜੁਗਰਾਜ ਸਿੰਘ ਦੌਧਰ ਮੋਗਾ, ਪਿਛਲੀ ਵਾਰ ਪ੍ਰਧਾਨਗੀ ਦੀ ਚੋਣ ਲੜਨ ਵਾਲੇ ਮਾਸਟਰ ਮਿੱਠੂ ਸਿੰਘ ਕਾਹਨਕੇ ਮਾਨਸਾ ਅਤੇ ਭਾਜਪਾ 'ਚ ਸ਼ਾਮਿਲ ਹੋਏ ਸ਼ੋ੍ਮਣੀ ਕਮੇਟੀ ਮੈਂਬਰਾਂ ਹਰਪਾਲ ਸਿੰਘ ਜੱਲ੍ਹਾ ਪਾਇਲ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼ੋ੍ਮਣੀ ਕਮੇਟੀ, ਸੁਰਜੀਤ ਸਿੰਘ ਗੜ੍ਹੀ ਰਾਜਪੁਰਾ, ਹਰਭਜਨ ਸਿੰਘ ਚੀਮਾ ਸਾਬਕਾ ਵਿਧਾਇਕ, ਉੱਤਰਾਖੰਡ ਤੋਂ ਇਲਾਵਾ ਹਰਿਆਣਾ ਦੇ 5 ਸ਼ੋ੍ਮਣੀ ਕਮੇਟੀ ਮੈਂਬਰਾਂ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਭੁਪਿੰਦਰ ਸਿੰਘ ਅਸੰਧ, ਬਲਦੇਵ ਸਿੰਘ ਖ਼ਾਲਸਾ ਹਿਸਾਰ, ਹਰਪਾਲ ਸਿੰਘ ਪਾਲੀ ਅੰਬਾਲਾ, ਅਮਰੀਕ ਸਿੰਘ ਜਨੇਤਪੁਰ ਅੰਬਾਲਾ ਦੇ ਨਾਂਅ ਵੀ ਸ਼ਾਮਿਲ ਹਨ, ਪਰ ਇਨ੍ਹਾਂ ਅਤੇ ਸੰਤ ਸਮਾਜ ਦੇ 2 ਕੋ-ਆਪਟਡ ਸ਼ੋ੍ਮਣੀ ਕਮੇਟੀ ਮੈਂਬਰਾਂ ਰੋਡੇ ਦੇ ਜਗਤਾਰ ਸਿੰਘ ਰੋਡੇ ਜ਼ਿਲ੍ਹਾ ਮੋਗਾ, ਸੰਤ ਚਰਨਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਂਅ ਵੀ ਸ਼ਾਮਿਲ ਹਨ । ਪਰ ਅਕਾਲੀ ਦਲ ਦੀ ਸੂਚੀ 'ਚ ਇਨ੍ਹਾਂ ਦੇ ਨਾਂਵਾਂ ਅੱਗੇ ਭਾਜਪਾ ਦੇ ਦਬਾਅ ਅਧੀਨ ਅਕਾਲੀ ਦਲ ਵਿਰੁੱਧ ਵੋਟਾਂ ਪਾਉਣ ਦਾ ਜ਼ਿਕਰ ਹੈ । ਜਦੋਂ ਕਿ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਡਾ. ਜੰਗਬਹਾਦਰ ਸਿੰਘ ਰਾਏ ਗੜ੍ਹਸ਼ੰਕਰ ਅਤੇ ਅਕਾਲੀ ਦਲ ਅੰਮਿ੍ਤਸਰ ਦੀ ਬੀਬੀ ਸ਼ਰਨਜੀਤ ਕੌਰ ਧੂਰੀ ਦਾ ਨਾਂਅ ਵੀ ਹੈ ।ਹਾਲਾਂਕਿ ਅਕਾਲੀ ਦਲ ਅੰਮਿ੍ਤਸਰ ਨੇ ਇਸ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ।

ਅਕਾਲੀ ਦਲ ਬਾਦਲ ਅਤੇ ਸ਼ੋ੍ਮਣੀ ਕਮੇਟੀ ਦੇ ਉੱਚ ਅਹੁਦੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਕਰਾਸ ਵੋਟਿੰਗ ਕਰਨ ਵਾਲੇ ਬਹੁਤੇ ਮੈਂਬਰਾਂ ਦੀ ਭਾਲ ਕਰ ਲਈ ਹੈ । ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੁਝ ਪਟਿਆਲਾ ਜ਼ਿਲੇ ਨਾਲ ਸਬੰਧਿਤ ਹਨ ਅਤੇ ਕੁਝ ਦੁਆਬੇ ਦੇ ਇਲਾਕੇ ਦੇ ਹਨ । ਦੱਸਿਆ ਗਿਆ ਹੈ ਕਿ ਸਿਰਫ਼ 1-2 ਅਜਿਹੇ ਮੈਂਬਰਾਂ ਦੀ ਪਛਾਣ ਕਰਨੀ ਹੀ ਬਾਕੀ ਹੈ ।ਸੁਖਬੀਰ ਬਾਦਲ ਸਾਹਮਣੇ ਵੱਡੀ ਚਿਤਾਵਨੀ ਹੈ ਕਿ ਕੀ ਉਹ ਹੁਣ ਉਨ੍ਹਾਂ 42 ਵਿਅਕਤੀਆਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ, ਜਿਨ੍ਹਾਂ ਨੇ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਵੋਟ ਪਾਈ ਹੈ। ਜੇ ਸੁਖਬੀਰ ਅਜਿਹਾ ਕਰਦੇ ਹਨ ਤਾਂ ਅਕਾਲੀ ਦਲ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਾਰਨ ਇਹ ਹੈ ਕਿ ਪਾਰਟੀ ਅੰਦਰ ਮਜ਼ਬੂਤ ਲੋਕਾਂ ਦੀ ਪਹਿਲਾਂ ਹੀ ਕਮੀ ਮਹਿਸੂਸ ਹੋ ਰਹੀ ਹੈ। ਜੇ ਕਿਤੇ ਛਾਂਟੀ ਕਰ ਦਿੱਤੀ ਜਾਂਦੀ ਹੈ ਤਾਂ ਪਾਰਟੀ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਜਦੋਂ ਇਸ ਬਾਰੇ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਸਪੱਸ਼ਟ ਤੌਰ 'ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ । ਧਾਮੀ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਅਕਾਲੀ ਦਲ ਦੀ ਹਾਈਕਮਾਨ ਹੀ ਲੈ ਸਕਦੀ ਹੈ  ।ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ  ਨੇ ਕਿਹਾ ਕਿ ਮੈਂ ਨੰਬਰਾਂ ਦੀ ਗਿਣਤੀ ਵਿਚ ਭਾਵੇਂ ਹਾਰੀ ਹਾਂ ਪਰ ਤਸੱਲੀ ਜ਼ਰੂਰ ਹੈ ਕਿ ਮੈਨੂੰ ਲੋੜ ਤੋਂ ਵੱਧ ਸਮਰਥਨ ਮਿਲਿਆ, 22 ਤੋਂ ਸਿੱਧੇ 42 ਮੈਂਬਰਾਂ 'ਵਿਚ ਪਹੁੰਚੀ ਗਿਣਤੀ ਮੇਰੇ ਨਾਲ ਖੜ੍ਹੀ ਹੈ ਜੋ ਕਿ ਅਸਲ ਜ਼ਮੀਰਾਂ ਵਾਲੇ ਸਨ । ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਈ ਮੈਂਬਰ ਮੇਰੇ ਨਾਲ ਆਉਣਾ ਚਾਹੁੰਦੇ ਸਨ ਪਰ ਉਹ ਮਜਬੂਰ ਸਨ ।ਹਰ ਇਕ ਮੈਂਬਰ 'ਤੇ ਨਜ਼ਰ ਰੱਖਣ ਲਈ ਟਾਸਕ ਫੋਰਸ ਦੇ ਮੁਲਾਜ਼ਮਾਂ ਨੂੰ ਲਗਾਇਆ ਗਿਆ ਸੀ । ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੈਂਬਰਾਂ ਨੂੰ ਕਿਸੇ ਨਾਲ ਵੀ ਫੋਨ 'ਤੇ ਗੱਲ ਕਰਨ ਜਾਂ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ । | ਉਨ੍ਹਾਂ ਨੇ ਕਿਹਾ ਕਿ ਮੈਨੂੰ ਮਿਲੇ ਸਮਰਥਨ ਲਈ ਮੈਂ ਸਿੱਖ ਪੰਥ ਦੀ ਰਿਣੀ ਹਾਂ । ਉਨ੍ਹਾਂ ਨੇ ਕਿਹਾ ਕਿ ਔਰਤ ਵਰਗ ਨੂੰ ਨੁਮਾਇੰਦਗੀ ਤੋਂ ਪਾਸਾ ਵੱਟ ਚਲੇ ਸੀ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਪਰ ਮੇਰੇ ਵਲੋਂ ਤੇ ਹੋਰ ਬੀਬੀਆਂ ਵਲੋਂ ਜ਼ੋਰਦਾਰ ਆਵਾਜ਼ ਬੁਲੰਦ ਕਰਨ 'ਤੇ ਸਾਡੇ ਹੀ ਧੜੇ ਦੀ ਇਕ ਇਸਤਰੀ ਮੈਂਬਰ ਨੂੰ ਕਾਰਜਕਾਰਨੀ 'ਵਿਚ ਸ਼ਾਮਿਲ ਕੀਤਾ ਗਿਆ । ਸਿੱਖਾਂ ਅਤੇ ਪੰਜਾਬ ਲਈ, ਸਭ ਤੋਂ ਮਹੱਤਵਪੂਰਨ ਮੁੱਦਾ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੈ ਨਾ ਕਿ ‘ਪਰਿਵਾਰ’ ਦਾ ਕੰਟਰੋਲ। ਮੈਂ ਐਸਜੀਪੀਸੀ ਦੇ ਕੰਮਕਾਜ ਵਿੱਚ ਸੁਧਾਰਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਤੋਂ ਇਲਾਵਾ ਇਸ ਦਿਸ਼ਾ ਵਿੱਚ ਧਿਆਨ ਕੇਂਦਰਿਤ ਕਰਾਂਗੀ।