ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਾਰੇ ਫੈਸਲਾ ਸ਼ਲਾਘਾਯੋਗ 

ਅਕਾਲ ਤਖ਼ਤ ਸਾਹਿਬ ਵਿਖੇ  ਸ੍ਰੀ ਗੁਰੂ ਗਰੰਥ ਸਾਹਿਬ  ਜੀ ਬਾਰੇ ਫੈਸਲਾ ਸ਼ਲਾਘਾਯੋਗ 

ਜਥੇਦਾਰ ਅਕਾਲ ਤਖਤ ਸਾਹਿਬ ਨੇ ਸੰਪਰਦਾਵਾਂ ਬਾਰੇ ਕੋਈ ਸਟੈਂਡ ਨਹੀਂ ਲਿਆ

 ਬੀਤੇ ਦਿਨੀਂ ਗੁਰੂ ਗਰੰਥ ਸਾਹਿਬ ਨਾਲ ਛੇੜਛਾੜ ਕਰਨ ਦੇ ਮੱਸਲੇ ਉਪਰ ਅਕਾਲ ਤਖ਼ਤ ਸਾਹਿਬ ਵਿਖੇ  ਪ੍ਰਤੀਨਿਧ ਸਿਖ ਧਿਰਾਂ ਦਾ ਪੰਥਕ ਇਕੱਠ ਸੱਦਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੂਪ ਨਾਲ ਛੇੜਛਾੜ, ਬਿੰਦੀ, ਲਗਾਂ-ਮਾਤਰਾਂ ਨਵੇਂ ਸਿਰਿਓਂ ਜੋੜਨ ਦੇ ਮਾਮਲੇ ਦੇ ਸਬੰਧ ਵਿਚ ਵਿਚਾਰ ਚਰਚਾ ਕੀਤੀ ਗਈ। ਇਸ ਪੰਥਕ ਇਕੱਠ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ   ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਪਵਿੱਤਰ ਗੁਰਬਾਣੀ ਦੀਆਂ ਲਗਾ ਮਾਤਰਾਵਾਂ ਵਿਚ ਮਨਮਰਜ਼ੀ ਨਾਲ ਤਬਦੀਲੀਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿਚ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ। ਜਥੇਦਾਰ  ਹਰਪ੍ਰੀਤ ਸਿੰਘ ਨੇ ਕਿਹਾ ਕਿ ‍ਥਮਿੰਦਰ ਸਿੰਘ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਤੁਰੰਤ  ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਆਫ਼ਲਾਈਨ ਤੇ ਆਨਲਾਈਨ ਬੰਦ ਕਰੇ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ  ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ  ਗੁਰੂ ਗ੍ਰੰਥ ਸਾਹਿਬ ਦੀ ਸੋਧਾਂ ਦੇ ਨਾਂ 'ਤੇ ਕੀਤੀ ਗਈ ਛੇੜਖਾਨੀ ਦੀ ਮਨਸ਼ਾ ਜ਼ਾਹਿਰ ਕਰੇ।ਥਮਿੰਦਰ ਸਿੰਘ ਇਹ ਵੀ ਦੱਸੇ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਜਥੇਦਾਰ ਨੇ ਇਹ ਵੀ ਆਦੇਸ਼ ਦਿਤਾ   ਕਿ ਥਮਿੰਦਰ ਸਿੰਘ ਨਾਲ ਸਮੂਹ ਸੰਗਤਾਂ ਉਦੋਂ ਤੱਕ ਮਿਲਵਰਤਨ ਬੰਦ ਰੱਖਣ ਜਦੋਂ ਤੱਕ ਉਹ  ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਭ ਕੁਝ ਜ਼ਾਹਿਰ ਨਹੀਂ ਕਰਦਾ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਨੂੰ ਉਦੋਂ ਤੱਕ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਸੰਪਰਦਾਵਾਂ ਬਾਰੇ ਕੋਈ ਸਟੈਂਡ ਨਹੀਂ ਲਿਆ ਜੋ ਨਿਤਨੇਮ ,ਗੁਰਬਾਣੀ ਵਿਚ ਤਬਦੀਲੀਆਂ ਕਰ ਰਹੇ ਹਨ।ਇਸ ਬਾਰੇ ਸਾਡੇ ਕੋਲ ਸਬੂਤ ਵੀ ਹਨ।ਜੇ ਉਹ ਸਬੂਤ ਜਥੇਦਾਰ ਜੀ ਨੂੰ ਨਹੀਂ ਮਿਲੇ ਉਹ ਅਸੀਂ ਭੇਜ ਸਕਦੇ ਹਾਂ।ਜਥੇਦਾਰ ਜੀ ਨੂੰ ਹਰੇਕ ਦੋਸ਼ੀ ਬਾਰੇ ਸਪਸ਼ਟ ਪੰਥਕ ਫੈਸਲਾ ਲੈਣਾ ਚਾਹੀਦਾ ਹੈ ਚਾਹੇ ਉਹ ਸੰਪਰਦਾਵਾਂ ਨਾਲ ਜੁੜਿਆ ਕਿਉਂ ਨਾ ਹੋਵੇ।.          

 ਪਟਿਆਲਾ ਹਿੰਸਾ ਲਈ ਭਗਵੇਂ ,ਭਾਜਪਾ ਤੇ ਆਪ ਸਰਕਾਰ ਜਿੰਮੇਵਾਰ

ਪਟਿਆਲਾ ਵਿਖੇ 29 ਅਪਰੈਲ ਨੂੰ ਵਾਪਰੀ ਟਕਰਾਅ ਦੀ ਘਟਨਾ ਸਬੰਧੀ ਭਗਵੇਂਵਾਦੀ ਤੇ ਆਪ ਸਰਕਾਰ ਜਿੰਮੇਵਾਰ ਹੈ।ਯਾਦ ਰਹੇ ਕਿ ਹਿੰਸਕ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸੇ ਜਾ ਰਹੇ ਹਰੀਸ਼ ਸਿੰਗਲਾ ਤੇ ਬਰਜਿੰਦਰ ਸਿੰਘ ਪਰਵਾਨਾ ਤੇ ਛੇ ਦੇ ਕਰੀਬ ਸਿਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਹੁਣ ਇਸ ਕੇਸ ਵਿਚ  ਦੋ ਭਾਜਪਾ ਕਾਰਕੁਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।   ਇਨ੍ਹਾਂ ਵਿੱਚੋਂ ਇੱਕ ਕਾਰਕੁਨ ਭਾਜਪਾ ਦਾ ਬਾਕਾਇਦਾ ਅਹੁਦੇਦਾਰ ਵੀ ਹੈ। ਘਟਨਾ ਤੋਂ ਬਾਅਦ ਆਪਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਅਪਲੋਡ ਕਰਦਿਆਂ ਘਟਨਾ ਵਿਚ ਸਰਕਾਰ ਵਿਰੋਧੀ ਰਾਜਸੀ ਪਾਰਟੀਆਂ ਦਾ ਹੱਥ ਹੋਣ ਦੀ ਗੱਲ ਆਖੀ ਸੀ, ਜਿਨ੍ਹਾਂ ਨੇ ਆਪਣੇ ਕਾਰਕੁਨ ਭੇਜ ਕੇ ਦੋ ਫਿਰਕਿਆਂ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੋਸਟ ਦੇ ਨਾਲ ਫੋਟੋਆਂ ਵੀ ਅਟੈਚ ਕੀਤੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਇੱਕ ਵਿੱਚ ਕੁਝ ਕਾਰਕੁਨਾਂ ਦੀ ਭੀੜ ਵਿਚ ਮੌਜੂਦ ਇੱਕ ਭਾਜਪਾ ਨੌਜਵਾਨ ਦੇ ਹੱਥ ਵਿਚ ਨੰਗੀ ਤਲਵਾਰ ਸੀ। ਇੱਕ ਹੋਰ ਭਾਜਪਾ ਕਾਰਕੁਨ ਉਸ ਦੇ ਨਾਲ ਹੀ ਖੜ੍ਹਾ ਨਜ਼ਰ ਆ ਰਿਹਾ ਹੈ। ਇੱਕ ਵੱਖਰੀ ਫੋਟੋ ਵਿਚ ਇਨ੍ਹਾਂ ਵਿੱਚੋਂ ਹੀ ਇੱਕ ਨੌਜਵਾਨ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਦਾ ਵੀ ਵਿਖਾਇਆ ਗਿਆ ਹੈ। ਉਂਜ. ਅਜੇ ਤੱਕ ਕਿਸੇ ਭਾਜਪਾ ਕਾਰਕੁਨ ਦੀ ਗ੍ਰਿ੍ਫ਼ਤਾਰੀ ਤਾਂ ਨਹੀਂ ਹੋਈ, ਪਰ ਸੂਤਰ ਦੱਸਦੇ ਹਨ ਕਿ ਘਟਨਾ ਵਾਲੇ ਸਥਾਨ ਨਾਲ ਸਬੰਧਤ ਪੁਲੀਸ ਦੇ ਹੱਥ ਲੱਗੀਆਂ ਕੁਝ ਵੀਡੀਓਜ਼ ਅਤੇ ਫੋਟੋਆਂ ਦੇ ਹਵਾਲੇ ਨਾਲ ਪੁਲੀਸ ਪਹਿਲਾਂ ਤੋਂ ਹੀ ਦਰਜ ਕੇਸ ਵਿਚ ਮੁਲਜ਼ਮਾਂ ਦੀ ਗਿਣਤੀ ਵਧਾ ਰਹੀ ਹੈ। ਅਜਿਹੀ ਕੜੀ ਵਜੋਂ ਹੀ ਇਨ੍ਹਾਂ ਦੋ ਭਾਜਪਾ ਕਾਰਕੁਨਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ। ਪੁਲੀਸ  ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਰਾਜਪੁਰਾ ਨੂੰ ਇਸ ਘਟਨਾ ਦਾ ਜਿੰਮੇਵਾਰ ਦਸਕੇ ਅਨਿਆਂ ਕਰ ਰਹੀ ਹੈ। ਹਾਲਾਂਕਿ ਪਰਵਾਨਾ ਨੇ ਸ਼ਿਵ ਸੈਨਾ ਦੇ ਖਾਲਿਸਤਾਨੀ ਵਿਰੋਧੀ ਜਲੂਸ ਉਪਰ ਪਾਬੰਦੀ ਲਗਾਉਣ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ। ਪਰ ਆਪ ਸਰਕਾਰ ਨੇ ਸ਼ਿਵ ਸੈਨਾ ਦੇ ਜਲੂਸ ਉਪਰ ਪਾਬੰਦੀ ਨਾ ਲਗਾਕੇ ਮੰਦਰ ਵਿਚ ਇਕਠੇ ਹੋਣ ਦਿਤਾ ਤੇ ਹਾਲਾਤ ਵਿਗਾੜੇ। ਸ਼ਿਵ ਸੈਨਾ ਦਾ ਨੇਤਾ ਤੇ ਸਰਕਾਰੀ ਬਾਡੀਗਾਰਡਾਂ ਨਾਲ ਲੈਸ ਹਰੀਸ਼ ਸਿੰਗਲਾ ਦਾ ਸਬੰਧ ਸ਼ਿਵ ਸੈਨਾ ਨਾਲ ਸੀ। ਹਰੀਸ਼ ਸਿੰਗਲਾ ਨੂੰ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ ।ਤਕਰੀਬਨ 55 ਸਾਲ ਦੇ ਸਿੰਗਲਾ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਹੈ ।ਉਹ ਖਦੁ ਨੂੰ ਖਾਲਿਸਤਾਨੀ ਸੰਗਠਨਾਂ ਤੋਂ ਖਤਰਾ ਦੱਸਕੇ ਸਰਕਾਰੀ ਸੁਰੱਖਿਆ ਲੈ ਚੁਕਾ ਹੈ।ਇਹੀ ਇਹਨਾਂ ਦਾ ਧੰਦਾ ਹੈ। ਸਿੱਖ ਜਥੇਬੰਦੀਆਂ ਨਾਲ ਟਕਰਾਅ ਵਾਲੇ ਸਿੰਗਲਾ ਦੇ ਬਿਆਨਾਂ ਕਾਰਨ ਉਸ ਖਿਲਾਫ਼ ਪਹਿਲਾਂ ਕਈ ਕੇਸ ਵੀ ਦਰਜ ਹੋ ਚੁਕੇ ਹਨ।ਪਰ ਉਸ ਉਪਰ ਕਦੇ ਠੋਸ ਕਾਰਵਾਈ ਨਹੀਂ ਹੋਈ।29 ਅਪ੍ਰੈਲ ਦੀ ਖਾਲਿਸਤਾਨ ਵਿਰੋਧੀ ਰੈਲੀ ਤੋਂ ਪਹਿਲਾਂ ਵੀ ਉਸ ਦੀਆਂ ਸੋਸ਼ਲ ਮੀਡੀਆ 'ਤੇ ਕਈ ਸਿਖ ਵਿਰੋਧੀ ਭੜਕਾਊ ਪੋਸਟ ਹਨ।2022 ਵਿਧਾਨ ਸਭਾ ਚੋਣਾਂ ਵਿਚ ਇਸ ਨੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਸੀ।       

ਸ਼ਿਵ ਸੈਨਾ ਬਾਲੇ ਠਾਕਰੇ ਦੇ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ ਮੁਤਾਬਕ ਸਿੰਗਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਹਿਲਾਂ ਹੀ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ।ਮੰਦਰ ਕਮੇਟੀ ਨੇ ਕਿਹਾ ਕਿ ਸਿਖਾਂ ਨੇ ਮੰਦਰ ਉਪਰ ਹਮਲਾ ਨਹੀਂ ਕੀਤਾ।ਫਿਰ ਮੰਦਰ ਦੇ ਹਮਲੇ ਦਾ ਬਹਾਨਾ ਬਣਾਕੇ ਆਪ ਸਰਕਾਰ ਨੇ ਕਾਰਵਾਈ ਸਿਖਾਂ ਉਪਰ ਕਿਉਂ ਕੀਤੀ।ਆਪ ਸਰਕਾਰ ਰਵਾਇਤੀ ਪਾਰਟੀਆਂ ਵਰਗੀ ਹੈ ਜੋ ਲੋਕਾਂ ਦੇ ਮਸਲੇ ਨਾ ਸੁਲਝਾਉਣ ਕਾਰਣ ਸ਼ਿਵ ਸੈਨਾਨੀ ਵਰਗੀਆਂ ਜਥੇਬੰਦੀਆਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਦਾ ਧਿਆਨ ਪੰਜਾਬ ਹਿਤੂ ਮਸਲਿਆਂ ਤੋਂ ਭਟਕਾਉਂਦੇ ਹਨ।ਪੰਜਾਬ ਦੇ ਹਿੰਦੂ ਸਿਖਾਂ ਨੂੰ ਏਕਤਾ ਬਣਾਕੇ ਰਖਣ ਦੀ ਲੋੜ ਹੈ ਤਾਂ ਜੋ ਫਿਰਕੂਵਾਦ ਦੀ ਸਿਆਸਤ ਨੂੰ ਨਪਿਆ ਜਾ ਸਕੇ।

 

ਰਜਿੰਦਰ ਸਿੰਘ ਪੁਰੇਵਾਲ