ਅਕਾਲ ਤਖ਼ਤ ਸਾਹਿਬ ਵੱਲੋਂ ਗੁਰਬਾਣੀ ਦੇ ਛੇੜਛਾੜ  ਮਾਮਲੇ ਵਿਚ ਥਮਿੰਦਰ ਸਿੰਘ ਤਨਖ਼ਾਹੀਆ ਕਰਾਰ

ਅਕਾਲ ਤਖ਼ਤ ਸਾਹਿਬ  ਵੱਲੋਂ ਗੁਰਬਾਣੀ ਦੇ ਛੇੜਛਾੜ  ਮਾਮਲੇ ਵਿਚ  ਥਮਿੰਦਰ ਸਿੰਘ  ਤਨਖ਼ਾਹੀਆ ਕਰਾਰ

*ਇੱਕ ਮਹੀਨੇ ਵਿੱਚ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਰਿਕਾਰਡ ਜਮ੍ਹਾਂ ਕਰਵਾਏ

*ਓਅੰਕਾਰ ਸਿੰਘ ਨੂੰ ਵੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਭੁੱਲ ਬਖ਼ਸ਼ਾਉਣ ਦਾ ਆਦੇਸ਼   

* ਸਿੰਘ ਸਾਹਿਬਾਨ ਨੇ ਅਕਾਲ ਤਖਤ ਸਾਹਿਬ ਤੋਂ ਪੰਥਕ ਇਕੱਠ ਵਿਚ ਸੁਣਾਇਆ ਫੈਸਲਾ

*ਸ਼੍ਰੋਮਣੀ ਕਮੇਟੀ ਨੂੰ ਇੰਟਰਨੈੱਟ ’ਤੇ ਚੱਲ ਰਹੀਆਂ 21 ਗੁਰਬਾਣੀ ਐਪਸ ਵਿਚ ਤਰੁੱਟੀਆਂ ਦੀ ਸੁਧਾਈ ਕਰਵਾਉਣ ਲਈ ਕਿਹਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਗੁਰਬਾਣੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ ਹੈ। ਇੱਕ ਹੋਰ ਵਿਅਕਤੀ ਉਂਕਾਰ ਸਿੰਘ ਨੂੰ ਵੀ ਅਜਿਹੇ ਇੱਕ ਹੋਰ ਮਾਮਲੇ ਵਿੱਚ ਗੁਰੂ ਪੰਥ ਕੋਲੋਂ ਭੁੱਲ ਬਖਸ਼ਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਇੰਟਰਨੈੱਟ ਤੇ ਚੱਲ ਰਹੀਆਂ ਗੁਰਬਾਣੀ ਸਬੰਧੀ 21 ਐਪਸ ਵਿੱਚ ਤਰੁੱਟੀਆਂ ਕਾਰਨ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਵਿੱਚ ਸੁਧਾਈ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਐਪਜ਼ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਬਾਣੀ ਸਬੰਧੀ ਇੰਟਰਨੈੱਟ ਤੇ ਕਈ ਐਪਜ਼ ਚੱਲ ਰਹੀਆਂ ਹਨ ਪਰ ਅਕਾਲ ਤਖ਼ਤ ਵੱਲੋਂ 21 ਐਪਜ਼ ਦੀ ਜਾਂਚ ਕਰਵਾਈ ਗਈ ਹੈ ਜਿਸ ਵਿੱਚ ਸਿਰਫ਼ ਨਿਤਨੇਮ ਦੀਆਂ ਬਾਣੀਆਂ ਵਿੱਚ ਤਰੁੱਟੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਠੀਕ ਕਰਨਾ ਜ਼ਰੂਰੀ ਹੈ।

ਇਹ ਹੁਕਮਨਾਮਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਸੁਣਾਇਆ ਗਿਆ। ਉਨ੍ਹਾਂ ਜਾਰੀ ਹੁਕਮਨਾਮੇ ਵਿੱਚ ਆਖਿਆ ਕਿ ਅਮਰੀਕਾ ਵਾਸੀ ਥਮਿੰਦਰ ਸਿੰਘ ਨੇ ਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਕੀਤੀਆਂ ਹਨ, ਜਿਸ ਕਾਰਨ ਪੰਜ ਸਿੰਘ ਸਾਹਿਬਾਨ ਵੱਲੋਂ ਉਸ ਤੇ ਆਨਲਾਈਨ ਅਤੇ ਆਫ਼ਲਾਈਨ ਅਣ-ਅਧਿਕਾਰਤ ਛਪਾਈ ਤੇ ਰੋਕ ਲਾਈ ਗਈ ਹੈ। ਉਸ ਨੂੰ ਗੁਰਬਾਣੀ ਨਾਲ ਛੇੜਛਾੜ ਦੇ ਦੋਸ਼ ਹੇਠ ਦੋਸ਼ੀ ਮੰਨਦਿਆਂ ਤਨਖ਼ਾਹੀਆ ਐਲਾਨਿਆ ਗਿਆ ਹੈ ਤੇ ਇੱਕ ਮਹੀਨੇ ਵਿੱਚ ਅਕਾਲ ਤਖ਼ਤ ਤੇ ਪੇਸ਼ ਹੋਣ ਅਤੇ ਸਾਰਾ ਰਿਕਾਰਡ ਇੱਥੇ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਜਦੋਂ ਤੱਕ ਉਹ ਇੱਥੇ ਪੇਸ਼ ਨਹੀਂ ਹੁੰਦਾ, ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਸ ਨਾਲ ਕੋਈ ਵੀ ਤਾਲਮੇਲ ਨਾ ਰੱਖਣ ਅਤੇ ਨਾ ਹੀ ਉਸ ਨਾਲ ਕੋਈ ਸਾਂਝ ਰੱਖੀ ਜਾਵੇ। ਇਸੇ ਹੁਕਮਨਾਮੇ ਤਹਿਤ ਉਂਕਾਰ ਸਿੰਘ ਨੂੰ ਗੁਰਬਾਣੀ ਸੇਧਾਂ ਦੇ ਨਾਂ ਹੇਠ ਕੀਤੇ ਕਾਰਜ ਤੁਰੰਤ ਬੰਦ ਕਰਨ ਅਤੇ ਆਪਣਾ ਸਾਰਾ ਰਿਕਾਰਡ ਲੈ ਕੇ ਅਕਾਲ ਤਖ਼ਤ ਤੇ ਪੇਸ਼ ਹੋ ਕੇ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਓਅੰਕਾਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦਾ ਭਰਾ  ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਹੱਥੀਂ ਲਿਖਣ ਦੀ ਸੇਵਾ ਕਰਨ ਬਾਰੇ ਪੁੱਜੀ ਮੰਗ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਵਾਨਾਂ ਦੀ ਕਮੇਟੀ ਵੱਲੋਂ ਕੀਤੀ ਸਿਫ਼ਾਰਸ਼ ਤੇ ਫ਼ੈਸਲਾ ਲਿਆ ਗਿਆ ਹੈ ਕਿ ਜੇ ਕੋਈ ਪਾਵਨ ਸਰੂਪ ਹੱਥੀਂ ਲਿਖਣ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਕੋਲੋਂ ਸ੍ਰੀ ਅਕਾਲ ਤਖ਼ਤ ਤੋਂ ਪ੍ਰਵਾਨਿਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰ ਕੇ ਪ੍ਰਵਾਨਗੀ ਪ੍ਰਾਪਤ ਕਰੇ ਅਤੇ ਇਸ ਤੋਂ ਬਾਅਦ ਸੇਵਾ ਸ਼ੁਰੂ ਕਰੇ। ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਸੰਪਰਦਾਵਾਂ ਨੂੰ ਆਦੇਸ਼ ਦਿੱਤਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਇੱਕਜੁੱਟ ਹੋ ਕੇ ਸਮੂਹਿਕ ਯਤਨ ਕੀਤੇ ਜਾਣ। ਪਿੰਡ ਰੋਡੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਲਈ ਟਾਵਰ ਤੇ ਚੜ੍ਹੇ ਇੱਕ ਵਿਅਕਤੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖ਼ੁਦਕੁਸ਼ੀ ਦਾ ਰਾਹ ਛੱਡ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਜਥੇਬੰਦੀਆਂ ਦਾ ਸਹਿਯੋਗ ਕਰੇ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜ਼ਮੀਨਦੋਜ ਹਾਲ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ ਤੇ ਨਿਹੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਗੁਰਬਾਣੀ ਨਾਲ ਤੋੜ-ਮਰੋੜ ਕਰਨ ਦੇ ਵਿਸ਼ੇ ਤੇ ਸੁਝਾਅ ਲਏ ਗਏ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਥਮਿੰਦਰ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੇ ਸਰੂਪ ਵਿੱਚ ਸਿਰਫ਼ 1429 ਅੰਗ ਹਨ ਅਤੇ ਇਸਨੂੰ ਰਾਗ ਮਾਲਾ ਤੋਂ ਬਿਨਾਂ ਹੀ ਮੁਕੰਮਲ ਕੀਤਾ ਗਿਆ ਹੈ। ਮੀਟਿੰਗ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਗੁਰਬਾਣੀ ਦਾ ਕੀਰਤਨ ਸਿਰਫ਼ ਤੰਤੀ ਸਾਜ਼ਾਂ ਨਾਲ ਅਤੇ ਰਾਗਾਂ ਤੇ ਆਧਾਰਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਛਾਪਣ ਦੇ ਮਾਮਲੇ ਵਿੱਚ ਇੱਕਸਾਰਤਾ ਲਿਆਉਣ ਲਈ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਯਤਨ ਕੀਤੇ ਜਾਣਗੇ।        

ਇਕੱਤਰਤਾ ਵਿਚ ਸ਼ਾਮਿਲ ਸ਼ਖ਼ਸੀਅਤਾਂ

ਹਰਮੀਤ ਸਿੰਘ ਕਾਲਕਾ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਹਰਨਾਮ ਸਿੰਘ ਖ਼ਾਲਸਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸੰਤ ਬਾਬਾ ਮੱਖਣ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ,ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਗਿਆਨੀ ਕੁਲਵੰਤ ਸਿੰਘ ਲੁਧਿਆਣਾ, ਆਰ. ਪੀ. ਸਿੰਘ, ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਕਰਮਜੀਤ ਸਿੰਘ ਯਮੂਨਾਨਗਰ, ਬਾਬਾ ਅਵਤਾਰ ਸਿੰਘ ਸੁਰਸਿੰਘ, ਸੰਤ ਜਗਜੀਤ ਸਿੰਘ ਲੋਪੋਂ, ਭਾਈ ਪ੍ਰੀਤਮ ਸਿੰਘ ਕੈਨੇਡਾ, ਸੰਤ ਜਗਜੀਤ ਸਿੰਘ ਹਰਖੋਵਾਲ ਆਦਿ ਨੇ ਵਿਚਾਰ ਪੇਸ਼ ਕੀਤੇ ।