ਹੁਣ ਕਿੰਨੀ ਕੁ ਮਹਿਫੂਜ਼ ਹੈ ਕਸ਼ਮੀਰੀਅਤ? (ਖ਼ਾਸ ਰਿਪੋਰਟ)

ਹੁਣ ਕਿੰਨੀ ਕੁ ਮਹਿਫੂਜ਼ ਹੈ ਕਸ਼ਮੀਰੀਅਤ? (ਖ਼ਾਸ ਰਿਪੋਰਟ)

ਸ਼੍ਰੀਨਗਰ, (ਸਰਬਜੀਤ ਕੌਰ): 30 ਅਕਤੂਬਰ 2019 ਦੀ ਰਾਤ ਜੋ ਕਸ਼ਮੀਰ ਦੇ ਇਤਿਹਾਸ ਵਿੱਚ ਇਕ ਖਾਸ ਥਾਂ ਬਣਾ ਗਈ ਹੈ, ਜਦੋਂ ਧਾਰਾ 370 ਹਟਾ ਦਿੱਤੀ ਗਈ , ਜਿਸਦੀ ਅੰਤਰ ਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਨਿਖੇਧੀ ਕੀਤੀ ਗਈ ਉਥੇ ਭਾਰਤ ਦੀ ਬਹੁ ਗਿਣਤੀ ਇਸਦੇ ਪੱਖ ਵਿੱਚ ਸੀ। ਉਦੋਂ ਤੋਂ ਲੈਕੇ ਹੁਣ ਤੱਕ ਇੰਨਾ ਲੰਬਾ ਇੰਟਰਨੈੱਟ ਸ਼ਟਡਾਉਨ, ਜਿਸਨੇ ਵਿਸ਼ਵ ਭਰ ਦੇ ਰਿਕਾਰਡ ਤੋੜ ਦਿੱਤੇ, ਜਿਸਨੇ ਇੰਟਰਨੈੱਟ ਸ਼ਟਡਾਉਨ ਵਿੱਚ ਭਾਰਤ ਨੂੰ ਨੰਬਰ ਇੱਕ ਤੇ ਖੜਾ ਕਰ ਦਿੱਤਾ। ਹੌਲੀ ਹੌਲੀ ਹਾਲਾਤ ਬਦਲ ਰਹੇ ਨੇ, ਪਰ ਆਮ ਜਨਤਾ ਬੇਵਸ ਜਾਪਦੀ ਹੈ। ਪੂਰਾ ਕੰਟਰੋਲ ਸਰਕਾਰ ਦੇ ਹੱਥ ਹੈ, ਜਨਵਰੀ 2020 ਵਿਚ 'ਅੰਮ੍ਰਿਤਸਰ ਟਾਈਮਜ਼' ਵੱਲੋਂ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਕਸ਼ਮੀਰ ਦੀਆਂ ਕੁੱਝ ਕੁ ਐਕਟਿਵ ਸ਼ਖਸੀਅਤਾਂ ਨਾਲ ਗੱਲ ਕੀਤੀ ਗਈ,,, ਆਉ ਵੇਖਦੇ ਆਂ ਉਹਨਾਂ ਦਾ ਕੀ ਕਹਿਣਾ ਹੈ...

"ਅਸੀਂ ਕਦੇ ਵੀ ਇਹ ਕਬੂਲ ਨਹੀਂ ਕੀਤਾ ਨਾ ਹੀ ਕਰਾਂਗੇ।  ਇਥੇ ਲਗਭਗ 12 ਲੱਖ ਫੋਰਸ ਲਗਾਈ ਗਈ ਹੈ, ਸਾਡੇ ਲੀਡਰ ਜੇਲ੍ਹਾਂ ਵਿੱਚ ਨੇ। ਸਕੂਲ ਕਾਲਜ ਲੰਬੇ ਅਰਸੇ ਤੋਂ ਬੰਦ ਸਨ। ਦੋਵੇਂ ਹਲਾਤਾਂ ਵਿਚ ਸਾਡਾ ਨੁਕਸਾਨ ਹੋ ਰਿਹਾ। ਅਸੀਂ ਲੋਕਾਂ ਨੇ ਜੀਣਾ ਵੀ ਤੇ ਹੈ। ਇਹ ਲੋਕ ਜਾਣਬੁੱਝ ਕੇ ਇਹ ਸਭ ਬਰਫ ਪੈਣ ਦੇ ਨੇੜੇ ਕਰਦੇ ਹਨ। ਇਸ ਸਮੇਂ ਲੋਕਾਂ ਕੋਲ ਸਟੋਕ ਨਹੀਂ ਹੁੰਦਾ ਖਾਣ ਲਈ। 3 ਮਹੀਨੇ ਹੜਤਾਲ ਤੋਂ ਬਾਅਦ ਸਾਨੂੰ ਕੁੱਝ ਵੀ ਹਾਸਿਲ ਨਹੀਂ ਹੋਇਆ।"
ਮੁਹੰਮਦ ਅਬੂ ਬਕਰ, ਪੱਤਰਕਾਰਾ ਫਰਾਂਸ ਟੀ.ਵੀ

ਮੁਹੰਮਦ ਅਬੂ ਬਕਰ

"ਅਸੀਂ ਵਿਰੋਧ ਚ ਹਾਂ, ਪਰ ਸਾਨੂੰ ਵਿਰੋਧ ਵੀ ਨਹੀਂ ਕਰਨ ਦਿੱਤਾ ਜਾਂਦਾ, ਘਰਾਂ ਵਿੱਚ ਕੈਦ ਹਾਂ ਅਸੀਂ, 4-5 ਮਹੀਨੇ ਤੋਂ ਅਸੀਂ ਘਰਾਂ ਵਿੱਚ ਹੀ ਹਾਂ। ਕਾਨੂੰਨ ਵੀ ਇਹਨਾਂ ਦਾ ਹੀ ਹੈ , ਸਾਡੇ ਲਈ ਕੁੱਝ ਵੀ ਨਹੀਂ, ਅਦਾਲਤ ਵੀ ਇਹਨਾਂ ਦੀ ਹੈ...ਅਸੀਂ ਨਿਆਂ ਲਈ ਕਿੱਥੇ ਜਾਈਏ???"
ਪਰਵੀਨਾ ਐਂਹਗਰ (ਚੇਅਰਪਰਸਨ ਏਪੀਡੀਪੀ, ਇਹਨਾਂ ਨੂੰ ਕਸ਼ਮੀਰ ਦੀ ਲੋਹ ਬੀਬੀ ਵਜੋਂ ਵੀ ਜਾਣਿਆ ਜਾਂਦਾ ਹੈ)

ਪਰਵੀਨਾ ਐਂਹਗਰ

"ਮੈਂ ਸਿੱਧਾ ਬੋਲਾਂ ਤਾਂ ਇਸ ਧਾਰਾ 370 ਦਾ ਵਜੂਦ ਕਦੋਂ ਦਾ ਖਤਮ ਸੀ ਇਸ ਵਿਚ ਇਕੱਲੀ ਬੀ.ਜੇ.ਪੀ. ਨਹੀਂ ਸਬ ਪਾਰਟੀਆਂ ਨੇ ਰੋਲ ਅਦਾ ਕੀਤਾ ਹੈ। ਇਸ ਧਾਰਾ ਦਾ ਜੇ ਸਹੀ ਪਾਲਣ ਹੁੰਦਾ ਤਾਂ ਤੁਸੀਂ ਜੰਮੂ ਕਸ਼ਮੀਰ ਵਿਚ ਆਈ ਏ ਐਸ ਅਫਸਰ ਤੱਕ ਵੀ ਨਹੀਂ ਲਗਾ ਸਕਦੇ ਸੀ। ਇਸ ਕਰਕੇ ਇਹ ਕਹਿਣ 'ਚ ਕੋਈ ਅਤਿ ਕਥਨੀ ਨਹੀਂ ਕਿ ਇਸ ਦੀਆਂ ਧੱਜੀਆਂ ਪਹਿਲਾਂ ਹੀ ਉੱਡ ਚੁਕੀਆਂ ਸਨ। ਬੀ.ਜੇ.ਪੀ ਨੇ ਇੱਕ ਟੈਂਪਰੇਰੀ ਵੀਜਨ ਨੂੰ ਹਟਾਇਆ ਹੈ। ਬਾਕੀ ਇੱਕ ਕਸ਼ਮੀਰੀ ਸਿੱਖ ਹੋਣ ਦੇ ਨਾਅਤੇ ਮੈਂ ਇਹ ਕਹਾਂਗਾ ਕਿ ਸਾਡਾ ਸ਼ੁਰੂ ਤੋਂ ਹੀ ਮਾਈਨੋਰਟੀ ਸਟੇਟਸ ਨੂੰ ਲੈਕੇ ਇੱਥੇ ਸੰਘਰਸ਼ ਰਿਹਾ ਹੈ। ਅਸੀ ਕੰਪੇਨ ਵਿੱਚ 55000 ਸਿਗਨੇਚਰ ਇਕੱਠੇ ਕੀਤੇ ਸਨ ਤੇ ਮਹਿਬੂਬਾ ਮੁਫਤੀ ਜੀ ਕੋਲ ਗਏ ਸਨ ਉਹਨਾਂ ਸਾਫ ਮਨਾ ਕਰ ਦਿੱਤਾ ਕਿ 370 ਹੈ ਇਥੇ, ਤੁਹਾਡੀਆਂ ਮੰਗਾਂ ਨਾ ਮੁਮਕਿਨ ਹਨ। ਅਸੀਂ ਸੁਪਰੀਮ ਕੋਰਟ ਵਿੱਚ ਵੀ ਗਏ। ਪੀਡੀਪੀ ਦੇ ਨੇਤਾਵਾਂ ਨੇ ਰਿੱਟ ਪਾਈ ਕਿ ਇਹ ਮੰਨਣ ਯੋਗ ਨਹੀਂ ਹਨ। ਮਤਲਬ ਹਰ ਵਾਰ 370 ਅੜਿੱਕਾ ਰਹੀ ਹੈ ਸਾਡੀ ਇਸ ਮੰਗ 'ਚ, ਹੁਣ ਵੇਖਦੇ ਹਾਂ ਇਸਦੇ ਹੱਟਣ ਨਾਲ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਜਾ ਨਹੀਂ। ਜੰਮੂ ਵਿੱਚ 5 ਲੱਖ ਸਿੱਖ ਰਫਿਊਜੀਆਂ ਨੂੰ ਉਹਨਾਂ ਦਾ ਹੱਕ ਮਿਲਦਾ ਹੈ ਜਾਂ ਨਹੀਂ। ਬਾਕੀ ਵਖਤ ਦੱਸੇਗਾ ਇਸ ਬਾਰੇ.....ਨਹੀਂ ਤਾਂ ਸਾਡੇ ਲਈ ਇਹ ਸਬ ਬੇਮਾਈਨੇ ਹੈ।"
ਅਮਨਦੀਪ ਸਿੰਘ, (ਚੇਅਰਪਰਸਨ, ਸਿੱਖ ਯੂਥ ਆਫ ਕਸ਼ਮੀਰ)
ਅਮਨਦੀਪ ਸਿੰਘ

"ਇਸ ਨੂੰ ਪ੍ਰਵਾਨ ਤਾਂ  ਅਸੀਂ ਕਿਵੇਂ ਕਰਾਂਗੇ! ਮੇਰੀ ਨਜ਼ਰ ਵਿਚ ਤੁਸੀਂ ਕੋਈ ਵੀ ਚੀਜ ਧੱਕੇ ਨਾਲ ਨਹੀਂ ਮਨਵਾ ਸਕਦੇ। 1953 ਤੋਂ ਬਾਅਦ ਰਾਸ਼ਟਰਪਤੀ ਹੁਕਮ ਲਿਆ-ਲਿਆ ਕੇ ਇਸਨੂੰ ਖੋਖਲਾ ਕਰ ਦਿੱਤਾ ਗਿਆ ਸੀ। ਹੁਣ ਰਹਿ ਗਿਆ ਸੀ ਇੱਕ ਸੈੱਲ ਜਿਸ ਵਿਚ ਲੈਂਡ ਤੇ ਨੌਕਰੀਆਂ ਸਨ। ਜਿਸਨੂੰ ਹਟਾਇਆ ਗਿਆ। ਉਦਾਹਰਣ ਲਵੋ, ਦਸੰਬਰ ਵਿਚ ਸਰਕਾਰ ਨੇ ਜੰਮੂ ਕਸ਼ਮੀਰ ਵਿਚ ਨੌਕਰੀਆਂ ਲਈ ਪੂਰੇ ਭਾਰਤ ਤੋਂ ਅਰਜੀਆਂ ਮੰਗੀਆਂ, ਪਰ ਇਹ ਫੈਸਲਾ ਹਫਤੇ ਦੇ ਵਿੱਚ-ਵਿੱਚ ਕੋਰਟ ਨੂੰ ਵਾਪਸ ਲੈਣਾ ਪਿਆ, ਕਸ਼ਮੀਰ ਦੀ ਛੱਡੋ, ਜੰਮੂ ਵਾਲਿਆਂ ਨੇ ਵਿਰੋਧ ਕਰ ਦਿੱਤੇ ਸੀ ਕਿ ਇਹ ਨੌਕਰੀਆਂ 'ਤੇ ਬਾਹਰ ਵਾਲੇ ਨਹੀਂ ਸਟੇਟ ਦਾ ਹੱਕ ਹੈ,, ਹੁਣ ਤੁਸੀਂ ਜੰਮੂ ਵਾਲਿਆਂ ਤੋਂ ਪੁੱਛੋ ਜੋ ਹਟਾਉਣ ਤੋਂ ਖੁਸ਼ ਸਨ ਉਹ ਹੁਣ ਇਸਨੂੰ ਕਿਉਂ ਨਹੀਂ ਸਵੀਕਾਰ ਰਹੇ।" 
ਸੁਹੇਲ .ਐਚ. (ਕੌਮਾਂਤਰੀ ਪੱਧਰ 'ਤੇ ਨਾਮਵਰ ਕਾਰਟੂਨਿਸਟ)
ਸੁਹੇਲ .ਐਚ.

"ਜਨਤਾ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ। ਉਹ ਹਲੇ ਤੱਕ ਸ਼ੋਕ ਵਿੱਚ ਨੇ, ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ। ਸਾਡੇ ਲੀਡਰ ਜੇਲ੍ਹ ਵਿੱਚ ਹਨ। ਸਭ ਬੇਵਸ ਹਨ। ਖੁਦਾ ਜਾਣਦਾ ਇਹ ਸਾਲ ਕਿਵੇਂ ਜਾਵੇਗਾ, ਇਹ ਕਸ਼ਮੀਰ ਹੈ ਇਥੇ ਕੁੱਝ ਵੀ ਨਹੀਂ ਪਤਾ ਚਲਦਾ ਅਗਲੇ ਅੱਧੇ ਘੰਟੇ 'ਚ ਕੀ ਹੋਵੇਗਾ।" 
ਉਮਰ ਆਸਿਫ਼, (ਪੱਤਰਕਾਰ)
ਉਮਰ ਆਸਿਫ਼

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।