ਭੀਮ ਆਰਮੀ ਮੁਖੀ ਅਜ਼ਾਦ ਦੀ ਜ਼ਮਾਨਤ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਵਕੀਲ ਦੀਆਂ ਵੱਖੀਆਂ ਉਧੇੜੀਆਂ

ਭੀਮ ਆਰਮੀ ਮੁਖੀ ਅਜ਼ਾਦ ਦੀ ਜ਼ਮਾਨਤ ਸੁਣਵਾਈ ਦੌਰਾਨ ਜੱਜ ਨੇ ਸਰਕਾਰੀ ਵਕੀਲ ਦੀਆਂ ਵੱਖੀਆਂ ਉਧੇੜੀਆਂ
ਧਰਨੇ ਦੌਰਾਨ ਚੰਦਰ ਸ਼ੇਖਰ ਅਜ਼ਾਦ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਸੀਏਏ ਖਿਲਾਫ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ ਕਰਦਿਆਂ ਗ੍ਰਿਫਤਾਰ ਕੀਤੇ ਗਏ ਭੀਮ ਆਰਮੀ ਮੁਖੀ ਚੰਦਰ ਸ਼ੇਖਰ ਅਜ਼ਾਦ ਦੀ ਜ਼ਮਾਨਤ ਅਪੀਲ 'ਤੇ ਸੁਣਵਾਈ ਕਰਦਿਆਂ ਅੱਜ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਵਧੀਕ ਸੈਸ਼ਨ ਜੱਜ ਡਾ. ਕਾਮਿਨੀ ਲਾਊ ਨੇ ਪੁਲਿਸ ਨੂੰ ਚੰਗੀ ਫਟਕਾਰ ਲਾਈ।

ਸਰਕਾਰੀ ਵਕੀਲ ਨੇ ਜ਼ਮਾਨਤ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਜ਼ਾਦ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਹਿੰਸਾ ਫਲਾਈ ਸੀ। ਜਦੋਂ ਅਜ਼ਾਦ ਦੇ ਵਕੀਲ ਮਹਿਮੂਦ ਪਰਾਚਾ ਨੇ ਉਸ ਪੋਸਟ ਨੂੰ ਸਾਹਮਣੇ ਰੱਖਣ ਲਈ ਕਿਹਾ ਤਾਂ ਸਰਕਾਰੀ ਵਕੀਲ ਮੁੱਕਰ ਗਿਆ। ਇਸ ਗੱਲ 'ਤੇ ਤਲਖ ਹੁੰਦਿਆਂ ਜੱਜ ਨੇ ਕਿਹਾ ਕਿ ਜੇ ਤੁਸੀਂ ਇਲਜ਼ਾਮ ਲਾ ਰਹੇ ਹੋ ਤਾਂ ਇਹਨਾਂ ਪੋਸਟਾਂ ਨੂੰ ਬਚਾਅ ਪੱਖ ਦੇ ਵਕੀਲ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। 

ਉਦੋਂ ਸਰਕਾਰੀ ਵਕੀਲ ਨੇ ਆਪਣੇ ਦੋਸ਼ ਨੂੰ ਅਧਾਰ ਦੇਣ ਲਈ ਕੁੱਝ ਪੋਸਟਾਂ ਪੜ੍ਹ ਕੇ ਸੁਣਾਈਆਂ। ਇਹਨਾਂ ਪੋਸਟਾਂ ਵਿੱਚ ਅਜ਼ਾਦ ਨੇ ਜਾਮਾ ਮਸਜਿਦ ਨੇੜੇ ਸੀਏਏ-ਐਨਆਰਸੀ ਖਿਲਾਫ ਧਰਨਾ ਦੇਣ ਦਾ ਸੱਦਾ ਦਿੱਤਾ ਸੀ। ਇਸ 'ਤੇ ਜੱਜ ਨੇ ਕਿਹਾ, "ਧਰਨੇ ਵਿਚ ਕੀ ਗਲਤ ਹੈ? ਵਿਰੋਧ ਕਰਨ ਵਿਚ ਕੀ ਗਲਤ ਹੈ? ਵਿਰੋਧ ਕਰਨਾ ਸੰਵਿਧਾਨਕ ਹੱਕ ਹੈ।"

ਪੋਸਟਾਂ ਵਿਚ ਕੁਝ ਵੀ ਭੜਕਾਊ ਨਾ ਹੋਣ 'ਤੇ ਜੱਜ ਨੇ ਸਰਕਾਰੀ ਵਕੀਲ ਨੂੰ ਕਿਹਾ, "ਹਿੰਸਾ ਕਿੱਥੇ ਹੈ? ਇਹਨਾਂ ਪੋਸਟਾਂ ਵਿਚ ਕੀ ਗਲਤ ਹੈ? ਕੌਣ ਕਹਿੰਦਾ ਹੈ ਕਿ ਤੁਸੀਂ ਵਿਰੋਧ ਨਹੀਂ ਕਰ ਸਕਦੇ? ਕੀ ਤੁਸੀਂ ਸੰਵਿਧਾਨ ਪੜ੍ਹਿਆ ਹੈ?"

ਜੱਜ ਨੇ ਸਰਕਾਰੀ ਵਕੀਲ ਨੂੰ ਕਿਹਾ, "ਤੁਸੀਂ ਤਾਂ ਇਵੇਂ ਵਰਤਾ ਕਰ ਰਹੇ ਹੋ ਜਿਵੇਂ ਜਾਮਾ ਮਸਜਿਦ ਪਾਕਿਸਤਾਨ ਵਿਚ ਹੋਵੇ। ਜੇ ਇਹ ਪਾਕਿਸਤਾਨ ਵਿਚ ਵੀ ਹੁੰਦੀ, ਤੁਸੀਂ ਉੱਥੇ ਜਾ ਕੇ ਵਿਰੋਧ ਕਰ ਸਕਦੇ ਹੋ। ਪਾਕਿਸਤਾਨ ਅਣਵੰਡੇ ਭਾਰਤ ਦਾ ਹਿੱਸਾ ਸੀ।" ਜੱਜ ਨੇ ਕਿਹਾ ਕਿ ਅਜ਼ਾਦ ਦੀ ਕੋਈ ਵੀ ਪੋਸਟ ਗੈਰਸੰਵਿਧਾਨਕ ਨਹੀਂ ਹੈ।

ਜਦੋਂ ਸਰਕਾਰੀ ਵਕੀਲ ਨੇ ਕਿਹਾ ਕਿ ਵਿਰੋਧ ਕਰਨ ਲਈ ਪ੍ਰਵਾਨਗੀ ਦੀ ਲੋੜ ਹੁੰਦੀ ਹੈ ਤਾਂ ਜੱਜ ਨੇ ਕਿਹਾ, "ਕਿਹੜੀ ਪ੍ਰਵਾਨਗੀ? ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਾਰਾ 144 ਦੀ ਵਾਰ-ਵਾਰ ਵਰਤੋਂ ਕਰਨਾ ਧੱਕੇਸ਼ਾਹੀ ਹੈ। (ਕਸ਼ਮੀਰ ਮਾਮਲੇ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਦੇ ਹਵਾਲੇ ਨਾਲ)"

ਜੱਜ ਨੇ ਸਰਕਾਰੀ ਵਕੀਲ ਨੂੰ ਪੁਛਿਆ ਕਿ ਉਹਨਾਂ ਕੋਲ ਕੋਈ ਸਬੂਤ ਹੈ ਜਿਸ ਨਾਲ ਸਾਬਤ ਹੋਵੇ ਕਿ ਅਜ਼ਾਦ ਨੇ ਹਿੰਸਾ ਕੀਤੀ ਹੈ।

ਜੱਜ ਨੇ ਕਿਹਾ, "ਤੁਹਾਨੂੰ ਲਗਦਾ ਹੈ ਕਿ ਸਾਡੀ ਦਿੱਲੀ ਪੁਲਸ ਐਨੀ ਘਟੀਆ ਹੈ ਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਹੈ? ਦਿੱਲੀ ਪੁਲਸ ਛੋਟੇ ਛੋਟੇ ਮਸਲਿਆਂ ਵਿਚ ਵੀ ਸਬੂਤ ਇਕੱਠੇ ਕਰ ਲੈਂਦੀ ਹੈ ਤਾਂ ਇਸ ਮਸਲੇ 'ਚ ਕੋਈ ਸਬੂਤ ਕਿਉਂ ਨਹੀਂ ਹੈ?"

ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਨੂੰ ਅੱਜ 2 ਵਜੇ ਤੱਕ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਸਰਕਾਰੀ ਵਕੀਲ ਨੇ ਯੂਪੀ ਪੁਲਸ ਵੱਲੋਂ ਅਜ਼ਾਦ ਖਿਲਾਫ ਦਰਜ ਐਫਆਈਆਰ ਪੇਸ਼ ਕਰਨ ਲਈ ਸਮੇਂ ਦੀ ਮੰਗ ਕੀਤੀ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।