ਪੰਜਾਬ ਵਿਚ ਗੈਂਗਸਟਰਾਂ ਕਾਰਣ ਸਨਅਤਕਾਰ ਦਹਿਸ਼ਤ ਵਿਚ , ਦੂਜੇ ਰਾਜਾਂ ਵਲ ਸਨਅਤ ਲਿਜਾਣ ਲਗੇ

ਪੰਜਾਬ ਵਿਚ ਗੈਂਗਸਟਰਾਂ ਕਾਰਣ ਸਨਅਤਕਾਰ ਦਹਿਸ਼ਤ ਵਿਚ , ਦੂਜੇ ਰਾਜਾਂ ਵਲ ਸਨਅਤ ਲਿਜਾਣ ਲਗੇ

*ਗੈਂਗਸਟਰਾਂ ਦੀ ਦਹਿਸ਼ਤ ਤੇ ਕਾਰਣ ਅਮਨ ਕਾਨੂੰਨ ਦੀ ਸਥਿਤੀ  ਚਿੰਤਾਜਨਕ

*ਨਾ ਪੰਜਾਬ ਸਰਕਾਰ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਲਭ ਸਕੀ ਹੈ ਤੇ ਨਾ ਹੀ ਉਹਨਾਂ ਦੇ ਪੁੱਤਰ ਦੇ ਅਸਲ ਕਾਤਲਾਂ ਨੂੰ-ਬਲਕੌਰ ਸਿੰਘ ਸਿੱਧੂ 

ਇਕ ਪਾਸੇ ਪੰਜਾਬ ਸਰਕਾਰ  ਰਾਜ ਵਿਚ ਸਨਅਤੀ ਨਿਵੇਸ਼ ਵਧਾਉਣ ਲਈ 23, 24 ਫਰਵਰੀ ਨੂੰ ਮੋਹਾਲੀ ਵਿਚ ਇਨਵੈਸਟਮੈਂਟ ਪੰਜਾਬ ਸੰਮੇਲਨ ਕਰਵਾਉਣ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀ ਹੈ ਪਰ ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਵਿਚ ਕਰਾਈਮ ਵਧਣ ਬਾਰੇ ਲਗਾਤਾਰ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ  ਪੰਜਾਬ ਦੇ ਸਨਅਤੀ ਖੇਤਰਾਂ ਵਿਚ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਦੇ ਖ਼ਰਾਬ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਚੁਕੀ ਹੈ। ਪੰਜਾਬ ਸਰਕਾਰ ਵਲੋਂ ਮਾਹੌਲ ਸੁਖਾਵਾਂ ਹੋਣ ਦੀ ਵਾਰ-ਵਾਰ ਗੱਲ ਕਰਨ 'ਤੇ ਵੀ ਸਨਅਤਕਾਰ ਵਰਗ ਭਰੋਸਾ ਕਰਨ ਲਈ ਤਿਆਰ ਨਹੀਂ ਹੈ ।ਕੁਝ ਦਿਨ ਪਹਿਲਾਂ ਹੀ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ  ਸੋਮ ਪ੍ਰਕਾਸ਼ ਨੇ ਰਾਜ ਦੇ ਮੌਜੂਦਾ ਮਾਹੌਲ ਨੂੰ ਸਨਅਤੀ ਨਿਵੇਸ਼ ਲਈ ਅਨੁਕੂਲ ਨਹੀਂ ਸੀ ਦੱਸਿਆ ਤੇ ਕਿਹਾ ਸੀ ਕਿ ਜੇ ਸੂਬੇ ਵਿਚ ਸਨਅਤੀ ਨਿਵੇਸ਼ ਕਰਵਾਉਣਾ ਹੈ ਤੇ ਇਸ ਲਈ ਪਹਿਲਾਂ ਮਾਹੌਲ ਸੁਖਾਵਾਂ ਹੋਣਾ ਜ਼ਰੂਰੀ ਹੈ ।

ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੇ ਮੌਜੂਦਾ ਖ਼ਰਾਬ ਮਾਹੌਲ 'ਤੇ ਚਿੰਤਾ ਜ਼ਾਹਿਰ ਕੀਤੀ ਸੀ ਤੇ ਨਕੋਦਰ ਵਿਚ ਇਕ ਕਾਰੋਬਾਰੀ ਨੂੰ ਫਿਰੌਤੀ ਲਈ ਗੋਲੀ ਮਾਰਨ ਅਤੇ ਸਨਅਤਕਾਰਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਦੇ ਫ਼ੋਨ ਆਉਣ ਦਾ ਮਸਲਾ ਉਠਾਇਆ ਸੀ । ਸ਼ੋ੍ਮਣੀ ਅਕਾਲੀ ਦਲ ਵਲੋਂ ਪਹਿਲਾਂ ਹੀ ਪੰਜਾਬ ਦੇ ਮਾਹੌਲ 'ਤੇ ਵੀ ਸਵਾਲੀਆ ਨਿਸ਼ਾਨ ਉਠਾਏ ਜਾ ਚੁਕੇ ਹਨ । ਇਸ ਦਹਿਸ਼ਤ ਕਾਰਣ ਪੰਜਾਬ ਦੀਆਂ ਕਈ ਸਨਅਤੀ ਇਕਾਈਆਂ ਛੋਟਾਂ ਤੋਂ ਇਲਾਵਾ ਚੰਗੇ ਮਾਹੌਲ ਕਰਕੇ ਉੱਤਰ ਪ੍ਰਦੇਸ਼ ਵੱਲ ਰੁਖ ਕਰ ਰਹੀਆਂ ਹਨ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਹੋਰ ਦੂਜੇ ਰਾਜ ਪੰਜਾਬ ਦੇ ਸਨਅਤਕਾਰਾਂ ਨੂੰ ਆਕਰਸ਼ਕ ਛੋਟਾਂ ਦੇ ਕੇ ਆਪਣੇ ਵੱਲ ਲੈ ਜਾਂਦੇ ਹਨ ਤਾਂ ਇਹ ਪੰਜਾਬ ਦੀ ਅਰਥ -ਵਿਵਸਥਾ ਲਈ ਬਹੁਤ ਨੁਕਸਾਨਦਾਇਕ ਹੋਵੇਗਾ । 

ਪੰਜਾਬ 'ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ

ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ ਬਣ ਚੁਕੀ ਹੈ। ਪਿਛਲੇ ਦਿਨਾਂ ਵਿਚ ਸੂਬੇ ਵਿਚ  ਗੈਂਗਸਟਰਾਂ ਦੀ ਦਹਿਸ਼ਤ ,ਲੁੱਟਾਂ-ਖੋਹਾਂ ਬੈਂਕ-ਡਕੈਤੀਆਂ, ਹੱਤਿਆਵਾਂ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ  ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਹੁਣੇ ਜਿਹੇ ਅੰਮ੍ਰਿਤਸਰ ਵਿਚ ਵਾਪਰੀ ਬੈਂਕ-ਡਕੈਤੀ ਦੀ ਖ਼ੌਫ਼ਨਾਕ ਘਟਨਾ ਵੀ ਸੂਬੇ ਦੀ ਅਮਨ-ਕਾਨੂੰਨ ਦੀ ਪਰਦਾਫਾਸ਼ ਕਰ ਦਿਤਾ  ਹੈ।ਜੇਲ੍ਹਾਂ ਵਿਚੋਂ ਛਾਪੇਮਾਰੀ ਦੌਰਾਨ ਕੈਦੀਆਂ ਕੋਲੋਂ  ਮੋਬਾਈਲ ਤੇ ਨਸ਼ੇ ਬਰਾਮਦ ਹੋ ਰਹੇ ਹਨ। ਇੱਥੋਂ ਤੱਕ ਕਿ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਅਤੇ ਗੈਂਗਸਟਰਾਂ ਵਲੋਂ ਸੁਪਾਰੀ ਲੈ ਕੇ ਆਪਣੇ ਸਾਥੀਆਂ ਰਾਹੀਂ   ਹੱਤਿਆਵਾਂ ਤੱਕ ਕਰਵਾ ਦਿੱਤੀਆਂ ਜਾਂਦੀਆਂ ਹਨ। ਪਿਛਲੇ ਦਿਨੀਂ ਜੇਲ੍ਹ ਵਿਚ ਬੰਦ ਗੈਂਗਸਟਰਾਂ ਅਤੇ ਅਪਰਾਧੀਆਂ ਵਲੋਂ ਨਾਜਾਇਜ਼ ਹਥਿਆਰਾਂ ਦੇ ਇਕ ਵੱਡੇ ਸੌਦੇ ਅਤੇ ਹੱਤਿਆ ਦੀ ਸਾਜ਼ਿਸ਼ ਰਚੇ ਜਾਣ ਦੀ ਇਕ ਵੱਡੀ ਡੀਲ ਦਾ ਪਰਦਾਫਾਸ਼ ਹੋਣ ਦੇ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਛੇ ਹਥਿਆਰ ਵੀ ਬਰਾਮਦ ਕੀਤੇ ਗਏ ਸਨ।ਇਸਤਰ੍ਹਾਂ ਪੰਜਾਬ ਦੀਆਂ ਜੇਲ੍ਹਾਂ ਅਪਰਾਧੀਆਂ ਲਈ ਸੁਧਾਰ ਘਰ ਬਣਨ ਦੀ ਥਾਂ ਗੈਗਸਟਰਾਂ ਦਾ ਅੱਡਾ ਬਣ ਗਈਆਂ ਹਨ। ਅਜਿਹੀਆਂ ਘਟਨਾਵਾਂ ਲਈ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦੇ ਦੋਸ਼ਾਂ ਨੂੰ ਰਦ ਨਹੀਂ ਜਾ ਸਕਦਾ।ਪੰਜਾਬ 'ਵਿਚ ਹਾਲਾਤ ਇਹ ਬਣ ਗਏ ਹਨ ਕਿ ਹਰ ਦੂਜੇ-ਚੌਥੇ ਦਿਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿਚ ਨਸ਼ਿਆਂ ਦੀ ਤਸਕਰੀ ਦੀਆਂ ਘਟਨਾਵਾਂ ਤੇ ਨਸ਼ੇ ਕਾਰਣ ਵਧ ਰਹੀਆਂ ਮੌਤਾਂ ਵਿਚ ਵੀ ਵਾਧਾ ਹੋਇਆ ਹੈ। ਨਸ਼ਿਆਂ ਨਾਲ ਸੰਬੰਧਤ ਤੱਤ ਅਕਸਰ ਅਪਰਾਧ ਅਤੇ ਗੈਂਗਸਟਰਵਾਦ ਤੇ ਭਿ੍ਸ਼ਟ ਅਫਸਰਸ਼ਾਹੀ ਤੇ ਸਿਆਸਤਦਾਨਾਂ ਜੁੜੇ ਪਾਏ ਜਾਂਦੇ ਹਨ। ਇਸ ਦਾ ਵੱਡਾ ਸਬੂਤ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਅਪਰਾਧੀਆਂ ਨੂੰ ਲੈ ਕੇ ਵਧ ਰਹੀ ਹੁਕਮ ਅਦੂਲੀ ਦੀ ਭਾਵਨਾ ਲਈ ਸਰਕਾਰ ਨੂੰ ਪਈ ਝਾੜਾਂ ਤੋਂ ਵੀ ਮਿਲਦਾ ਹੈ। ਅਦਾਲਤਾਂ ਪੰਜਾਬ ਵਿਚ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਪੁਲਿਸ ਤੰਤਰ ਵਿਚਾਲੇ ਉਪਜੇ ਨਾਪਾਕ ਤਿਕੋਣੀ ਗੱਠਜੋੜ 'ਤੇ ਵੀ ਕਈ ਵਾਰ ਝਾੜਾਂ ਪਾ ਚੁਕੀ ਹੈ।ਇਸੇ ਤਰ੍ਹਾਂ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਲਾਲੜੂ ਵਿਚ ਮਾਈਨਿੰਗ ਮਾਫੀਆ ਵਲੋਂ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨ ਯੂਨੀਅਨ ਦੇ ਇਕ ਮੈਂਬਰ ਨੂੰ ਟਰੈਕਟਰ ਹੇਠ ਕੁਚਲ ਕੇ ਮਾਰ ਦਿੱਤਾ ਸੀ। ਪੰਜਾਬ ਸਰਕਾਰ ਕਰਾਈਮ ਤੇ ਗੈਂਗਸਟਰਾਂ ਉਪਰ ਨਕੇਲ ਪਾਉਣ ਵਿਚ ਅਸਫਲ ਸਿਧ ਹੋਈ ਹੈ।

 ਹੁਣੇ ਜਿਹੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੁੱਤ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ। ਉਹ ਬੀਤੇ ਦਿਨੀਂ ਪਿੰਡ ਮੂਸਾ ਵਿੱਚ ਪਹੁੰਚੇ ਗਾਇਕ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ, ਮੁੱਖ ਮੰਤਰੀ ਭਗਵੰਤ ਮਾਨ ਸਣੇ ਵੱਖ-ਵੱਖ ਆਗੂਆਂ ਨੂੰ ਮਿਲ ਚੁੱਕੇ ਹਨ, ਪਰ ਹੁਣ ਇਨਸਾਫ਼ ਦੀ ਉਮੀਦ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਸੀ  ਕਿ ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਿਰਫ਼ ਉਨ੍ਹਾਂ ਦੀਆਂ ਅੱਖਾਂ ਪੂੰਝੀਆਂ ਜਾ ਰਹੀਆਂ ਹਨ, ਪਰ ਜਿਨ੍ਹਾਂ ਨੇ ਕਤਲ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਨਾ ਤਾਂ ਅੱਜ ਤਕ ਫੜਿਆ ਗਿਆ ਅਤੇ ਨਾ ਹੀ ਫੜੇ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਕਾਰਣ ਦਹਿਸ਼ਤ ਦਾ ਮਾਹੌਲ ਹੈ।ਗੈਂਗਸਟਰਾਂ ਦਾ ਰਾਜ ਹੈ।ਨਾ ਪੰਜਾਬ ਸਰਕਾਰ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਲਭ ਸਕੀ ਹੈ ਤੇ ਨਾ ਹੀ ਉਹਨਾਂ ਦੇ ਪੁੱਤਰ ਦੇ ਅਸਲ ਕਾਤਲਾਂ ਨੂੰ। ਉਹ ਅਗਲੇ ਮਹੀਨੇ ਆਪਣੇ ਪੁੱਤ ਦੀ ਬਰਸੀ ਮਨਾਉਣਗੇ, ਜਿਸ ਮੌਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਨੂੰ ਪੰਜਾਬ ਭਰ ਵਿੱਚ ਲਿਜਾਣਗੇ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਸਰਕਾਰ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਹੀਂ ਦੇ ਸਕੀ   

ਇਸ ਤੋਂ ਸਪਸ਼ਟ ਹੈ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ ਹੈ।ਇਸ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ ਹੈ।