ਮੈਰੀਲੈਂਡ ਵਿਚ ਬਹੁਮੰਜਲੀ ਇਮਾਰਤ ਦੀ ਸਤਵੀਂ ਮੰਜਿਲ 'ਤੇ ਲੱਗੀ ਭਿਆਨਕ ਅੱਗ ਕਾਰਨ 1 ਮੌਤ-17 ਜ਼ਖਮੀ
* ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸਿਲਵਰ ਸਪਰਿੰਗ,ਮੈਰੀਲੈਂਡ ਵਿਚ ਬਹੁਮੰਜਿਲੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਨਾਲ ਸੜ ਕੇ ਇਕ ਔਰਤ ਦੀ ਮੌਤ ਹੋ ਗਈ ਤੇ 17 ਹੋਰ ਲੋਕ ਜ਼ਖਮੀ ਹੋ ਗਏ ਜਿਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਕਾਰਨ ਕੁਝ ਲੋਕ ਬਾਲਕੋਨੀਆਂ ਵਿਚ ਫੱਸ ਗਏ ਜਿਨਾਂ ਨੂੰ ਬਚਾ ਲਿਆ ਗਿਆ। ਮੌਂਟਗੋਮਰੀ ਕਾਊਂਟੀ ਫਾਇਰ ਚੀਫ ਸਕਾਟ ਗੋਲਡਸਟੀਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਪਿਛਲੇ ਦਿਨ ਸਵੇਰੇ 6 ਵਜੇ ਦੇ ਆਸ ਪਾਸ 15 ਮੰਜਿਲਾ ਅਪਾਰਟਮੈਂਟ ਦੀ ਸਤਵੀਂ ਮੰਜਿਲ ਉਪਰ ਲੱਗੀ ਜਿਸ ਉਪਰ ਕਾਬੂ ਪਾਉਣ ਲਈ ਅੱਗ ਬੁਝਾਊ ਅਮਲੇ ਦੇ 100 ਤੋਂ ਵਧ ਮੁਲਾਜ਼ਮ ਪੁੱਜੇ। ਘੱਟੋ ਘੱਟ 17 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ 7 ਹੋਰ ਲੋਕ ਆਪਣੇ ਯਤਨਾਂ ਨਾਲ ਹਸਪਤਾਲ ਵਿਚ ਪੁੱਜੇ ਹਨ। ਅੱਗ ਬੁਝਾਊ ਅਮਲੇ ਦੇ 3 ਮੈਂਬਰ ਵੀ ਜ਼ਖਮੀ ਹੋਏ ਹਨ ਪਰ ਉਹ ਗੰਭੀਰ ਨਹੀਂ ਹਨ। ਮੌਂਟਗੋਮਰੀ ਕਾਊਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਬੁਲਾਰੇ ਪੀਟ ਪਿਰਿੰਜਰ ਅਨੁਸਾਰ ਇਕ ਔਰਤ ਦੀ ਹਸਪਤਾਲ ਵਿਚ ਮੌਤ ਹੋ ਗਈ ਜਿਸ ਦੀ ਸ਼ਨਾਖਤ ਅਜੇ ਕੀਤੀ ਜਾਣੀ ਹੈ। ਗੋਲਡਸਟੀਨ ਅਨੁਸਾਰ ਅੱਗ ਕਾਰਨ ਚਾਰੇ ਪਾਸੇ ਸੰਘਣਾ ਧੂੰਆਂ ਛਾਅ ਗਿਆ ਜਿਸ ਕਾਰਨ ਅੱਗ ਬੁਝਾਊ ਅਮਲੇ ਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨਾਂ ਕਿਹਾ ਕਿ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਸਥਾਨਕ ਰੀਕ੍ਰੀਏਸ਼ਨ ਸੈਂਟਰ ਵਿਚ ਤਬਦੀਲ ਕੀਤਾ ਗਿਆ ਹੈ।
Comments (0)